ਕਾਲੀ ਵੇਈਂ ਉਤੇ ਪ੍ਰਦੂਸ਼ਣ ਦੀ ਮਾਰ ਪਹਿਲਾਂ ਨਾਲੋਂ ਵੀ ਵਧੀ

ਜਲੰਧਰ: ਪਵਿੱਤਰ ਕਾਲੀ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਵੇਈਂ ਦੇ ਪਾਣੀਆਂ ਬਾਰੇ ਦਿੱਤੀ ਰਿਪੋਰਟ ਨੇ ਜਿਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਉਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ਉਥੇ ਅਜੇ ਵੀ 22 ਪਿੰਡਾਂ ਤੇ ਚਾਰ ਸ਼ਹਿਰਾਂ ਦਾ ਗੰਦਾ ਪਾਣੀ ਪਵਿੱਤਰ ਨਦੀ ਵਿਚ ਪੈ ਰਿਹਾ ਹੈ।

ਇਨ੍ਹਾਂ ਗੰਦੇ ਪਾਣੀਆਂ ਨਾਲ ਹੀ ਆਕਸੀਜਨ ਘੱਟ ਹੋਈ ਜਿਸ ਕਾਰਨ ਮੱਛੀਆਂ ਮਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਬਣਾਏ ਗਏ ਛੇ ਟਰੀਟਮੈਂਟ ਪਲਾਂਟ ਚੱਲ ਨਹੀਂ ਰਹੇ। ਉਧਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀਆਂ ਨੂੰ ਖੇਤੀ ਲਈ ਵਰਤਣ ਲਈ ਮੋਟਰਾਂ ਲਾਏ ਜਾਣ ਦੀ ਮੰਗ ਨੂੰ ਮੁੜ ਦੁਹਰਾਇਆ ਹੈ ।
ਪਵਿੱਤਰ ਕਾਲੀ ਵੇਈਂ ਵਿਚ ਗੰਦੇ ਪਾਣੀਆਂ ਬਾਰੇ ਕੀਤੇ ਪਹਿਲੇ ਸਰਵੇ ਵਿਚ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 44 ਦੇ ਕਰੀਬ ਅਜਿਹੇ ਪਿੰਡ ਸਨ ਜਿਨ੍ਹਾਂ ਦਾ ਸਿੱਧੇ ਤੌਰ ਉਤੇ ਗੰਦਾ ਪਾਣੀ ਨਦੀ ਵਿਚ ਪੈ ਰਿਹਾ ਸੀ। ਸਾਲ 2005 ਵਿਚ ਪੰਜਾਬ ਸਰਕਾਰ ਨੇ ਇਨ੍ਹਾਂ ਪਿੰਡਾਂ ਦੇ ਗੰਦੇ ਪਾਣੀ ਨੂੰ ਰੋਕਣ ਲਈ ਪ੍ਰੋਜੈਕਟ ਵੀ ਬਣਾਇਆ ਸੀ। ਸਾਲ 2006 ਵਿਚ ਇਨ੍ਹਾਂ ਪਿੰਡਾਂ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ ਉਦੋਂ ਰਿਕਾਰਡ ਸਮੇਂ ਇਕ ਮਹੀਨੇ ਵਿਚ 18 ਪਿੰਡਾਂ ਵਿਚ ਛੱਪੜ ਪੁੱਟ ਕੇ ਸੀਵਰੇਜ ਪਾਏ ਗਏ ਸਨ। ਅਗਸਤ 2006 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਡਾ ਏæਪੀæਜੇ ਅਬਦੁਲ ਕਲਾਮ ਨੇ ਪਹਿਲੀ ਵਾਰ ਪਵਿੱਤਰ ਵੇਈਂ ਉਤੇ ਆ ਕੇ ਇਸ ਨੂੰ ਨੋਬਲ ਕਾਰਜ ਦੱਸਿਆ ਸੀ।
ਇਸੇ ਤਰ੍ਹਾਂ ਭੁੱਲਥ, ਬੇਗੋਵਾਲ ਦੇ ਟਰੀਟਮੈਂਟ ਪਲਾਂਟ ਤਾਂ ਬਣ ਕੇ ਤਿਆਰ ਹੋ ਗਏ ਹਨ ਪਰ ਅਜੇ ਤੱਕ ਇਨ੍ਹਾਂ ਟਰੀਟਮੈਂਟ ਪਲਾਂਟਾਂ ਨਾਲ ਇਨ੍ਹਾਂ ਕਸਬਿਆਂ ਦੇ ਗੰਦੇ ਪਾਣੀਆਂ ਨੂੰ ਨਹੀਂ ਜੋੜਿਆ ਗਿਆ। ਦਸੂਹਾ ਸ਼ਹਿਰ ਦਾ ਟਰੀਟਮੈਂਟ ਪਲਾਂਟ ਸੰਤ ਸੀਚੇਵਾਲ ਨੇ ਬਣਾ ਕੇ 2009 ਵਿਚ ਚਾਲੂ ਕੀਤਾ ਸੀ ਤੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਣ ਵਾਸਤੇ ਪੰਜ ਕਿਲੋਮੀਟਰ ਪਾਈਪ ਲਾਈਨ ਪਾਈ ਸੀ ਜੋ ਚੰਗੀ ਤਰ੍ਹਾਂ ਚੱਲ ਰਹੀ ਹੈ ਪਰ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਦਾ ਗੰਦਾ ਪਾਣੀ ਅਜੇ ਵੀ ਟਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚਦਾ। ਸੁਲਤਾਨਪਰ ਲੋਧੀ ਵਿਚ ਬਣਿਆ ਟਰੀਟਮੈਂਟ ਪਲਾਂਟ ਕੰਮ ਕਰ ਰਿਹਾ ਹੈ ਪਰ ਸੁਲਤਾਨਪੁਰ ਰੂਰਲ ਤੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਦਾ ਗੰਦਾ ਪਾਣੀ ਸਿੱਧਾ ਵੇਈਂ ਵਿਚ ਪਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਦਾ ਕਰਨ ਲਈ ਸੰਤ ਸੀਚੇਵਾਲ ਨੇ ਅੱਠ ਕਿਲੋਮੀਟਰ ਤੱਕ ਪਾਈਪ ਲਾਈਨ ਪਾਈ ਸੀ। ਇਸੇ ਤਰ੍ਹਾਂ ਕਪੂਰਥਲਾ ਸ਼ਹਿਰ ਦੇ ਟਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪੰਜ ਕਿਲੋਮੀਟਰ ਤੱਕ ਪਾਈਪ ਲਾਈਨ ਪਾਈ ਗਈ ਹੈ ਪਰ ਕਪੂਰਥਲਾ ਦਾ ਟਰੀਟਮੈਂਟ ਪਲਾਂਟ ਹੀ ਨਹੀਂ ਚੱਲ ਰਿਹਾ।
2007 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵੇਈਂ ਬਾਰੇ ਹੋਈਆਂ ਮੀਟਿੰਗਾਂ ਵਿਚ ਫੈਸਲਾ ਕੀਤਾ ਗਿਆ ਸੀ ਕਿ ਨਦੀ ਵਿਚ ਜਿਨ੍ਹਾਂ ਪਿੰਡਾਂ ਦੇ ਗੰਦੇ ਪਾਣੀ ਪੈ ਰਹੇ ਹਨ ਉਨ੍ਹਾਂ ਦੇ ਛੱਪੜਾਂ ਦਾ ਪਾਣੀ ਖੇਤੀ ਲਈ ਵਰਤੇ ਜਾਣ ਲਈ ਮੋਟਰ ਲਾਈ ਜਾਵੇਗੀ ਤੇ ਬਿਜਲੀ ਦੇ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਇਸ ਫੈਸਲੇ ਅਨੁਸਾਰ ਕਪੂਰਥਲਾ ਦੇ ਸਿਰਫ ਇਕ ਪਿੰਡ ਸ਼ਾਹਵਾਲ ਅੰਦਰੀਸਾ ਵਿਚ ਹੀ ਅਮਲ ਕੀਤਾ ਗਿਆ ਸੀ। ਮੁੜ ਵੇਈਂ ਬਾਰੇ ਹੋਈਆਂ ਸਾਰੀਆਂ ਮੀਟਿੰਗਾਂ ਵਿਚ ਇਸ ਮੁੱਦੇ ਨੂੰ ਸੰਤ ਸੀਚੇਵਾਲ ਰੱਖਦੇ ਰਹੇ ਪਰ ਇਸ ਉਤੇ ਪਿਛਲੇ ਅੱਠ ਸਾਲਾਂ ਤੋਂ ਅਮਲ ਨਹੀਂ ਕੀਤਾ ਜਾ ਰਿਹਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਬਾਬੂ ਰਾਮ ਦਾ ਕਹਿਣਾ ਹੈ ਕਿ ਵੇਈਂ ਦੇ ਪਾਣੀ ਨੂੰ ਦੂਸ਼ਿਤ ਕਰਨ ਲਈ ਜ਼ਿੰਮੇਵਾਰ ਧਿਰਾਂ ‘ਤੇ ਕਾਨੂੰਨੀ ਸਿੰਕਜਾ ਕੱਸਿਆ ਜਾਵੇਗਾ।
___________________________________________
ਟਰੀਟਮੈਂਟ ਪਲਾਂਟ ਵਾਲਾ ਫਾਰਮੂਲਾ ਫੇਲ੍ਹ
ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਬਣਾਏ ਗਏ ਛੇ ਟਰੀਟਮੈਂਟ ਪਲਾਂਟ ਚੱਲ ਨਹੀਂ ਰਹੇ। ਭੁੱਲਥ, ਬੇਗੋਵਾਲ ਦੇ ਟਰੀਟਮੈਂਟ ਪਲਾਂਟ ਤਾਂ ਬਣ ਕੇ ਤਿਆਰ ਹੋ ਗਏ ਹਨ ਪਰ ਅਜੇ ਤੱਕ ਇਨ੍ਹਾਂ ਟਰੀਟਮੈਂਟ ਪਲਾਂਟਾਂ ਨਾਲ ਇਨ੍ਹਾਂ ਕਸਬਿਆਂ ਦੇ ਗੰਦੇ ਪਾਣੀਆਂ ਨੂੰ ਨਹੀਂ ਜੋੜਿਆ ਗਿਆ। ਸੁਲਤਾਨਪਰ ਲੋਧੀ ਵਿਚ ਬਣਿਆ ਟਰੀਟਮੈਂਟ ਪਲਾਂਟ ਕੰਮ ਕਰ ਰਿਹਾ ਹੈ ਪਰ ਸੁਲਤਾਨਪੁਰ ਰੂਰਲ ਤੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਦਾ ਗੰਦਾ ਪਾਣੀ ਸਿੱਧਾ ਵੇਈਂ ਵਿਚ ਪਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਦਾ ਕਰਨ ਲਈ ਸੰਤ ਸੀਚੇਵਾਲ ਨੇ ਅੱਠ ਕਿਲੋਮੀਟਰ ਤੱਕ ਪਾਈਪ ਲਾਈਨ ਪਾਈ ਸੀ। ਇਸੇ ਤਰ੍ਹਾਂ ਕਪੂਰਥਲਾ ਸ਼ਹਿਰ ਦੇ ਟਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪੰਜ ਕਿਲੋਮੀਟਰ ਤੱਕ ਪਾਈਪ ਲਾਈਨ ਪਾਈ ਗਈ ਹੈ ਪਰ ਕਪੂਰਥਲਾ ਦਾ ਟਰੀਟਮੈਂਟ ਪਲਾਂਟ ਹੀ ਨਹੀਂ ਚੱਲ ਰਿਹਾ।