ਚੰਡੀਗੜ੍ਹ: ਪੰਜਾਬ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਾ ਸਰਕਾਰ ਦੇ ਵੱਸੋਂ ਬਾਹਰ ਹੋ ਗਿਆ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਲੋਕਾਂ ਨੂੰ ਦਵਾਈ-ਦਾਰੂ ਲਈ ਪ੍ਰਾਈਵੇਟ ਹਸਪਤਾਲਾਂ ਦੇ ਵੱਸ ਪਾ ਦਿੱਤਾ ਹੈ। ਸਰਕਾਰੀ ਰਿਕਾਰਡ ਦੱਸਦਾ ਹੈ ਕਿ ਫਰੀਦਕੋਟ ਜ਼ਿਲ੍ਹੇ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਮੌਜੂਦ ਹੈ ਪਰ ਇਥੇ ਬਿਸਤਰਿਆਂ ਦੀ ਗਿਣਤੀ 60 ਤੋਂ 70 ਹੀ ਹੈ।
ਮੁਹਾਲੀ ਦੇ ਹਸਪਤਾਲ ਵਿਚ 200 ਵਿਚੋਂ 150 ਬਿਸਤਰ ਹਨ। ਇਸੇ ਤਰ੍ਹਾਂ ਬਰਨਾਲੇ ਵਿਚ 100 ਵਿਚੋਂ 70, ਪਟਿਆਲੇ ਦੇ 200 ਦੀ ਥਾਂ 120, ਲੁਧਿਆਣੇ ਵਿਚ 200 ਦੀ ਥਾਂ 100, ਹੁਸ਼ਿਆਰਪੁਰ ਜ਼ਿਲ੍ਹੇ ਵਿਚ 200 ਵਿਚੋਂ 100, ਨਵਾਂਸ਼ਹਿਰ ਵਿਚ 100 ਵਿਚੋਂ 80 ਤੋਂ 90, ਤਰਨਤਾਰਨ 100 ਵਿਚੋਂ 70-80, ਫਾਜਿਲਕਾ ਵਿਚ 100 ਵਿਚੋਂ 50 ਤੋਂ 60 ਬਿਸਤਰੇ ਹੀ ਮੌਜੂਦ ਹਨ। ਦੱਸਣਯੋਗ ਹੈ ਕਿ ਸੰਨ 1945 ਵਿਚ ਪਹਿਲਾਂ ਬੋਹਰ ਕਮੇਟੀ, ਉਸ ਤੋਂ ਬਾਅਦ ਮੁਦਾਲੀਅਰ ਕਮੇਟੀ ਤੇ ਫਿਰ ਕਰਤਾਰ ਸਿੰਘ ਕਮੇਟੀ ਗਠਿਤ ਹੋਈ ਸੀ। ਕਰਤਾਰ ਸਿੰਘ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਹਰ ਸੂਬੇ ਦੇ ਹਰ ਜ਼ਿਲ੍ਹੇ ਵਿਚ 500-500 ਬੈੱਡਾਂ (ਮੰਜਿਆਂ) ਵਾਲਾ ਸਰਕਾਰੀ ਹਸਪਤਾਲ ਹੋਣਾ ਚਾਹੀਦਾ ਹੈ ਪਰ ਇਹ ਸਿਫਾਰਸ਼ਾਂ ਹੁਣ ਸਿਰਫ ਕਾਗਜ਼ਾਂ ਵਿਚ ਹੀ ਲਾਗੂ ਹਨ।
ਸੂਬੇ ਵਿਚ 1186 ਪੇਂਡੂ ਡਿਸਪੈਂਸਰੀਆਂ ਵਿਚ ਪਿਛਲੇ ਦੋ ਸਾਲ ਤੋਂ ਪੂਰੀਆਂ ਦਵਾਈਆਂ ਨਹੀਂ ਪੁੱਜੀਆਂ ਤੇ ਬਲੱਡ ਪ੍ਰੈਸ਼ਰ ਜਾਂਚਣ ਵਾਲੀਆਂ ਮਸ਼ੀਨਾਂ ਤੇ ਥਰਮੋਮੀਟਰ ਵੀ ਘੱਟ ਹੀ ਵੇਖਣ ਨੂੰ ਮਿਲਦੇ ਹਨ। ਪੀਣ ਵਾਲਾ ਪਾਣੀ ਤੇ ਪਖ਼ਾਨੇ ਨਹੀਂ। ਇਨ੍ਹਾਂ ਡਿਸਪੈਂਸਰੀਆਂ ਵਿਚ ਸਾਲ 2012-13 ਵਿਚ 80 ਲੱਖ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਸੀ। ਵਿੱਤੀ ਸਾਲ 2015-16 ਦੇ ਬਜਟ ਵਿਚ ਸੂਬੇ ਦੇ 444 ਸਰਕਾਰੀ ਸਿਹਤ ਕੇਂਦਰਾਂ ਲਈ ਸਿਰਫ ਇਕ ਕਰੋੜ ਰੁਪਏ ਰੱਖੇ ਹਨ। ਸਿਹਤ ਮਾਹਿਰ ਡਾæ ਪੀæਐਲ਼ ਗਰਗ ਅਨੁਸਾਰ ਇਹ ਰਾਸ਼ੀ ਸਰਕਾਰੀ ਸਿਹਤ ਪ੍ਰਣਾਲੀ ਨਾਲ ਇਕ ਕੋਝਾ ਮਜ਼ਾਕ ਹੈ, ਜਦ ਕਿ 20 ਕਰੋੜ ਰੁਪਏ ਦੀ ਲੋੜ ਸੀ।
ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਕਿਸੇ ਤੋਂ ਲੁਕੀ ਨਹੀਂ। ਇਕ ਗਾਇਨੀ ਡਾਕਟਰ ਨੂੰ ਇਕ ਦਿਨ ਵਿਚ ਛੇ ਤੋਂ ਸੱਤ ਤੱਕ ਜਣੇਪਾ ਅਪ੍ਰੇਸ਼ਨ ਕਰਨੇ ਪੈ ਰਹੇ ਹਨ। ਗਾਇਨੀ ਡਾਕਟਰ 28, ਆਮ ਸਰਜਨ ਦੀਆਂ 29, ਬਾਲ ਰੋਗਾਂ ਦੇ 119, ਮਨੋਵਿਗਿਆਨ ਦੇ 30, ਮੈਡੀਸਨ ਦੇ 36, ਰੇਡੀਓਲੋਜੀ ਦੇ 38, ਐਨੇਸਥੀਸੀਆ ਦੇ 58 ਤੇ ਚਮੜੀ ਦੇ ਸੱਤ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿਹਤ ਵਿਭਾਗ ਵਿਚੋਂ 175 ਮਾਹਿਰ ਡਾਕਟਰਾਂ ਦੇ ਇਕੋ ਦਿਨ ਇਕੱਠਿਆਂ ਨੌਕਰੀ ਛੱਡ ਦਿੱਤੀ ਸੀ। ਨੌਕਰੀ ਛੱਡਣ ਵਾਲੇ ਡਾਕਟਰਾਂ ਨੂੰ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲਾਂ ਵਿਚ ਸੀਨੀਅਰ ਰੈਜੀਡੈਂਟ ਦੀ ਨੌਕਰੀ ਮਿਲੀ ਸੀ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ 250 ਸੀਨੀਅਰ ਰੈਜੀਡੈਂਟ ਡਾਕਟਰਾਂ ਦੀ ਭਰਤੀ ਲਈ ਜਨਵਰੀ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਆਸਾਮੀਆਂ ਲਈ 400 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਤੇ ਚੁਣੇ ਗਏ ਉਮੀਦਵਾਰਾਂ ਵਿਚੋਂ 250 ਸਿਹਤ ਵਿਭਾਗ ਵਿਚ ਤਾਇਨਾਤ ਸਨ।
ਪਹਿਲੇ ਗੇੜ ਵਿਚ ਪੌਣੇ ਦੋ ਸੌ ਮਾਹਿਰ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਛੱਡ ਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿਚ ਜੁਆਇੰਨ ਕਰ ਲਿਆ ਸੀ। ਦੂਜੇ ਗੇੜ ਵਿਚ 75 ਹੋਰ ਡਾਕਟਰਾਂ ਵੱਲੋਂ ਵੀ ਸਿਹਤ ਵਿਭਾਗ ਨੂੰ ਅਲਵਿਦਾ ਕਹਿਣ ਦੀ ਤਿਆਰੀ ਹੈ। ਚੁਣੇ ਗਏ ਡਾਕਟਰਾਂ ਨੂੰ 17 ਫਰਵਰੀ ਨੂੰ ਨਿਯੁਕਤੀ ਪੱਤਰ ਮਿਲੇ ਸਨ ਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਨੂੰ ਗੌਰਮਿੰਟ ਮੈਡੀਕਲ ਕਾਲਜਾਂ ਵਿਚ ਤਬਦੀਲ ਕਰਨ ਲਈ ਲਿਖਤੀ ਆਗਿਆ ਦੇ ਦਿੱਤੀ ਗਈ ਹੈ। ਇਨ੍ਹਾਂ ਡਾਕਟਰਾਂ ਦੇ ਨੌਕਰੀ ਛੱਡਣ ਪਿੱਛੋਂ ਸਿਹਤ ਵਿਭਾਗ ਨੇ ਕੋਈ ਨਵੀਂ ਭਰਤੀ ਨਹੀਂ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿਚ ਪਿਛਲੇ ਵਰ੍ਹੇ ਸਰਕਾਰੀ ਕੈਂਸਰ ਰਾਹਤ ਫੰਡਾਂ ਨੂੰ ਉਡੀਕਦੇ-ਉਡੀਕਦੇ 500 ਮਰੀਜ਼ਾਂ ਦੀ ਮੌਤ ਹੋ ਗਈ। 15 ਨਵੰਬਰ 2011 ਤੋਂ ਮਈ 2014 ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ 2950 ਕੈਂਸਰ ਮਰੀਜ਼ਾਂ ਲਈ ਤਕਰੀਬਨ 32 ਕਰੋੜ ਰੁਪਏ ਪ੍ਰਵਾਨ ਹੋ ਕੇ ਆਏ ਸਨ ਪਰ ਉਨ੍ਹਾਂ ਵਿਚੋਂ ਸਿਰਫ ਚਾਰ ਕਰੋੜ ਰੁਪਏ ਹੀ ਕੈਂਸਰ ਮਰੀਜ਼ਾਂ ਤੱਕ ਪਹੁੰਚੇ, ਜਦਕਿ ਉਨ੍ਹਾਂ ਵਿਚੋਂ ਤਕਰੀਬਨ 637 ਕੈਂਸਰ ਮਰੀਜ਼ਾਂ ਨੂੰ ਇਕ ਰੁਪਈਆ ਵੀ ਨਹੀਂ ਮਿਲਿਆ।