ਨੇਤਾਜੀ ਦੇ ਪਰਿਵਾਰ ਦੀ ਜਾਸੂਸੀ ਤੋਂ ਸਿਆਸਤ ਭਖੀ

ਨਵੀਂ ਦਿੱਲੀ: ਇੰਟੈਲੀਜੈਂਸ ਬਿਊਰੋ (ਆਈæਬੀæ) ਵੱਲੋਂ ਹਾਲ ਹੀ ਜਾਰੀ ਕੀਤੇ ਗਏ ਪੁਰਾਣੇ ਰਿਕਾਰਡ ਵਿਚ ਖੁਲਾਸਾ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਸਮੇਂ ਆਈæਬੀæ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰਾਂ ‘ਤੇ ਦੋ ਦਹਾਕਿਆਂ ਤੱਕ ਤਿੱਖੀ ਨਜ਼ਰ ਰੱਖੀ ਸੀ। ਇਸ ਖੁਲਾਸੇ ਤੋਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।

ਆਈæਬੀæ ਵੱਲੋਂ ਜਾਰੀ ਕੀਤੇ ਗਏ ਰਿਕਾਰਡ ਮੁਤਾਬਕ ਆਈæਬੀæ ਨੇ ਤਕਰੀਬਨ 20 ਸਾਲ (1948 ਤੋਂ 1968) ਤੱਕ ਨੇਤਾ ਜੀ ਦੇ ਭਰਾ ਸਰਤ ਚੰਦਰ ਬੋਸ ਦੇ ਪੁੱਤਰਾਂ ਸਿਸਿਰ ਕੁਮਾਰ ਬੋਸ ਤੇ ਅਮੀਆ ਨਾਥ ਬੋਸ ਦੀ ਜਾਸੂਸੀ ਕੀਤੀ।
ਦੱਸਣਯੋਗ ਹੈ ਕਿ ਇਨ੍ਹਾਂ 20 ਸਾਲਾਂ ਵਿਚੋਂ 16 ਸਾਲ ਤੱਕ ਪ੍ਰਧਾਨ ਮੰਤਰੀ ਸ੍ਰੀ ਨਹਿਰੂ ਸਨ। ਹੁਣ ਕੌਮੀ ਪੁਰਾਲੇਖ ਕੋਲ ਮੌਜੂਦ ਇਸ ਫਾਈਲ ਵਿਚ ਕਿਹਾ ਗਿਆ ਹੈ ਕਿ ਵੁੱਡਬਰਨ ਪਾਰਕ ਤੇ 38/2 ਇਲਗਿਨ ਰੋਡ ਉਤੇ ਸਥਿਤ ਮਕਾਨ ਵਿਚ ਰਹਿੰਦੇ ਨੇਤਾ ਜੀ ਦੇ ਪਰਿਵਾਰਕ ਮੈਂਬਰਾਂ ਉਤੇ ਨਜ਼ਰ ਰੱਖੀ ਗਈ ਸੀ। ਨੇਤਾ ਜੀ ਦੀ ਰਿਸ਼ਤੇਦਾਰ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸੁਗਾਤਾ ਬੋਸ ਨੇ ਕਿਹਾ ਹੈ ਕਿ ਜਾਸੂਸੀ ਦੌਰਾਨ ਉਸ ਪਿਤਾ ਤੇ ਚਾਚੀ (ਨੇਤਾ ਜੀ ਦੀ ਪਤਨੀ) ਦੇ ਨਿੱਜੀ ਪੱਤਰਾਂ ਨੂੰ ਖੋਲ੍ਹ ਕੇ ਪੜ੍ਹਿਆ ਗਿਆ ਤੇ ਕਾਪੀ ਕੀਤਾ ਗਿਆ। ਇਹ ਸੰਤੁਤਰਤਾ ਸੰਗਰਾਮੀਆਂ ਤੇ ਸੰਗਰਾਮੀ ਲਹਿਰ ਲਈ ਬੇਹੱਦ ਸ਼ਰਮਨਾਕ ਹੈ। ਨੇਤਾ ਜੀ ਦੇ ਪਰਿਵਾਰ ਦੀ ਜਾਸੂਸੀ ‘ਤੇ ਚਿੰਤਾ ਤੇ ਹੈਰਾਨੀ ਜ਼ਾਹਿਰ ਕਰਦਿਆਂ ਭਾਜਪਾ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਜਾਸੂਸੀ ਕਰਨਾ ਇਸ ਪਾਰਟੀ ਦੇ ਡੀæਐਨæਏæ ਵਿਚ ਹੈ।
ਪੰਡਿਤ ਨਹਿਰੂ ਦੀ ਸਰਕਾਰ ਸਮੇਂ ਨੇਤਾ ਜੀ ਦੇ ਪਰਿਵਾਰ ਦੀ ਜਾਸੂਸੀ ਕੀਤੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਾਂਗਰਸ ਨੇ ਨਰੇਂਦਰ ਮੋਦੀ ‘ਤੇ ਕੌਮੀ ਨੇਤਾਵਾਂ ਨੂੰ ਬਦਨਾਮ ਕਰਨ ਲਈ ਕੁਝ ਚੋਣਵੇਂ ਤੇ ਗਲਤ ਤੱਥਾਂ ਨੂੰ ਲੀਕ ਕਰਾਉਣ ਦਾ ਦੋਸ਼ ਲਾਇਆ ਹੈ। ਨੇਤਾ ਜੀ ਦੇ ਰਿਸ਼ਤੇਦਾਰ ਚੰਦਰਾ ਬੋਸ ਦਾ ਕਹਿਣਾ ਹੈ ਕਿ ਉਸ ਦਾ ਭਰਾ ਸੂਰਯ ਕੁਮਾਰ ਬੋਸ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਨੇਤਾ ਦੇ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਬਾਰੇ ਫਾਈਲਾਂ ਨੂੰ ਜਾਰੀ ਕਰਨ ਦੀ ਮੰਗ ਕਰੇਗਾ। ਜਾਸੂਸੀ ਉਤੇ ਹੈਰਾਨੀ ਜ਼ਾਹਿਰ ਕਰਦਿਆਂ ਕੇਂਦਰੀ ਮੰਤਰੀ ਐਮæ ਵੈਂਕਈਆ ਨਾਇਡੂ ਨੇ ਇਸ ਮਾਮਲੇ ਦੀ ਮੁਕੰਮਲ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਬਰਤਾਨਵੀ ਸਾਮਰਾਜ ਵੱਲੋਂ ਨੇਤਾ ਜੀ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਸੀ। ਭਾਰਤ ਦੀ ਆਜ਼ਾਦੀ ਲਈ 1941 ਵਿਚ ਉਹ ਵਿਦੇਸ਼ੀ ਸਮਰਥਨ ਲਈ ਭਾਰਤ ਤੋਂ ਫਰਾਰ ਹੋ ਗਏ ਸਨ। ਜਾਪਾਨ ਦੀ ਮਦਦ ਨਾਲ ਇੰਡੀਅਨ ਨੈਸ਼ਨਲ ਆਰਮੀ ਬਣਾਉਣ ਬਾਅਦ ਨੇਤਾ ਜੀ ਸਾਲ 1945 ਵਿਚ ਲਾਪਤਾ ਹੋ ਗਏ ਸਨ। ਨੇਤਾ ਜੀ ਦੇ ਲਾਪਤਾ ਹੋਣ ਦਾ ਭੇਤ ਅੱਜ ਤੱਕ ਬਰਕਰਾਰ ਹੈ।
___________________________________________
ਨੇਤਾ ਜੀ ਦੀ ਮੌਤ ਬਾਰੇ ਸਰਕਾਰ ਕੋਲ ਸੀ ਪੁਖਤਾ ਜਾਣਕਾਰੀ
ਇਹ ਵੀ ਖੁਲਾਸਾ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਮੰਨ ਲਿਆ ਸੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੌਤ ਹੋ ਚੁੱਕੀ ਹੈ। ਇੰਦਰਾ ਗਾਂਧੀ ਦੇ ਸਰਕਾਰੀ ਦਫ਼ਤਰ ਤੋਂ ਰਾਸ਼ਟਰੀ ਲੇਖਾਗਾਰ ਨੂੰ ਭੇਜੀ ਗਈ ਚਿੱਠੀ ਵਿਚ ਨੇਤਾਜੀ ਦੀਆਂ ਅਸਥੀਆਂ ਨੂੰ ਜਾਪਾਨ ਤੋਂ ਭਾਰਤ ਲਿਆਉਣ ਦਾ ਜ਼ਿਕਰ ਹੈ, ਜਦੋਂ ਕਿ ਹੁਣ ਤੱਕ ਇਹ ਸਾਬਤ ਹੀ ਨਹੀਂ ਹੋ ਸਕਿਆ ਕਿ ਨੇਤਾਜੀ ਦੀ ਮੌਤ ਕਦੋਂ ਤੇ ਕਿਵੇ ਹੋਈ ਸੀ। ਇਸਦੇ ਨਾਲ ਹੀ ਇੰਦਰਾ ਗਾਂਧੀ ਦੀ ਸਰਕਾਰ ਸਮੇਂ ਨੇਤਾਜੀ ਨਾਲ ਸਬੰਧਤ ਦੋ ਫਾਇਲਾਂ ਗੁਆਚ ਗਈਆਂ ਸਨ ਤੇ ਦੋ ਫਾਇਲਾਂ ਨਸ਼ਟ ਕਰ ਦਿੱਤੀਆਂ ਗਈਆਂ ਸਨ।
_______________________________________
ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਵੀ ਹੁੰਦੀ ਰਹੀ ਸੀ ਜਾਸੂਸੀ
ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਅੱਜ ਇਥੇ ਪ੍ਰਗਟਾਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਵੀ ਲੰਬਾ ਸਮਾਂ ਖੁਫ਼ੀਆ ਏਜੰਸੀਆਂ ਦੀ ਨਿਗਰਾਨੀ ਵਿਚ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਦੇ ਕ੍ਰਾਂਤੀਕਾਰੀਆਂ ਨਾਲ ਸਬੰਧਤ ਸਾਰੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਜਾਵੇ।
ਅਭੈ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੁਲਬੀਰ ਸਿੰਘ ਸੰਧੂ ਦੀ ਜਦੋਂ ਤੱਕ ਮੌਤ ਨਹੀ ਹੋ ਗਈ, ਉਦੋਂ ਤੱਕ ਖੁਫੀਆ ਏਜੰਸੀਆਂ ਉਨ੍ਹਾਂ ਦੀ ਜਾਸੂਸੀ ਕਰਦੀਆਂ ਰਹੀਆਂ ਹਨ। ਅਭੈ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇਸ਼ ਭਗਤਾਂ ਆਜ਼ਾਦੀ ਘੁਲਾਟੀਆਂ, ਕ੍ਰਾਂਤੀਕਾਰੀਆਂ ਦੇ ਪਰਿਵਾਰਾਂ ਦੇ ਨਾਲ ਸਬੰਧਤ ਗੁਪਤ ਦਸਤਾਂਵੇਜ਼ਾਂ ਨੂੰ ਜਨਤਕ ਨਹੀਂ ਕਰੇਗੀ ਤਾਂ ਉਹ ਕਾਨੂੰਨ ਦਾ ਸਹਾਰਾ ਲੈਣਗੇ ਤੇ ਹੋਰ ਢੰਗ ਤਰੀਕੇ ਵੀ ਤਲਾਸ਼ੇ ਜਾਣਗੇ। ਉਨ੍ਹਾਂ ਨੇ ਕਾਨੂੰਨੀ ਮਹਿਰਾਂ ਦੇ ਵਿਚਾਰ ਵਿਟਾਂਦਰੇ ਤੋਂ ਬਾਅਦ ਸਭ ਤੋਂ ਪਹਿਲਾਂ ਆਰਟੀਆਈ ਰਾਹੀਂ ਕੇਂਦਰ ਸਰਕਾਰ ਤੋਂ ਜਾਣਕਾਰੀ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਕੇਂਦਰ ਸਰਕਾਰ ਇਨਕਾਰ ਕਰੇਗੀ ਤਾਂ ਫਿਰ ਹਾਈਕੋਰਟ ਤੇ ਫਿਰ ਸੁਪਰੀਮ ਕੋਰਟ ਵੀ ਜਾਣਗੇ।