ਮਹਿਜ਼ ਸਿਆਸੀ ਲਾਹੇ ਲਈ ਖੇਡੀ ਜਾਂਦੀ ਹੈ ਚੇਅਰ ਸਥਾਪਤ ਕਰਨ ਦੀ ਖੇਡ

ਪਟਿਆਲਾ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਘੁਮਾਣ ਵਿਚ ਮਰਾਠੀ ਸਾਹਿਤ ਸੰਮੇਲਨ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਐਲਾਨੀ ਭਗਤ ਨਾਮਦੇਵ ਚੇਅਰ ਪਹਿਲਾਂ ਹੀ ਇਥੇ ਸਥਾਪਤ ਹੋਣ ਬਾਰੇ ਖੁਲਾਸੇ ਪਿੱਛੋਂ ਸਿਆਸੀ ਧਿਰਾਂ ਦੀ ਇਨ੍ਹਾਂ ਚੇਅਰਾਂ ਬਾਰੇ ਨੀਅਤ ਸ਼ੱਕ ਦੇ ਘੇਰੇ ਵਿਚ ਆ ਗਈ ਹੈ।

ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੱਤ ਵੱਖ ਵੱਖ ਚੇਅਰਾਂ ਸਥਾਪਤ ਕੀਤੀਆਂ ਸਨ। ਇਨ੍ਹਾਂ ਚੇਅਰਾਂ ਵਿਚ ਨਾਮਧਾਰੀ ਗੁਰੂ ਰਾਮ ਸਿੰਘ ਚੇਅਰ, ਗੁਰੂ ਗੋਬਿੰਦ ਸਿੰਘ ਚੇਅਰ, ਸੰਤ ਕਬੀਰ ਚੇਅਰ, ਡਾæ ਬੀæਆਰæ ਅੰਬੇਦਕਰ ਚੇਅਰ, ਭਗਤ ਨਾਮਦੇਵ ਚੇਅਰ, ਗੁਰੂ ਰਵੀਦਾਸ ਚੇਅਰ ਤੇ ਹਜ਼ਰਤ ਮੀਆਂ ਮੀਰ ਚੇਅਰ ਸ਼ਾਮਲ ਸਨ। ਇਨ੍ਹਾਂ ਵਿਚ ਨਾਮਧਾਰੀ ਗੁਰੂ ਰਾਮ ਸਿੰਘ ਚੇਅਰ ਹੀ ਚੱਲ ਰਹੀ ਹੈ ਤੇ ਬਾਕੀ ਨੂੰ ਕਦੇ ਫੰਡ ਜਾਰੀ ਨਹੀਂ ਹੋਇਆ।
ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਤ ਸੰਤ ਹਰਚੰਦ ਸਿੰਘ ਲੌਂਗੋਵਾਲ ਚੇਅਰ ਦਾ ਅੱਜ ਕਿਧਰੇ ਨਾਮੋ-ਨਿਸ਼ਾਨ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ ਚੇਅਰ ਨੂੰ ਕਦੇ ਫ਼ੰਡ ਹੀ ਜਾਰੀ ਨਹੀਂ ਕੀਤੇ। ਰਾਜੀਵ-ਲੌਂਗੋਵਾਲ ਸਮਝੌਤਾ ਕਰਕੇ ਅਕਾਲੀ ਸਿਆਸਤ ਵਿਚ ਕਾਫੀ ਚਰਚਿਤ ਰਹੇ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿਖੇ ਰੈਲੀਆਂ ਕਰਕੇ ਉਨ੍ਹਾਂ ਪ੍ਰਤੀ ਸ਼ਰਧਾ ਵੀ ਜਿਤਾਈ ਜਾਂਦੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੇ ਨਾਂ ਉਤੇ ਸਥਾਪਤ ਕੀਤੀ ਚੇਅਰ ਦਾ ਵਜੂਦ ਖ਼ਤਰੇ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ 20 ਅਗਸਤ, 1985 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦ ਹੋਣ ਬਾਅਦ 1986 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਂ ਉਤੇ ਪੰਜਾਬੀ ਯੂਨੀਵਰਸਿਟੀ ਵਿਚ ਚੇਅਰ ਸਥਾਪਤ ਕਰਨ ਦਾ ਐਲਾਨ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਕੀਤਾ ਸੀ। ਚੇਅਰ ਦੀ ਸਥਾਪਨਾ ਦੇ ਸਮਝੌਤੇ ਅਨੁਸਾਰ ਚੇਅਰ ਦੇ ਸਾਰੇ ਫੰਡ ਪੰਜਾਬ ਸਰਕਾਰ ਨੇ ਦੇਣੇ ਸਨ ਪਰ ਬਰਨਾਲਾ ਸਰਕਾਰ ਦਾ ਕੁਝ ਸਮੇਂ ਬਾਅਦ ਹੀ ਭੋਗ ਪੈ ਜਾਣ ਮਗਰੋਂ ਇਸ ਚੇਅਰ ਲਈ ਕਦੇ ਕੋਈ ਕੰਮ ਨਹੀਂ ਕੀਤਾ ਗਿਆ। ਇਹ ਚੇਅਰ ਪੰਜਾਬੀ ਯੂਨੀਵਰਸਿਟੀ ਦੀਆਂ ਫਾਈਲਾਂ ਵਿਚ ਮੌਜੂਦ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਚੇਅਰ ਲਈ ਹਰ ਸਾਲ ਅਨੁਮਾਨਿਤ ਬਜਟ ਵਿਚ ਚਾਰ ਲੱਖ, 98 ਹਜ਼ਾਰ ਰੁਪਏ ਰੱਖੇ ਜਾਂਦੇ ਹਨ ਪਰ ਇਸ ਚੇਅਰ ਦਾ ਵਜੂਦ ਪੰਜਾਬੀ ਯੂਨੀਵਰਸਿਟੀ ਵਿਚ ਕਿਤੇ ਵੀ ਦਿਖਾਈ ਨਹੀਂ ਦਿੰਦਾ। ਇਹ ਬਜਟ ਅਣਵਰਤਿਆ ਹੀ ਅਗਲੇ ਸਾਲ ਦੇ ਬਜਟ ਵਿਚ ਰੱਖ ਦਿੱਤਾ ਜਾਂਦਾ ਹੈ। ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਕ ਸੇਵਾਮੁਕਤ ਅਧਿਕਾਰੀ ਨੇ ਕਿਹਾ ਕਿ ਉਹ ਇਸ ਚੇਅਰ ਦੀ ਸਥਾਪਤੀ ਤੋਂ ਬਾਅਦ ਪੰਜਾਬ ਦੇ ਗਵਰਨਰ ਤੇ ਸਰਕਾਰ ਨੂੰ ਕਾਫੀ ਪੱਤਰ ਵਿਹਾਰ ਕੀਤਾ ਪਰ ਇਸ ਪਾਸੇ ਕਿਸੇ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਡਾæ ਬਲਕਾਰ ਸਿੰਘ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਚੇਅਰ ਬਾਰੇ ਕੋਈ ਵੀ ਵਿਚਾਰ ਨਾ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਸਿਆਸਤਾਂ ਖੇਡਣ ਲਈ ਚੇਅਰਾਂ ਸਥਾਪਤ ਕਰ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਮੁੱਖ ਮੰਤਰੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਚੇਅਰ ਦੀ ਸਥਾਪਤੀ ਦਾ ਮਤਲਬ ਕੀ ਹੁੰਦਾ ਹੈ। ਚੇਅਰਾਂ ਕਿਸੇ ਸ਼ਖ਼ਸੀਅਤ ਦੇ ਨਾਮ ਉਤੇ ਸ਼ੁਰੂ ਕਰਕੇ ਵੱਖ-ਵੱਖ ਵਿਸ਼ਿਆਂ ਉਤੇ ਖੋਜਾਂ ਕਰਨ ਲਈ ਹੁੰਦੀਆਂ ਹਨ ਪਰ ਇਥੇ ਚੇਅਰਾਂ ਸਥਾਪਤ ਕਰਨਾ ਮਹਿਜ਼ ਸਿਆਸੀ ਸਟੰਟ ਹੀ ਹੁੰਦਾ ਹੈ, ਜਿਸ ਨਾਲ ਕਿਸੇ ਵੀ ਹਸਤੀ ‘ਤੇ ਹੋਣ ਵਾਲੀ ਅਕਾਦਮਿਕ ਖੋਜ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ।
______________________________________________
ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਤਜਵੀਜ਼ ਵਿਸਾਰੀ
ਬਠਿੰਡਾ: ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਪਵਿੱਤਰ ਮਾਰਗ ਐਲਾਨਣ ਕਰਨ ਦੀ ਤਜਵੀਜ਼ ਗੁੱਠੇ ਲਾ ਦਿੱਤੀ ਗਈ ਹੈ ਤੇ ਆਬਕਾਰੀ ਮਹਿਕਮੇ ਨੇ ਐਤਕੀ ਮੁੜ ਗੁਰੂ ਗੋਬਿੰਦ ਸਿੰਘ ਮਾਰਗ ਉਤੇ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ। ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਤਜਵੀਜ਼ ਵੀ ਦਰਕਿਨਾਰ ਕਰ ਦਿੱਤੀ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 24 ਅਗਸਤ 2014 ਨੂੰ ਪੰਜਾਬ ਸਰਕਾਰ ਨੂੰ ਆਖਿਆ ਸੀ ਕਿ ਇਸ ਮਾਰਗ ਨੂੰ ਪਵਿੱਤਰ ਮਾਰਗ ਐਲਾਨਿਆ ਜਾਵੇ ਤੇ ਇਸ ਮਾਰਗ ਤੋਂ ਸ਼ਰਾਬ ਦੇ ਠੇਕੇ ਹਟਾ ਦਿੱਤੇ ਜਾਣ। ਮਿਲੇ ਵੇਰਵਿਆਂ ਅਨੁਸਾਰ ਗੁਰੂ ਗੋਬਿੰਦ ਸਿੰਘ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਹੈ, ਜਿਸ ਦੀ ਲੰਬਾਈ ਤਕਰੀਬਨ 577 ਕਿਲੋਮੀਟਰ ਹੈ, ਉਤੇ ਸਰਕਾਰ ਨੇ ਸ਼ਰਾਬ ਦੇ 55 ਠੇਕੇ ਖੋਲ੍ਹੇ ਹੋਏ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਕੌਮੀ ਮਾਰਗ ਤੋਂ ਤਾਂ ਠੇਕੇ ਹਟਾ ਦਿੱਤੇ ਹਨ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਪੀਲ ਨੂੰ ਨਜ਼ਰਅੰਦਾਜ ਕਰ ਦਿੱਤਾ ਹੈ।