ਬੇ-ਮੌਕਾ ਬੱਦਲ ਕਿਉਂ ਤੇ ਕਿੱਥੇ ਵਰ੍ਹਦੇ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਾਤਾਵਰਨ ਬਾਰੇ ਮਾੜੀ ਮੋਟੀ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਸੂਝਵਾਨ ਨੂੰ ਸਿਰਲੇਖ ਵਿਚ ਉਠਾਇਆ ਗਿਆ ਸਵਾਲ ਪੁੱਛਿਆ ਜਾਵੇ ਤਾਂ ਉਸ ਦਾ ਜਵਾਬ ਇਹੀ ਹੋਵੇਗਾ ਕਿ ਇਸ ਸਾਰੇ ਵਿਗਾੜ ਲਈ ਮਨੁੱਖ ਹੀ ਜ਼ਿੰਮੇਵਾਰ ਹੈ। ਮੌਸਮ ਦੇ ਬਦਲ ਰਹੇ ਮਿਜਾਜ਼ ‘ਤੇ ਹੋਰ ਤਬਸਰਾ ਕਰਦਿਆਂ ਉਹ ਇਹ ਵੀ ਦੱਸੇਗਾ ਕਿ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕਰ ਕੇ ਇਹ ਬਿਪਤਾ ਆਪ ਸਹੇੜੀ ਹੈ।

ਪਾਣੀ ਦੀ ਕੁਦਰਤੀ ਨਿਕਾਸੀ ਨਾਲ ਲਾਲਚੀ ਬਿਰਤੀ ਅਧੀਨ ਕੀਤੀ ਜਾਂਦੀ ਛੇੜਛਾੜ ਹੜ੍ਹਾਂ ਨੂੰ ਸੱਦਾ ਦਿੰਦੀ ਹੈ ਅਤੇ ਅੰਨ੍ਹੇਵਾਹ ਦਰਖਤਾਂ ਦੀ ਕਟਾਈ ਬੇ-ਮੌਸਮੀ ਵਰਖਾ ਦਾ ਕਾਰਨ ਬਣਦੀ ਹੈ।
ਇਹੋ ਜਿਹੇ ਤੱਥ, ਸਿੱਕੇ-ਬੰਦ ਵਿਗਿਆਨਕ ਸੱਚਾਈ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਜਾਂ ਉਲਟਾਇਆ ਨਹੀਂ ਜਾ ਸਕਦਾ। ਸਿੱਧੇ ਸ਼ਬਦਾਂ ਵਿਚ ਕਹੀਏ, ਤਾਂ ਇਹ ਵਿਗਿਆਨਕ ਸੱਚ ਹੈ। ਵਿਗਿਆਨਕ ਸੋਚ ਇਹ ਦਾਅਵਾ ਕਰਦੀ ਆਈ ਹੈ ਕਿ ਲੋਕ ਮਨਾਂ ਵਿਚ ਪਈਆਂ ਹੋਈਆਂ ਉਹ ਮਿੱਥਾਂ/ਮਨੌਤਾਂ ਜੋ ਵਿਗਿਆਨ ਦੀ ਕਸਵੱਟੀ ‘ਤੇ ਖਰੀਆਂ ਨਹੀਂ ਉਤਰਦੀਆਂ, ਉਹ ਸਭ ਮਨੁੱਖਤਾ ਦੇ ਪੈਰੀਂ ਪਈਆਂ ਬੇੜੀਆਂ ਦੇ ਸਮਾਨ ਹੀ ਹਨ, ਪਰ ਇਸ ਹਕੀਕਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸੀਨਾ-ਬ-ਸੀਨਾ ਚਲੀਆਂ ਆਉਂਦੀਆਂ ਅਜਿਹੀਆਂ ਮਨੌਤਾਂ/ਰਵਾਇਤਾਂ ਨੂੰ ਦਿਲਾਂ ਵਿਚੋਂ ਉਖਾੜ ਕੱਢਣਾ ਬਹੁਤ ਔਖਾ ਹੈ।
ਅਕਸਰ ਮੂੰਹ-ਜ਼ੋਰ ਰਵਾਇਤਾਂ ਅੱਗੇ ਪੜ੍ਹੇ-ਲਿਖੇ ਸੱਜਣ ਵੀ ਛਿੱਥੇ ਪੈ ਜਾਂਦੇ ਹਨ। ਉਹ ਬੇਸ਼ੱਕ ਸੱਚੇ ਹੀ ਹੁੰਦੇ ਹਨ, ਪਰ ਲੋਕ ਭਾਖਿਆ ਦਾ ਦਬਾਅ ਹੀ ਅਜਿਹੀ ਹਾਲਾਤ ਬਣਾ ਦਿੰਦਾ ਹੈ। ਅਜਿਹੇ ਮੌਕਿਆਂ ‘ਤੇ ਅੰਧ-ਵਿਸ਼ਵਾਸੀਆਂ ਦੀ ਚੜ੍ਹ ਮਚਦੀ ਹੈ।
ਆਪਣੇ ਮਨ ਵਿਚ ਆਈ ਅਜਿਹੀ ਇਕ ‘ਕਮਜ਼ੋਰੀ’ ਦਾ ਇਸ਼ਾਰਾ ਸੰਸਾਰ ਪ੍ਰਸਿੱਧ ਵਿਗਿਆਨੀ ਗੈਲੀਲੀਓ ਨੇ ਵੀ ਕੀਤਾ ਹੈ। ਕਹਿੰਦੇ ਹਨ, ਇਕ ਵਾਰ ਉਹਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਾਂ ਕਰਦਿਆਂ ਆਖਿਆ ਕਿ ਉਹ ਖੁਦ ਬਣਾਈ ਦੂਰਬੀਨ ਨਾਲ ਕਈ ਵਾਰ ਦੇਖ ਚੁੱਕਾ ਹੈ ਕਿ ਬ੍ਰਹਿਮੰਡ ਵਿਚ ਚੰਦਰਮਾ ਵੀ ਧਰਤੀ ਵਾਂਗ ਗ੍ਰਹਿ ਹੈ ਜਿਸ ਉਤੇ ਟੋਏ ਟਿੱਬੇ ਪਹਾੜੀਆਂ ਵਗੈਰਾ ਦਿਖਾਈ ਦਿੰਦੇ ਹਨ, ਪਰ ਬਚਪਨ ਵਿਚ ਮਾਂ ਦੱਸਦੀ ਹੁੰਦੀ ਸੀ ਕਿ ਬੱਚਿਓ, ਆਸਮਾਨ ਵਿਚ ਚਮਕਦਾ ਚੰਦ, ਪਨੀਰ ਦਾ ਟੁਕੜਾ ਹੈ। ਕਿੱਡੀ ਮਜ਼ੇਦਾਰ ਗੱਲ ਹੈ ਕਿ ਗੈਲੀਲੀਓ ਦੇ ਜਨਮ ਸਮੇਂ ਇਟਲੀ ਦੇਸ ਦੀਆਂ ਮਾਂਵਾਂ ਚੰਦ ਨੂੰ ਪਨੀਰ ਦਾ ਟੁਕੜਾ ਦੱਸਦੀਆਂ ਸਨ, ਪਰ ਸਾਡੀਆਂ ਬੀਬੀਆਂ ਚੰਦ ਨੂੰ ਆਪਣੇ ਬੱਚਿਆਂ ਦਾ ‘ਮਾਮਾ’ ਦੱਸਣ ਦੇ ਨਾਲ-ਨਾਲ, ਉਹਤੋਂ ਇਕ ਹੋਰ ਕੰਮ ਹਾਲੇ ਤੱਕ ਵੀ ਲੈ ਰਹੀਆਂ ਨੇ;æææ ਉਹ ਹੈ-ਕਰਵਾ ਚੌਥ ਮੌਕੇ ਛਾਣਨੀ ਰਾਹੀਂ ਆਪਣੇ ‘ਚੰਦ ਭਰਾ’ ਨੂੰ ਦੇਖ ਕੇ ਪਤੀਆਂ ਦੀ ‘ਉਮਰ ਵਧਾਉਣ’ ਦਾ ਕੰਮ!
ਹੁਣ ਗੱਲ ਕਰੀਏ ਸਿਰਲੇਖ ਵਾਲੇ ਸਵਾਲ ਦੇ ਉਸ ਜਵਾਬ ਦੀ ਜਿਹੜਾ ਵਿਗਿਆਨਕ ਸੱਚ ਤੋਂ ਕੋਹਾਂ ਦੂਰ ਲੋਕ ਮਨਾਂ ਵਿਚ ਜੜ੍ਹਾਂ ਜਮਾਈ ਬੈਠਾ ਹੈ ਅਤੇ ਜਿਸ ਨੂੰ ਸਾਡੇ ਅਨਪੜ੍ਹ ਜਾਂ ਅਧਪੜ੍ਹ ਲੋਕ ਸੋਲਾਂ ਆਨੇ ਸੱਚ ਸਮਝ ਲੈਂਦੇ ਹਨ। ਇਕ ਸਾਲ ਵਿਸਾਖੀ ਦੇ ਅੱਗੜ-ਪਿੱਛੜ ਖੇਤਾਂ ਵਿਚ ਕਣਕ ਸੋਨੇ ਰੰਗੀ ਹੋਈ ਖੜ੍ਹੀ ਸੀ। ਉਨ੍ਹਾਂ ਦਿਨਾਂ ਵਿਚ ਕਿਸਾਨ ਸੋਨੇ ਦੀ ਕਿਣੀ ਪੈਣ ਤੋਂ ਵੀ ਤ੍ਰਾਹ-ਤ੍ਰਾਹ ਕਰਦੇ ਹਨ, ਪਰ ਉਸ ਸਾਲ ਮੋਹਲੇਧਾਰ ਵਰਖਾ ਨੇ ਜਲ-ਥਲ ਕਰ ਦਿੱਤਾ। ਪੂਰਾ ਦਿਨ ਤੇ ਸਾਰੀ ਰਾਤ ਮੀਂਹ ਪੈਣ ਤੋਂ ਬਾਅਦ, ਦੂਜੇ ਦਿਨ ਦੁਪਹਿਰ ਨੂੰ ਬੱਦਲ ਚੁੱਕ ਹੋਏ। ਪੁੱਤਾਂ ਵਾਂਗ ਪਾਲੀ ਫਸਲ ਦਾ ਹਾਲ-ਹਵਾਲ ਦੇਖਣ ਲਈ ਘਰਾਂ ਦੇ ਕਾਮੇ ਬੰਦੇ ਤਾਂ ਖੇਤਾਂ ਵੱਲ ਨਿਕਲ ਗਏ, ਪਰ ਬੇ-ਮੌਸਮੀ ਵਰਖਾ ਨਾਲ ਹੋਏ ਨੁਕਸਾਨ ਤੋਂ ਝੂਰਦੇ ਉਦਾਸ ਬਜ਼ੁਰਗ, ਪਿੰਡ ਦੇ ਦਰਵਾਜ਼ੇ ਜਾ ਬੈਠੇ। ਅਪਰੈਲ ਮਹੀਨੇ ਹੋਈ ਠੰਢ ਤੋਂ ਬਚਦਿਆਂ, ਉਤੇ ਚਾਦਰ ਲਈ ਬੈਠੇ ਇਕ ਬਾਪ ਨੇ ਇਉਂ ਕਥਾ ਸੁਣਾਈ-
æææਲਓ ਜੀ, ਸਾਡੇ ਦੇਸ਼ ਵਰਗੇ ਬੇਈਮਾਨੀ ਨਾਲ ਭਰੇ ਪਏ ਕਿਸੇ ਮੁਲਕ ਦਾ ਇਕ ਸੌਦਾਗਰ ਸਮੁੰਦਰੀ ਬੇੜੇ ਵਿਚ ਸਮਾਨ ਲੱਦ ਕੇ ਵਪਾਰ ਲਈ ਸਮੁੰਦਰ ਵਿਚ ਠਿੱਲ੍ਹ ਪਿਆ। ਕਈ ਦਿਨਾਂ ਦੇ ਸਫਰ ਤੋਂ ਬਾਅਦ ਜਦ ਉਹਦਾ ਬੇੜਾ ਕਿਸੇ ਟਾਪੂ ਕੰਢੇ ਪਹੁੰਚਿਆ, ਤਾਂ ਕਰਨੀ ਰੱਬ ਦੀæææਐਸਾ ਭਿਆਨਕ ਤੂਫ਼ਾਨ ਉਠਿਆ ਕਿ ਭਰਿਆ-ਭਰਾਇਆ ਬੇੜਾ ਸਮੁੰਦਰ ਦੀਆਂ ਲਹਿਰਾਂ ਨੇ ਤਹਿਸ-ਨਹਿਸ ਕਰ ਦਿੱਤਾ। ਉਹਦੀ ਆਪਣੀ ਜਾਨ ਤਾਂ ਬਚ ਗਈ, ਪਰ ਉਹਦਾ ਬੇੜਾ ਸਮੁੰਦਰ ਦੀ ਭੇਟ ਚੜ੍ਹ ਗਿਆ।
ਤਕੜਾ ਤੈਰਾਕ ਹੋਣ ਨਾਤੇ ਉਹ ਸਹੀ ਸਲਾਮਤ ਟਾਪੂ ‘ਤੇ ਜਾ ਉਤਰਿਆ। ਆਸ-ਪਾਸ ਦੇ ਲੋਕਾਂ ਨੂੰ ਆਪਣਾ ਬੇੜਾ ਡੁੱਬਣ ਦੀ ਵਾਰਤਾ ਦੱਸੀ। ਲੋਕਾਂ ਨੇ ਹਮਦਰਦੀ ਕਰਦਿਆਂ ਉਸ ਸੌਦਾਗਰ ਨੂੰ ਦੱਸਿਆ ਕਿ ਭਾਈ, ਇਸ ਟਾਪੂ ਦੀ ਸਰਕਾਰ ਬਹੁਤ ਹੀ ਰਹਿਮ-ਦਿਲ ਅਤੇ ਨਿਆਂਪਸੰਦ ਹੈ, ਤੈਨੂੰ ਸੈਂਕੜੇ-ਹਜ਼ਾਰਾਂ ਦਾ ਜੋ ਘਾਟਾ ਪੈ ਗਿਆ ਹੈ, ਤੂੰ ਰਾਜੇ ਕੋਲ ਫਰਿਆਦ ਲੈ ਕੇ ਜਾਹ, ਉਹ ਤੇਰੀ ਜ਼ਰੂਰ ਇਮਦਾਦ ਕਰਨਗੇ।
ਲੋਕਾਂ ਦੇ ਕਹੇ-ਕਹਾਏ ਉਹ ਆਪਣੀ ਲਿਖਤੀ ਸ਼ਿਕਾਇਤ ਲੈ ਕੇ ਟਾਪੂ ਦੀ ਰਾਜਧਾਨੀ ਵਾਲੇ ਸ਼ਹਿਰ ਜਾ ਵੜਿਆ ਅਤੇ ਪੁੱਛਦਾ-ਪੁਛਾਉਂਦਾ ਰਾਜੇ ਦੇ ਨਿਵਾਸ ਅਸਥਾਨ ‘ਤੇ ਚਲਾ ਗਿਆ। ਰਾਜੇ ਦਾ ਸਾਧਾਰਨ ਜਿਹਾ ਘਰ ਦੇਖ ਕੇ ਸੌਦਾਗਰ ਹੈਰਾਨ ਹੁੰਦਿਆਂ ਅੰਦਰ ਵੜਿਆ। ਅੰਦਰੋਂ ਸਾਦੀ ਜਿਹੀ ਔਰਤ ਨੇ ਦੱਸਿਆ ਕਿ ਉਹ ਰਾਜੇ ਦੀ ਪਤਨੀ ਹੈ, ਪਰ ਰਾਜਾ ਘਰ ਨਹੀਂ ਹੈ। ਉਹ ਖੇਤਾਂ ਵਿਚ ਕੰਮ ਕਰਨ ਗਿਆ ਹੋਇਐ।
ਦੱਸੀਆਂ ਨਿਸ਼ਾਨੀਆਂ ਮੁਤਾਬਕ ਵਪਾਰੀ ਨੇ ਰਾਜੇ ਨੂੰ ਜਾ ਲੱਭਿਆ। ਮੋਢੇ ‘ਤੇ ਕਹੀ ਚੁੱਕੀ ਖੇਤਾਂ ਨੂੰ ਪਾਣੀ ਲਾ ਰਹੇ ਰਾਜੇ ਨੂੰ ਸੌਦਾਗਰ ਨੇ ਸਾਰੀ ਵਿਥਿਆ ਸੁਣਾਈ। ਦਰਖਾਸਤ ਉਤੇ ਕੁਝ ਲਿਖ ਕੇ, ਰਾਜੇ ਨੇ ਸੌਦਾਗਰ ਨੂੰ ਆਪਣੇ ਖਜ਼ਾਨਾ ਮੰਤਰੀ ਕੋਲ ਭੇਜ ਦਿੱਤਾ। ਸੌਦਾਗਰ ਖ਼ਜ਼ਾਨਾ ਮੰਤਰੀ ਦੇ ਘਰੇ ਗਿਆ ਤਾਂ ਪਤਾ ਲੱਗਾ ਕਿ ਉਹ ਵੀ ਆਪਣਾ ਕੋਈ ਕੰਮ-ਧੰਦਾ ਕਰਨ ਗਿਆ ਹੋਇਆ। ਉਹਨੂੰ ਲੱਭਿਆ, ਉਹਨੇ ਵੀ ਸੌਦਾਗਰ ਦੀ ਦਰਖਾਸਤ ਉਪਰ ਕੁਝ ਲਿਖ ਦਿੱਤਾ ਅਤੇ ਹਦਾਇਤ ਕੀਤੀ ਕਿ ਰੱਬ ਦਾ ਨਾਂ ਲੈ ਕੇ ਇਹ ਦਰਖਾਸਤ ਉਥੇ ਸੁੱਟ ਦੇਈਂ, ਜਿਥੇ ਕੁ ਤੇਰਾ ਬੇੜਾ ਡੁੱਬਿਆ ਸੀ।
ਜਿਵੇਂ ਸੌਦਾਗਰ ਨੂੰ ਕਿਹਾ ਗਿਆ ਸੀ, ਉਹਨੇ ਉਵੇਂ ਹੀ ਕੀਤਾ। ਦਰਖਾਸਤ ਪਾਣੀ ਵਿਚ ਸੁੱਟਦਿਆਂ ਸਾਰ ਉਹਦਾ ਡੁੱਬਿਆ ਬੇੜਾ ਸਹੀ ਸਲਾਮਤ ਪਾਣੀ ‘ਤੇ ਤੈਰਨ ਲੱਗ ਪਿਆ। ਖੁਸ਼ੀ-ਖੁਸ਼ੀ ਉਹਨੇ ਆਪਣਾ ਸਾਰਾ ਸਮਾਨ ਉਸ ਟਾਪੂ ਦੇ ਲੋਕਾਂ ਵਿਚ ਘੁੰਮ-ਫਿਰ ਕੇ ਵੇਚਿਆ। ਪੈਸਾ-ਧੇਲਾ ਸਾਂਭ ਕੇ ਵਾਪਸ ਆਪਣੇ ਦੇਸ਼ ਜਾਣ ਤੋਂ ਪਹਿਲਾਂ ਉਹ ਧੰਨਵਾਦ ਕਰਨ ਰਾਜੇ ਦੇ ਘਰ ਗਿਆ। ਕੁਦਰਤੀ ਉਸ ਦਿਨ ਮੰਤਰੀ ਮੰਡਲ ਦੀ ਮੀਟਿੰਗ ਹੋ ਰਹੀ ਸੀ। ਉਨ੍ਹਾਂ ਸਾਰਿਆਂ ਦੀ ਅਤਿ ਸਾਦਗੀ ਤੋਂ ਹੈਰਾਨ ਹੁੰਦਿਆਂ ਸੌਦਾਗਰ ਨੇ ਸਭ ਦੀ ਰੱਜ ਕੇ ਉਸਤਤ ਕੀਤੀ।
ਆਪਣੀ ਸੋਭਾ ਸੁਣ ਕੇ ਫੁੱਲ ਕੇ ਕੁੱਪਾ ਹੋਣ ਦੀ ਬਜਾਏ ਰਾਜੇ ਤੇ ਵਜ਼ੀਰਾਂ ਨੇ ਉਲਟਾ ਸੌਦਾਗਰ ਨੂੰ ਪੁੱਛ ਲਿਆ ਕਿ ਭਾਈ ਸੌਦਾਗਰਾ! ਜਿਸ ਦੇਸ ਦਾ ਤੂੰ ਬਸ਼ਿੰਦਾ ਏਂ, ਉਥੋਂ ਦੇ ਰਾਜੇ ਅਤੇ ਮੰਤਰੀ ਕੋਈ ਵੱਖਰੀ ਕਿਸਮ ਦੇ ਨੇ? ਉਹ ਸਾਡੇ ਵਰਗੇ ਨਹੀਂ?
ਆਪਣੇ ਹਾਕਮਾਂ ਦੀਆਂ ਸਾਰੀਆਂ ਸਿਫ਼ਤਾਂ ਸੌਦਾਗਰ ਨੇ ਭਰੀ ਸਭਾ ਵਿਚ ਗਿਣ-ਗਿਣ ਦੱਸੀਆਂ ਕਿ ਉਹਦੇ ਦੇਸ ਦੇ ਮੰਤਰੀਆਂ-ਸੰਤਰੀਆਂ ਨੇ ਕਿਵੇਂ ਲੁੱਟ ਮਚਾਈ ਹੋਈ ਹੈ! ਭ੍ਰਿਸ਼ਟਾਚਾਰ ਰਾਹੀਂ ਉਹ ਐਨੀ ਧਨ-ਸੰਪਤੀ ਇਕੱਠੀ ਕਰ ਲੈਂਦੇ ਨੇ ਕਿ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਵਿਹਲੀਆਂ ਬਹਿ ਕੇ ਖਾ ਸਕਦੀਆਂ ਨੇ। ਸਾਦਗੀ ਦੀ ਥਾਂ, ਉਹ ਲਗਜ਼ਰੀ ਕਾਰਾਂ ਵਿਚ ਹਰਲ-ਹਰਲ ਕਰਦੇ ਫਿਰਦੇ ਨੇ। ਸਰਕਾਰੀ ਖ਼ਜ਼ਾਨੇ ਨੂੰ ਦੋਹੀਂ ਹੱਥੀਂ ਲੁੱਟਦਿਆਂ ਆਪਣੀਆਂ ਤਨਖਾਹਾਂ ਦੁੱਗਣੀਆਂ-ਤਿੱਗਣੀਆਂ ਕਰ ਲੈਂਦੇ ਨੇ। ਜਿਹੜਾ ਵੀ ਗੱਦੀ ‘ਤੇ ਬਹਿ ਜਾਂਦਾ ਹੈ, ਉਹ ਫਿਰ ਆਪਣੇ ਹੀ ਪੁੱਤ-ਭਤੀਜੇ, ਸਾਲੇ-ਨੂੰਹਾਂ ਨੂੰ ਵਜ਼ੀਰੀਆਂ ਦੇ ਗੱਫ਼ੇ ਬਖਸ਼ਦਾ ਹੈ। ਵੋਟਾਂ ਦੇ ਦਿਨੀਂ ਉਹ ਬੇਸ਼ੱਕ ਆਮ ਲੋਕਾਂ ਵਿਚ ਚਾਰ ਦਿਨ ਘੁੰਮ-ਫਿਰ ਲੈਂਦੇ ਨੇ, ਫਿਰ ਪੂਰੇ ਪੰਜ ਸਾਲ ਆਮ ਆਦਮੀ ਉਨ੍ਹਾਂ ਦੇ ਮਹਿਲਾਂ ਵਰਗੇ ਬੰਗਲਿਆਂ ਦੇ ਨੇੜੇ ਨਹੀਂ ਫਟਕ ਸਕਦਾ। ਗਰੀਬ ਜਨਤਾ ਦੀ ਮਦਦ ਕਰਨ ਦੀ ਬਜਾਏ ਉਹਦੇ ਦੇਸ ਦੇ ਰਾਜੇ ਉਨ੍ਹਾਂ ਦਾ ਖੂਨæææ!
ਸੌਦਗਾਰ ਨੂੰ ਵਿਚੋਂ ਹੀ ਟੋਕਦਿਆਂ ਉਸ ਸਭਾ ਦੇ ਮੁਖੀਏ ਨੇ ਫੌਰਨ ਵਰਖਾ ਦੇ ‘ਇੰਚਾਰਜ’ ਇੰਦਰ ਦੇਵਤੇ ਨੂੰ ਸੱਦ ਕੇ ਪੁੱਛਿਆ ਕਿ ਤੂੰ ਇਹੋ ਜਿਹੇ ਪਾਪੀ ਹੁਕਮਰਾਨਾਂ ਦੇ ਦੇਸ ਵਿਚ ਮੀਂਹ ਕਿਉਂ ਪਾਉਂਦਾ ਹੁੰਨਾਂ?
“ਦੇਖੋ ਜੀ, ਰਿਜ਼ਕ ਪੈਦਾ ਕਰਨ ਹਿੱਤ ਵਰਖਾ ਪਾਉਣ ਦੀ ਮੇਰੀ ਡਿਊਟੀ ਲੱਗੀ ਹੋਈ ਹੈæææ।” ਇੰਦਰ ਦੇਵ ਨੇ ਸਪਸ਼ਟੀਕਰਨ ਦਿੰਦਿਆਂ ਸੌਦਾਗਰ ਵੱਲ ਇਸ਼ਾਰਾ ਕਰ ਕੇ ਹੋਰ ਆਖਿਆ, “ਹਾਂ, ਇਨ੍ਹਾਂ ਦੇ ਮੁਲਕ ਵਿਚ ਮੀਂਹ ਪਾਉਣ ਲੱਗਿਆਂ ਮੈਂ ਆਪਣੀ ਮਰਜ਼ੀ ਕਰਦਾ ਹੁੰਦਾ ਹਾਂæææਜਦੋਂ ਇਹ ਗੁੱਡੀਆਂ ਫੂਕ-ਫੂਕ, ਦਲੀਏ ਦੇ ਦੇ, ਮੀਂਹ ਲਈ ਅਰਦਾਸਾਂ ਕਰਨ, ਤਾਂ ਮੈਂ ਟੱਸ ਤੋਂ ਮੱਸ ਨਹੀਂ ਹੁੰਦਾ, ਪਰ ਜਦ ਇਹ ਸੋਨੇ ਦੀ ਕਣੀ ਵੀ ਨਾ ਚਾਹੁੰਦੇ ਹੋਣ, ਉਸ ਵੇਲੇ ਮੈਂ ਝੜੀ ਲਾ ਦਿੰਦਾ ਹਾਂ।