ਡਾæ ਗੁਰਨਾਮ ਕੌਰ, ਕੈਨੇਡਾ
ਦੇਸੀ ਪਰੰਪਰਾ ਅਨੁਸਾਰ ਨਵਾਂ ਵਰ੍ਹਾ ਚੇਤ ਜਾਂ ਚੇਤ੍ਰ ਤੋਂ ਸ਼ੁਰੂ ਹੁੰਦਾ ਹੈ ਅਤੇ ਵੈਸਾਖ ਸਾਲ ਦਾ ਦੂਜਾ ਮਹੀਨਾ ਹੈ। ਭਾਰਤ ਖੇਤੀ ਪ੍ਰਧਾਨ ਮੁਲਕ ਹੋਣ ਦੇ ਨਾਤੇ ਵੈਸਾਖ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਹਾੜੀ ਦੀ ਫਸਲ ਕੱਟ ਕੇ ਸਮੇਟੀ ਜਾਂਦੀ ਹੈ ਜਿਸ ਨਾਲ ਕਿਸਾਨ ਦੀ ਖੁਸ਼ਹਾਲੀ ਅਤੇ ਪਰਿਵਾਰਕ ਖੁਸ਼ੀਆਂ ਜੁੜੀਆਂ ਹੁੰਦੀਆਂ ਹਨ।
ਇਸ ਲਈ ਵਿਸਾਖੀ ਅਰਥਾਤ ਵੈਸਾਖ ਦੇ ਚੜ੍ਹਨ ਦੇ ਦਿਨ ‘ਤੇ ਮੇਲੇ ਲੱਗਦੇ ਹਨ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਜਾਂਦਾ ਹੈ, ਜਸ਼ਨ ਮਨਾਏ ਜਾਂਦੇ ਹਨ। ਸਿੱਖ ਧਰਮ ਵਿਚ ਵਿਸਾਖੀ ਦੀ ਬਹੁਤ ਇਤਿਹਾਸਕ ਮਹੱਤਤਾ ਹੈ ਕਿਉਂਕਿ 1699 ਦੀ ਵਿਸਾਖੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਗੁਰੂ ਨਾਨਕ ਸਾਹਿਬ ਦੀ ਸਥਾਪਤ ਕੀਤੀ ਸੰਗਤ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦਾ ਸਰੂਪ ਬਖਸ਼ਿਸ਼ ਕੀਤਾ ਸੀ ਅਤੇ ਫਿਰ ਪੰਜ ਪਿਆਰਿਆਂ ਕੋਲੋਂ ਖੰਡੇ-ਬਾਟੇ ਦੀ ਪਹੁਲ ਹਾਸਿਲ ਕਰਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ ਅਤੇ Ḕਆਪੇ ਗੁਰ ਚੇਲਾḔ ਕਹਿਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ Ḕਬਾਰਹ ਮਾਹਾḔ ਦੇ ਨਾਮ ਹੇਠਾਂ ਦੋ ਬਾਣੀਆਂ ਪ੍ਰਾਪਤ ਹਨ ਜਿਨ੍ਹਾਂ ਵਿਚ ਵਰ੍ਹੇ ਦੇ ਵੱਖ ਵੱਖ ਮਹੀਨਿਆਂ ਦਾ ਰੁੱਤਾਂ ਸਮੇਤ ਜ਼ਿਕਰ ਕੀਤਾ ਹੈ; ਗੁਰੂ ਨਾਨਕ ਸਾਹਿਬ ਵਲੋਂ ਰਾਗ ਤੁਖਾਰੀ ਵਿਚ ਅਤੇ ਪੰਚਮ ਪਾਤਿਸ਼ਾਹ ਹਜ਼ੂਰ ਵਲੋਂ ਰਚਿਤ Ḕਬਾਰਹ ਮਾਹਾḔ ਰਾਗ ਮਾਝ ਵਿਚ। ਮਨੁੱਖੀ ਮਨ ਉਤੇ ਕੁਦਰਤ ਦਾ, ਆਪਣੇ ਆਲੇ-ਦੁਆਲੇ ਦਾ ਅਸਰ ਪੈਣਾ ਬਿਲਕੁਲ ਕੁਦਰਤੀ ਹੈ। ਮਨ ਦਾ ਉਦਾਸ ਹੋਣਾ, ਖੁਸ਼ੀ ਵਿਚ ਖੀਵਾ ਹੋਣਾ ਜਾਂ ਹੁਲਾਸ ਵਿਚ ਆਉਣਾ ਬਹੁਤ ਹੱਦ ਤੱਕ ਉਸ ਦੇ ਆਲੇ-ਦੁਆਲੇ ਪਸਰੇ ਕੁਦਰਤੀ ਵਾਤਾਵਰਣ ‘ਤੇ ਵੀ ਮੁਨੱਸਰ ਹੈ।
ḔਬਾਰਹਮਾਹਾḔ ਬਾਣੀ ਦੇ ਅਰੰਭ ਵਿਚ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹੇ ਪਰਵਰਦਗਾਰ! ਮਨੁੱਖ ਦੇ ਪੂਰਬਲੇ ਕੀਤੇ ਹੋਏ ਕਰਮਾਂ ਅਨੁਸਾਰ ਹਰ ਇੱਕ ਨੂੰ ਦੁੱਖ ਅਤੇ ਸੁੱਖ ਜੋ ਵੀ ਸਹਿਣ ਲਈ ਤੂੰ ਦਿੰਦਾ ਹੈਂ, ਉਹੀ ਠੀਕ ਹੈ। ਇਹ ਸਾਰੀ ਰਚਨਾ ਅਕਾਲ ਪੁਰਖ ਦੀ ਰਚੀ ਹੋਈ ਹੈ ਅਤੇ ਮੇਰਾ ਜੀਵ ਵਿਚਾਰੇ ਦਾ ਤੇਰੀ ਇਸ ਰਚਨਾ ਵਿਚ ਕੀ ਹਾਲ ਹੋਵੇਗਾ? ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਇੱਕ ਘੜੀ ਵੀ ਜਿਉਣਾ ਦੁਸ਼ਵਾਰ ਹੈ। ਉਸ ਪਰਮ ਪਿਆਰੇ ਪਰਮਾਤਮਾ ਤੋਂ ਬਿਨਾਂ ਜੀਵ ਦੁਖੀ ਹੁੰਦਾ ਹੈ ਅਤੇ ਕੋਈ ਵੀ ਇਸ ਦੁੱਖ ਵਿਚੋਂ ਕੱਢਣ ਵਾਲਾ ਨਹੀਂ ਹੈ। ਉਸ ਪਰਵਰਦਗਾਰ ਨੂੰ ਅਰਦਾਸ ਕੀਤੀ ਗਈ ਹੈ ਕਿ ਉਹ ਆਪਣੀ ਮਿਹਰ ਕਰੇ ਜਿਸ ਸਦਕਾ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਜੀਵ ਨਾਮ-ਅੰਮ੍ਰਿਤ ਪੀਂਦਾ ਰਹੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਅਸੀਂ ਜੀਵ ਵਿਚਾਰੇ ਉਸ ਮਾਇਆ ਤੋਂ ਨਿਰਲੇਪ ਵਾਹਿਗੁਰੂ ਦੀ ਰਚੀ ਮਾਇਆ ਵਿਚ ਮਸ਼ਰੂਫ ਹਾਂ ਪਰ ਸਭ ਤੋਂ ਉਤਮ ਕਰਮ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਉਣਾ ਹੈ। ਉਹ ਸਰਬ-ਵਿਆਪਕ ਅਕਾਲ ਪੁਰਖ ਨੂੰ ਜੀਵ-ਇਸਤਰੀ ਦੀ ਅਰਦਾਸ ਸੁਣਨ ਦੀ ਜੋਦੜੀ ਕੀਤੀ ਗਈ ਹੈ ਜੋ ਉਸ ਦਾ ਰਸਤਾ ਦੇਖ ਰਹੀ ਹੈ,
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ॥
ਨਾਨਕ ਪੰਥੁ ਨਿਹਾਲੇ ਸਾਧਨ ਤੂ ਸੁਣਿ ਆਤਮਰਾਮਾ॥੧॥ (ਪੰਨਾ ੧੧੦੭)
ਕੁਦਰਤ ਦੇ ਜੀਵਾਂ ਵਿਚੋਂ ਉਦਾਹਰਣ ਦਿੰਦਿਆਂ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਜਿਸ ਤਰ੍ਹਾਂ ਪਪੀਹਾ Ḕਪ੍ਰਿਉ ਪ੍ਰਿਉḔ ਬੋਲ ਕੇ ਅਤੇ ਕੋਇਲ ਆਪਣੀ ਬੋਲੀ ਵਿਚ Ḕਕੂ ਕੂḔ ਕਰਕੇ ਆਪਣੇ ਪ੍ਰੀਤਮ ਪਿਆਰੇ ਨੂੰ ਯਾਦ ਕਰਦੇ ਹਨ, ਇਸੇ ਤਰ੍ਹਾਂ ਜਿਹੜੀ ਜੀਵ-ਇਸਤਰੀ ਵੈਰਾਗ ਵਿਚ ਆਪਣੇ ਅਕਾਲ ਪੁਰਖ ਨੂੰ ਯਾਦ ਕਰਦੀ ਹੈ, ਉਹ ਪਰਮਾਤਮ-ਮੇਲ ਦੇ ਸਾਰੇ ਅਨੰਦ ਮਾਣਦੀ ਹੈ ਅਤੇ ਉਸ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ। ਜਦੋਂ ਜੀਵ-ਇਸਤਰੀ ਅਕਾਲ ਪੁਰਖ ਨੂੰ ਭਾਅ ਜਾਂਦੀ ਹੈ, ਉਦੋਂ ਉਸ ਦੇ ਚਰਨਾਂ ਵਿਚ ਉਹ ਟਿਕੀ ਰਹਿੰਦੀ ਹੈ ਅਤੇ ਉਹ ਜੀਵ ਭਾਗਾਂ ਵਾਲਾ ਹੁੰਦਾ ਹੈ। ਅਜਿਹਾ ਜੀਵ ਆਪਣੇ ਸਰੀਰ ਨੂੰ ਜੁਗਤਿ ਵਿਚ ਰੱਖਣਾ ਸਿੱਖ ਜਾਂਦਾ ਹੈ ਅਤੇ ਇਸ ਜੁਗਤਿ ਰਾਹੀਂ ਅਕਾਲ ਪੁਰਖ ਦੇ ਆਪਣੇ ਅਸਲੀ ਸਰੂਪ ਵਿਚ ਟਿਕ ਜਾਂਦਾ ਹੈ, ਸੰਸਾਰਕਤਾ ਤੋਂ ਉਤੇ ਉਠ ਕੇ ਉਸ ਅਕਾਲ ਪੁਰਖ ਦੇ ਉਚੇ ਮਹਿਲ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਉਸ ਅਕਾਲ ਪੁਰਖ ਦੇ ਪ੍ਰੇਮ ਰੰਗ ਵਿਚ ਰੰਗਿਆ ਹੋਇਆ ਜੀਵ ਦਿਨ ਰਾਤ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ। ਇਹ ਸਾਰੀ ਰਚਨਾ ਉਸ ਅਕਾਲ ਪੁਰਖ ਦੀ ਹੈ ਅਤੇ ਉਹ ਹੀ ਜੀਵ ਦਾ ਸੱਚਾ ਮਾਲਕ ਹੈ। ਗੁਰੂ ਦੇ ਸ਼ਬਦ ਰਾਹੀਂ ਮਨੁੱਖ ਪਰਮਾਤਮਾ ਦੀ ਸਿਫਤਿ-ਸਾਲਾਹ ਕਰਕੇ ਸੋਹਣਾ ਲੱਗਦਾ ਹੈ,
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥
ਸਾਧਨ ਸਭਿ ਰਸ ਚੋਲੈ ਅੰਕਿ ਸਮਾਣੀਆ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ॥
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ॥
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ॥
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦ ਸੁਹਾਵੈ॥੨॥ (ਪੰਨਾ ੧੧੦੭)
ਅੱਗੇ ਫਿਰ ਉਸ ਰਸ-ਭਿੰਨੇ, ਰੋਮ ਰੋਮ ਵਿਚ ਰਮੇ ਹੋਏ ਅਕਾਲ ਪੁਰਖ ਅੱਗੇ ਇਹ ਸੁਣਨ ਲਈ ਅਰਦਾਸ ਕੀਤੀ ਗਈ ਹੈ ਕਿ ਮੈਂ ਜੀਵ ਤੈਨੂੰ ਇੱਕ ਘੜੀ ਵਾਸਤੇ ਵੀ ਭੁਲਾ ਨਹੀਂ ਸਕਦਾ। ਇੱਕ ਘੜੀ ਵੀ ਨਹੀਂ ਵਿਸਾਰ ਸਕਦਾ, ਜੀਵ ਉਸ ਪਰਵਰਦਗਾਰ ਤੋਂ ਸਦਕੇ ਜਾਂਦਾ ਹੈ ਅਤੇ ਉਸ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਨ ਨਾਲ ਆਤਮਕ ਜੀਵਨ ਪੈਦਾ ਹੁੰਦਾ ਹੈ। ਗੁਰੂ ਸਾਹਿਬ ਅਰਦਾਸ ਕਰਦੇ ਹਨ ਕਿ ਨਾ ਕੋਈ ਹੋਰ ਜੀਵ ਦੇ ਨਾਲ ਨਿਭਣ ਵਾਲਾ ਹੈ ਅਤੇ ਨਾ ਹੀ ਜੀਵ ਕਿਸੇ ਦਾ ਸਦਾ ਲਈ ਸਾਥੀ ਹੈ। ਅਕਾਲ ਪੁਰਖ ਨੂੰ ਯਾਦ ਕੀਤੇ ਬਿਨਾਂ ਮਨ ਚੈਨ ਵਿਚ ਨਹੀਂ ਆਉਂਦਾ। ਅਕਾਲ ਪੁਰਖ ਦੀ ਸ਼ਰਨ ਆਇਆਂ, ਉਸ ਦੇ ਚਰਨਾਂ ਨੂੰ ਆਪਣੇ ਮਨ ਵਿਚ ਵਸਾਉਣ ਨਾਲ ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਗੁਰੂ ਨਾਨਕ ਦੱਸਦੇ ਹਨ ਕਿ ਅਜਿਹੇ ਮਨੁੱਖ ਦੀ ਦ੍ਰਿਸ਼ਟੀ ਵਿਸ਼ਾਲ ਹੋ ਜਾਂਦੀ ਹੈ, ਉਹ ਸਦਾ ਆਤਮਕ ਅਨੰਦ ਮਾਣਦਾ ਹੈ ਅਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਮਨ ਦੀ ਭਟਕਣ ਮੁੱਕ ਜਾਂਦੀ ਹੈ,
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ॥
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ॥
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ॥
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ॥
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ॥
ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥੩॥ (ਪੰਨਾ ੧੧੦੭)
ਅੱਗੇ ਦੱਸਿਆ ਗਿਆ ਹੈ ਕਿ ਜੋ ਜੀਵ-ਇਸਤਰੀ ਅਰਥਾਤ ਮਨੁੱਖ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦਾ ਹੈ, ਜਿਸ ਦੇ ਮਨ ਵਿਚ ਉਸ ਦੀ ਸਿਫਤਿ-ਸਾਲਾਹ ਰੂਪੀ ਅੰਮ੍ਰਿਤ ਦੀ ਧਾਰ ਬੂੰਦ-ਬੂੰਦ ਕਰਕੇ ਵਰਸਦੀ ਹੈ, ਉਸ ਨੂੰ ਪਰਮਾਤਮਾ ਸਹਿਜ ਸੁਭਾਅ ਹੀ ਆ ਕੇ ਮਿਲ ਪੈਂਦਾ ਹੈ। ਭਾਵ ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਸਹਿਜ ਸੁਭਾਅ ਹੀ ਉਸ ਬੇਲੀ ਪਰਵਰਦਗਾਰ ਨਾਲ ਮੇਲ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਉਹ ਅਕਾਲ ਪੁਰਖ ਮਨੁੱਖੀ ਹਿਰਦੇ ਵਿਚ ਉਦੋਂ ਆ ਕੇ ਨਿਵਾਸ ਕਰਦਾ ਹੈ ਜਦੋਂ ਉਸ ਦਾ ਭਾਣਾ ਹੁੰਦਾ ਹੈ। ਜੀਵ-ਇਸਤਰੀ ਉਤਸ਼ਾਹ ਭਰਪੂਰ ਹੋ ਕੇ ਉਸ ਦੇ ਗੁਣਾਂ ਦਾ ਗਾਇਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਹਰ ਇੱਕ ਭਾਗਾਂ ਵਾਲੀ ਇਸਤਰੀ ਦੇ ਅੰਦਰ ਉਸ ਅਕਾਲ ਪੁਰਖ ਦਾ ਨਿਵਾਸ ਹੈ, ਹਰ ਇੱਕ ਭਾਗਾਂ ਵਾਲਾ ਮਨੁੱਖ ਉਸ ਦੇ ਪ੍ਰੇਮ ਦਾ ਅਨੰਦ ਮਾਣ ਰਿਹਾ ਹੈ, ਫਿਰ ਅਕਾਲ ਪੁਰਖ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ। ਮਨ ਵਿਚ ਵੈਰਾਗ ਉਠਦਾ ਹੈ ਅਤੇ ਜੀਵ-ਇਸਤਰੀ ਅਰਦਾਸ ਕਰਦੀ ਹੈ, ਹੇ ਘਟਾ ਬਣ ਕੇ ਛਾਏ ਹੋਏ ਬੱਦਲ! ਅਕਾਲ ਪੁਰਖ ਦੇ ਪ੍ਰੇਮ ਦਾ ਮੀਂਹ ਵਰਸਾ ਅਰਥਾਤ ਪ੍ਰੇਮ ਨਾਲ ਉਸ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦਾ ਮੀਂਹ ਮੇਰੇ ਅੰਦਰ ਵਰਸੇ ਕਿਉਂਕਿ ਉਸ ਅਕਾਲ ਪੁਰਖ ਦਾ ਪ੍ਰੇਮ ਮੇਰੇ ਮਨ ਅਤੇ ਤਨ ਵਿਚ ਅਨੰਦ ਪੈਦਾ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਭਾਗਾਂ ਵਾਲੇ ਮਨੁੱਖ ਦੇ ਮਨ ਅੰਦਰ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਉਥੇ ਅਕਾਲ ਪੁਰਖ ਆਪ ਮਿਹਰ ਕਰਕੇ ਨਿਵਾਸ ਕਰਦਾ ਹੈ,
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥੪॥ (ਪੰਨਾ ੧੧੦੭)
ਕੁਦਰਤ ਦੇ ਖਿੜਾਉ ਜਾਂ ਮੌਲਣ ਦਾ ਮਨੁੱਖੀ ਮਨ ‘ਤੇ ਪੈਣ ਵਾਲੇ ਇਸੇ ਅਸਰ ਵੱਲ ਸੰਕੇਤ ਕਰਦਿਆਂ ਗੁਰੂ ਨਾਨਕ ਸਾਹਿਬ Ḕਬਾਰਹ ਮਾਹਾḔ ਰਾਗੁ ਤੁਖਾਰੀ ਵਿਚ ਵੈਸਾਖ ਦੇ ਮਹੀਨੇ ਵਿਚ ਕੁਦਰਤ ਦੇ ਮੌਲਣ ਦਾ ਵਰਣਨ ਕਰਦੇ ਹਨ ਕਿ ਵੈਸਾਖ ਦਾ ਮਹੀਨਾ ਮਨ ਨੂੰ ਕਿੰਨਾ ਚੰਗਾ ਲੱਗਦਾ ਹੈ। ਇਸ ਮਹੀਨੇ ਰੁੱਖਾਂ ਦੀਆਂ ਲਗਰਾਂ ਨੂੰ ਕੂਲੇ-ਕੂਲੇ ਨਵੇਂ ਪੱਤਰ ਨਿਕਲਦੇ ਹਨ ਜੋ ਉਨ੍ਹਾਂ ਦੇ ਹਾਰ-ਸ਼ਿੰਗਾਰ ਦਾ ਸਾਧਨ ਹਨ। ਕੁਦਰਤ ਨੂੰ ਇਸ ਤਰ੍ਹਾਂ ਮੌਲੀ ਹੋਈ ਦੇਖ ਕੇ ਪਤੀ ਤੋਂ ਵਿਛੜੀ ਪਤਨੀ ਦੇ ਮਨ ਵਿਚ ਆਪਣੇ ਪਤੀ ਨੂੰ ਮਿਲਣ ਦੀ ਧੂਹ ਪੈਂਦੀ ਹੈ ਅਤੇ ਉਹ ਆਪਣੇ ਪਿਆਰੇ ਪਤੀ ਨੂੰ ਘਰ ਦੇ ਦਰਵਾਜ਼ੇ ਵਿਚ ਖੜੀ ਉਸ ਦਾ ਰਸਤਾ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤ ਦੀ ਸੁੰਦਰਤਾ/ਜੋਬਨ ਦੇਖ ਕੇ ਜੀਵ-ਇਸਤਰੀ ਦੇ ਮਨ ਵਿਚ ਆਪਣੇ ਸੁਆਮੀ ਪਰਮਾਤਮਾ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਸੁਆਮੀ ਪ੍ਰਭੂ ਨੂੰ ਉਡੀਕਦੀ ਹੋਈ ਉਸ ਅੱਗੇ ਅਰਦਾਸ ਕਰਦੀ ਹੈ, ਹੇ ਅਕਾਲ ਪੁਰਖ! ਮਿਹਰ ਕਰੋ ਅਤੇ ਮੇਰੇ ਹਿਰਦੇ ਰੂਪੀ ਘਰ ਵਿਚ ਆਉ, ਮੈਨੂੰ ਇਸ ਬਿਖਮ ਸੰਸਾਰ ਸਮੁੰਦਰ ਤੋਂ ਪਾਰ ਕੱਢ ਲਵੋ ਕਿਉਂਕਿ ਅਕਾਲ ਪੁਰਖ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ, ਅਕਾਲ ਪੁਰਖ ਦੇ ਆਸਰੇ ਤੋਂ ਬਿਨਾਂ ਜੀਵ-ਆਤਮਾ ਦਾ ਮੁੱਲ ਅੱਧੀ ਕੌਡੀ ਜਿੰਨਾ ਵੀ ਨਹੀਂ ਹੈ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਜੇ ਗੁਰੂ ਤੇਰਾ ਦਰਸ਼ਨ ਕਰਕੇ ਇਸ ਜੀਵ-ਇਸਤਰੀ ਨੂੰ ਵੀ ਦਰਸ਼ਨ ਕਰਾ ਦੇਵੇ ਅਤੇ ਜੇ ਕਰ ਉਹ ਅਕਾਲ ਪੁਰਖ ਨੂੰ ਚੰਗੀ ਲੱਗੇ ਤਾਂ ਉਹ ਅਮੋਲਕ ਹੋ ਜਾਵੇਗੀ ਅਰਥਾਤ ਕੋਈ ਵੀ ਉਸ ਦਾ ਮੁੱਲ ਨਹੀਂ ਆਂਕ ਸਕਦਾ। ਅਜਿਹੀ ਅਵਸਥਾ ਵਿਚ ਫਿਰ ਜੀਵ-ਇਸਤਰੀ ਨੂੰ ਪਰਮਾਤਮਾ ਦੇ ਨਿਵਾਸ ਸਥਾਨ ਦਾ ਪਤਾ ਲੱਗ ਜਾਵੇਗਾ ਕਿ ਉਹ ਕਿਧਰੇ ਦੂਰ ਨਹੀਂ ਵੱਸਦਾ, ਉਸ ਦਾ ਨਿਵਾਸ ਸਥਾਨ ਹਿਰਦੇ-ਘਰ ਵਿਚ ਹੀ ਹੈ, ਜਿਸ ਦੀ ਪਛਾਣ ਜੀਵ-ਇਸਤਰੀ ਨੂੰ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਵੈਸਾਖ ਦੇ ਮਹੀਨੇ ਕੁਦਰਤ ਦੇ ਸ਼ਿੰਗਾਰ ਨੂੰ ਦੇਖ ਕੇ ਉਹ ਜੀਵ-ਇਸਤਰੀ ਪਰਮਾਤਮ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਜਿਸ ਦੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ ਉਸ ਅਕਾਲ ਪੁਰਖ ਦੀ ਸਿਫਤਿ-ਸਾਲਾਹ ਵਿਚ ਲੱਗ ਜਾਂਦਾ ਹੈ,
ਵੈਸਾਖੁ ਭਲਾ ਸਾਖਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥੬॥ (ਪੰਨਾ ੧੧੦੮)
Ḕਬਾਰਹ ਮਾਹਾ ਮਾਂਝḔ ਵਿਚ ਗੁਰੂ ਅਰਜਨ ਦੇਵ ਵੀ ਵੈਸਾਖ ਦੀ ਵਿਆਖਿਆ ਜੀਵ-ਇਸਤਰੀ ਦੇ ਅਕਾਲ ਪੁਰਖ ਨਾਲ ਰਿਸ਼ਤੇ ਦੇ ਸੰਦਰਭ ਵਿਚ ਹੀ ਕਰਦੇ ਹਨ। ਵੈਸਾਖ ਦੇ ਮਹੀਨੇ ਨੂੰ ਸਾਰਿਆਂ ਲਈ ਖੁਸ਼ੀਆਂ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਗੁਰੂ ਅਰਜਨ ਦੇਵ ਦੱਸਦੇ ਹਨ ਕਿ ਜਿਨ੍ਹਾਂ ਜੀਵ-ਇਸਤਰੀਆਂ ਨੂੰ ਪ੍ਰੇਮ ਦਾ ਵਿਯੋਗ ਲੱਗਿਆ ਹੋਇਆ ਹੈ, ਜੋ ਆਪਣੇ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ, ਉਹ ਕਿਸ ਤਰ੍ਹਾਂ ਧੀਰਜ ਵਿਚ ਰਹਿ ਸਕਦੀਆਂ ਹਨ? ਅਜਿਹੀਆਂ ਜੀਵ-ਇਸਤਰੀਆਂ ਅਰਥਾਤ ਮਨੁੱਖ ਆਪਣੇ ਮਿੱਤਰ-ਪਿਆਰੇ ਅਕਾਲ ਪੁਰਖ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ। ਇਸਤਰੀ, ਪੁੱਤਰ, ਮਾਇਆ-ਧਨ ਆਦਿ ਕੁਝ ਵੀ ਮਨੁੱਖ ਦੇ ਨਾਲ ਪੱਕੇ ਤੌਰ ‘ਤੇ ਨਹੀਂ ਰਹਿੰਦਾ, ਕੋਈ ਵੀ ਇਨ੍ਹਾਂ ਵਿਚੋਂ ਸਾਥ ਨਹੀਂ ਨਿਭਾਉਂਦਾ, ਸਦੀਵੀ ਕਾਇਮ ਰਹਿਣ ਵਾਲੀ ਹਸਤੀ ਅਕਾਲ ਪੁਰਖ ਹੀ ਹੈ ਜੋ ਮਨੁੱਖ ਦਾ ਸਾਥੀ ਹੈ। ਝੂਠੇ, ਨਾਸ਼ਵਾਨ ਧੰਧੇ ਸਾਰੀ ਮਨੁੱਖਤਾ ਨੂੰ ਵਿਆਪ ਰਹੇ ਹਨ ਜਿਨ੍ਹਾਂ ਵਿਚ ਲੱਗ ਕੇ ਸਾਰੀ ਮਨੁੱਖਤਾ ਵਾਰ-ਵਾਰ ਫਸਦੀ ਹੈ ਅਤੇ ਮਰ ਰਹੀ ਹੈ। ਇੱਕ ਅਕਾਲ ਪੁਰਖ ਦਾ ਨਾਮ ਹੀ ਹੈ ਜੋ ਨਾਲ ਜਾਂਦਾ ਹੈ, ਬਾਕੀ ਸਾਰੇ ਕਰਮ ਮਨੁੱਖ ਕੋਲੋਂ ਇਥੇ ਹੀ ਖੋਹ ਲਏ ਜਾਂਦੇ ਹਨ। ਉਸ ਪ੍ਰੇਮ-ਸਰੂਪ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਨੂੰ ਖੁਆਰੀ ਹੀ ਹੁੰਦੀ ਹੈ ਕਿਉਂਕਿ ਉਸ ਤੋਂ ਬਿਨਾਂ ਇਸ ਜਿੰਦੜੀ ਦਾ ਕੋਈ ਵੀ ਸਾਥੀ ਨਹੀਂ ਹੁੰਦਾ। ਜਿਹੜੇ ਮਨੁੱਖ ਅਕਾਲ ਪੁਰਖ ਦੇ ਚਰਨਾਂ ਦਾ ਓਟ ਆਸਰਾ ਤੱਕ ਲੈਂਦੇ ਹਨ, ਉਨ੍ਹਾਂ ਦੀ ਲੋਕ-ਪ੍ਰਲੋਕ ਵਿਚ ਵਡਿਆਈ ਹੁੰਦੀ ਹੈ। ਗੁਰੂ ਅਰਜਨ ਦੇਵ ਅਕਾਲ ਪੁਰਖ ਅੱਗੇ ਉਸ ਦੇ ਮਿਲਾਪ ਅਤੇ ਪ੍ਰੇਮ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਹਨ। ਇਹ ਵੈਸਾਖ ਦਾ ਮਹੀਨਾ ਜੀਵ ਨੂੰ ਤਾਂ ਹੀ ਸੋਹਣਾ ਲੱਗਦਾ ਹੈ ਜੇ ਹਰੀ-ਸੰਤ ਅਕਾਲ ਪੁਰਖ ਨਾਲ ਮੇਲ ਹੋ ਜਾਵੇ,
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤ ਭੇਟੈ ਹਰਿ ਸੋਇ॥੩॥ (ਪੰਨਾ ੧੩੩-੩੪)