ਚੰਡੀਗੜ੍ਹ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਈ ਸਟੈਂਡ ਕਾਰਨ ਪੰਜਾਬ ਕਾਂਗਰਸ ਵਿਚ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ਉਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿਚ ਆ ਗਏ ਹਨ, ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਆਗੂਆਂ ਨੇ ਦੋਸ਼ ਲਾਇਆ ਹੈ ਕਿ
ਕੈਪਟਨ ਸਾਜ਼ਿਸ਼ ਤਹਿਤ ਜਿਥੇ ਰਾਹੁਲ ਗਾਂਧੀ ਦੇ ਅਕਸ ਨੂੰ ਢਾਹ ਲਾ ਰਹੇ ਹਨ, ਉਥੇ ਪਾਰਟੀ ਦੀ 19 ਅਪਰੈਲ ਨੂੰ ਦਿੱਲੀ ਵਿਚ ਹੋ ਰਹੀ ਕਿਸਾਨ ਰੈਲੀ ਨੂੰ ਵੀ ਸਾਬੋਤਾਜ ਕਰਨ ਦਾ ਯਤਨ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ 33 ਵਿਧਾਇਕਾਂ ਨੇ ਕੈਪਟਨ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰਨ ਉਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਨਿੰਦਾ ਕੀਤੀ। ਵਿਧਾਇਕਾਂ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਸ੍ਰੀ ਬਾਜਵਾ ਵਰਗੇ ਕਾਂਗਰਸ ਦੇ ਸਭ ਤੋਂ ਘੱਟ ਹਰਮਨਪਿਆਰੇ ਆਗੂ ਪੰਜਾਬ ਵਿਚ ਸਭ ਤੋਂ ਵੱਧ ਹਰਮਨਪਿਆਰੇ ਆਗੂ ਕੈਪਟਨ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰ ਰਹੇ ਹਨ। ਜੇਕਰ ਸ੍ਰੀ ਬਾਜਵਾ ਸਮਝਦੇ ਹਨ ਕਿ ਕੈਪਟਨ ਖ਼ਿਲਾਫ਼ ਬੋਲ ਕੇ ਕੋਈ ਸਿਆਸੀ ਫਾਇਦਾ ਲੈ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ। ਪਿਛਲੇ ਸਮੇਂ ਤੋਂ ਕੈਪਟਨ ਵਿਰੁੱਧ ਚੱਲਦੇ ਆ ਰਹੇ ਅਮਲੋਹ ਦੇ ਵਿਧਾਇਕ ਰਣਦੀਪ ਨਾਭਾ ਨੇ ਵੀ ਇਸ ਆਗੂ ਦੇ ਹੱਕ ਵਿਚ ਸਟੈਂਡ ਲੈਂਦਿਆਂ ਸ੍ਰੀ ਬਾਜਵਾ ਉਪਰ ਵਾਰ ਕੀਤਾ।
ਉਂਜ ਕੈਪਟਨ ਦੇ ਅਤਿ ਨਜ਼ਦੀਕੀ ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦਾ ਇਹ ਬਿਆਨ ਦਾਗਣ ਵਾਲਿਆਂ ਵਿਚ ਨਾਮ ਨਹੀਂ ਹੈ। ਦੂਜੇ ਪਾਸੇ ਕੈਪਟਨ ਨੇ ਦੁਹਰਾਇਆ ਕਿ ਉਹ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਖ਼ਿਲਾਫ਼ ਨਹੀਂ ਹਨ ਪਰ ਇਹ ਉਨ੍ਹਾਂ ਲਈ ਪ੍ਰਧਾਨਗੀ ਸੰਭਾਲਣ ਦਾ ਢੁਕਵਾਂ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਪਾਰਟੀ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਹੁਣ ਉਨ੍ਹਾਂ ਦੀ ਵਿਦਾਈ ਨੇੜੇ ਆ ਗਈ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਸ੍ਰੀ ਜਾਖੜ ਨੇ ਇਸ ਮੁੱਦੇ ਉਪਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਬਾਜਵਾ ਦੇ ਧੜੇ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਪਾਰਟੀ ਅਨੁਸ਼ਾਸਨ ਵਿਚ ਰਹਿ ਕੇ ਬੋਲਣ ਦੀ ਸਲਾਹ ਦਿੱਤੀ ਹੈ। ਪਾਰਟੀ ਦੀ ਸੂਬਾਈ ਤਰਜਮਾਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਿਰਵਿਵਾਦ ਆਗੂ ਹਨ, ਉਨ੍ਹਾਂ ਬਾਰੇ ਟਿੱਪਣੀਆਂ ਕਰਨ ਤੋਂ ਪਹਿਲਾ ਕੈਪਟਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਦੀ ਅਗਵਾਈ ਸੋਨੀਆ ਗਾਂਧੀ ਨੂੰ ਹੀ ਕਰਨੀ ਚਾਹੀਦੀ ਹੈ ਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ਲਈ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਹੋਰ ਘੜਮੱਸ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ। ਉਧਰ ਕੈਪਟਨ ਨੇ ਸ੍ਰੀ ਬਾਜਵਾ ਦੇ ਬਿਆਨ ਉਪਰ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਮਾਂ ਰਾਹੁਲ ਦੇ ਪਾਰਟੀ ਦੀ ਕਮਾਂਡ ਸੰਭਾਲਣ ਦੇ ਅਨਕੂਲ ਨਹੀਂ ਹੈ। ਉਹ ਆਪਣੇ ਬੇਟੇ ਵਾਂਗ ਰਾਹੁਲ ਨਾਲ ਪੂਰੀ ਹਮਦਰਦੀ ਰੱਖਦੇ ਹਨ ਪਰ ਮੌਜੂਦਾ ਸਿਆਸੀ ਹਾਲਾਤ ਸੋਨੀਆ ਗਾਂਧੀ ਤੋਂ ਹੀ ਪ੍ਰਧਾਨਗੀ ਜਾਰੀ ਰੱਖਣ ਦੀ ਮੰਗ ਕਰਦੇ ਹਨ। ਉਨ੍ਹਾਂ ਸ੍ਰੀ ਬਾਜਵਾ ਨੂੰ ਆਪਣੀਆਂ ਹੱਦਾਂ ਵਿਚ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਹਕੀਕਤ ਨੂੰ ਸਮਝੇ ਬਿਨਾਂ ਹੀ ਬਿਆਨ ਦਾਗ ਰਹੇ ਹਨ, ਜਿਸ ਵਿਚੋਂ ਉਨ੍ਹਾਂ ਨੂੰ ਕੁਝ ਨਹੀਂ ਲੱਭਣਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਇਸ ਸੰਕਟਮਈ ਸਮੇਂ ਦੌਰਾਨ ਕਾਂਗਰਸ ਨੂੰ ਕਿਸੇ ਲੰਮੇ ਤਜਰਬੇ ਵਾਲੇ ਤੇ ਸੁਲਝੇ ਆਗੂ ਦੀ ਲੋੜ ਹੈ।
_______________________________________
ਆਪਣਾ ਵੇਲਾ ਯਾਦ ਕਰੇ ਕੈਪਟਨ ਅਮਰਿੰਦਰ: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਆਪਣੀ ਸ਼ਾਗਿਰਦੀ ਵੀ ਪੂਰੀ ਨਹੀਂ ਕੀਤੀ ਸੀ ਜਦੋਂ 14 ਸਾਲ ਅਕਾਲੀ ਦਲ ਵਿਚ ਰਹਿਣ ਤੋਂ ਬਾਅਦ ਸਾਲ 1998 ਵਿਚ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਚਾਰ ਮਹੀਨਿਆਂ ਅੰਦਰ ਹੀ ਸੂਬਾਈ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਲਈ ਬਿਹਤਰ ਹੋਵੇਗਾ ਕਿ ਪਹਿਲਾਂ ਕੈਪਟਨ ਅਮਰਿੰਦਰ ਆਪਣੇ ਇਤਿਹਾਸ ਵੱਲ ਝਾਤ ਮਾਰਨ। ਸੂਬਾਈ ਪ੍ਰਧਾਨ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਪਾਰਟੀ ਵਿਚ ਬਤੌਰ ਪ੍ਰਧਾਨ ਦੀ ਜ਼ਿੰਮੇਵਾਰੀ 1959 ਵਿਚ ਮਿਲੀ ਸੀ, ਜਦੋਂ ਉਹ ਸਿਰਫ਼ 42 ਸਾਲਾਂ ਦੇ ਸਨ ਤੇ ਉਨ੍ਹਾਂ 49 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਕੈਪਟਨ ਨੂੰ ਘੱਟੋ ਘੱਟ ਪਾਰਟੀ ਦੇ ਇਤਿਹਾਸ ਬਾਰੇ ਆਪਣੀ ਜਾਣਕਾਰੀ ਵਧਾਉਣ ਦੀ ਲੋੜ ਹੈ।