ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀਆਂ ਗੱਲਾਂ

ਐਸ਼ ਅਸ਼ੋਕ ਭੌਰਾ
ਪੈਸੇ ਵਾਲਿਆਂ ਦੇ ਯਾਰ ਆਮ ਤੌਰ ‘ਤੇ ਪੈਸੇ ਵਾਲੇ ਹੀ ਹੁੰਦੇ ਨੇ, ਜਾਂ ਉਹ ਜਿਨ੍ਹਾਂ ਨਾਲ ਰਹਿ ਕੇ ਪੈਸਾ ਹੋਰ ਕਮਾਇਆ ਜਾ ਸਕਦਾ ਹੈ, ਪਰ ਜਿਨ੍ਹਾਂ ਪੈਸੇ ਵਾਲਿਆਂ ਨੇ ਕਲਾ ਤੇ ਕ੍ਰਿਤ ਨਾਲ ਪਿਆਰ ਤੇ ਕਲਾਕਾਰ ਨੂੰ ਹੱਲਾਸ਼ੇਰੀ ਦਿੱਤੀ ਹੈ, ਉਨ੍ਹਾਂ ਦੀ ਹਾਲਤ ਇਹੀ ਬਣਦੀ ਹੈ ਜਿਵੇਂ ਨੱਚ ਕੋਈ ਹੇਠਾਂ ਰਿਹਾ ਹੋਵੇ, ਤੇ ਢੋਲ ਚੁਬਾਰੇ ‘ਤੇ ਵੱਜਣ ਲੱਗ ਪਵੇ।

ਮਜ਼ਦੂਰਾਂ ਦੇ ਹੱਕ ਖਾਣ ਦਾ ਇਲਜ਼ਾਮ ਭਾਵੇਂ ਲਗਦਾ ਰਿਹਾ ਹੈ, ਪਰ ਸ਼ਾਹ ਜਹਾਂ ਤੇ ਤਾਜ ਮਹਿਲ ਨੂੰ ਬਾਦਸ਼ਾਹ ਤੇ ਕਲਾ ਦੀ ਗਲਵੱਕੜੀ ਕਿਹਾ ਜਾਂਦਾ ਰਹੇਗਾ।
ਪੰਜਾਬੀ ਗਾਇਕੀ ਤੇ ਚਰਨਜੀਤ ਆਹੂਜਾ ਦਾ ਰਿਸ਼ਤਾ ਉਹੀ ਹੈ ਜਿਸ ਦਾ ਮੈਂ ਉਪਰ ਜ਼ਿਕਰ ਕੀਤਾ ਹੈ। ਜਿਸ ਕੰਮ ਨੂੰ ਸਿਆਣੇ ਲੋਕ ਆਮ ਕਰ ਕੇ ਕੰਜਰਖਾਨਾ ਕਹਿੰਦੇ ਸਨ, ਉਸ ਕੰਮ ਨੂੰ ਚਰਨਜੀਤ ਆਹੂਜਾ ਨੇ ਇੱਜ਼ਤ ਤੇ ਸਤਿਕਾਰ ਹੀ ਨਹੀਂ ਦਿਵਾਇਆ, ਸਗੋਂ ਗਾਇਕਾਂ ਨੂੰ ਖਾਣ-ਪੀਣ, ਪਹਿਨਣ, ਵਿਚਰਨ, ਕਮਾਉਣ ਤੇ ਆਪਣਾ ਮੁੱਲ ਪੁਆਉਣ ਦਾ ਹੁਨਰ ਵੀ ਉਸੇ ਨੇ ਲੈ ਕੇ ਦਿੱਤਾ।
ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਜਿਸ ਹਸਤੀ ਨੂੰ ਸੰਗੀਤ ਸਮਰਾਟ ਕਹਿੰਦੇ ਹਨ, ਉਹਦੇ ਨਾਲ ਮੈਂ ਪੂਰੇ ਚੌਂਤੀ ਸਾਲ ਵਿਚਰਦਾ ਰਿਹਾ ਹਾਂ। ਨਾਲੇ ਜਿਸ ਜੈ ਦੇਵ, ਬਬਲੂ ਦੀ ਇਸ ਵਕਤ ਮੁੰਬਈ ਵਿਚ ਚੜ੍ਹਾਈ ਹੈ ਤੇ ਜਿਹੜੇ ਪੰਜਾਬ ਦੇ ਗਾਇਕਾਂ ਲਈ ਮਹਿੰਗੇ ਸੰਗੀਤਕਾਰ ਹਨ, ਉਹ ਕਦੇ ਚਰਨਜੀਤ ਨਾਲ ਤੇ ਉਹਦੇ ਲਈ ਕੰਮ ਕਰਦੇ ਰਹੇ ਹਨ। ‘ਸਾਗਾ’ ਹੋਂਦ ਵਿਚ ਆਉਣ, ਤੇ ਉਸ ਤੋਂ ਪਹਿਲਾਂ ‘ਮਿਊਜ਼ਿਕ ਬੈਂਕ’ ਦੀ ਬੁਲੰਦੀ ਵੇਲੇ ਇਨ੍ਹਾਂ ਨੂੰ ਆਹੂਜਾ ਕਿਹਾ ਕਰਦਾ ਸੀ, ‘ਜਾਓ! ਅਸ਼ੋਕ ਨੂੰ ਚਾਹ ਪਿਆ ਕੇ ਲਿਆਓ।’ ਜੈ ਦੇਵ ਹੋਰੀਂ ਵੀ ਮੰਨਦੇ ਹਨ ਤੇ ਚਰਨਜੀਤ ਵੀ ਇਹ ਗੱਲ ਸਵੀਕਾਰਦਾ ਹੈ ਕਿ ਟੀਸੀ ਦਾ ਇਹ ਬੇਰ ਤੋੜਨ ਵਾਲੇ ਉਸ ਤੋਂ ਅਗਲੀ ਗੱਲ ਹਨ।
ਜੇ ਪੰਜਾਬੀ ਗਾਇਕੀ ਦਾ ਬਹੁਤਾ ਲਾਣਾ ਇਸ ਵੇਲੇ ਕੁਰਾਹੇ ਪੈ ਗਿਆ ਹੈ, ਜੇ ਰਿਸ਼ਤੇ ਫੂਕ ਦਿੱਤੇ ਗਏ ਨੇ, ਜੇ ਗਾਇਕ ਵਪਾਰੀ ਬਣ ਗਏ ਨੇ, ਜੇ ਨਿਮਰਤਾ ਤੇ ਸਾਦਗੀ ਨਾਲੋਂ ਫਤੂਰ ਤੇ ਫੁਕਰਾਪਨ ਸਿਰ ਨੂੰ ਆਣ ਚੜ੍ਹਿਆ ਹੈ, ਤਾਂ ਇਸ ਕਰ ਕੇ ਕਿ ਮਰਨ ਤੋਂ ਪਹਿਲਾਂ ਹਰ ਕੋਈ ਸ਼ਹੀਦੀ ਦਾ ਵਟਣਾ ਲਾਉਣ ਦੀ ਤਾਕ ਵਿਚ ਹੈ; ਮਤਲਬ, ਕਈ ਵਿਚਾਰੇ ਗਾਇਕ ਵੀ ਨਹੀਂ ਸਨ, ਪਰ ਲੋਕ ਗਾਇਕ ਅਖਵਾਉਣ ਦੇ ਦਾਅਵੇਦਾਰ ਹੋ ਗਏ। ਪੰਨਾ ਨਾਲ, ਸੋਹਣ ਲਾਲ, ਜਸਵੰਤ ਭੰਵਰਾ ਤੇ ਕੇਸਰ ਸਿੰਘ ਨਰੂਲਾ ਤੋਂ ਬਾਅਦ ਜੇ ਵੰਡ ਤੋਂ ਮਗਰਲੀ ਗਾਇਕੀ ਦਾ ਮੁਲੰਕਣ ਕਰੀਏ ਤਾਂ ਇਸ ਇਨਕਲਾਬ ਦਾ ਸਿਹਰਾ ਚਰਨਜੀਤ ਆਹੂਜਾ ਨੂੰ ਹੀ ਜਾਂਦਾ ਹੈ।
ਰਤਾ ਇਕਾਗਰ ਚਿੱਤ ਹੋ ਕੇ ਦੇਖੋ- ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਦਿਲ ਸਾਫ਼ ਹੋਣਾ ਚਾਹੀਦਾ’ ਨਾਲ ਗੁਰਦਾਸ ਮਾਨ ਕਿਥੇ ਚਲਾ ਗਿਆ ਸੀ, ਸੁਰਿੰਦਰ ਸ਼ਿੰਦਾ ਨੂੰ ‘ਜਿਓਣਾ ਮੌੜ’ ਨਾਲ ਲੰਮਾ ਸਮਾਂ ਰਿਜ਼ਰਵ ਬੈਂਕ ‘ਤੇ ਹੱਥ ਰੱਖਣ ਵਾਂਗ ਹਾਲਾਤ ਕੀਹਨੇ ਬਣਾਏ ਸਨ, ਚਮਕੀਲੇ ਦੇ ਹਿੱਟ ਗੀਤਾਂ ਦਾ ਕੀ ਰਾਜ਼ ਸੀ, ਹਰਭਜਨ ਮਾਨ ‘ਚਿੱਠੀਏ ਨੀ ਚਿੱਠੀਏ’ ਨਾਲ ਕਿਥੇ ਅੱਪੜਿਆ ਸੀ, ‘ਜਦ ਵਿਛੜੇਂਗੀ ਪਤਾ ਲੱਗ ਜੂ’ਗਾ’ ਨਾਲ ਬੁੱਗੇ ਨੂੰ ਕਿੰਨੀ ਵੱਡੀ ਬ੍ਰੇਕ ਮਿਲੀ ਸੀ। ਇਵੇਂ ਹੀ ਦੁਰਗੇ ਰੰਗੀਲੇ ਨੂੰ ‘ਖੁਫੀਆ ਜਸ਼ਨ’ ਨਾਲ ਚਰਨਜੀਤ ਨੇ ਕੀ ਦਿੱਤਾ ਸੀ, ਕਮਲਜੀਤ ਨੀਰੂ ਦੇ ਹਿੱਟ ਹੋਣ ਦੇ ਕੀ ਰਾਜ਼ ਹਨ। ਹੰਸ ਰਾਜ ਹੰਸ, ਸਰਦੂਲ ਸਿਕੰਦਰ ਤੇ ਸੁਖਵਿੰਦਰ ਨੂੰ ਸਿੱਧੀਆਂ ਪੌੜੀਆਂ ਤਾਂ ਆਹੂਜਾ ਨੇ ਹੀ ਚੜ੍ਹਾਈਆਂ ਹਨ, ਵੱਖਰੀ ਗੱਲ ਹੈ ਕਿ ਵਪਾਰ ਮੰਡੀ ਵਿਚ ਸੌਦਾ ਫਿਰ ਕਈ ਥਾਂ ਮਿਲਣ ਤੇ ਵਿਕਣ ਲੱਗ ਪੈਂਦਾ ਹੈ। ਦੇਬੀ ਮਖਸੂਸਪੁਰੀ, ਦਵਿੰਦਰ ਖੰਨੇਵਾਲਾ, ਸਵਰਨ ਸਿਵੀਆ, ਸੰਜੀਵ ਆਨੰਦ, ਜਸਵੀਰ ਗੁਣਾਚੌਰੀਆ ਤੋਂ ਲਾਲ ਅਠੌਲੀ ਵਾਲੇ ਤੱਕ ਸਾਰੇ ਗੀਤਕਾਰ ਪਹਿਲੀ ਆਰਤੀ ਚਰਨਜੀਤ ਆਹੂਜਾ ਦੀ ਇਸ ਕਰ ਕੇ ਉਤਾਰਦੇ ਰਹਿਣਗੇ, ਕਿਉਂਕਿ ਸ਼ੋਹਰਤ ਦੀ ਤਿੱਲੇ ਵਾਲੀ ਜੁੱਤੀ ਸਭ ਤੋਂ ਪਹਿਲਾਂ ਇਨ੍ਹਾਂ ਦੇ ਪੈਰੀਂ ਪੁਆਈ ਹੀ ਉਸ ਨੇ ਸੀ।
ਇਕ ਅੰਕੜਾ ਪੰਜਾਬੀ ਗਾਇਕੀ ਵਿਚ ਬਣਿਆ ਰਹੇਗਾ ਕਿ ‘ਜਿਓਣਾ ਮੌੜ’ ਸੁਰਿੰਦਰ ਸ਼ਿੰਦੇ ਦਾ ਹਿੱਟ ਹੋਇਆ, ਪਰ ਉਸ ਦੀ ਇਕ ਨਿਸ਼ਾਨੀ ਚਰਨਜੀਤ ਆਹੂਜਾ ਰਾਹੀਂ ਹੁੰਦੀ ਹੋਈ ਸਰਦੂਲ ਸਿਕੰਦਰ ਕੋਲ ਖੰਨੇ ਸਾਂਭੀ ਪਈ ਹੈ। ‘ਜਿਓਣਾ ਮੌੜ’ ਨਾਲ ਸ਼ਿੰਦੇ ਦੀ ਸਿਖਰ ਹੋਈ ਤਾਂ ਉਹਨੇ ਚਿੱਟੀ ਅੰਬੈਸਡਰ ਕਾਰ ਚਰਨਜੀਤ ਆਹੂਜਾ ਨੂੰ ਤਾਂ ਪਤਾ ਨਹੀਂ ਕਿੰਨੇ ਦੀ ਵੇਚੀ ਹੋਵੇਗੀ, ਪਰ ‘ਰੋਡਵੇਜ਼ ਦੀ ਲਾਰੀ’ ਚੜ੍ਹਨ ਪਿਛੋਂ ਸਰਦੂਲ ਨੇ ਇਹ ਕਾਰ ਉਸ ਤੋਂ ਚਾਲੀ ਹਜ਼ਾਰ ਦੀ ਖਰੀਦੀ ਤੇ ਉਹਨੇ ਇਹ ਇਸ ਕਰ ਕੇ ਸਾਂਭੀ ਹੋਈ ਹੈ ਕਿ ਸੰਘਰਸ਼ ਦੀ ਜੰਗ ਦੌਰਾਨ ਨੈਪੋਲੀਅਨ ਵਾਂਗ ਪ੍ਰੇਮਿਕਾ ਦੇ ਖਤ ਵੀ ਮਹੱਤਵਪੂਰਨ ਹੁੰਦੇ ਹਨ।
ਮੇਰਾ ਜਦੋਂ ਵਿਅਕਤੀਗਤ ਰੂਪ ਵਿਚ ਚਰਨਜੀਤ ਆਹੂਜਾ ਨਾਲ ਮੇਲ ਹੋਇਆ ਤਾਂ ਇਹ ਗੱਲ 1981-82 ਦੀ ਹੋਵੇਗੀ। ਸਾਡੀ ਮੁਹੱਬਤ ਨੂੰ ਕਲਿਪ ਇਸ ਕਰ ਕੇ ਲੱਗ ਗਿਆ ਕਿਉਂਕਿ ਦਰਿਆਗੰਜ ਦੀ ਭਰਤ ਰਾਮ ਰੋਡ ‘ਤੇ ਸਥਿਤ ਸਟੂਡੀਓ ਵਿਚ ਜਦੋਂ ਮੈਂ ਪੌੜੀਆਂ ਚੜ੍ਹਿਆ ਤਾਂ ਉਹ ਖਾਣਾ ਖਾ ਰਿਹਾ ਸੀ। ਉਦੋਂ ‘ਜਿਓਣਾ ਮੌੜ’ ਅਤੇ ਮਾਣਕ ਦਾ ‘ਜੁਗਨੀ ਯਾਰਾਂ ਦੀ’ ਉਹਦੇ ਸੰਗੀਤ ਹੇਠ ਹਿੱਟ ਹੀ ਨਹੀਂ, ਸਗੋਂ ਹਰ ਪੰਜਾਬੀ ਦੇ ਲਬਾਂ ‘ਤੇ ਸਨ, ਤੇ ਉਦੋਂ ਉਹਦੇ ਮੂੰਹੋਂ ਪਹਿਲਾ ਸੰਵਾਦ ਸੁਣਿਆ, “ਅਸ਼ੋਕ, ਆ ਜਾ, ‘ਕੱਠੇ ਖਾ ਲੈਨੇ ਆਂ ਖਾਣਾ।” ਰੋਟੀ ਤਾਂ ਭਾਵੇਂ ਇਕ ਹੀ ਖਾਧੀ ਸੀ, ਪਰ ਮਹਾਨ ਸੰਗੀਤਕਾਰ ਨਾਲ ਹੱਥ ਘੁੱਟ ਕੇ ਮਿਲਣ ਦੀ ਥਾਂ ਜੁੜ ਹੀ ਗਿਆ ਸੀ।
ਨਾਲ ਲਗਦੀ ਘਟਨਾ ਇਹ ਸੀ ਕਿ ਐਚæਐਮæਵੀæ ਵਰਗੀ ਵੱਡੀ ਗ੍ਰਾਮੋਫੋਨ ਕੰਪਨੀ ਬਿਰਲਾ ਗਰੁਪ ਦੇ ਹੱਥਾਂ ਵਿਚ ਚਲੇ ਗਈ। ਆਰæਪੀæਜੀæ (ਰਾਮ ਪ੍ਰਕਾਸ਼ ਗੋਇਨਕਾ) ਉਦੋਂ ਹੀ ਕੰਪਨੀ ਦੀਆਂ ਟੇਪਾਂ ਤੇ ਤਵਿਆਂ ਉਤੇ ਲਿਖਿਆ ਜਾਣ ਲੱਗਾ ਸੀ। ਚਰਨਜੀਤ ਨੇ ਮੈਨੂੰ ਕੁਝ ਫੋਟੋਆਂ ਦਿੱਤੀਆਂ ਜੋ ਗੋਇਨਕਾ ਵਲੋਂ ਇਕ ਖਾਸ ਸਮਾਗਮ ਦੀਆਂ ਸਨ। ਮੈਂ ‘ਦਿੱਲੀ ਡਾਇਰੀ’ ਬਣਾ ਕੇ ਜਦੋਂ ਬਰਜਿੰਦਰ ਸਿੰਘ ਹਮਦਰਦ ਕੋਲ ਗਿਆ ਤਾਂ ਉਹ ਹੱਸ ਪਏ, ‘ਤੂੰ ਬੰਗਿਆਂ ਦੀ ਡਾਇਰੀ ਲਿਖ, ਅਜੇ ਨਿਆਣੈਂæææ ਦਿੱਲੀ ਦੀਆਂ ਛਾਲਾਂ ਨਾ ਮਾਰ।’ ਖੈਰ! ਇਹ ਡਾਇਰੀ ਛਪਣ ਨਾਲ ਜਿਵੇਂ ਵੱਡੀ ਕੰਪਨੀ ਦਾ ਸੰਗੀਤਕ ਪੱਖ ਮੇਰੇ ਨਾਂ ਇੰਤਕਾਲ ਵਾਂਗ ਚੜ੍ਹ ਗਿਆ ਹੋਵੇ।
ਫਿਰ ਘਰ ਤੋਂ ਦਿੱਲੀ, ਦਿੱਲੀ ਵਿਚ ਐਚæਐਮæਵੀæ ਤੇ ਉਥੇ ਚਰਨਜੀਤ ਆਹੂਜਾ। ਪੜ੍ਹਾਈ ਨਾਲ ਇਹ ਖਾਹ-ਮਖਾਹ ਸੰਘਰਸ਼ ਸਿਰਫ ਇਸ ਕਰ ਕੇ ਸ਼ੁਰੂ ਹੋ ਗਿਆ ਸੀ ਕਿ ਅੰਦਰ ਦੇਵ ਥਰੀਕਿਆਂ ਵਾਲਾ ਬਣਨ ਦੀਆਂ ਦੁਹਾਈਆਂ ਪੈ ਰਹੀਆਂ ਸਨ। ਜਿਵੇਂ ਮੇਲਿਆਂ ਵਿਚ ਜਨਾਨੀਆਂ ਦੇ ਮੋਢਾ ਮਾਰ ਕੇ ਲੰਘਣਾ ਤਾਂ ਕੁਝ ਨਹੀਂ ਹੁੰਦਾ, ਬੰਦਾ ਜੁੱਤੀਆਂ ਨੂੰ ਥਾਂ ਸਿਰ ਜ਼ਰੂਰ ਕਰ ਲੈਂਦਾ ਹੈ; ਇਵੇਂ ਨਿਆਣ-ਬੁੱਧੀ ਨਾਲ ਇਕ ਗੀਤ ਮੇਰਾ ਵੀ ਰਿਕਾਰਡ ਹੋ ਗਿਆ ਉਹਦੇ ਸੰਗੀਤ ਹੇਠ, ਪਰ ਗਾਉਣ ਵਾਲੀਆਂ ਆਵਾਜ਼ਾਂ ਦੇ ਨਾਂ ਇਸ ਕਰ ਕੇ ਨਹੀਂ ਦੱਸ ਸਕਾਂਗਾ ਕਿ ਜਿੰਨੇ ਕੁ ਮੈਨੂੰ ਸਾਹਿਤਕਾਰ ਮੰਨਦੇ ਹਨ, ਉਹ ਫਿੱਟ ਲਾਹਨਤ ਪਾਉਣਗੇ; ਤੇ ਜਿਹੜੇ ਵਿਰੋਧੀ ਜਾਂ ਸ਼ਰੀਕੇ ਵਿਚੋਂ ਹਨ, ਉਹ ਜੱਖਣਾ ਤੇ ਦਫ਼ਾ ਪੁੱਟ ਦੇਣਗੇ। ਊਂ ਉਸ ਦੋ-ਗਾਣੇ ਦੇ ਬੋਲ ਜ਼ਰੂਰ ਦੱਸ ਦਿੰਨਾਂ, ‘ਜਦੋਂ ਦਾ ਜੱਟ ਫੇਰ ਗਿਆ ਹੱਥ, ਬੜਾ ਪੈਰੀਂ ਹੱਥ ਲਾਉਂਦੀ ਆਂ।’ ਘਰ ਵਿਚ ਤਾਂ ਮੈਂ ਕਿਸੇ ਨੂੰ ਉਦੋਂ ਸੁਣਾਇਆ ਨਹੀਂ, ਆਪਣੇ ਇਕ ਅਧਿਆਪਕ ਕੋਲ ਬੋਲ ਸਾਂਝੇ ਕੀਤੇ ਤਾਂ ਪਹਿਲਾਂ ਤਾਂ ਉਹ ਇਹ ਕਹਿ ਕੇ ਹੱਸ ਪਿਆ, ‘ਜੱਟਾਂ ਦਾ ਮੁੰਡਾ ਤਾਂ ਤੂੰ ਹੈ ਨ੍ਹੀਂ, ਪਰ ਝੱਗੇ ਉਨ੍ਹਾਂ ਦੇ ਪਤਾ ਨਹੀਂ ਕਿਧਰੋਂ ਦੀ ਹੋ ਕੇ ਚੱਕ’ਤੇ’। ਨਾਲ ਹੀ ਅੱਗ ਦੀ ਨਾਲ ਬਣ ਗਿਆ, ‘ਮੈਂ ਤਾਂ ਤੈਨੂੰ ਚੰਗਾ ਸਿਆਣਾ ਸਮਝਦਾ ਸੀ, ਤੂੰ ਤਾਂ ਲੁੱਚਾ ਨਿਕਲਿਆ। ਹੈਦਾਂ ਦੀਆਂ ਜੁੱਤੀਆਂ ਖਾਣ ਵਾਲੀਆਂ ਪ੍ਰਾਪਤੀਆਂ ਲੈ ਕੇ ਮੇਰੇ ਕੋਲ ਨਾ ਮੁੜ ਕੇ ਆਵੀਂ।’ ਅਹਿਸਾਸ ਤਾਂ ਮੈਨੂੰ ਹੋ ਗਿਆ ਸੀ ਕਿ ਚੁਪੇੜ ਇਕ ਪਾਸੇ ਵੱਜੀ ਹੈ, ਪਰ ਮੂੰਹ ਦੋਹਾਂ ਪਾਸਿਆਂ ਤੋਂ ਲਾਲ ਹੋ ਗਿਆ ਸੀ।
ਫਿਰ ਬਲੂ ਸਟਾਰ ਅਪ੍ਰੇਸ਼ਨ ਹੋ ਗਿਆ। ਮੇਰੀ ਸੋਚ ‘ਤੇ ਕੁਝ ਅਸਰ ਹੋਇਆ। ਇਸੇ ਸਾਲ ਹੀ ਲੋਕ ਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਸਟਾਰ ਰਿਕਾਰਡਿੰਗ ਕੰਪਨੀ ਖੋਲ੍ਹ ਕੇ ਪੰਜਾਬੀ ਸੰਗੀਤ ਦੇ ਖੇਤਰ ਵਿਚ ਚਰਨਜੀਤ ਆਹੂਜਾ ਨੂੰ ਲੈ ਕੇ ਸਿਹਤਮੰਦ ਦਾਖ਼ਲਾ ਲੈ ਲਿਆ। ਗੁਰਦਾਸ ਮਾਨ ਦਾ ‘ਚੱਕਰ’ ਐਲ਼ਪੀæ ਅਤੇ ਕੁਲਦੀਪ ਮਾਣਕ ਦਾ ‘ਮਿੱਤਰਾਂ ਦੇ ਕਾਲਜੇ ਨੂੰ ਹੌਲ ਪੈ ਗਿਆ, ਸਾਡੀ ਮੁੰਦਰੀ ਵਗਾਹ ਕੇ ਮਾਰੀ’ ਸਟਾਰ ਕੰਪਨੀ ਦੀ ਹੀ ਪੇਸ਼ਕਾਰੀ ਸਨ। ਚਰਨਜੀਤ ਆਹੂਜਾ ਜ਼ਰੀਏ ਮੇਰੀ ਹਰੀਸ਼ ਜੈਨ ਨਾਲ ਨੇੜਤਾ ਹੋ ਗਈ ਤੇ ਅਕਸਰ ਅਸੀਂ ਤੇ ਜੈਨ ਦਾ ਭਰਾ ਅਸ਼ੋਕ ਵੀ ਪਹਾੜਗੰਜ ਦੇ ‘ਅਪਸਰਾ ਹੋਟਲ’ ਠਹਿਰਦੇ। ਮੇਰਾ ਖਰਚ-ਪਾਣੀ ਆਹੂਜੇ ਵੱਲ ਹੁੰਦਾ ਸੀ। ਇੰਦਰਾ ਗਾਂਧੀ ਤੇ ਸਿੱਖਾਂ ਦੇ ਕਤਲ ਹੋਣ ਵੇਲੇ ਵੀ ਮੈਂ ਇਸੇ ਅਪਸਰਾ ਹੋਟਲ ਵਿਚੋਂ ਬਚ ਕੇ ਨਿਕਲਿਆ ਸਾਂ।
ਫਿਰ ਦੋ-ਚਾਰ ਮਹੀਨੇ ਬਾਅਦ ਮੈਂ ਨਵਾਂ ਸ਼ਹਿਰੋਂ ਪੂਨਮ ਬਾਲਾ (ਜੋ ਪੂਰਨ ਸ਼ਾਹਕੋਟੀ ਦੀ ਸ਼ਾਗਿਰਦ ਸੀ ਤੇ ਗਾਉਂਦੀ ਬਹੁਤ ਸੁਰੀਲਾ ਸੀ, ਪਰ ਰੰਗ ਤੋਬਾ ਤੋਬਾ) ਨੂੰ ਪਹਿਲੀ ਵਾਰ ਮਿਲਾਇਆ ਤਾਂ ਚਰਨਜੀਤ ਹੱਸ ਪਿਆ, “ਮੈਨੂੰ ਡਰਾਉਣ ਲਿਆਇਆਂ ਕਿ ਇਹਨੂੰ ਗਵਾਉਣ।” ਮੈਂ ਕਿਹਾ, “ਸੁਣੋ ਤਾਂ ਸਹੀ।” ਖੈਰ, ਆਵਾਜ਼ ਪਸੰਦ ਆ ਗਈ, ਸਾਡੇ ਲਾਗੇ ਕਾਹਮੇ ਦੇ ਮੁੰਡੇ ਰੂਪ ਕਾਹਮਾ ਨਾਲ ਮੇਰੇ ਲਿਖੇ ਚਾਰ ਗੀਤ ਰਿਕਾਰਡ ਹੋ ਗਏ। ਇਨ੍ਹਾਂ ਵਿਚੋਂ ਇਕ ਬੋਲੀ ਯਾਦ ਹੈ,
ਚਿੱਟੀ ਘੱਗਰੀ ਦਾਜ ਵਿਚ ਦਿੱਤੀ
ਉਤੇ ਪੁਆਈਆਂ ਤਾਰਾਂ।
ਮਾਂ ਤੇਰੀ ਦੇ ਨੌਂ ਨਿਆਣੇ
ਭੂਆ ਤੇਰੀ ਦੇ ‘ਠਾਰਾਂ।
ਬੋਲੀ ਦੇਹ ਮੁੰਡਿਆ,
ਵਿਕਦੀਆਂ ਵਿਚ ਬਾਜ਼ਾਰਾਂæææ।
ਇਨ੍ਹਾਂ ਪ੍ਰਾਪਤੀਆਂ ‘ਤੇ ਮੈਨੂੰ ਝੋਰਾ ਹੋਣ ਲੱਗਾ ਤਾਂ ਮੈਂ ਸਾਹਿਤ ਵੱਲ ਝੁਕ ਗਿਆ; ਹਾਲਾਂਕਿ ਫਿਰ ਕਈ ਚਿਰ ਪਿਛੋਂ ਸਰਦੂਲ ਸਿਕੰਦਰ ਦੀ ਐਚæਐਮæਵੀæ ਦੀ ਐਲਬਮ ‘ਨਵੀਂ ਵਿਆਹੀ ਨੱਚੀ’ ਵਿਚ ਮੇਰਾ ਗੀਤ ‘ਬਿਸ਼ਨ ਕੁਰੇ ਭਾਬੀਏ ਨੀ, ਸਾਨੂੰ ਗਿੱਧੇ ਵਿਚ ਨੱਚਣਾ ਸਿਖਾ ਦੇ’ ਚੰਗੇ ਢੰਗ ਨਾਲ ਰਿਕਾਰਡ ਵੀ ਹੋਇਆ ਸੀ, ਪਰ ਮੈਂ ਇਹ ਸ਼ੌਂਕ ਨੰਬਰ ਦੋ ‘ਤੇ ਲੈ ਗਿਆ।
ਚਰਨਜੀਤ ਆਹੂਜਾ ਨਾਲ ਜੁੜੀਆਂ ਕੁਝ ਯਾਦਾਂ ਐਸੀਆਂ ਨੇ ਜੋ ਹਮੇਸ਼ਾ ਮੇਰੇ ਅੰਦਰ ਉਥਲ-ਪੁਥਲ ਕਰੀ ਰੱਖਦੀਆਂ ਹਨ। ਇਨ੍ਹਾਂ ਦਾ ਖੁਲਾਸਾ ਕਰ ਕੇ ਮੈਂ ਆਪਣੇ ਮਨ ਦਾ ਭਾਰ ਹੌਲਾ ਕਰਨਾ ਇਸ ਲਈ ਜ਼ਰੂਰੀ ਸਮਝਦਾ ਹਾਂ ਕਿ ਆਉਣ ਵਾਲੀਆਂ ਨਸਲਾਂ ਅਸਲੀਅਤ ਤੇ ਹਾਲਾਤ ਤੋਂ ਜਾਣੂ ਰਹਿਣਗੀਆਂ।
ਹੰਸ ਰਾਜ ਹੰਸ ਦਾ ਪਹਿਲਾ ਐਲ਼ਪੀæ ‘ਜੋਗੀਆਂ ਦੇ ਕੰਨਾਂ ਵਿਚ’ ਐਚæਐਮæਵੀæ ਨੇ ਚਰਨਜੀਤ ਦੇ ਸੰਗੀਤ ਹੇਠ ਰਿਲੀਜ਼ ਕੀਤਾ ਸੀ। ਇਸ ਦੇ ਗੀਤ ਚੰਨ ਗੁਰਾਇਆ ਵਾਲੇ ਤੇ ਦੇਵ-ਮਲਕੀਤ ਖਾਬਰਿਆਂ ਵਾਲਿਆਂ ਨੇ ਲਿਖੇ ਸਨ। ‘ਸੱਸੀ ਸੁੱਤੀ ਨਾਲ ਪਾ ਗਿਓਂ ਜੁਦਾਈ ਪੁੰਨਣਾ’, ‘ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ’ ਜਲੰਧਰ ਰੇਡੀਓ ਸਟੇਸ਼ਨ ਤੋਂ ਵੀ ਬਹੁਤ ਚੱਲੇ। ਮੈਂ ਜਦੋਂ ਵੀ ਚਰਨਜੀਤ ਨੂੰ ਮਿਲਣਾ ਤਾਂ ਹੰਸ ਦੀ ਗੱਲ ਜ਼ਰੂਰ ਕਰਨੀ ਕਿਉਂਕਿ ਫਿਰ ਕਈ ਸਾਲ ਉਹ ਚੁੱਪ ਹੋ ਗਿਆ ਸੀ। ਉਹਨੇ ਕਹਿਣਾ, “ਉਹਨੂੰ ਲੈ ਕੇ ਮੈਂ ਰਿਕਾਰਡ ਕਰਾਂਗਾ, ਉਹ ਪਤਾ ਹੀ ਨਹੀਂ ਰਹਿੰਦਾ ਕਿਥੇ ਹੈ?” ਫਿਰ 1986-87 ਦੇ ਕਰੀਬ ਬਲਦੇਵ ਮਸਤਾਨੇ ਨੇ ਹੰਸ ਦੀ ‘ਵਾਰਿਸ ਪੰਜਾਬ ਦੇ’ ਰਿਕਾਰਡ ਕੀਤੀ ਜਿਸ ਨੂੰ ਇਸੇ ਨਾਂ ਹੇਠ ਇੰਗਲੈਂਡ ਵਿਚ ਜਾਰੀ ਕੀਤਾ ਅਤੇ ਪੰਜਾਬ ਵਿਚ ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’ ਜਲੰਧਰ ਦੀ ਇਕ ਕੰਪਨੀ ਨੇ। ਹੰਸ ਪੂਰੇ ਦਾ ਪੂਰਾ ਉਪਰ ਵੱਲ ਖਿਸਕ ਗਿਆ, ਤੇ ਜਦੋਂ ਫਿਰ ਚਰਨਜੀਤ ਆਹੂਜਾ ਦੇ ਸੰਗੀਤ ਹੇਠ ‘ਤੇਰਾ ਮੇਰਾ ਪਿਆਰ’ ਆਈ। ‘ਬੱਸਾਂ ਲੁਧਿਆਣੇ ਦੀਆਂ’, ‘ਸਾਨੂੰ ਕਾਹਨੂੰ ਚਾਹ ਪੁੱਛਦੈਂ, ‘ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਹੋ’ ਗੀਤ ਸੁਪਰ-ਡੁਪਰ ਹਿੱਟ ਹੋ ਗਏ ਤਾਂ ਚਰਨਜੀਤ ਬਾਗੋਬਾਗ ਹੋ ਗਿਆ, ਪਰ ਇਕ ਪੂਰਾ ਦਿਨ ਮੈਂ ਉਹਦੇ ਕੋਲ ਜਾਗ੍ਰਤੀ ਇਨਕਲੇਵ ਵਾਲੇ ਘਰ ਵਿਚ ਦਿੱਲੀ ਰਿਹਾ ਤਾਂ ਉਹਨੇ ਦਵਾਈਆਂ ਬੈੱਡ ‘ਤੇ ਖਿਲਾਰ ਦੇ ਕਿਹਾ, “ਆਹ ਮੈਨੂੰ ਹੰਸ ਨੇ ਖਾਣ ਲਾਇਆ ਹੈ।” ਮੇਰੇ ‘ਕਿਉਂ?’ ਦੇ ਜਵਾਬ ਵਿਚ ਕਿਹਾ, “ਵਰਤ ਗਏ ਕਈ ਮੈਨੂੰ ਵੀ।”
‘ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ’, ‘ਰੀਲਾਂ ਦੀ ਦੁਕਾਨ’, ‘ਹੁਸਨਾਂ ਦੇ ਮਾਲਕੋ’, ‘ਸੌਰੀ ਰੌਂਗ ਨੰਬਰ’ ਤੇ ‘ਸਿੱਖ ਲੈ ਕਲਹਿਰੀਆ ਮੋਰਾ’ ਬਾਰੇ ਕਹਿਣਾ ਪਵੇਗਾ ਕਿ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਸੰਗੀਤਕ ਕੈਰੀਅਰ ਵਿਚ ਇਹ ਤੋਹਫ਼ੇ ਚਰਨਜੀਤ ਆਹੂਜਾ ਨੇ ਆਪਣੀਆਂ ਧੁਨਾਂ ਨਾਲ ਦਿੱਤੇ। ਹਰ ਵਕਤ ਸਰਦੂਲ ਦੇ ਘਰ ਖੇੜੀ ਤੇ ਖੰਨੇ, ਨੂਰੀ ਦੇ ਘਰ ਰੋਪੜ ਚੱਤੋ ਪਹਿਰ ‘ਗੁਰੂ ਜੀ ਗੁਰੂ ਜੀ’ ਨਾਲ ਚਰਨਜੀਤ ਹਾਜ਼ਰ ਹੁੰਦਾ ਸੀ। ਸਰਦੂਲ ਨੇ ਫਿਰ ਉਹਨੂੰ ਰਸਮੀ ਤੌਰ ‘ਤੇ ਆਪਣਾ ਉਸਤਾਦ ਵੀ ਧਾਰਿਆ। ਇਨ੍ਹਾਂ ਘਰਾਂ ਵਿਚ ਮਾਂ ਸਰਸਵਤੀ ਦੀ ਤਸਵੀਰ ਵਾਂਗ ਚਰਨਜੀਤ ਆਹੂਜਾ ਦੀ ਫੋਟੋ ਅੱਗੇ ਵੀ ਧੂਫ਼ ਦਿੱਤਾ ਜਾਣ ਲੱਗ ਪਿਆ ਸੀ। ਜਿੱਦਣ ਪਹਿਲੀ ਵਾਰ ਚਰਨਜੀਤ ਨੇ ਖੰਨੇ ਆਉਣਾ ਸੀ, ਸਰਦੂਲ ਨੇ ਮੈਨੂੰ ਮੇਰੀ ਪਤਨੀ ਕਸ਼ਮੀਰ ਨਾਲ ਖੰਨੇ ਆਉਣ ਦੀ ਤਾਕੀਦ ਕੀਤੀ, ਪਰ ਭੇਤ ਨਹੀਂ ਸੀ ਪਤਾ। ਘਰ ਵਿਚ ਤਿਆਰੀ ਵਿਆਹ ਵਾਂਗ ਸੀ। ਸਰਦੂਲ ਤੇ ਮੈਂ ਜਦੋਂ ਮੰਡੀ ਗੋਬਿੰਦਗੜ੍ਹ ਵਾਲੇ ਚੌਕ ਵਿਚ ਜਿਪਸੀ ਲੈ ਕੇ ਖੜ੍ਹੇ ਹੋਏ ਤਾਂ ਉਹ ਕਹਿਣ ਲੱਗਾ, “ਗੁਰੂ ਜੀ ਆ ਰਹੇ ਹਨ, ਨਾਲ ਬੀਬੀ ਜੀ ਵੀ।” ਫੋਨ ਤਾਂ ਉਦੋਂ ਹੱਥਾਂ ਵਾਲੇ ਹੈ ਹੀ ਨਹੀਂ ਸਨ, ਚਾਰ ਘੰਟੇ ਅਸੀਂ ਉਥੇ ਅੱਡੇ ਵਿਚ ਖੜ੍ਹੇ ਰਹੇ, ਫਿਰ ਕਿਤੇ ਜਾ ਕੇ ਫੀਅਟ ਕਾਰ ਵਿਚ ਚਰਨਜੀਤ, ਉਹਦੀ ਪਤਨੀ ਸੰਗੀਤਾ ਤੇ ਛੋਟੇ ਪੁੱਤਰ ਲਵ ਤੇ ਕੁਸ਼ ਆਏ ਸਨ। ਊਂ ਘਰ ਵਿਚ ਦਵਿੰਦਰ ਖੰਨੇਵਾਲਾ ਤੇ ਹੋਰ ਨਾਮੀ ਲੋਕ ਸਨ। ਸਾਰੀ ਰਾਤ ਚਹਿਲ-ਪਹਿਲ ਰਹੀ, ਉਸ ਦਿਨ ਨੂਰੀ ਨੇ ਚਰਨਜੀਤ ਦੀ ਸ਼ਾਗਿਰਦ ਬਣਨਾ ਸੀ। ਰਸਮਾਂ ਹੋਈਆਂ ਅਤੇ ਮਾਹੌਲ ਅਗਲੇ ਦਿਨ ਤੱਕ ਵੀ ਘਰ ਦਾ ਇੱਦਾਂ ਦਾ ਰਿਹਾ ਜਿਵੇਂ ਕੋਈ ਦੇਵਤਾ ਸ਼ਾਇਦ ਪੱਕੇ ਤੌਰ ‘ਤੇ ਧਰਤੀ ਉਤੇ ਆ ਗਿਆ ਹੋਵੇ। ਫਿਰ ਸਰਦੂਲ-ਨੂਰੀ ਦੀ ਰਿਸੈਪਸ਼ਨ ‘ਤੇ ਮੈਂ ਚਰਨਜੀਤ ਨੂੰ ਗਾਉਂਦਿਆਂ ਸੁਣਿਆ ਸੀ, ‘ਦੁਨੀਆਂ ‘ਤੇ ਯੁੱਗ ਯੁੱਗ ਜਿਉਣ ਭਾਬੀਆਂ।’ ਉਸ ਤੋਂ ਬਾਅਦ ‘ਤੜੱਕ ਤੜੱਕ’। ਹੁਣ ‘ਗੁਰੂ ਜੀ’ ਵਾਲੀ ਗੱਲ ਮੱਠੀ ਤਾਂ ਪੈ ਗਈ ਹੈ, ਪਰ ਮਹੱਤਵਪੂਰਨ ਇਸ ਕਰ ਕੇ ਨਹੀਂ ਰਹੀ ਕਿ ਨੂਰੀ ਤੇ ਸਰਦੂਲ ਗ੍ਰਾਫ਼ ਤੋਂ ਹੇਠਾਂ ਵੱਲ ਖਿਸਕ ਗਏ ਹਨ, ਪਰ ਚਰਨਜੀਤ ਦੀ ਖਿੱਚ ਕਾਇਮ ਹੈ ਤੇ ਉਹਦੀ ਪੈੜ ਦੋਹਾਂ ਪੁੱਤਰਾਂ ਸਚਿਨ ਤੇ ਪੰਕਜ ਨੇ ਮੱਲ ਲਈ ਹੈ।
ਚਰਨਜੀਤ ਕਿਸੇ ਵਕਤ ਬਹੁਤ ਵੱਡਾ ਚੇਨ-ਸਮੋਕਰ ਸੀ। ਮੈਂ ਆਪਣੀਆਂ ਮੁਲਾਕਾਤਾਂ ਵਿਚ ਉਹਨੂੰ ਕਦੇ ਪੈੱਗ ਲਾਉਂਦੇ ਨਹੀਂ ਦੇਖਿਆ। ਲਮਰੇਟਾ ਸਕੂਟਰ ਉਹਦੇ ਕੋਲ ਬਹੁਤ ਦੇਰ ਰਿਹਾ। ਇਕ ਵਾਰ ਯਮੁਨਾ ਪਾਰ ‘ਮਦਰ ਡੇਅਰੀ’ ਕੋਲ ਪੈਂਦੇ ਸੋਨੋਟੋਨ ਸਟੂਡੀਓ ਤੋਂ ਉਹ ਮੈਨੂੰ ਬਿਨਾਂ ਹੈਲਮਟ ਕ੍ਰਿਸ਼ਨਾ ਨਗਰ ਤੱਕ ਪੁਲਿਸ ਤੋਂ ਬਚਾ ਕੇ ਤੰਗ ਗਲੀਆਂ ਵਿਚ ਦੀ ਘਰ ਲੈ ਕੇ ਗਿਆ ਸੀ।
1994 ਵਿਚ ਜਦੋਂ ਉਹ ਮੇਰੇ ਸੱਦੇ ਉਤੇ ਮਾਹਿਲਪੁਰ ਸ਼ੌਂਕੀ ਮੇਲੇ ‘ਤੇ ਆਇਆ, ਉਥੇ ਗੁਰਦਾਸ ਮਾਨ ਨੂੰ ਛੱਡ ਕੇ ਹਰ ਗਾਇਕ ਹਾਜ਼ਰ ਸੀ। ਦੇਬੀ ਮਖਸੂਸਪੁਰੀ, ਮਨਮੋਹਨ ਵਾਰਸ ਤੇ ਜੈਜੀ ਬੈਂਸ ਨੇ ਪਹਿਲੀ ਵਾਰ ਗਾਉਣਾ ਸੀ ਤੇ ਕਿਸੇ ਵੱਡੇ ਮੇਲੇ ਵਿਚ ਚਰਨਜੀਤ ਆਹੂਜਾ ਦੀ ਵੀ ਪਹਿਲੀ ਹਾਜ਼ਰੀ ਸੀ। ਦਾਅਵਾ ਹੈ ਕਿ ਉਸ ਵਰ੍ਹੇ ਦੇ ਲੱਖ ਤੋਂ ਵੀ ਵੱਡੇ ਇਕੱਠ ਵਿਚ ਤੀਹ ਫੀਸਦੀ ਉਹ ਲੋਕ ਮੇਲਾ ਦੇਖਣ ਆਏ ਸਨ ਜਿਨ੍ਹਾਂ ਨੇ ਸਿਰਫ਼ ਚਰਨਜੀਤ ਆਹੂਜਾ ਨੂੰ ਵੇਖਣਾ ਸੀ।
ਮੈਂ ਜਾਣਦਾ ਹਾਂ ਕਿ ਚਰਨਜੀਤ ਆਹੂਜਾ ਬਹੁਤ ਸਾਰੇ ਗਾਇਕਾਂ ਤੋਂ ਔਖਾ ਹੈ ਤੇ ਔਖਾ ਰਹੇਗਾ ਵੀ, ਕਿਉਂਕਿ ਉਸ ਨੇ ਕਈਆਂ ਨੂੰ ਰਿਜ਼ਕ ਵਿਚ ਹੀ ਨਹੀਂ ਪਾਇਆ, ਬਹੁਤ ਵੱਡੇ ਵੀ ਬਣਾਇਆ ਹੈ। ਮੇਰੇ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਉਤੇ ਉਹਦਾ ਮੀਡੀਏ ਲਈ ਵੀਡੀਓ ਸੰਦੇਸ਼ ਆਇਆ। ਉਹਨੇ ਜੋ ਕਿਹਾ ਸੀ, ਉਹ ਮਾਣ ਵਾਲਾ ਇਸ ਕਰ ਕੇ ਸੀ ਕਿ ਗੀਤਕਾਰ ਮੈਂ ਬਣ ਨਹੀਂ ਸਾਂ ਸਕਿਆ, ਗਾਇਕ ਮੈਂ ਹੈ ਨਹੀਂ ਸੀ, ਪਰ ਜੋ ਕੁਝ ਕੀਤਾ ਤਾਂ ਉਹਦੀ ਤਸਦੀਕ ਚਰਨਜੀਤ ਵਲੋਂ ਕੀਤੇ ਜਾਣਾ ਪੰਜਾਬ ਦੇ ਭਾਸ਼ਾ ਤੇ ਸਭਿਆਚਾਰ ਦੇ ਐਵਾਰਡ ਨਾਲੋਂ ਵੱਡਾ ਸੀ।
ਗਲੇ ਦੇ ਕੈਂਸਰ ਨੇ ਜਦੋਂ ਉਹਨੂੰ ਘੇਰਿਆ, ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ। ਥਰੈਪੀ ਨਾਲ ਵਾਲ ਝੜ ਗਏ, ਰੰਗ ਕਾਲਾ ਪੈ ਗਿਆ ਤੇ ਚਰਨਜੀਤ ਬੇਪਛਾਣ ਹੋ ਗਿਆ। ਉਨ੍ਹੀਂ ਦਿਨੀਂ ਗਿਆ ਤਾਂ ਉਹ ਓਦਰ ਗਿਆ। ਕਹਿਣ ਲੱਗਾ, “ਅਸ਼ੋਕ, ਸੰਗੀਤ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਕੀਤਾ, ਰਿਜ਼ਕ ਦਿੱਤਾ ਹੀ ਹੈ, ਕਦੀ ਖੋਹਿਆ ਨਹੀਂ, ਪਰæææ।” ਉਹਨੇ ਅੱਖਾਂ ਭਰ ਲਈਆਂ। ਹੁਣ ਉਹ ਬਾਣੀ ਤੇ ਗੁਰਬਾਣੀ ਨਾਲ ਪਹਿਲਾਂ ਵਾਂਗ ਜੀ ਰਿਹਾ ਹੈ। ਡਾਕਟਰ ਹਾਰ ਗਏ ਨੇ ਅਤੇ ਉਹ ਜਿੱਤ ਗਿਆ ਹੈ। ਚਰਨਜੀਤ ਨੂੰ ਚੇਤਾ ਤਾਂ ਹੈ, ਕੈਂਸਰ ਹੋਇਆ ਸੀ, ਪਰ ਹੁਣ ਨਾਂ-ਨਿਸ਼ਾਨ ਵੀ ਨਹੀਂ।
ਸੱਚ ਹੈ ਕਿ ਚਰਨਜੀਤ ਆਹੂਜਾ ਕੱਬਾ, ਕੌੜਾ, ਸੰਗੀਤਕਾਰ ਰਿਹਾ ਹੈ। ਉਹ ਗਾਲ੍ਹਾਂ ਵੀ ਕੱਢ ਲੈਂਦਾ ਸੀ, ਪਰ ਜਿਹੜੇ ਉਹਦੇ ਕੋਲੋਂ ਕੁਝ ਖੱਟ ਗਏ, ਉਹ ਹੀ ਜਾਣਦੇ ਹਨ ਕਿ ਇਹ ਗਾਲ੍ਹਾਂ ਘਿਉ ਦੀਆਂ ਨਾਲਾਂ ਵੀ ਸਨ।
ਮੇਰੇ ਵਾਂਗ ਬਹੁਤ ਲੋਕ ਗੁਲਾਮ ਅਲੀ ਨੂੰ ਨਹੀਂ ਮਿਲ ਸਕੇ, ਪਰ ਮੈਂ ਮਾਣ ਨਾਲ ਕਹਿੰਦਾ ਰਹਾਂਗਾ ਕਿ ਸਮਰਾਟ ਸੰਗੀਤਕਾਰ ਚਰਨਜੀਤ ਆਹੂਜਾ ਸਾਡੇ ਸਾਰਿਆਂ ਵਿਚ ਸੀ ਤੇ ਅਸੀਂ ਖਾਣਾ ਇਕ ਭਾਂਡੇ ਵਿਚ ਖਾਧਾ ਹੈ।
ਤੇ ਪਿਆਰ ਵਿਚੋਂ ਮੁਹੱਬਤ ਦਾ ਨਫ਼ਾ ਸੱਚੇ ਯਾਰਾਂ ਨੂੰ ਹੀ ਮਿਲ ਸਕਦਾ ਹੈ।

ਗੱਲ ਬਣੀ ਕਿ ਨਹੀਂ
ਮੁਰਗੇ ਦੀ ਬਾਂਗ
ਮੁਰਗੀ ਪੁੱਛੇ ਮੁਰਗੇ ਨੂੰ, ਕਿਉਂ ਦੇਨੈਂ ਤੂੰ ਬਾਂਗ।
ਸੁਬ੍ਹਾ ਜਗਾਉਨੈਂ ਜਿਨ੍ਹਾਂ ਨੂੰ, ਆਥਣੇ ਦੇਂਦੇ ਛਾਂਗ।
ਪਹਿਲਾਂ ਤੈਨੂੰ ਭੁੰਨ ਕੇ ਫਿਰ ਪਾਉਂਦੇ ਨੇ ਪੈਗ,
ਕੁੱਤੇ ਵਾਂਗ ਚਰੂੰਡਦੇ ਨੇ ਫੜ੍ਹ ਕੇ ਤੇਰੀ ਲੈਗ।
ਚੜ੍ਹੀਆਂ ਅੱਖਾਂ ਕਲਗੀ ਕੱਸੀ, ਚੁੰਝ ਸਾਣ ‘ਤੇ ਲਾਈ,
ਪੌਂਚੇ ਦੇ ਵਿਚ ਖੰਭ ਫਸਾ ਕੇ ਮੁਰਗੀ ਗਲ ਨਾ ਲਾਈ।
ਫੌਜਾਂ ਨੇ ਫਿਰ ਹਮਲਾ ਕੀਤਾ, ਮੁਰਗਾ ਧੌਣੋਂ ਫੜ੍ਹਿਆ,
ਮੁਰਗੀ ਭਰੀਆਂ ਅੱਖਾਂ, ਫੌਜਾਂ ਮੂੰਹ ਪਾਣੀ ਨਾਲ ਭਰਿਆ।
ਸਤਿਸੰਗ ਕਰਕੇ ਆਏ ਬਾਬੇ ਜਾ ਪਤੀਲਾ ਚਾੜ੍ਹਨਗੇ,
ਬਲੈਕ ਲੇਵਲ ਦੀ ਪੀ ਕੇ ਬੋਤਲ, ਮੁਰਗਾ ਪੂਰਾ ਪਾੜਨਗੇ।
ਰੱਬ ਹੀ ਜਾਣੇ ਕਦ ਤੱਕ ḔਭੌਰੇḔ ਏਦਾਂ ਪਊਗਾ ਮਰਨਾ,
ਦਿੱਲੀ ਤੱਕ ਇਨ੍ਹਾਂ ਜਾਣ ਨਹੀਂ ਦੇਣਾ, ਕਿੱਥੇ ਲਾਈਏ ਧਰਨਾ!
-ਐਸ਼ ਅਸ਼ੋਕ ਭੌਰਾ