ਮੋਦੀ ਦਾ ਮਿਹਣਾ

ਜਰਮਨ ਦੌਰੇ ‘ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਦੇ ਬਹਾਨੇ ਧਰਮ ਨਿਰਪੇਖੀਆਂ (ਸੈਕੁਲਰਿਸਟਾਂ) ਨੂੰ ਮਿਹਣਾ ਮਾਰਿਆ ਹੈ। ਯਾਦ ਕਰਵਾAਣਾ ਪਵੇਗਾ ਕਿ ਭਾਰਤ ਨੂੰ ਹਿੰਦੂਤਵ ਦੀ ਲੀਹੇ ਪਾਉਣ ਤਹਿਤ ਮੋਦੀ ਦੀ ਜਥੇਬੰਦੀ ਭਾਰਤੀ ਜਨਤਾ ਪਾਰਟੀ ਅਤੇ ਇਸ ਪਾਰਟੀ ਦੀ ਮਾਂ-ਜਥੇਬੰਦੀ ਆਰæਐਸ਼ਐਸ਼ ਤਿੱਖੀ ਸਰਗਰਮੀ ਕਰ ਰਹੀ ਹੈ ਅਤੇ ਇਸੇ ਤਹਿਤ, ਖਾਸ ਕਰ ਸਿੱਖਿਆ ਦੇ ਖੇਤਰ ਵਿਚ ਬੜੇ ਅਹਿਮ ਫੈਸਲੇ ਕੀਤੇ ਜਾ ਰਹੇ ਹਨ।

ਪਿਛਲੇ ਸਾਲ ਭਾਰਤ ਦੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਿਮਰਿਤੀ ਇਰਾਨੀ ਨੇ ਐਲਾਨ ਕਰ ਦਿੱਤਾ ਸੀ ਕਿ ਕੇਂਦਰੀ ਵਿਦਿਆਲਿਆਂ ਵਿਚ ਪੜ੍ਹਾਈ ਜਾਂਦੀ ਜਰਮਨ ਭਾਸ਼ਾ ਦੀ ਥਾਂ ਸੰਸਕ੍ਰਿਤ ਪੜ੍ਹਾਈ ਜਾਵੇਗੀ। ਇਸ ਮਾਮਲੇ ‘ਤੇ ਬੀਬੀ ਇਰਾਨੀ ਜੋ ਆਰæਐਸ਼ਐਸ਼ ਦੀ ਖੁਸ਼ਾਮਦ ਕਰਨ ਲਈ ਬੜੀ ਮਸ਼ਹੂਰ ਹੈ, ਨੇ ਸੈਸ਼ਨ ਦੇ ਅੱਧ ਵਿਚਕਾਰ ਹੀ ਸੰਸਕ੍ਰਿਤ ਦੀ ਪੜ੍ਹਾਈ ਅਰੰਭ ਕਰਨ ਦੇ ਹੁਕਮ ਚਾੜ੍ਹ ਦਿੱਤੇ ਸਨ। ਇਸ ਮਾਮਲੇ ਵਿਚ ਫਿਰ ਅਦਾਲਤ ਨੂੰ ਦਖਲ ਦੇ ਕੇ ਕਹਿਣਾ ਪਿਆ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਰੋਕਣ ਲਈ ਸੰਸਕ੍ਰਿਤ ਯਕਦਮ ਅਰੰਭ ਕਰਨ ਦੀ ਥਾਂ ਅਗਲੇ ਸੈਸ਼ਨ ਤੋਂ ਹੀ ਸ਼ੁਰੂ ਕਰਵਾਈ ਜਾਵੇ। ਉਦੋਂ ਛੇਤੀ ਪਿਛੋਂ ਜੀ-20 ਦੇਸਾਂ ਦੀ ਵਾਰਤਾ ਲਈ ਗਏ ਮੋਦੀ ਨੂੰ ਜਰਮਨ ਚਾਂਸਲਰ ਏਂਜਲਾ ਮਾਰਕਲ ਨੂੰ ਇਸ ਬਾਰੇ ਜਵਾਬ ਦੇਣਾ ਔਖਾ ਹੋ ਗਿਆ ਸੀ, ਪਰ ਹੁਣ ਮੋਦੀ ਨੇ ਇਸੇ ਮੁੱਦੇ ਨੂੰ ਆਧਾਰ ਬਣਾ ਕੇ ਧਰਮ ਨਿਰਪੇਖੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਆਖਿਆ ਹੈ ਕਿ ਭਾਰਤ ਵਿਚ ਧਰਮ ਨਿਰਪੇਖੀਆਂ ਨੇ ਇਹ ਗਲਤ ਧਾਰਨਾ ਬਣਾ ਦਿੱਤੀ ਹੈ ਕਿ ਸੰਸਕ੍ਰਿਤ ਦੀ ਗੱਲ ਕਰਨਾ ਫਿਰਕਾਪ੍ਰਸਤੀ ਹੈ। ਉਨ੍ਹਾਂ ਉਲਟਾ ਦੋਸ਼ ਲਾਇਆ ਹੈ ਕਿ ਧਰਮ ਨਿਰਪੱਖਤਾ ਦੇ ਬਹਾਨੇ ਹੁਣ ਤੱਕ ਸੰਸਕ੍ਰਿਤ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਜਰਮਨ ਵਿਚ ਕਿਸੇ ਸਮੇਂ ਚੱਲਦੇ ਸੰਸਕ੍ਰਿਤ ਰੇਡੀਓ ਬੁਲੇਟਿਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੰਸਕ੍ਰਿਤ ਅਤੇ ਧਰਮ ਨਿਰਪੱਖਤਾ ਨਾਲੋ-ਨਾਲ ਨਹੀਂ ਚੱਲ ਸਕਦੇ; ਨਾਲ ਹੀ ਕਹਿ ਸੁਣਾਇਆ ਕਿ ਭਾਰਤ ਦੀ ਧਰਮ ਨਿਰਪੱਖਤਾ ਇੰਨੀ ਕਮਜ਼ੋਰ ਨਹੀਂ ਕਿ ਇਸ ਨੂੰ ਕਿਸੇ ਭਾਸ਼ਾ ਤੋਂ ਹੀ ਖਤਰਾ ਖੜ੍ਹਾ ਹੋ ਜਾਵੇ!
ਪ੍ਰਧਾਨ ਮੰਤਰੀ ਦੀ ਗੱਦੀ ਉਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਨਰੇਂਦਰ ਮੋਦੀ ਨੇ ਧਰਮ ਨਿਰਪੱਖਤਾ ਦਾ ਇਉਂ ਮਖੌਲ ਉਡਾਇਆ ਹੈ। ਉਂਜ ਇਹ ਕੋਈ ਇਤਫਾਕ ਨਹੀਂ ਹੈ ਕਿ ਦੋਵੇਂ ਹੀ ਵਾਰ ਉਹ ਵਿਦੇਸ਼ੀ ਦੌਰੇ ਉਤੇ ਸਨ। ਪਿਛਲੇ ਸਾਲ ਉਹ ਜਪਾਨੀ ਦੌਰੇ ਮੌਕੇ ਆਪਣੇ ਨਾਲ ‘ਗੀਤਾ’ ਲੈ ਗਏ ਸਨ ਅਤੇ ਇਹ ਗ੍ਰੰਥ ਉਨ੍ਹਾਂ ਜਪਾਨੀ ਸ਼ਹਿਨਸ਼ਾਹ ਅਕੀਹਿਤੋ ਨੂੰ ਭੇਟ ਕੀਤਾ ਸੀ। ਉਥੇ ਇਉਂ ਗੀਤਾ ਲਿਜਾਣ ਤੇ ਇਸ ਬਾਰੇ ਟਿੱਪਣੀ ਕਰਨ ਦਾ ਤਰਕ ਅੱਜ ਤੱਕ ਕਿਸੇ ਨੂੰ ਸਮਝ ਨਹੀਂ ਆਇਆ, ਪਰ ਉਨ੍ਹਾਂ ਉਥੇ ਜੋ ਕੁਝ ਬੋਲਿਆ ਸੀ, ਉਸ ਦੇ ਅਰਥ ਜਰਮਨ ਦੌਰੇ ਨਾਲ ਜੁੜ ਕੇ ਸਪਸ਼ਟ ਹੋ ਰਹੇ ਹਨ। ਉਦੋਂ ਉਨ੍ਹਾਂ ਬੜੇ ਗੜ੍ਹਕੇ ਨਾਲ ਕਿਹਾ ਸੀ ਕਿ ਇਹ ‘ਗੀਤਾ’ ਭੇਟ ਕਰਨ ਕਰ ਕੇ ਹੁਣ ਉਨ੍ਹਾਂ ਨੂੰ ਫਿਰਕੂ ਕਿਹਾ ਜਾਵੇਗਾ। ਇਹ ਕਹਿੰਦਿਆਂ ਸਾਰ ਉਨ੍ਹਾਂ ਧਰਮ ਨਿਰਪੇਖੀਆਂ ‘ਤੇ ਬੜੇ ਤਿੱਖੇ ਹਮਲੇ ਕੀਤੇ ਸਨ; ਹਾਲਾਂਕਿ ਅਜਿਹੀਆਂ ਗੱਲਾਂ ਦਾ ਉਥੇ ਕੋਈ ਪ੍ਰਸੰਗ ਨਹੀਂ ਸੀ ਬਣਦਾ। ਪ੍ਰਸੰਗ ਤਾਂ ਖੈਰ, ਹੁਣ ਜਰਮਨ ਵਿਚ ਵੀ ਨਹੀਂ ਸੀ ਬਣਦਾ, ਕਿਉਂਕਿ 1960ਵਿਆਂ ਵਿਚ ਜਦੋਂ ਜਰਮਨੀ ਨੇ ‘ਰੇਡੀਓ ਡਿਊਸ਼ ਵੈਲੇ’ ਤੋਂ ਗੈਰ-ਜਰਮਨ ਭਾਸ਼ਾਈ ਲੋਕਾਂ ਲਈ ਪ੍ਰੋਗਰਾਮ ਅਰੰਭ ਕੀਤੇ ਸਨ, ਤਾਂ ਇਕ ਬੁਲੇਟਿਨ ਸੰਸਕ੍ਰਿਤ ਵਿਚ ਵੀ ਸ਼ੁਰੂ ਕੀਤਾ ਗਿਆ ਸੀ। ਉਂਜ ਇਸ ਫੈਸਲੇ ਦਾ ਵੀ ਆਪਣਾ ਪ੍ਰਸੰਗ ਸੀ। ਉਸ ਵੇਲੇ ਬੀæਬੀæਸੀæ ਅਤੇ ‘ਰੇਡੀਓ ਮਾਸਕੋ’ ਤੋਂ ਅਜਿਹੇ ਪ੍ਰੋਗਰਾਮ ਅਕਸਰ ਨਸ਼ਰ ਹੁੰਦੇ ਸਨ। ਮੋਦੀ ਨੂੰ ਸ਼ਾਇਦ ਇਹ ਵੀ ਕਿਸੇ ਨੇ ਨਹੀਂ ਦੱਸਿਆ ਕਿ ‘ਧਰਮ ਨਿਰਪੱਖ’ ਨਹਿਰੂ ਨੇ ਹੀ 1956 ਵਿਚ ਸੰਸਕ੍ਰਿਤ ਕਮਿਸ਼ਨ ਬਣਾਇਆ ਸੀ। ਇਸ ਕਮਿਸ਼ਨ ਵਲੋਂ ਕੀਤੀਆਂ ਸਿਫਾਰਿਸ਼ਾਂ ਮੋਦੀ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹਨ।
ਉਂਜ, ਇਸ ਪ੍ਰਸੰਗ ਵਿਚ ਵਿਚਾਰਨ ਵਾਲਾ ਮੁੱਦਾ ਤਾਂ ਇਹ ਹੈ ਕਿ ਮੋਦੀ ਐਂਡ ਪਾਰਟੀ ਆਰæਐਸ਼ਐਸ਼ ਦੀ ਫਿਰਕੂ ਪਹੁੰਚ ਨੂੰ ਸਹੀ ਸਾਬਤ ਕਰਨ ਲਈ ਅਕਸਰ ਧਰਮ ਨਿਰਪੱਖਤਾ ਦਾ ਮਖੌਲ ਉਡਾਉਂਦੇ ਹਨ। ਇਸ ਮਖੌਲ ਦੀ ਧਾਰ ਵਿਚ ਸ਼ਬਦ ‘ਅਖੌਤੀ’ ਵੀ ਜ਼ਰੂਰ ਜੋੜਿਆ ਜਾਂਦਾ ਹੈ। ਇਸੇ ਮੁੱਦੇ ਬਾਰੇ ਇਹ ਬਹਿਸ ਤਾਂ ਹੋ ਸਕਦੀ ਹੈ ਕਿ ਭਾਰਤ ਵਿਚ ਧਰਮ ਨਿਰਪੱਖਤਾ ਵਾਲੀ ਪਹੁੰਚ ਕਿੰਨੀ ਊਣੀ ਰਹਿ ਗਈ ਸੀ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਭਾਰਤ ਵਿਚ ਧਰਮ ਨਿਰਪੱਖਤਾ ਦਾ ਅਰਥ ਹਰ ਧਰਮ ਦੇ ਬਰਾਬਰ ਸਤਿਕਾਰ ਤੋਂ ਹੀ ਲਿਆ ਜਾਂਦਾ ਹੈ। ਇਸ ਸਿਲਸਿਲੇ ਵਿਚ 20ਵੀਂ ਸਦੀ ਦੇ ਸਭ ਤੋਂ ਮਹਾਨ ਧਰਮ ਨਿਰਪੇਖੀ ਸਾਬਤ ਹੋਏ ਗਦਰੀਆਂ ਦਾ ਜ਼ਿਕਰ ਕਰਨਾ ਬਣਦਾ ਹੈ। ਪਰਦੇਸਾਂ ਵਿਚ ਬੈਠੇ ਇਨ੍ਹਾਂ ਯੋਧਿਆਂ ਨੇ ਜਦੋਂ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਵਿੱਢੀ, ਤਾਂ ਧਰਮ ਨੂੰ ਨਿੱਜੀ ਮਸਲਾ ਮੰਨਿਆ ਅਤੇ ਇਕ-ਦੂਜੇ ਦੇ ਧਰਮ ਨੂੰ ਬਰਾਬਰ ਦਾ ਸਤਿਕਾਰ ਦੇਣ ਦਾ ਪ੍ਰਣ ਦ੍ਰਿੜਾਇਆ। ਇਹ ਜ਼ਿਕਰ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਗਦਰੀਆਂ ਜਿਨ੍ਹਾਂ ਵਿਚੋਂ ਬਹੁਤੇ ਸਿੱਖ ਪਿਛੋਕੜ ਵਾਲੇ ਸਨ, ਨੂੰ ਸਿੱਖ ਸਾਬਤ ਕਰਨ ਲਈ ਅੱਜ ਕੱਲ੍ਹ ਮੁਹਿੰਮਾਂ ਛਿੜੀਆਂ ਹੋਈਆਂ ਹਨ ਅਤੇ ਮੋਦੀ ਵਾਂਗ ਸਿੱਖ ਭਾਈਚਾਰੇ ਨਾਲ ਸਬੰਧਤ ਇਕ ਤਬਕੇ ਨੂੰ ਵੀ ਧਰਮ ਨਿਰਪੱਖਤਾ ਬਾਬਤ ਕੁਝ ਵਧੇਰੇ ਹੀ ਇਤਰਾਜ਼ ਹਨ। ਇਹ ਠੀਕ ਹੈ ਕਿ ਮੁੱਖਧਾਰਾ ਨਾਲ ਸਬੰਧਤ ਸਿਆਸਤਦਾਨਾਂ ਨੇ ਧਰਮ ਨਿਰਪੱਖਤਾ ਦੇ ਮੁੱਦੇ ਨੂੰ ਆਪਣੇ ਹਿਤਾਂ ਮੁਤਾਬਕ ਤੋੜਨ-ਮਰੋੜਨ ਦਾ ਸਦਾ ਹੀ ਯਤਨ ਕੀਤਾ, ਪਰ ਮੋਦੀ ਅਤੇ ਆਰæਐਸ਼ਐਸ਼ ਦੀ ਜ਼ਹਿਰੀ ਪਹੁੰਚ ਦੇ ਮੱਦੇਨਜ਼ਰ ਇਸ ਮਸਲੇ ਨੂੰ ਨਵੇਂ ਸਿਰਿਓਂ ਵਿਚਾਰਨਾ ਹੁਣ ਜ਼ਰੂਰੀ ਹੈ। ਇਸ ਮਾਮਲੇ ਵਿਚ ਇਕ ਵਾਰ ਫਿਰ ਸਾਡੇ ਗਦਰੀ ਯੋਧੇ ਮਿਸਾਲ ਬਣ ਸਕਦੇ ਹਨ ਜਿਨ੍ਹਾਂ ਇਕ ਦੌਰ ਵਿਚ ਖੁਦ ਨੂੰ ‘ਹਿੰਦੀ’ ਅਖਵਾਇਆ ਅਤੇ ਆਪਣੇ ਮੁਲਕ ਹਿੰਦੋਸਤਾਨ ਖਾਤਰ ਜਾਨਾਂ ਹੂਲੀਆਂ। ਇਨ੍ਹਾਂ ‘ਹਿੰਦੀਆਂ’ ਦੀ ਇਸੇ ਪਹੁੰਚ ਵਿਚੋਂ ਫਿਰ ਮੋਦੀ ਐਂਡ ਪਾਰਟੀ ਨੂੰ ‘ਹਿੰਦੂਤਵ’ ਬਾਰੇ ਵੀ ਕਰਾਰਾ ਜਵਾਬ ਦਿੱਤਾ ਜਾ ਸਕੇਗਾ। ਆਓ, ਮੋਦੀ ਦੀ ਇਸ ਮੁਹਿੰਮ ਦੇ ਟਾਕਰੇ ਲਈ ਆਪਣੇ ਗਦਰੀ ਯੋਧਿਆਂ ਦਾ ਅਨਮੋਲ ਖਜ਼ਾਨਾ ਇਕ ਵਾਰ ਫਿਰ ਫਰੋਲੀਏ।