ਕਤਲੇਆਮ 84 ਵਾਲੇ ਕੇਸਾਂ ‘ਚ ਉਡਾਈਆਂ ਕਾਨੂੰਨ ਦੀਆਂ ਧੱਜੀਆਂ

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਵਿਚ ਹੋਏ ਨੁਕਸਾਨ ਦਾ ਕੋਈ ਰਿਕਾਰਡ ਉਪਲਬਧ ਨਹੀਂ ਹੈ ਤੇ ਸਾਲ 1984 ਦੇ ਅਪਰਾਧ ਰਜਿਸਟਰ ਮੁਤਾਬਕ ਕਿਸੇ ਸਿੱਖ ਦੀ ਹੱਤਿਆ ਨਹੀਂ ਹੋਈ। ਸੂਚਨਾ ਦੇ ਅਧਿਕਾਰ (ਆਰæਟੀæਆਈæ) ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਥਾਣਾ ਕੋਤਵਾਲੀ ਕਾਨਪੁਰ ਨਗਰ (ਉੱਤਰ ਪ੍ਰਦੇਸ਼) ਦੇ ਮੁਖੀ ਨਿਰੀਖਿਕ ਵੱਲੋਂ ਉਪਰੋਕਤ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ।

ਇਸ ਮਾਮਲੇ ਦਾ ਖ਼ੁਲਾਸਾ ਕਰਦਿਆਂ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਹੋਰਨਾਂ ਸੂਬਿਆਂ ਵਿਚ ਕਤਲੇਆਮ ਦਾ ਸ਼ਿਕਾਰ ਹੋਏ ਬੇਗੁਨਾਹ ਪੀੜਤ ਹਾਲੇ ਵੀ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ ਪਰ ਹਕੂਮਤਾਂ ਨੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਤੋਂ ਬਿਲਕੁਲ ਪਾਸਾ ਵੱਟਿਆ ਹੋਇਆ ਹੈ। ਉਪਰੋਕਤ ਮਸਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਰæਟੀæਆਈ ਤਹਿਤ ਮਿਲੀ ਜਾਣਕਾਰੀ ਸੱਚਮੁਚ ਹੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਜਿਸ ਦੇਸ਼ ਵਿਚ ਜਲ੍ਹਿਆਂ ਵਾਲਾ ਬਾਗ ਕਾਂਡ ਤੋਂ ਲੈ ਕੇ ਇੰਦਰਾ ਗਾਂਧੀ ਹੱਤਿਆ ਕਾਂਡ ਤੱਕ ਦੇ ਸਾਰੇ ਪੁਲਿਸ ਰਿਕਾਰਡ ਮੌਜੂਦ ਹੋਣ, ਉਥੇ ਇਹ ਕਹਿਣਾ ਕਿ 1984 ਦੇ ਦੰਗਿਆਂ ਨਾਲ ਸਬੰਧਤ ਰਿਕਾਰਡ ਨਸ਼ਟ ਕਰ ਦਿੱਤੇ ਗਏ ਹਨ, ਇਹ ਸਿੱਖ ਕੌਮ ਨਾਲ ਵਿਤਕਰਾ ਤੇ ਜਮੂਹਰੀਅਤ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਪ੍ਰਸ਼ਾਸਨ ਬਿਲਕੁਲ ਵੀ ਗੰਭੀਰ ਨਹੀਂ। ਭੋਗਲ ਨੇ ਸਵਾਲ ਉਠਾਇਆ ਕਿ ਇਕ ਪਾਸੇ ਰਿਕਾਰਡ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਈ ਸਿੱਖ ਨਹੀਂ ਮਾਰਿਆ ਗਿਆ, ਜਦ ਕਿ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਥਾਣੇ ਦਾ ਰਿਕਾਰਡ ਹੀ ਖ਼ਤਮ ਕਰ ਦਿੱਤਾ ਗਿਆ ਤਾਂ ਫਿਰ ਇਸ ਜਾਣਕਾਰੀ ਦਾ ਆਧਾਰ ਕੀ ਹੈ। ਉਨ੍ਹਾਂ ਕਿਹਾ ਕਿ ਇਹ ਜਵਾਬ ਦੇ ਕੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸ਼ ਭੋਗਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅਪੀਲ ਕੀਤੀ ਹੈ ਕਿ ਇਸ ਬਾਰੇ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਹਿੰਸਾ ਕਾਨਪੁਰ ਵਿਚ ਹੋਈ ਸੀ, ਜਿਥੇ 300 ਦੇ ਕਰੀਬ ਸਿੱਖ ਕਤਲ ਕਰ ਦਿੱਤੇ ਗਏ ਸਨ। ਜਦਕਿ ਸਰਕਾਰੀ ਅੰਕੜੇ ਸਿਰਫ਼ 127 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹਨ। ਕਾਨਪੁਰ ਵਿਚ 2700 ਸਿੱਖਾਂ ਦੀਆਂ ਜਾਇਦਾਦਾਂ ਦਾ ਵੀ ਨੁਕਸਾਨ ਹੋਇਆ ਸੀ, ਜਿਸ ਦੀ ਭਰਪਾਈ ਲਈ ਫਾਰਮ ਭਰੇ ਗਏ ਪਰ 31 ਵਰ੍ਹੇ ਬੀਤਣ ਉਤੇ ਵੀ 1300 ਸਿੱਖਾਂ ਨੂੰ ਅੱਧਾ-ਅਧੂਰਾ ਮੁਆਵਜ਼ਾ ਦਿੱਤਾ ਗਿਆ ਹੈ।
_________________________________________
ਗ੍ਰਹਿ ਮੰਤਰਾਲੇ ਕੋਲ 5 ਸਿੱਖ ਫੌਜੀ ਮਾਰੇ ਜਾਣ ਦੀ ਸੂਚਨਾ
ਚੰਡੀਗੜ੍ਹ: ਗ੍ਰਹਿ ਮੰਤਰਾਲੇ ਅਨੁਸਾਰ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਜੇæਸੀæਓæ ਪੱਧਰ ਦੇ ਸਿਰਫ ਪੰਜ ਸਿੱਖ ਫੌਜੀ ਅਧਿਕਾਰੀ ਹੀ ਮਾਰੇ ਗਏ ਹਨ। ਹਾਲਾਂਕਿ ਫੌਜ ਹੈਡਕੁਆਰਟਰ ਅਨੁਸਾਰ ਇਸ ਕਤਲੇਆਮ ਵਿਚ 15 ਸਿੱਖ ਫੌਜੀ ਮਾਰੇ ਗਏ, ਜਿਨ੍ਹਾਂ ਵਿਚੋਂ ਪੰਜ ਫੌਜ, ਅੱਠ ਹਵਾਈ ਫੌਜ ਤੇ ਦੋ ਸਮੁੰਦਰੀ ਫੌਜ ਦੇ ਅਧਿਕਾਰੀ ਸਨ। ਸੂਚਨਾ ਅਧਿਕਾਰ ਐਕਟ ਤਹਿਤ ਕੇਂਦਰੀ ਗ੍ਰਹਿ ਮੰਤਰਾਲਾ ਤੇ ਦਿੱਲੀ ਸਥਿਤ ਫੌਜੀ ਮੁੱਖ ਦਫ਼ਤਰ ਵੱਲੋਂ ਦਿੱਤੇ ਗਏ ਵੇਰਵੇ ਹੀ ਆਪਸ ਵਿਚ ਮੇਲ ਨਹੀਂ ਖਾ ਰਹੇ। ਇਹ ਜਾਣਕਾਰੀ ਪ੍ਰਾਪਤ ਕਰਨ ਵਾਲੀ ਸੰਸਥਾ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਨੇ ਕਿਹਾ ਹੈ ਕਿ ਅਸਲੀਅਤ ਇਹ ਹੈ ਕਿ ਇਸ ਕਤਲੇਆਮ ਵਿਚ ਸੈਂਕੜੇ ਫੌਜੀ ਜਵਾਨ ਤੇ ਫੌਜੀ ਅਧਿਕਾਰੀ ਮਾਰੇ ਗਏ ਤੇ ਸੈਂਕੜੇ ਹੀ ਅਜੇ ਤੱਕ ਲਾਪਤਾ ਹਨ, ਜਿਨ੍ਹਾਂ ਬਾਰੇ ਕੋਈ ਵੀ ਸਰਕਾਰੀ ਵਿਭਾਗ ਕੋਈ ਸੂਚਨਾ ਦੇਣ ਲਈ ਤਿਆਰ ਨਹੀਂ ਹੈ।