-ਜਤਿੰਦਰ ਪਨੂੰ
ਇੱਕ ਵਾਰੀ ਹੋਰ ਵਿਦੇਸ਼ ਦੌਰੇ ਲਈ ਤੁਰ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਪੜਾਅ ਵਿਚ ਪੈਰਿਸ ਵਿਚ ਯੁਨੈਸਕੋ ਦੇ ਮੁੱਖ ਦਫਤਰ ਵਿਚ ਜਾ ਕੇ ਜਿਹੜਾ ਭਾਸ਼ਣ ਦਿੱਤਾ ਹੈ, ਉਹ ਅਸੀਂ ਬੜੇ ਧਿਆਨ ਨਾਲ ਪੜ੍ਹਿਆ ਤੇ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਨਤੀਜਾ ਫਿਰ ਇਹੋ ਨਿਕਲਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਰ ਗੱਲ ਸਾਹਮਣੇ ਬੈਠੇ ਲੋਕਾਂ ਨੂੰ ਬੁੱਧੂ ਸਮਝਣ ਜਾਂ ਬੁੱਧੂ ਬਣਾਉਣ ਵਾਲੀ ਹੁੰਦੀ ਹੈ, ਤੇ ਇਸ ਮਕਸਦ ਵਿਚ ਉਹ ਹਮੇਸ਼ਾ ਕਾਮਯਾਬ ਰਹਿੰਦਾ ਹੈ। ਉਸ ਦੀ ਕਾਮਯਾਬੀ ਦਾ ਰਾਜ਼ ਵੀ ਸਮਝਣਾ ਔਖਾ ਨਹੀਂ।
ਜਿੱਥੇ ਕਿਤੇ ਮੋਦੀ ਨੇ ਜਾਣਾ ਹੋਵੇ, ਉਥੇ ਹੋਣ ਵਾਲੇ ਇਕੱਠ ਦਾ ਅਗਾਊਂ ਪਤਾ ਕਰ ਕੇ ਭੀੜ ਵਿਚ ਪੰਜਵਾਂ ਕੁ ਹਿੱਸਾ ਆਪਣੇ ਬੰਦੇ ਪੁਚਾ ਦਿੱਤੇ ਜਾਂਦੇ ਹਨ, ਜਿਹੜੇ ਉਸ ਦੇ ਭਾਸ਼ਣ ਤੋਂ ਪਹਿਲਾਂ ਹੀ ‘ਮੋਦੀ-ਮੋਦੀ’ ਦਾ ਜਾਪ ਸ਼ੁਰੂ ਕਰ ਦਿੰਦੇ ਹਨ ਅਤੇ ਭਾਸ਼ਣ ਦੌਰਾਨ ਸਾਹ ਲੈਣ ਜੋਗੇ ਪਲਾਂ ਵਿਚ ਵੀ ਇਹੋ ਕੁਝ ਕਰੀ ਜਾਂਦੇ ਹਨ। ਬਾਕੀ ਲੋਕ ਇਸ ਤੋਂ ਪ੍ਰਭਾਵਤ ਹੋ ਜਾਂਦੇ ਹਨ। ਇਹ ਬੰਦੇ ਉਸ ਭਾਸ਼ਣ ਦੌਰਾਨ ਮਿਲਦੇ ਇਸ਼ਾਰੇ ਮੁਤਾਬਕ ਜਦੋਂ ਤਾੜੀ ਮਾਰਦੇ ਹਨ ਤਾਂ ਬਾਕੀ ਲੋਕ ਬਿਨਾਂ ਸੋਚੇ ਤਾੜੀਆਂ ਮਾਰਨ ਲੱਗ ਜਾਂਦੇ ਹਨ। ਇੰਜ ਤਾੜੀਆਂ ਦੀ ਗੂੰਜ ਵਿਚ ਕੋਰੀਆਂ ਗੱਪਾਂ ਵੀ ਸੁੱਚੇ ਸੋਨੇ ਵਾਂਗ ਵਿਕੀ ਜਾਂਦੀਆਂ ਹਨ।
ਯੁਨੈਸਕੋ ਦੇ ਦਫਤਰ ਵਿਚ ਜਿਹੜਾ ਭਾਸ਼ਣ ਮੋਦੀ ਨੇ ਦਿੱਤਾ, ਉਸ ਵਿਚ ਧਿਆਨ ਖਿੱਚਣ ਵਾਲੇ ਇਹ ਸ਼ਬਦ ਵੀ ਸਨ ਕਿ ਤਰੱਕੀ ਨੂੰ ਵਿਕਾਸ ਦੇ ਅੰਕੜਿਆਂ ਨਾਲ ਨਹੀਂ, ਲੋਕਾਂ ਦੇ ਮੂੰਹ ਉਤੇ ਵਿਸ਼ਵਾਸ ਤੇ ‘ਉਮੀਦ ਦੀ ਚਮਕ’ ਨਾਲ ਮਾਪਣਾ ਚਾਹੀਦਾ ਹੈ। ਇਹ ਗੱਲ ਉਹ ਬੰਦਾ ਕਹਿ ਰਿਹਾ ਹੈ, ਜਿਸ ਨੇ ਕਿਹਾ ਸੀ ਕਿ ਜਿਹੜਾ ਕਾਲਾ ਧਨ ਵਿਦੇਸ਼ ਤੋਂ ਵਾਪਸ ਲਿਆਉਣਾ ਹੈ, ਉਸ ਵਿਚੋਂ ਹਰ ਭਾਰਤੀ ਦੇ ਹਿੱਸੇ ਆਉਂਦੇ ਤਿੰਨ-ਤਿੰਨ ਲੱਖ ਤੇ ਪੰਜਾਂ ਜੀਆਂ ਦੇ ਪਰਿਵਾਰ ਦੇ ਹਿੱਸੇ ਦੇ ਪੰਦਰਾਂ ਲੱਖ ਰੁਪਏ ਸਿਰਫ ਸੌ ਦਿਨਾਂ ਵਿਚ ਉਨ੍ਹਾਂ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ ਜਾਣਗੇ। ਹੁਣ ਤਿੰਨ ਸੌ ਦਿਨਾਂ ਤੋਂ ਉਪਰ ਲੰਘ ਗਏ ਹਨ ਪਰ ਲੋਕਾਂ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਪਾਉਣ ਦੀ ਥਾਂ ਉਸ ਦੀ ਪਾਰਟੀ ਦਾ ਕੌਮੀ ਪ੍ਰਧਾਨ ਅਮਿਤ ਸ਼ਾਹ ਕਹਿੰਦਾ ਹੈ ਕਿ ਇਹ ਟੋਟਕੇ ਚੋਣਾਂ ਵਿਚ ਬੋਲਣੇ ਹੀ ਪੈਂਦੇ ਹਨ। ਸੰਸਾਰ ਪੱਧਰ ਉਤੇ ਘਟ ਗਈਆਂ ਤੇਲ ਦੀਆਂ ਕੀਮਤਾਂ ਨੂੰ ਪਾਸੇ ਰੱਖ ਲਿਆ ਜਾਵੇ ਤਾਂ ਹਰ ਪੱਖੋਂ ਮਹਿੰਗਾਈ ਵੀ ਵਧ ਗਈ ਹੈ, ਭ੍ਰਿਸ਼ਟਾਚਾਰ ਵੀ ਤੇ ਸਕੈਂਡਲਾਂ ਦੀ ਸੜ੍ਹਿਆਂਦ ਵੀ। ਤਾਜ਼ਾ ਮਾਮਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਿਰੁਧ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਲੋਂ ਭ੍ਰਿਸ਼ਟਾਚਾਰ ਦੇ ਉਸ ਮੁੱਦੇ ਦੀ ਜਾਂਚ ਦੇ ਹੁਕਮ ਦੇਣ ਦਾ ਹੈ, ਜਿਸ ਦੀ ਸ਼ਿਕਾਇਤ ਵੀ ਅੰਕੜਿਆਂ ਸਮੇਤ ਕਿਸੇ ਹੋਰ ਨੇ ਨਹੀਂ, ਭਾਜਪਾ ਦੇ ਇੱਕ ਟਰੇਡ ਯੂਨੀਅਨ ਆਗੂ ਨੇ ਕੀਤੀ ਹੈ। ਆਪਣੇ ਵਿਹੜੇ ਵੱਲ ਵੇਖੇ ਬਿਨਾਂ ਨਰਿੰਦਰ ਮੋਦੀ ਬਾਕੀ ਦੁਨੀਆਂ ਨੂੰ ‘ਉਮੀਦ ਦੀ ਚਮਕ’ ਦਾ ਚੋਗਾ ਪਾਉਂਦਾ ਫਿਰਦਾ ਹੈ।
ਅਸੀਂ ਉਨ੍ਹਾਂ ਲੋਕਾਂ ਨਾਲ ਨਾ ਕਦੀ ਖੜੋਤੇ ਹਾਂ, ਨਾ ਖੜੋਣਾ ਚਾਹੁੰਦੇ ਹਾਂ, ਜਿਹੜੇ ਨਰਿੰਦਰ ਮੋਦੀ ਦੇ ਹਰ ਵਿਦੇਸ਼ ਦੌਰੇ ਸਮੇਂ ਉਥੇ ਉਸ ਦੇ ਖਿਲਾਫ ਕੇਸ ਦਰਜ ਕਰਨ ਦੀਆਂ ਗੱਲਾਂ ਕਰਦੇ ਹਨ। ਗੁਜਰਾਤ ਦੇ ਦੰਗਿਆਂ ਸਮੇਤ ਭਾਰਤ ਦੀ ਕਿਸੇ ਵੀ ਗੱਲ ਬਾਰੇ ਮੁਕੱਦਮਾ ਜਿਸ ਨੇ ਕਰਨਾ ਹੈ, ਉਹ ਭਾਰਤ ਆਣ ਕੇ ਕਰੇ, ਬਾਹਰ ਤਮਾਸ਼ਬੀਨੀ ਦਾ ਮਤਲਬ ਕੋਈ ਨਹੀਂ ਹੈ। ਜਿਨ੍ਹਾਂ ਨੇ ਤਮਾਸ਼ਬੀਨੀ ਨਹੀਂ ਕਰਨੀ, ਸੱਚਮੁੱਚ ਕੁਝ ਕਰਨਾ ਹੈ, ਉਹ ਸਮੁੰਦਰ ਵਿਚ ਰਹਿੰਦਿਆਂ ਵੀ ਮਗਰਮੱਛ ਨਾਲ ਵੈਰ ਪਾਉਣ ਤੱਕ ਚਲੇ ਜਾਂਦੇ ਹਨ। ਅਸੀਂ ਹਕੀਕਤਾਂ ਨੂੰ ਵੱਧ ਵਜ਼ਨ ਦੇਣਾ ਚਾਹੁੰਦੇ ਹਾਂ। ਹਕੀਕਤਾਂ ਦੇ ਚੌਖਟੇ ਵਿਚ ਹੀ ਸਾਨੂੰ ਫਰਾਂਸ ਵਿਚ ਕੀਤੀ ਨਰਿੰਦਰ ਮੋਦੀ ਦੀ ਉਪਰ ਵਾਲੀ ਤਕਰੀਰ ਮੁੜ-ਮੁੜ ਪੜ੍ਹਨੀ ਅਤੇ ਫਿਰ ਸਮਝਣ ਦੇ ਬਾਅਦ ਪਾਠਕਾਂ ਨਾਲ ਇਸ ਪੱਖੋਂ ਸਾਂਝੀ ਕਰਨੀ ਪਈ ਹੈ ਕਿ ਅਮਲ ਇਸ ਤਕਰੀਰ ਦੇ ਉਲਟ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉਥੇ ਇਹ ਉਭਾਰ ਕੇ ਕਿਹਾ ਕਿ ‘ਲਗਭਗ ਇੱਕ ਸਾਲ ਪਹਿਲਾਂ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਇਹੀ ਸਾਡਾ ਪੱਥ ਹੈ ਕਿ ਅਸੀਂ ਹਰ ਨਾਗਰਿਕ ਦੇ ਹੱਕਾਂ ਤੇ ਆਜ਼ਾਦੀ ਦੀ ਸੁਰੱਖਿਆ ਕਰਾਂਗੇ। ਅਸੀਂ ਇਹ ਯਕੀਨੀ ਕਰਾਂਗੇ ਕਿ ਹਰ ਸ਼ਰਧਾ, ਹਰ ਸੱਭਿਆਚਾਰ ਅਤੇ ਹਰ ਨਸਲ ਦੇ ਹਰ ਨਾਗਰਿਕ ਦਾ ਸਾਡੇ ਸਮਾਜ ਵਿਚ ਬਰਾਬਰ ਦਾ ਦਰਜਾ ਹੋਵੇ ਤੇ ਭਵਿੱਖ ਵਿਚ ਵਿਸ਼ਵਾਸ ਹੋਵੇ।’ ਮੋਦੀ ਨੇ ਇਹ ਵੀ ਕਿਹਾ ਕਿ ਸੱਭਿਆਚਾਰ ਵੰਡਣ ਵਾਲਾ ਨਹੀਂ, ਜੋੜਨ ਵਾਲਾ ਹੋਣਾ ਚਾਹੀਦਾ ਹੈ ਅਤੇ ਕੱਟੜਵਾਦ, ਹਿੰਸਾ ਅਤੇ ਵੰਡ ਦੀਆਂ ਉਚੀਆਂ ਉਠਦੀਆਂ ਲਹਿਰਾਂ ਉਤੇ ਕਾਬੂ ਪਾਉਣਾ ਚਾਹੀਦਾ ਹੈ। ਇਸ ਤਕਰੀਰ ਵਿਚ ਇੱਕ ਵੀ ਗੱਲ ਸਾਨੂੰ ਇਹੋ ਜਿਹੀ ਨਹੀਂ ਲੱਭੀ, ਜਿਸ ਬਾਰੇ ਕੋਈ ਕਿੰਤੂ ਕੀਤਾ ਜਾ ਸਕੇ ਪਰ ਪ੍ਰਧਾਨ ਮੰਤਰੀ ਮੋਦੀ ਦੀ ਆਪਣੀ ਸਹਿਯੋਗੀ ਟੀਮ ਦੇ ਅਮਲ ਇਸ ਤਕਰੀਰ ਨਾਲ ਮੇਲ ਨਹੀਂ ਖਾਂਦੇ।
ਮੋਦੀ ਮੰਤਰੀ ਮੰਡਲ ਵਿਚ ਇੱਕ ਬੀਬੀ ਮੰਤਰੀ ਹੈ, ਜਿਹੜੀ ਮੰਤਰੀ ਬਣਨ ਤੋਂ ਪਹਿਲਾਂ ਕੱਟੜ ਹਿੰਦੂਤਵ ਦਾ ਅੰਗ ਰਹੀ ਅਤੇ ਗੈਰ-ਹਿੰਦੂਆਂ ਬਾਰੇ ਭੱਦੀ ਸ਼ਬਦਾਵਲੀ ਵਰਤਦੀ ਰਹੀ ਸੀ। ਜਦੋਂ ਉਹ ਮੰਤਰੀ ਬਣਾ ਦਿੱਤੀ ਗਈ ਤਾਂ ਉਸ ਨੂੰ ਉਸ ਸੰਵਿਧਾਨ ਦੀ ਲਾਜ ਰੱਖਣੀ ਚਾਹੀਦੀ ਸੀ, ਜਿਸ ਦੀ ਸਹੁੰ ਚੁੱਕੀ ਸੀ ਪਰ ਉਸ ਬੀਬੀ ਨੇ ਦਿੱਲੀ ਦੇ ਚੋਣ ਜਲਸੇ ਵਿਚ ਰਾਮ ਦਾ ਨਾਂ ਲੈਣ ਵਾਲਿਆਂ ਨੂੰ ‘ਰਾਮ-ਜ਼ਾਦੇ’ ਤੇ ਹੋਰਨਾਂ ਲਈ ‘ਹਰਾਮਜ਼ਾਦੇ’ ਦਾ ਸ਼ਬਦ ਵਰਤਣ ਤੱਕ ਦੀ ਬਦਤਮੀਜ਼ੀ ਕਰ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਜਿਹੜੇ ਸ਼ਬਦ ਪੈਰਿਸ ਵਿਚ ਜਾ ਕੇ ਆਖੇ ਹਨ, ਜੇ ਵਿਚਾਰ ਪੱਖੋਂ ਮੋਦੀ ਏਦਾਂ ਸੋਚਦੇ ਹੋਣ ਤਾਂ ਉਨ੍ਹਾਂ ਨੂੰ ਉਸ ਸਾਧਵੀ ਮੰਤਰੀ ਦਾ ਬਿਸਤਰਾ ਸਿਰ ਉਤੇ ਚੁਕਵਾ ਕੇ ਡੇਰੇ ਵੱਲ ਤੋਰ ਦੇਣਾ ਚਾਹੀਦਾ ਸੀ ਪਰ ਏਦਾਂ ਕੀਤਾ ਨਹੀਂ ਸੀ। ਪਿਛਲੇ ਦਿਨੀਂ ਉਨ੍ਹਾਂ ਦੇ ਇੱਕ ਮੰਤਰੀ ਗਿਰੀਰਾਜ ਸਿੰਘ ਨੇ ਸੋਨੀਆ ਗਾਂਧੀ ਬਾਰੇ ਇਹੋ ਜਿਹੀ ਨਸਲੀ ਟਿੱਪਣੀ ਕਰ ਦਿੱਤੀ, ਜਿਸ ਨਾਲ ਇੱਕ ਅਫਰੀਕੀ ਦੇਸ਼ ਦੇ ਲੋਕ ਵੀ ਵਲੂੰਧਰੇ ਗਏ ਸਨ ਪਰ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਫਰਕ ਨਹੀਂ ਪਿਆ। ਉਹ ਬੰਦਾ ਅਜੇ ਵੀ ਮਾਣਯੋਗ ਮੰਤਰੀ ਹੈ ਅਤੇ ਉਹਦੇ ਪੱਖ ਵਿਚ ਬੋਲਣ ਵਾਲਿਆਂ ਦੀ ਵੀ ਘਾਟ ਨਹੀਂ। ਮੋਦੀ ਸਾਹਿਬ ਬਾਕੀ ਦੁਨੀਆਂ ਨੂੰ ਉਪਦੇਸ਼ ਦਿੰਦੇ ਫਿਰਦੇ ਹਨ।
ਇਹੋ ਨਹੀਂ, ਪੈਰਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਅਸੀਂ ਖੁੱਲ੍ਹੇਪਣ ਤੇ ਸਾਂਝੀਵਾਲਤਾ ਦੀ ਰਵਾਇਤ ਨਾਲ ਪ੍ਰਾਚੀਨ ਧਰਤੀ ਉਤੇ ਅਦਭੁਤ ਵੰਨ-ਸੁਵੰਨਤਾ ਵਾਲੇ ਸਮਾਜ ਤੇ ਆਧੁਨਿਕ ਰਾਜ ਦੀ ਉਸਾਰੀ ਕੀਤੀ ਹੋਈ ਹੈ। ਇਸ ਵਿਚ ਦੋ ਰਾਏ ਨਹੀਂ ਹੋ ਸਕਦੀਆਂ ਕਿ ਭਾਰਤ ‘ਅਦਭੁਤ ਵੰਨ-ਸੁਵੰਨਤਾ’ ਵਾਲਾ ਸਮਾਜ ਤੇ ਆਧੁਨਿਕ ਰਾਜ ਹੈ, ਅਤੇ ਇਹ ਕਾਇਮ ਰਹਿਣਾ ਚਾਹੀਦਾ ਹੈ ਪਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੁਚਾਉਣ ਵਾਲੀ ਧਿਰ ਦਾ ਤਾਂ ਇਸ ਵਿਚ ਕੋਈ ਯੋਗਦਾਨ ਨਹੀਂ। ਉਹ ਲੋਕ ਤਾਂ ਇਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀ ਬੋਲੀ ਬੋਲਦੇ ਰਹੇ ਹਨ ਅਤੇ ਬੋਲ ਰਹੇ ਹਨ। ਮੋਦੀ ਸਾਹਿਬ ਉਨ੍ਹਾਂ ਨੂੰ ਕਦੇ ਰੋਕਦੇ ਹੀ ਨਹੀਂ।
ਜਿਸ ਦਿਨ ਮੋਦੀ ਸਾਹਿਬ ਇਸ ਤਾਜ਼ਾ ਵਿਦੇਸ਼ ਦੌਰੇ ਲਈ ਜਾਣ ਵਾਲੇ ਸਨ, ਉਸ ਤੋਂ ਸਿਰਫ ਦੋ ਦਿਨ ਪਹਿਲਾਂ ਕੁਝ ਬਿਆਨ ਪੜ੍ਹਨ ਨੂੰ ਮਿਲੇ ਸਨ। ਇਨ੍ਹਾਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਸੁਰਿੰਦਰ ਜੈਨ ਦਾ ਬਿਆਨ ਵੀ ਸੀ, ਜਿਸ ਨੇ ਹਿੰਦੂਆਂ ਨੂੰ ਸੱਦਾ ਦੇ ਦਿੱਤਾ ਕਿ ਉਹ ਓਨੇ ਬੱਚੇ ਪੈਦਾ ਕਰਨ, ਜਿੰਨੇ ਮੁਸਲਮਾਨ ਪੈਦਾ ਕਰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਨੇਤਾ ਨੇ ਹਰ ਹਿੰਦੂ ਪਰਿਵਾਰ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਨੂੰ ਕਿਹਾ ਸੀ ਤੇ ਇੱਕ ਹੋਰ ਆਗੂ ਨੇ ਪੰਜ-ਪੰਜ ਕਹਿ ਦਿੱਤਾ ਸੀ। ਬਾਅਦ ਵਿਚ ਇੱਕ ਹੋਰ ਨੇ ਦਸ-ਦਸ ਬੱਚੇ ਪੈਦਾ ਕਰਨ ਦੀ ਸਲਾਹ ਵੀ ਦੇ ਦਿੱਤੀ। ਦਿੱਲੀ ਚੋਣਾਂ ਵਿਚ ਹਾਰ ਹੋਣ ਪਿੱਛੋਂ ਭਾਜਪਾ ਤੇ ਇਸ ਦੇ ਪਿੱਛੇ ਖੜੇ ਸੰਘ ਪਰਿਵਾਰ ਨੂੰ ਸਮਝ ਆਈ ਕਿ ਦੇਸ਼ ਦੇ ਲੋਕ ਏਨੀ ਤਿੱਖੀ ਬੋਲੀ ਪਸੰਦ ਨਹੀਂ ਕਰਦੇ। ਫਿਰ ਸੰਘ ਪਰਿਵਾਰ ਦੇ ਮੁਖੀ ਮੋਹਣ ਭਾਗਵਤ ਨੇ ਸਮਝਾਉਣੀ ਦਿੱਤੀ ਕਿ ਏਦਾਂ ਦੇ ਬਿਆਨ ਨਾ ਦਿੱਤੇ ਜਾਣ, ਭਾਰਤੀ ਔਰਤਾਂ ਸਾਡੀਆਂ ਮਾਂਵਾਂ ਅਤੇ ਭੈਣਾਂ ਹਨ, ਬੱਚੇ ਪੈਦਾ ਕਰਨ ਵਾਲੀਆਂ ਫੈਕਟਰੀਆਂ ਨਹੀਂ ਹਨ। ਸਾਨੂੰ ਚੰਗਾ ਲੱਗਾ ਸੀ ਕਿ ‘ਪਰਿਵਾਰ’ ਦਾ ਮੁਖੀ ਇਹ ਕਹਿੰਦਾ ਹੈ ਤਾਂ ਉਸ ਟੱਬਰ ਦੇ ਜੀਅ ਵੀ ਕੁਝ ਅਕਲ ਕਰਨਗੇ, ਪਰ ਕੁਝ ਦਿਨ ਪਿੱਛੋਂ ਇਸੇ ਪਰਿਵਾਰ ਦੀ ਇੱਕ ਸਾਧਵੀ ਨੇ ਇਹ ਕਹਿ ਦਿੱਤਾ, ”ਅਸੀਂ ਦਸ-ਦਸ ਬੱਚੇ ਪੈਦਾ ਕਰਨ ਨੂੰ ਕਿਹਾ ਹੈ, ‘ਦੂਸਰੇ’ ਲੋਕਾਂ ਵਾਂਗ ਦਸ-ਦਸ ‘ਕਤੂਰੇ’ ਪੈਦਾ ਕਰਨ ਲਈ ਨਹੀਂ ਕਿਹਾ।” ਇਹ ਬਿਆਨ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਜਾਣ ਤੋਂ ਪਹਿਲਾਂ ਛਪੇ ਸਨ, ਉਨ੍ਹਾਂ ਨੇ ਇਸ ਬਾਰੇ ਜ਼ਬਾਨ ਨਹੀਂ ਸੀ ਖੋਲ੍ਹੀ ਪਰ ਪੈਰਿਸ ਜਾ ਕੇ ਕੱਟੜਪੰਥ ਦੇ ਖਿਲਾਫ ਉਪਦੇਸ਼ਕ ਬਣਨ ਦਾ ਯਤਨ ਕੀਤਾ ਹੈ, ਜਿਸ ਦਾ ਦੇਸ਼ ਅੰਦਰਲੀਆਂ ਇਨ੍ਹਾਂ ਕੱਟੜਪੰਥੀ ਘਟਨਾਵਾਂ ਦੇ ਹੁੰਦਿਆਂ ਕੋਈ ਖਾਸ ਅਰਥ ਨਹੀਂ ਰਹਿ ਜਾਂਦਾ।
ਅਜੇ ਵੀ ਗੱਲ ਮੁੱਕ ਨਹੀਂ ਗਈ। ਇੱਕ ਬਿਆਨ ਹੋਰ ਹੈ, ਜਿਹੜਾ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ‘ਤੇ ਜਾਣ ਤੋਂ ਦੋ ਦਿਨ ਪਹਿਲਾਂ ਅਖਬਾਰਾਂ ਨੇ ਛਾਪਿਆ ਹੈ ਤੇ ਇਹ ਆਰ ਐਸ ਐਸ ਦੇ ਸੇਵਾ ਭਾਰਤੀ ਸੰਗਠਨ ਨਾਲ ਜੁੜੇ ਹੋਏ ਗੋਪਾਲ ਕ੍ਰਿਸ਼ਨ ਦਾ ਹੈ। ਸੇਵਾ ਭਾਰਤੀ ਵਲੋਂ ਆਪਣੇ ਪੰਜ ਸਾਲਾ ਸਮਾਗਮ ਦੇ ਲਈ ਇੱਕ ਕਿਤਾਬਚਾ ‘ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦ੍ਰਿਸ਼ਟੀਕੋਣ’ ਨਾਂ ਨਾਲ ਪ੍ਰਕਾਸ਼ਤ ਕੀਤਾ ਗਿਆ ਹੈ ਤੇ ਇਸ ਵਿਚ ‘ਈਸਾਈਅਤ ਤੇ ਕੌਮੀ ਏਕਤਾ’ ਨਾਂ ਦੇ ਲੇਖ ਵਿਚ ਇਹ ਲਿਖਿਆ ਗਿਆ ਹੈ ਕਿ ਇੱਕ ਹਜ਼ਾਰ ਸਾਲ ਦਾ ਮੁਸ਼ਕਲ ਸਮਾਂ ਸਮਾਜਕ, ਧਾਰਮਕ ਅਤੇ ਆਰਥਕ ਤਬਦੀਲੀਆਂ ਦਾ ਦੌਰ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਹਿੰਦੂ ਸਮਾਜ ਤਿੱਤਰ-ਬਿੱਤਰ ਹੋ ਗਿਆ ਹੈ, ਬੜਾ ਕੁਝ ਟੁੱਟ ਗਿਆ ਹੈ ਤੇ ਛੁੱਟ ਗਿਆ ਹੈ। ਹਜ਼ਾਰਾਂ ਸਾਲਾਂ ਦੀ ਯਾਤਰਾ ਲੰਮੀ ਤੇ ਬਹੁਤ ਸੰਘਰਸ਼ਮਈ ਰਹੀ ਅਤੇ ਆਰ ਐਸ ਐਸ ਦੀ ਸਥਾਪਨਾ ਹਿੱਦੂ ਸਮਾਜ ਦੀ ਸਿਹਤ ਬਦਲਣ ਲਈ ਹੋਈ। ਸਾਡੇ ਕੋਲ ਇੱਕ ਹਜ਼ਾਰ ਸਾਲ ਦਾ ਬੈਕਲਾਗ ਹੈ, ਜਿਹੜਾ ਪੂਰਾ ਕਰਨਾ ਹੈ। ਹੁਣ ਹਿੰਦੂ ਸਮਾਜ ਆਪਣੀ ਸੁਭਾਵਕ ਤਾਕਤ ਤੇ ਮਾਣ ਨਾਲ ਖੜਾ ਹੈ।’ ਇਸ ਕਿਤਾਬਚੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ‘ਵਿਦੇਸ਼ੀ ਮਿਸ਼ਨਰੀਓ, ਕ੍ਰਿਪਾ ਕਰ ਕੇ ਤੁਸੀਂ ਵਾਪਸ ਜਾਓ।’ ਗੋਪਾਲ ਕ੍ਰਿਸ਼ਨ ਨੇ ਇਸ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਈਸਾਈ ਮਿਸ਼ਨਰੀਆਂ ਨੂੰ ਆਪਣੇ ਦੇਸ਼ਾਂ ਨੂੰ ਪਰਤ ਜਾਣਾ ਚਾਹੀਦਾ ਹੈ ਅਤੇ ‘ਅਸੀਂ ਹਿੰਦੂ ਸਮਾਜ ਦੇ ਨਾਲ ਦੇਸ਼ ਤੇ ਦੁਨੀਆਂ ਦੇ ਸਾਰੇ ਲੋਕਾਂ ਦੀ ਚਿੰਤਾ ਕਰਾਂਗੇ।’
ਇਹ ਉਹ ਲੋਕ ਹਨ, ਜਿਨ੍ਹਾਂ ਨੇ ਸਿਰਫ ਭਾਰਤ ਦੇ ਵਿਚ ਹੀ ਘਰ-ਵਾਪਸੀ ਦੇ ਨਾਂ ਹੇਠ ਘੱਟ-ਗਿਣਤੀਆਂ ਦੇ ਖਿਲਾਫ ਮੁਹਿੰਮ ਨਹੀਂ ਚਲਾਈ, ਬਲਕਿ ਇਥੋਂ ਤੱਕ ਕਹਿ ਚੁੱਕੇ ਹਨ ਕਿ ਰੂਸ ਵੀ ਪਹਿਲਾਂ ‘ਰਿਸ਼ੀ-ਗਾਨ’ ਹੁੰਦਾ ਸੀ ਤੇ ਅਸੀਂ ਸਾਰੇ ਰੂਸੀ ਲੋਕਾਂ ਨੂੰ ਹਿੰਦੂ ਧਰਮ ਵਿਚ ‘ਵਾਪਸ’ ਲਿਆਉਣਾ ਹੈ। ‘ਦੇਸ਼ ਤੇ ਦੁਨੀਆਂ ਦੇ ਸਾਰੇ ਲੋਕਾਂ ਦੀ ਚਿੰਤਾ’ ਕਰਨ ਦਾ ਇਹ ਫਾਰਮੂਲਾ ਜਦੋਂ ਪੇਸ਼ ਕੀਤਾ ਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦੋਂ ਹਾਲੇ ਦੇਸ਼ ਵਿਚ ਸਨ ਪਰ ਇਸ ਬਾਰੇ ਕਦੇ ਨਹੀਂ ਬੋਲੇ। ਗੁਜਰਾਤ ਦੇ ਦੰਗਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਹੋਰ ਦੋ ਦਿਨਾਂ ਤੱਕ ਮੈਂ ਵਿਦੇਸ਼ ਦੌਰੇ ਲਈ ਜਾ ਰਿਹਾ ਹਾਂ, ਮੈਂ ਕੀ ਮੂੰਹ ਲੈ ਕੇ ਜਾਵਾਂਗਾ? ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇੱਕੋ ਦਿਨ ਵਿਚ ਏਨਾ ਦਬਾਅ ਵਧਾ ਦਿੱਤਾ ਕਿ ਅਗਲੇ ਦਿਨ ਵਾਜਪਾਈ ਨੂੰ ਮੁਸਲਮਾਨਾਂ ਬਾਰੇ ਦੂਸਰਾ ਭਾਸ਼ਣ ਕਰਨਾ ਪੈ ਗਿਆ ਕਿ ਇਹ ਜਿੱਥੇ ਵੀ ਰਹਿੰਦੇ ਹਨ, ਨਾ ਆਪ ਆਰਾਮ ਨਾਲ ਵੱਸਦੇ ਹਨ ਤੇ ਨਾ ਦੂਸਰਿਆਂ ਨੂੰ ਵੱਸਣ ਦਿੰਦੇ ਹਨ। ਜਿਹੜੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਦੋਂ ਪ੍ਰਧਾਨ ਮੰਤਰੀ ਵਾਜਪਾਈ ਨੂੰ ਬੋਲੀ ਬਦਲਣ ਲਈ ਮਜਬੂਰ ਕਰ ਦਿੱਤਾ ਸੀ, ਉਸ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਪ੍ਰਧਾਨ ਮੰਤਰੀ ਬਣ ਕੇ ਸਾਧਵੀਆਂ ਤੇ ਹਿੰਦੂ ਪ੍ਰੀਸ਼ਦ ਵਾਲੇ ਸਾਥੀਆਂ ਨੂੰ ਕਹਿ ਦੇਵੇ ਕਿ ਜ਼ਰਾ ਜ਼ਬਾਨ ਨੂੰ ਬਰੇਕਾਂ ਲਾਓ, ਮੈਂ ਪੈਰਿਸ ਵਿਚੋਂ ਦੁਨੀਆਂ ਭਰ ਦੇ ਲੋਕਾਂ ਨੂੰ ਆਹ ਉਪਦੇਸ਼ ਦੇਣ ਚੱਲਿਆ ਹਾਂ। ਮੋਦੀ ਸਾਹਿਬ ਬੋਲਦੇ ਹਨ, ਪਰ ਬਾਹਰ ਜਾ ਕੇ ਬੋਲਦੇ ਹਨ। ਬਾਹਰ ਜਾ ਕੇ ਦਿੱਤੇ ਉਨ੍ਹਾਂ ਦੇ ਭਾਸ਼ਣ ਹਕੀਕੀ ਨਹੀਂ ਹੁੰਦੇ, ਸਾਹਮਣੇ ਬੈਠੀ ਉਨ੍ਹਾਂ ਸਰੋਤਿਆਂ ਦੀ ਭੀੜ ਨੂੰ ਭੁਚਲਾਵਾ ਦੇਣ ਲਈ ਹੁੰਦੇ ਹਨ, ਜਿਨ੍ਹਾਂ ਨੂੰ ਸਾਹਮਣੇ ਚੱਲ ਰਹੇ ਭਾਸ਼ਣ ਦੀ ਸੀ ਡੀ ਦਾ ਦੂਸਰਾ ਪਾਸਾ ਪਤਾ ਨਹੀਂ ਹੁੰਦਾ। ਉਹ ਤਾਂ ਸਾਹਮਣੇ ਬੋਲ ਰਹੇ ਮੋਦੀ ਤੇ ਨਾਲ-ਨਾਲ ਹੁੰਦੇ ‘ਮੋਦੀ-ਮੋਦੀ’ ਦੇ ਜਾਪ ਵਿਚ ਹੀ ਉਲਝ ਜਾਂਦੇ ਹਨ, ਹਕੀਕਤਾਂ ਨੂੰ ਨਹੀਂ ਸਮਝ ਸਕਦੇ।