ਕੇਬਲ ਕਾਂਡ: ਜੱਸੀ ਨੂੰ ਤੜਫਦਾ ਛੱਡ ਕੇ ਭੱਜ ਨਿਕਲੇ ਸਨ ਜੱਜ

ਚੰਡੀਗੜ੍ਹ: ਅੰਮ੍ਰਿਤਸਰ ਵਿਚ ਜੱਜਾਂ ਸਾਹਮਣੇ ਕੇਬਲ ਆਪ੍ਰੇਰਟਰ ਜਸਵਿੰਦਰ ਜੱਸੀ ਵੱਲੋਂ ਆਤਮ ਹੱਤਿਆ ਕਰਨ ‘ਤੇ ਸੁਪਰੀਮ ਕੋਰਟ, ਹਾਈਕੋਰਟ ਤੇ ਅੰਮ੍ਰਿਤਸਰ ਦੇ ਸੈਸ਼ਨ ਜੱਜਾਂ ਦੀ ਜ਼ਮੀਰ ਨੂੰ ਝੰਜੋੜਦੇ ਹੋਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਤੇ ਸਾਬਕਾ ਜੱਜ 92 ਸਾਲਾ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਮੌਕੇ ਉਤੇ ਹਾਜ਼ਰ ਜੱਜ ਵੀ ਇਸ ਘਟਨਾ ਦੇ ਗਵਾਹ ਨਾ ਬਣੇ ਤਾਂ ਅਦਾਲਤ ਤੋਂ ਆਮ ਆਦਮੀ ਦਾ ਵਿਸ਼ਵਾਸ ਉਠ ਜਾਏਗਾ।

ਇਥੇ ਸੈਕਟਰ-2 ਵਾਲੀ ਅਪਣੀ ਰਿਹਾਇਸ਼ ਉਤੇ ਜਸਟਿਸ ਬੈਂਸ ਤੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸੈਮੀਨਾਰ ਵਿਚ ਹਾਜ਼ਰ ਜੱਜਾਂ ਨੇ ਆਪਣੀ ਮੁਢਲੀ ਡਿਊਟੀ ਨਹੀਂ ਨਿਭਾਈ ਤੇ ਘਟਨਾ ਵੇਲੇ ਖਿਸਕ ਗਏ।
ਇਸ ਉਪਰੰਤ ਨਾ ਉਨ੍ਹਾਂ ਸ਼ਿਕਾਇਤ ਦਰਜ ਕਰਾਈ ਤੇ ਨਾ ਹੀ ਕੇਸ ਵਿਚ ਗਵਾਹ ਬਣੇ। ਮਨੁੱਖੀ ਅਧਿਕਾਰ ਸੰਗਠਨ ਨੇ 28 ਮਾਰਚ ਵਾਲੇ ਦਿਨ ਦੇ ਸੈਮੀਨਾਰ ਦੀ ਵੀਡੀਓ ਵੀ ਵਿਖਾਈ ਤੇ ਸਬੂਤ ਦਿੱਤਾ ਕਿ ਕਿਵੇਂ ਉਥੇ ਹਾਜ਼ਰ ਕੇਬਲ ਆਪ੍ਰੇਟਰ, ਪ੍ਰਬੰਧਕ ਤੇ ਮੰਚ ‘ਤੇ ਬੈਠੇ ਜੱਜ ਉਥੋਂ ਚਲਦੇ ਬਣੇ ਜਦਕਿ ਜਸਵਿੰਦਰ ਜੱਸੀ ਨੇ ਮੌਕੇ ਉਤੇ ਸ਼ੀਸ਼ੀ ਵਿਚੋਂ ਕੁਝ ਪੀ ਲਿਆ ਤੇ ਉਥੇ ਹੀ ਤੜਫਦਾ ਰਿਹਾ। ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਜੱਸੀ ਨੇ ਮੰਚ ਉਤੇ ਜਾ ਕੇ ਚੇਅਰਮੈਨ ਜੱਜ ਨੂੰ ਆਤਮ ਹਤਿਆ ਦਾ ਨੋਟ ਦਿੱਤਾ, ਜ਼ਹਿਰ ਪੀਤੀ ਤੇ ਕੁਝ ਭਲਾ-ਬੁਰਾ ਬੋਲਿਆ, ਪਰ ਕਿਸੇ ਨੇ ਉਸ ਵਲ ਧਿਆਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਤੀਜੇ ਦਿਨ ਕੇਬਲ ਆਪ੍ਰੇਟਰ ਜਸਵਿੰਦਰ ਸਿੰਘ ਜੱਸੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਜਸਟਿਸ ਅਜੀਤ ਸਿੰਘ ਬੈਂਸ ਨੇ 14 ਜੱਜਾਂ ਨੂੰ ਅੰਗਰੇਜ਼ੀ ਵਿਚ ਲਿਖੀ ਤਿੰਨ ਸਫ਼ਿਆਂ ਦੀ ਚਿੱਠੀ ਵਿਚ ਕਿਹਾ ਹੈ ਕਿ ਕੇਬਲ ਆਪ੍ਰੇਟਰ ਜਸਵਿੰਦਰ ਜੱਸੀ ਨੇ ਤੁਹਾਡੀ ਹਾਜ਼ਰੀ ਵਿਚ ਜ਼ਹਿਰ ਪੀਤੀ ਤੇ ਤੁਸੀ ਬਤੌਰ ਚਸ਼ਮਦੀਦ ਗਵਾਹ, ਆਪਣੀ ਮੁਢਲੀ ਡਿਊਟੀ ਨਿਭਾਉਣ ਤੋਂ ਵੀ ਭੁੱਲ ਗਏ ਤੇ ਸ਼ਿਕਾਇਤ ਵੀ ਦਰਜ ਨਹੀਂ ਕਰਾਈ। ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਜਿਸ ਨੇ ਪਿਛਲੇ 23 ਸਾਲਾਂ ਤੋਂ ਸਰਕਾਰ ਤੇ ਪੁਲਿਸ ਦੀਆਂ ਵਧੀਕੀਆਂ ਵਿਰੁੱਧ ਜੰਗ ਛੇੜ ਰੱਖੀ ਹੈ, ਨੇ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ਨਕਲੀ ਤੇ ਝੂਠੇ ਮੁਕਾਬਲਿਆਂ ਦਾ ਪਰਦਾਫ਼ਾਸ਼ ਕੀਤਾ ਸੀ। ਅੰਮ੍ਰਿਤਸਰ ਦੇ ਸਿਟੀ ਕੇਬਲ ਸੈਕਸ ਸਕੈਂਡਲ ਨੂੰ ਜਨਤਾ ਸਾਹਮਣੇ ਲਿਆਂਦਾ, ਇਸ ਕੇਸ ਵਿਚ ਕਈ ਜੱਜ ਵੀ ਫਸੇ ਸਨ। ਗੁਰਦਾ ਵੇਚ ਕਾਂਡ ਵੀ ਸਾਹਮਣੇ ਲਿਆਂਦਾ ਤੇ ਇਸ ਜਥੇਬੰਦੀ ਨੇ ਹੁਣ ਜੱਜਾਂ ਵੱਲੋਂ ਨਿਭਾਏ ਕਿਰਦਾਰ ਦੀ ਆਲੋਚਨਾ ਕੀਤੀ ਹੈ। ਜਸਟਿਸ ਬੈਂਸ ਨੇ ਕਿਹਾ ਕਿ ਉਹ ਖ਼ੁਦ ਜੱਜ ਰਹਿ ਚੁੱਕੇ ਹਨ ਤੇ ਲੋਕਤੰਤਰ ਵਿਚ ਜੱਜਾਂ ਵੱਲੋਂ ਨਿਭਾਈ ਗ਼ਲਤ ਭੂਮਿਕਾ ‘ਤੇ ਉੁਂਗਲੀ ਉਠਾਉਣਾ ਕੋਈ ਮਾੜੀ ਗੱਲ ਨਹੀਂ। ਜੱਜਾਂ ਤੇ ਹੋਰ ਲੋਕਾਂ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕਰਦੇ ਹੋਏ ਜਸਟਿਸ ਬੈਂਸ ਨੇ ਕਿਹਾ ਕਿ ਇਸ ਮੁਲਕ ਦੀ ਨਿਆਪਾਲਿਕਾ ਨੂੰ ਖ਼ਤਰਨਾਕ ਤੇ ਖ਼ੌਫ਼ਨਾਕ ਜ਼ਰਾਇਮਪੇਸ਼ਾ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ ਤੇ ਵਿਸ਼ੇਸ਼ ਕਰਕੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਨੂੰ ਹੌਸਲਾ ਕਰਕੇ ਖ਼ੁਦ ਜ਼ੁਲਮ ਵਿਰੁੱਧ ਡਟਣਾ ਚਾਹੀਦਾ ਹੈ। ਜਿਨ੍ਹਾਂ 14 ਜੱਜਾਂ ਨੂੰ ਲਿਖਤੀ ਰੂਪ ਵਿਚ ਅਪੀਲ ਕੀਤੀ ਹੈ, ਉਸ ਲਿਸਟ ਵਿਚ ਕੇਬਲ ਆਪ੍ਰੇਟਰਾਂ ਦੀਆਂ ਸ਼ਿਕਾਇਤ ਨਿਵਾਰਨ ਲਈ ਬਣਾਏ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਫ਼ਤਾਬ ਆਲਮ, ਇਸੇ ਟ੍ਰਿਬਿਊਨਲ ਦੇ ਮੈਂਬਰ ਕੁਲਦੀਪ ਸਿੰਘ, ਸੁਪਰੀਮ ਕੋਰਟ ਦੇ ਜੱਜ ਜਸਟਿਸ ਆਦਰਸ਼ ਕੁਮਾਰ ਗੋਇਲ ਤੇ ਪੰਜਾਬ, ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਸਤੀਸ਼ ਕੁਮਾਰ ਮਿੱਤਲ ਸ਼ਾਮਲ ਹਨ।