ਬਲਜੀਤ ਬਾਸੀ
ਖੰਡ ਸ਼ਬਦ ਭਾਵੇਂ ਕਈ ਵਸਤੂਆਂ, ਵਿਚਾਰਾਂ ਤੇ ਵਰਤਾਰਿਆਂ ਦਾ ਲਖਾਇਕ ਹੈ ਪਰ ਪੰਜਾਬੀ ਵਿਚ ਮੁਖ ਤੌਰ ਤੇ ਇਸ ਤੋਂ ਅਸੀ ਇਕ ਅਜਿਹੇ ਮਿੱਠੇ ਦਾ ਭਾਵ ਲੈਂਦੇ ਹਾਂ ਜੋ ਰਸ ਤੋਂ ਬਣਾਈ ਜਾਂਦੀ ਚਿੱਟੀ ਰਵੇਦਾਰ ਚੀਜ਼ ਹੈ। ਪੰਜਾਬ ਵਿਚ ਸੱਗਾ ਰੱਤੇ ਪ੍ਰਾਹੁਣੇ ਦੀ ਸੇਵਾ ਖੰਡ ਘਿਉ ਨਾਲ ਕੀਤੀ ਜਾਂਦੀ ਸੀ। ਬੋਲੀ ਹੈ, “ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮਝ ਮਰ ਜਾਏ।”
ਕਈ ਔਰਤਾਂ ਭਾਈਆਂ ਦੀਆਂ ਏਨੀਆਂ ਸ਼ਰਧਾਵਾਨ ਹੁੰਦੀਆਂ ਹਨ ਕਿ ਬੋਲੀ ਬਣੀ, “ਭਾਈਆਂ ਦੇ ਫੁਲਕੇ ਨੂੰ ਮੈਂ ਖੰਡ ਦਾ ਪਲੇਥਣ ਲਾਵਾਂ।” ਦੋ ਜਣਿਆਂ ਦੇ ਘਣੇ ਜੋੜ ਹੋਣ ਨੂੰ ਖੰਡ ਘਿਉ ਹੋਣਾ ਕਿਹਾ ਜਾਂਦਾ ਹੈ। ਵੰਡ ਛਕਣ ਅਤੇ ਇਕੱਠੇ ਰਹਿਣ ਦੀ ਸਲਾਹੁਤਾ ਕਰਦੀ ਕਹਾਵਤ ਹੈ, “ਅੱਡ ਖਾਏ ਹੱਡ ਖਾਏ, ਵੰਡ ਖਾਏ ਖੰਡ ਖਾਏ।” ਸ਼ੱਕਰ ਵਾਲੇ ਲੇਖ ਵਿਚ ਅਸੀਂ ਦੱਸਿਆ ਸੀ ਕਿ ਸ਼ੱਕਰ ਸ਼ਬਦ ਵਿਚ ਵੀ ਮੁਢਲਾ ਭਾਵ ਕਣਦਾਰ ਚੀਜ਼ ਤੋਂ ਹੀ ਹੈ ਕਿਉਂਕਿ ਇਸ ਦੇ ਪੂਰਬਲੇ ਰੂਪ ਸ਼ਰਕਰਾ ਦਾ ਅਰਥ ਰੇਤ ਕਣ, ਬਜਰੀ ਆਦਿ ਹੈ।
ਮੁਖ ਤੌਰ ‘ਤੇ ਖੰਡ ਤਿੰਨ ਤਰ੍ਹਾਂ ਦੀ ਹੁੰਦੀ ਹੈ-ਬੂਰਾ, ਦੇਸੀ ਅਤੇ ਦਾਣੇਦਾਰ, ਜਿਸ ਨੂੰ ਅਸੀਂ ਚੀਨੀ ਵੀ ਆਖ ਦਿੰਦੇ ਹਾਂ। ਰਸ ਆਦਿ ਤੋਂ ਤਿਆਰ ਮਿੱਠਾ ਕਿਸੇ ਤਰ੍ਹਾਂ ਦਾ ਵੀ ਹੋਵੇ, ਮੋਟੇ ਜਾਂ ਮਹੀਨ ਰਵਿਆਂ ਦੀ ਸ਼ਕਲ ਵਿਚ ਹੋਣਾ ਇਸ ਦਾ ਇਕ ਰਸਾਇਣਕ ਗੁਣ ਹੈ। ਲੂਣ ਅਤੇ ਬਰਫ ਵੀ ਰਵੇਦਾਰ ਹੁੰਦੇ ਹਨ। ਮਿੱਠੀ ਚੀਜ਼ ਵਿਚ ਮਿਠਾਸ ਘਟ ਹੋਵੇ ਤਾਂ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਇਸ ਵਿਚ ਕਣ ਜਾਂ ਕਣੀ ਨਹੀਂ। ਸੋ ਬੂਰਾ ਜਾਂ ਦੇਸੀ ਖੰਡ ਵੀ ਮਹੀਨ ਰਵਿਆਂ ਦੀ ਸ਼ਕਲ ਵਿਚ ਹੀ ਹੁੰਦੇ ਹਨ।
ਬਾਬਾ ਫਰੀਦ ਨੇ ਕੁਝ ਇਕ ਵਾਰੀ ਚੀਨੀ ਦੇ ਅਰਥਾਂ ਵਿਚ ਖੰਡ ਸ਼ਬਦ ਦੀ ਵਰਤੋਂ ਕੀਤੀ ਹੈ, “ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ” ਤੇ ਗੁਰੂ ਨਾਨਕ ਦੇਵ ਨੇ ਵੀ, “ਅੰਮ੍ਿਰਤ ਖੰਡੁ ਦੂਧਿ ਨਧੁ ਸੰਚਸਿ ਤੂ ਬਨ ਚਾਤੁਰ ਰੇ।” ਵਾਰਿਸ ਦੀ ਖੰਡ ਦੀ ਮਿਠਾਸ ਵੀ ਚਖੋ, ਜਦੋਂ ਹੀਰ ਰਾਂਝੇ ਨੂੰ ਚਾਕ ਵਜੋਂ ਰਖਵਾ ਲੈਂਦੀ ਹੈ ਤਾਂ ਉਸ ਨੂੰ ਧਰਵਾਸਾ ਦਿੰਦੀ ਹੈ,
ਮੱਖਣ ਖੰਡ ਪਰਾਵਠੇ ਖਾਹ ਮੀਆਂ,
ਮਹਿੰ ਛੇੜ ਦੇ ਰੱਬ ਦੇ ਆਸਰੇ ਤੇ।
ਹੁਸਨ ਘਬਰੋ ਰਾਂਝਿਆ ਜਾਲ ਮੀਆਂ,
ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ।
ਹੀਰ ਆਖਦੀ ਰੱਬ ਰੱਜ਼ਾਕ ਤੇਰਾ ਮੀਆਂ,
ਜਾਈਂ ਨਾ ਲੋਕਾਂ ਦੇ ਹਾਸੜੇ ਤੇ ।
ਮਹਿੰ ਛੇੜਦੇ ਝੱਲ ਦੇ ਵਿਚ ਮੀਆਂ,
ਆਪ ਹੋ ਬਹੇਂ ਇਕ ਪਾਸੜੇ ਤੇ।
‘ਨਾਦਰ ਸ਼ਾਹ ਦੀ ਵਾਰ’ ‘ਚੋਂ ਢੁਕਵੇਂ ਸ਼ਬਦ ਸਰਵਣ ਕਰੋ,
ਬਾਦਸ਼ਾਹ ਆਖੇ,
‘ਨਾਰਦ ਨੂੰ ਲੈ ਜਾਹੋ ਬਜ਼ਾਰੇ।
ਤੇ ਕਰ ਦਿਓ ਇਸ ਦੀ ਤਾਬਿਆ,
ਹਲਵਾਈ ਸਾਰੇ।
ਕੱਠੀ ਕਰ ਦਿਓ ਮੇਦਨੀ,
ਭਰ ਦਿਓ ਤਗ਼ਾਰੇ।
ਖੰਡ ਪੇੜੇ ਤੇ ਜਲੇਬੀਆਂ,
ਔਰ ਸ਼ੱਕਰਪਾਰੇ।
ਲੱਡੂ, ਮਠੇ ਮੋਹਨ ਭੋਗ,
ਤੇ ਗਰੀ ਛੁਹਾਰੇ।
ਨਾਰਦ ਆਵੇ ਨ੍ਹਾ ਕੇ,
ਬਹਿ ਵਰਤ ਉਪਾਰੇ।
ਪਰ ਰੋਟੀ ਖਾਹ ਦੁਆ ਦੇ,
ਬਹਿ ਠਾਕਰ ਦੁਆਰੇ।
ਚੀਨੀ ਵਾਲੇ ਅਰਥਾਂ ਤੋਂ ਇਲਾਵਾ ਸੰਸਕ੍ਰਿਤ ਵਿਚ ਖੰਡ ਦੇ ਅਰਥ ਰਾਬ, ਸੀਰਾ ਤੇ ਗੰਨਾ ਵੀ ਹੈ। ਖੰਡ ਸ਼ਬਦ ਦਾ ਮੁਢਲਾ ਅਰਥ ਟੁਕੜਾ, ਹਿੱਸਾ, ਭਾਗ, ਜ਼ੱਰਾ, ਕਣ ਆਦਿ ਹੈ। ਖੰਡ ਭੂਤਕਾਲਕ ਵਿਸ਼ੇਸ਼ਣ ਵਜੋਂ ਵੀ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਟੁੱਟਾ ਹੋਇਆ, ਭੰਗ, ਕੱਟਿਆ ਹੋਇਆ, “ਅਬਿਨਾਸੀ ਨਾਹੀ ਕਿਛੁ ਖੰਡ” -ਗੁਰੂ ਅਰਜਨ ਦੇਵ।
‘ਖੰਡ ਖੰਡ ਹੋਣਾ’ ਦਾ ਮਤਲਬ ਟੁਕੜੇ ਟੁਕੜੇ ਹੋਣਾ ਹੁੰਦਾ ਹੈ। ਟੁਕੜੇ ਦੇ ਅਰਥਾਂ ਵਿਚ ਭਗਤ ਰਵੀਦਾਸ ਦੀ ਤੁਕ ਹੈ, “ਖੰਡ ਖੰਡ ਕਰਿ ਭੋਜਨਿ ਕੀਨੋ ਤਊ ਨ ਬਿਸਰਿਓ ਪਾਨੀ॥” ਖੰਡ ਤੋਂ ਖੰਡਨ ਦਾ ਅਰਥ ਬਣਦਾ ਹੈ, ਕਿਸੇ ਨੂੰ ਕੱਟਣਾ, ਖਾਸ ਤੌਰ ‘ਤੇ ਕਿਸੇ ਦੀ ਦਲੀਲ ਨੂੰ ਕੱਟਣਾ। ਇਸ ਦੇ ਤੋੜਨ ਦੇ ਅਰਥ ਤੋਂ ਹੀ ਨਾਸ਼ ਕਰਨ ਦੇ ਅਰਥ ਬਣ ਜਾਂਦੇ ਹਨ, “ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖਮਡਨੁ” -ਗੁਰੂ ਰਾਮ ਦਾਸ। ਖੰਡਰ ਵੀ ਟੁੱਟੀ ਭੱਜੀ ਇਮਾਰਤ ਹੀ ਹੁੰਦੀ ਹੈ। ਖੰਡ ਸ਼ਬਦ ਦੇ ਟੁਕੜੇ ਦੇ ਅਰਥ ਤੋਂ ਹੀ ਇਸ ਦਾ ਅਰਥ ਵਿਕਾਸ ਕਰਕੇ ਭੂਮੀ ਦਾ ਹਿੱਸਾ, ਟੁਕੜਾ, ਪ੍ਰਦੇਸ਼, ਇਲਾਕਾ, ਖੇਤਰ ਦੇ ਭਾਵ ਅਖਤਿਆਰ ਕਰ ਲੈਂਦਾ ਹੈ। ਇਥੇ ਟੁਕੜਾ ਵੀ ਸਮੁੱਚ ਬਣ ਜਾਂਦਾ ਹੈ। ਬਹੁਤ ਸਾਰੇ ਪ੍ਰਦੇਸ਼ਾਂ ਦੇ ਨਾਂ ਪਿਛੇ ਖੰਡ ਪਿਛੇਤਰ ਲਗਦਾ ਹੈ ਜਿਵੇਂ ਝਾੜਖੰਡ, ਬੁੰਦੇਲਖੰਡ, ਰੁਹੇਲਖੰਡ, ਉਤਰਖੰਡ। ਗੁਰੂ ਗ੍ਰੰਥ ਸਾਹਿਬ ਵਿਚ ਇਸ ਭਾਵ ਦੀ ਚੋਖੀ ਵਰਤੋਂ ਹੋਈ ਹੈ। ਜੰਗਲੀ ਇਲਾਕੇ ਨੂੰ ਬਨ ਖੰਡ ਕਿਹਾ ਗਿਆ ਹੈ, “ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ” -ਗੁਰੂ ਨਾਨਕ ਦੇਵ। ਖੰਡ ਦਾ ਘੇਰਾ ਵਧਦਾ ਵਧਦਾ ਮਹਾਂਦੀਪ ਦਾ ਅਰਥ ਦੇਣ ਲਗਦਾ ਹੈ, ਖਾਸ ਤੌਰ ‘ਤੇ ਨਵ ਖੰਡ, ਖੰਡ-ਬ੍ਰਹਿਮੰਡ ਜਾਂ ਖੰਡ-ਵਰਭੰਡ ਸ਼ਬਦ ਜੁੱਟਾਂ ਵਿਚ, “ਨਉ ਖੰਡ ਪਿਰਥਮੀ ਫਿਰੈ ਚਿਰ ਜੀਵ”, ਧਰਤੀ ਨੂੰ ਨੌਂ ਮਹਾਂਦੀਪਾਂ ਵਿਚ ਵੰਡੀ ਹੋਈ ਸਮਝਿਆ ਜਾਂਦਾ ਸੀ ਜੋ ਆਧੁਨਿਕ ਸਮਝ ਅਨੁਸਾਰ ਦਰੁਸਤ ਨਹੀਂ ਹੈ; ‘ਖੰਡ ਬ੍ਰਹਮੰਡ ਕਾ ਏਕੋ ਠਾਣਾ॥’ -ਗੁਰੂ ਅਰਜਨ ਦੇਵ। ਵਰਭੰਡ ਸ਼ਬਦ ਬ੍ਰਹਿਮੰਡ ਦਾ ਹੀ ਵਿਗੜਿਆ ਰੂਪ ਹੈ, ਮੋਟੇ ਤੌਰ ‘ਤੇ ‘ਮ’ ਧੁਨੀ ‘ਭ’ ਧੁਨੀ ਵਿਚ ਵਟ ਗਈ ਹੈ। ਭਵ ਖੰਡਨਾ ਸ਼ਬਦ ਜੁੱਟ ਤੋਂ ਭਾਵ ਹੈ ਜਨਮ-ਮਰਨ ਤੋਂ ਮੁਕਤ ਕਰਨ ਵਾਲਾ, ‘ਕੈਸੀ ਆਰਤੀ ਹੋਇ ਭਵ ਖੰਡਨਾ।’ ਇਥੇ ਭਵ ਦਾ ਮਤਲਬ ਹੋਂਦ ਹੈ ਨਾ ਕਿ ਭੈਅ ਜਿਵੇਂ ਕਈ ਕਰਦੇ ਹਨ। ਖੰਡ ਸ਼ਬਦ ਭਾਵਵਾਚਕ ਵੀ ਹੋ ਜਾਂਦਾ ਹੈ, ਜਪੁ ਦੇ ਅੰਤ ਵਿਚ 34 ਤੋਂ 37ਵੀਂ ਪਉੜੀ ਤੱਕ ਆਤਮਿਕ ਚੜ੍ਹਾਈ ਦੀਆਂ ਪੰਜ ਅਵਸਥਾਵਾਂ ਦਾ ਵਰਨਣ ਹੈ, ਜਿਨ੍ਹਾਂ ਨੂੰ ਖੰਡ ਕਿਹਾ ਗਿਆ ਹੈ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ।
ਖੰਡ ਦਾ ਅਰਥ ਤਰੇੜਾਂ ਜਾਂ ਖੱਪਿਆਂ ਵਾਲਾ ਵੀ ਹੁੰਦਾ ਹੈ। ਇਸ ਦੇ ਕੱਟਣ ਵਾਲੇ ਗੁਣ ਤੋਂ ਹੀ ਖੰਡਾ ਜਾਂ ਖੜਗ ਸ਼ਬਦ ਵੀ ਬਣੇ, ‘ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ॥’ ਸ਼ਇਦ ਖੰਡਾ ਤੇ ਖੜਗ ਸ਼ਬਦ ਵੀ ਇਸੇ ਤੋਂ ਬਣੇ ਹਨ। ਖੰਡਾ ਦਾ ਇਕ ਰੁਪਾਂਤਰ ਹੈ ਖੰਨਾ, ‘ਖੰਨਿਅਹੁ ਤਿਖੀ ਵਾਲਹੁ ਨਿਕੀ’, ‘ਖੰਨਾ ਸਗਲ ਰੇਨੁ ਛਾਰੀ।’ ਖੰਨ ਕਿਰਿਆ ਦਾ ਅਰਥ ਟੁਕੜੇ-ਟੁਕੜੇ ਹੋਣਾ ਹੈ। ਗੁਰਬਾਣੀ ਵਿਚ ਸ਼ਬਦ ਦੇ ਇਸ ਰੂਪ ਦੀ ਬਹੁਤ ਵਰਤੋਂ ਮਿਲਦੀ ਹੈ ਤੇ ਇਸ ਦੇ ਟੋਟੇ ਹੋਣ ਦੇ ਭਾਵ ਤੋਂ ਪਰਮਾਤਮਾ ਤੇ ਕੁਰਬਾਨ ਹੋ ਜਾਣ ਦਾ ਆਸ਼ਾ ਹੈ, ‘ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸ॥’ (ਗੁਰੂ ਰਾਮ ਦਾਸ) ਅਰਥਾਤ ਜੋ ਮੈਨੂੰ ਨਾਮ ਦਾ ਚਾਨਣ ਦੇ ਦੇਵੇ ਮੈਂ ਉਸ ਉਤੇ ਕੁਰਬਾਨ (ਚਾਰ ਟੋਟੇ) ਹੋ ਜਾਵਾਂ। ਖੰਨਾ ਦਾ ਇਕ ਹੋਰ ਅਰਥ ਰੋਟੀ ਦਾ ਟੁਕੜਾ ਹੈ। ਅੱਧੀ ਜਾਂ ਕਈ ਪ੍ਰਸੰਗਾਂ ਵਿਚ ਚੌਥਾ ਹਿੱਸਾ ਰੋਟੀ ਨੂੰ ਖੰਨੀ ਵੀ ਕਿਹਾ ਜਾਂਦਾ ਹੈ। ਖੰਨੀ ਖੰਨੀ ਰੋਟੀ ਖਾਣਾ ਇਕ ਮੁਹਾਵਰਾ ਵੀ ਹੈ ਅਰਥਾਤ ਗਰੀਬੀ ਜਾਂ ਮੁਸ਼ਕਲ ਕਾਰਨ ਥੋੜਾ ਖਾਣ ਨੂੰ ਮਿਲਣਾ। ‘ਇਕਨਾ ਖੰਨੀ ਨੂੰ ਤਰਸਾਵੇਂ, ਇਕ ਵੰਡ ਵੰਡ ਦੇਂਦੇ ਨੇ ਸਾਰੀਆਂ ਵੈ’-ਸ਼ਾਹ ਹੁਸੈਨ।
ਕਿਸੇ ਪੁਸਤਕ ਦਾ ਕਾਂਡ, ਭਾਗ ਆਦਿ ਵੀ ਖੰਡ ਹੈ। ਰਤਨਮਾਲਾ ਵਿਚ ਅੰਮ੍ਰਿਤਧਾਰੀ ਸਿੱਖ ਨੂੰ ਵੀ ਖੰਡ ਕਿਹਾ ਗਿਆ ਹੈ। ਗਣਿਤ ਦੇ ਸਮੀਕਰਣ ਵਿਚ ਖੰਡ ਦਾ ਅਰਥ ਗਿਣਤੀ ਜਿਹਾ ਵੀ ਹੈ ਜਿਵੇਂ ਗੁਣਨਖੰਡ। ਇਕਾਈ ਜਾਂ ਸਮੂਹ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਜਿਵੇਂ ਘੁਮਾਂ ਖੰਡ, ਸਾਲ ਖੰਡ, ਮਹੀਨਾ ਖੰਡ ਸ਼ਬਦ ਜੁੱਟਾਂ ਵਿਚ। ਫਿਰ ਇਸ ਦਾ ਅਰਥ ਤੇੜ, ਖੱਪਾ, ਦਰਾੜ ਆਦਿ ਵੀ ਹੈ। ਨਿਚੋੜੇ ਹੋਏ ਦਹੀਂ ਵਿਚ ਖੰਡ ਪਾ ਕੇ ਇਕ ਮਰਾਠੀ, ਗੁਜਰਾਤੀ ਵਿਅੰਜਨ ਬਣਾਇਆ ਜਾਂਦਾ ਹੈ ਜਿਸ ਨੂੰ ਸ਼੍ਰੀਖੰਡ ਕਿਹਾ ਜਾਂਦਾ ਹੈ। ਸ਼ਰਧਾ ਵਜੋਂ ਚੰਦਨ ਲਈ ਵੀ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ। ਹਾਥੀ ਦੰਦ ਨੂੰ ਦੰਦ-ਖੰਡ ਕਿਹਾ ਜਾਂਦਾ ਹੈ, ਭਾਵ ਦੰਦ ਦਾ ਟੁਕੜਾ।
ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਖੰਡ ਸ਼ਬਦ ਦੇ ਆਪਣੇ ਆਪਣੇ ਰੁਪਾਂਤਰ ਮਿਲਦੇ ਹਨ, ਮਸਲਨ ਹਿੰਦੀ ਵਿਚ ਖਾਂਡ, ਤਾਮਿਲ ਵਿਚ ਕਾਟੂ, ਕੰਨੜ ਵਿਚ ਕਿਆਂਦੀ। ਫਾਰਸੀ ਵਿਚ ਜਾ ਕੇ ਇਸ ਸ਼ਬਦ ਦਾ ਰੂਪ ਹੋਇਆ ਕੰਦ। ਕੰਦ ਕੁਝ ਸ਼ਬਦਾਂ ਵਿਚ ਪਿਛੇਤਰ ਲੱਗ ਕੇ ਮਿੱਠੇ ਦਾ ਭਾਵ ਦਿੰਦਾ ਹੈ ਜਿਵੇਂ ਕਲਾਕੰਦ, ਗੁਲਕੰਦ ਤੇ ਕੁਝ ਵਿਚ ਖੇਤਰ, ਪ੍ਰਦੇਸ਼ ਆਦਿ ਦਾ ਜਿਵੇਂ ਤਾਸ਼ਕੰਦ (ਤਾਸ਼ ਦਾ ਤੁਰਕਿਕ ਵਿਚ ਅਰਥ ਹੈ ਪੱਥਰ), ਸਮਰਕੰਦ (ਸ਼ਾਬਦਿਕ ਅਰਥ ਯੁਧਖੇਤਰ, ਗਰੀਕ ਵਿਚ ਮਾਰਕੰਡ), ਯਾਰਕੰਦ (ਚੀਨੀ ਸ਼ਹਿਰ), ਉਜ਼ਕੰਦ ਆਦਿ। ਕੰਦ ਫਾਰਸੀ ਤੋਂ ਅਰਬੀ ਵਿਚ ਹੁੰਦਾ ਹੋਇਆ ਫਰਾਂਸੀਸੀ ਵਿਚ ਜਾ ਵੜਿਆ। ਫਰਾਂਸੀਸੀ ਵਿਚ ਇਕ ਸ਼ਬਦ ਜੁੱਟ ਬਣਿਆ ‘ਸਿਉਕਰ ਕੋਂਦੀ’ ਜੋ ਅੰਗਰੇਜ਼ੀ ਵਿਚ ਪਹਿਲਾਂ ਸ਼ੂਗਰ ਕੈਂਡੀ ਵਜੋਂ ਪ੍ਰਚਲਤ ਹੋਇਆ ਪਰ ਹੌਲੀ-ਹੌਲੀ ਸ਼ੂਗਰ ਨਾਲੋਂ ਲੱਥ ਗਿਆ ਤੇ ਸ਼ਬਦ ਰਹਿ ਗਿਆ-ਕੈਂਡੀ। ਇਸ ਦੇ ਅਰਥਾਂ ਵਿਚ ਵੀ ਕੁਝ ਤਬਦੀਲੀ ਆ ਗਈ। ਕੈਂਡੀ ਮਿੱਠੀ ਅਰਥਾਤ ਖੰਡ ਦੀ ਗੋਲੀ ਨੂੰ ਕਿਹਾ ਜਾਂਦਾ ਹੈ। ਲੱਛੇ ਨੂੰ ਅੰਗਰੇਜ਼ੀ ਵਿਚ ਕੌਟਨ ਕੈਂਡੀ ਜਾਂ ਕੈਂਡੀ ਫਲੌਸ ਕਹਿੰਦੇ ਹਨ।
ਖੰਡ ਤੋਂ ਹੀ ਖਿੰਡਣਾ ਸ਼ਬਦ ਬਣਿਆ ਹੈ ਅਰਥਾਤ ਜ਼ੱਰਿਆ ਜਾਂ ਟੁਕੜਿਆਂ ਦੇ ਰੂਪ ਵਿਚ ਬਿਖਰ ਜਾਣਾ। ਖਿੰਡ-ਪੁੰਡ ਜਾਣਾ ਮੁਹਾਵਰਾ ਵੀ ਹੈ। ਫੁੱਲ ਆਦਿ ਦਾ ਖਿੜਨਾ ਵੀ ਖਿੰਡਣਾ ਨਾਲ ਜਾ ਜੁੜਦਾ ਹੈ। ਕਿਸੇ ਦੇ ਮੂੰਹ ਦੇ ਖਿੜਨ ਤੋਂ ਭਾਵ ਹੈ ਖੁਸ਼ੀ ਆਦਿ ਵਿਚ ਉਸ ਦਾ ਫੈਲ ਜਾਣਾ। ਅਜਿਹਾ ਖੂਨ ਦੇ ਦੌਰੇ ਦੇ ਵਧਣ ਨਾਲ ਹੁੰਦਾ ਹੈ। ਭੁੱਜ ਕੇ ਖਿੜੀ ਹੋਈ ਵਸਤੂ ਜਿਵੇਂ ਮੱਕੀ ਜਾਂ ਫਟਕੜੀ ਨੂੰ ਖਿਲ ਕਿਹਾ ਜਾਂਦਾ ਹੈ। ਖਿਲਰਨਾ ਇਸ ਦਾ ਇਕ ਹੋਰ ਰੂਪ ਹੈ। ਛੱਤ ਦੇ ਦੋ ਸ਼ਤੀਰਾਂ ਦੇ ਵਿਚਕਾਰਲੇ ਭਾਗ ਨੂੰ ਖਾਨਾ ਜਾਂ ਖਣ ਕਿਹਾ ਜਾਂਦਾ ਹੈ, ‘ਕਣਕ ਆਈ ਤੇ ਦੋ ਖਣ ਛੱਤ ਲਵਾਂਗੇ।’ ਇਹ ਸ਼ਬਦ ਵੀ ਖੰਡ ਤੋਂ ਵਿਕਸਿਤ ਹੋਏ ਹਨ। ਜੀਵਾਂ ਦੀ ਉਤਪਤੀ ਦੀ ਪ੍ਰਧਾਨ ਵੰਡ ਅਰਥਾਤ ਅੰਡਜ, ਜੇਰਜ, ਸੇਤਜ ਉਤਭੁਜ ਨੂੰ ਖਾਣੀ ਕਿਹਾ ਜਾਂਦਾ ਹੈ, ‘ਕਈ ਕੋਟਿ ਖਾਣੀ ਅਰੁ ਖੰਡ’ -ਗੁਰੂ ਅਰਜਨ ਦੇਵ। ਹੋਰ ਦੇਖੋ, ‘ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ।’ ਖਾਣੀ ਸ਼ਬਦ ਵੀ ਖੰਡ ਦੇ ਟੁਕੜੇ, ਹਿੱਸੇ ਆਦਿ ਦੇ ਭਾਵ ਤੋਂ ਵਿਕਸਿਤ ਹੋਇਆ ਹੈ।