‘ਆਪ’ ਆਗੂਆਂ ਦੀਆਂ ਦੂਰੀਆਂ ਹੋਰ ਵਧੀਆਂ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਬਾਗੀ ਆਗੂਆਂ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਵਲੋਂ ਭਵਿੱਖ ਲਈ ਰਣਨੀਤੀ ਤੈਅ ਕਰਨ ਲਈ ਕਰਵਾਏ ‘ਸਵਰਾਜ ਸੰਵਾਦ’ ਪ੍ਰੋਗਰਾਮ ਵਿਚ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਛੇ ਮਹੀਨਿਆਂ ਲਈ ਟਾਲ ਦਿੱਤਾ ਗਿਆ ਅਤੇ ਨਾਲ ਹੀ ‘ਸਵਰਾਜ ਅਭਿਆਨ’ ਨਾਂ ਦਾ ਗਰੁਪ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ।

ਨਵੀਂ ਪਾਰਟੀ ਬਣਾਉਣ ਬਾਰੇ ਕਰਵਾਈ ਰਾਇਸ਼ੁਮਾਰੀ ਵਿਚ 70 ਫੀਸਦੀ ਵਰਕਰਾਂ ਨੇ ਪਾਰਟੀ ਵਿਚ ਰਹਿ ਕੇ ਹੀ ਆਪਣੇ ਹੱਕ ਲਈ ਲੜਨ ਦੀ ਗੱਲ ਆਖੀ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਇਸ ਸਮਰੋਹ ਵਿਚ ਸ਼ਿਰਕਤ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ‘ਆਪ’ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਅਤੇ ਕੌਮੀ ਕਾਰਜਕਾਰਨੀ ਇਸ ਪ੍ਰਸੰਗ ਵਿਚ ਅਗਲੇ ਕਦਮ ਬਾਰੇ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ‘ਸਵਰਾਜ ਸੰਵਾਦ’ ਪਾਰਟੀ ਦਾ ਸਮਰੋਹ ਨਹੀਂ ਹੈ।
‘ਆਪ’ ਦੇ ਵੱਡੀ ਗਿਣਤੀ ਆਗੂ ਤੇ ਅਹਿਮ ਹਸਤੀਆਂ ਬਾਗੀਆਂ ਦੀ ਇਸ ਕਨਵੈਕਸ਼ਨ ਤੋਂ ਲਾਂਭੇ ਹੀ ਰਹੇ, ਪਰ ਉਨ੍ਹਾਂ ਨੇ ਲਿਖਤੀ ਬਿਆਨਾਂ ਰਾਹੀਂ ਇਕਜੁੱਟਤਾ ਪ੍ਰਗਟਾਈ। ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੱਤਰ ਲਿਖ ਕੇ ਪਾਰਟੀ ਦੇ ਮੁੱਖ ਆਦਰਸ਼ਾਂ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ। ਕੌਮੀ ਕਾਰਜਕਾਰਨੀ ਵਿਚੋਂ ਕੱਢੀ ਗਈ ਕ੍ਰਿਸਟੀਨਾ ਸਾਮੀ, ਸਮਾਜਕ ਕਾਰਕੁਨ ਅਰੁਨਾ ਰਾਏ, ਮੇਧਾ ਪਾਟੇਕਰ ਦੀ ਗੈਰਹਾਜ਼ਰੀ ਵੀ ਰੜਕ ਰਹੀ ਸੀ।
ਇਸ ਮੌਕੇ ਸ੍ਰੀ ਯਾਦਵ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਬਹੁਤੇ ਲੋਕ ਸਮਝਦੇ ਹਨ ਕਿ ਨਵੀਂ ਪਾਰਟੀ ਕਾਇਮ ਕਰਨ ਨਾਲ ਮਸਲਾ ਹੱਲ ਹੋ ਜਾਏਗਾ, ਪਰ ਇਸ ਲਈ ਅਸੀਂ ਤਿਆਰ ਨਹੀਂ ਹਾਂ। ਇਸ ਦੇ ਨਾਲ ਹੀ ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਲੋਕ ਇਸ ਪਾਰਟੀ ਨਾਲ ‘ਸੈਟਿੰਗ ਤੇ ਦਲਾਲੀ’ ਕਰਨ ਲਈ ਨਹੀਂ ਜੁੜੇ ਸਨ। ਸ੍ਰੀ ਪ੍ਰਸ਼ਾਂਤ ਭੂਸ਼ਣ ਨੇ ਕੇਜਰੀਵਾਲ ‘ਤੇ ਪਾਰਟੀ ਉਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਿਹੜੇ ਸਿਧਾਂਤਾਂ ਤੇ ਨੀਤੀਆਂ ਲਈ ਇਹ ਪਾਰਟੀ ਬਣਾਈ ਗਈ ਸੀ, ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ ਤੇ ਮੌਜੂਦਾ ਸਮੇਂ ਪਾਰਟੀ ਸਿਰਫ ਮੁੱਠੀ ਭਰ ਲੋਕਾਂ ਦੇ ਹੱਥਾਂ ਵਿਚ ਸਿਮਟ ਕੇ ਰਹਿ ਗਈ ਹੈ।
ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਚੌਕੜੀ ਦੀ ਨਹੀਂ ਹੈ, ਬਲਕਿ ਲੱਖਾਂ ਲੋਕਾਂ ਨੇ ਸਖਤ ਮਿਹਨਤ ਨਾਲ ਇਸ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕਈ ਲੋਕ ਇਹ ਮੰਨਦੇ ਹਨ ਕਿ ਸਾਨੂੰ ਚੋਣ ਕਮਿਸ਼ਨ ਕੋਲ ਪਹੁੰਚ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਪਾਰਟੀ ਨੂੰ ਅਸੀਂ ਬਣਾਇਆ, ਉਸ ਉਤੇ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਵੱਖਰੀ ਪਾਰਟੀ ਬਣਾਉਣ ਦਾ ਸੰਕੇਤ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਅਸੀਂ ਪਾਰਟੀ ਤੋਂ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਚੋਣ ਕਮਿਸ਼ਨ ਤੇ ਅਦਾਲਤ ਵਿਚ ਲੰਮੀ ਲੜਾਈ ਲੜਨੀ ਪਵੇਗੀ।
ਉਨ੍ਹਾਂ ਤੇ ਹੋਰ ਸਹਿਯੋਗੀਆਂ ਨੇ ਪਾਰਟੀ ਵਿਚ ਅੰਦਰੂਨੀ ਲੋਕਤੰਤਰ ਤੇ ਸਵਰਾਜ ਦੀ ਮੰਗ ਚੁੱਕੀ ਸੀ ਜਿਸ ਦੀ ਸਜ਼ਾ ਉਨ੍ਹਾਂ ਨੂੰ ਪੀæਏæਸੀæ ਤੇ ਕੌਮੀ ਕਾਰਜਕਾਰਨੀ ਤੋਂ ਬਾਹਰ ਕੱਢ ਕੇ ਦਿੱਤੀ ਗਈ ਹੈ। ਬੈਠਕ ਵਿਚ ਇਕ ਘੰਟੇ ਬਾਅਦ ਐਡਮਿਰਲ ਐਲ਼ ਰਾਮਦਾਸ ਦਾ ਆਡੀਓ ਸੁਨੇਹਾ ਮੰਚ ਤੋਂ ਸੁਣਾਇਆ ਗਿਆ। ਰਾਮਦਾਸ ਨੂੰ ਹਾਲ ਹੀ ਵਿਚ ਪਾਰਟੀ ਦੇ ਅੰਦਰੂਨੀ ਲੋਕਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਸੁਨੇਹੇ ਵਿਚ ਰਾਮਦਾਸ ਨੇ ਕਿਹਾ ਕਿ ਸੰਵਾਦ ਨੂੰ ਪਾਰਟੀ ਵਿਰੋਧੀ ਗਤੀਵਿਧੀ ਦੇ ਰੂਪ ਵਿਚ ਨਹੀਂ ਵੇਖਿਆ ਜਾ ਸਕਦਾ ਅਤੇ ਲੋਕਾਂ ਨੂੰ ਲੋਕਤੰਤਰ ਵਿਚ ਬੋਲਣ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ।