ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮੇਰੇ ਸ਼ਹਿਰ ਵਿਚ ਹੀ ਰਹਿੰਦੇ ਇਕ ਪਾਠਕ ਪ੍ਰੇਮੀ ਨਾਲ ‘ਪੰਜਾਬ ਟਾਈਮਜ਼’ ਦੀ ਬਦੌਲਤ ਮਿੱਤਰਤਾ ਦੀ ਗੰਢ ਹੋਰ ਕੱਸੀ ਗਈ। ਇਹ ਬਾਈ ਹਰਦੇਵ ਸਿੰਘ ਆਪਣੇ ਭਰਾ ਵੱਲੋਂ ਭਰੇ ਪੇਪਰਾਂ ਨਾਲ ਇੱਥੇ ਪਰਿਵਾਰ ਸਮੇਤ ਪਹੁੰਚਿਆ ਸੀ। ਭਰਾ ਤੋਂ ਜਿੰਨੀ ਮਦਦ ਹੋਈ, ਉਹਨੇ ਕੀਤੀ ਤੇ ਫਿਰ ਵੱਖ ਕਰ ਦਿੱਤਾ। ਬਾਈ ਫਿਰ ਹੌਲੀ-ਹੌਲੀ ਰੁੜ-ਖਿੜ ਕੇ ਆਪਣੇ ਪੈਰੀਂ ਹੋ ਗਿਆ। ਬਾਈ ਦੇ ਦੋ ਧੀਆਂ ਤੇ ਇਕ ਛੋਟਾ ਪੁੱਤਰ ਹੈ। ਰੋਜ਼ੀ-ਰੋਟੀ ਲਈ ਟਰੱਕ ਚਲਾਉਂਦਾ ਹੈ, ਅਖਬਾਰ ਤੇ ਇਤਿਹਾਸ ਪੜ੍ਹਨ ਦਾ ਸ਼ੌਕੀਨ ਹੈ।
ਪਿਛਲੇ ਸਾਲ ਜਦੋਂ ਬਾਈ ਸਾਡੇ ਪਿੰਡ ਗਿਆ, ਤਾਂ ਮੇਰੇ ਪਿਤਾ ਜੀ ਨਾਲ ਮੇਰੇ ਬਾਰੇ ਗੱਲਾਂ ਕੀਤੀਆਂ। ਪਿਤਾ ਜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਉਨ੍ਹਾਂ ਬੱਸ ਇੰਨਾ ਹੀ ਕਿਹਾ, “ਪੜ੍ਹਨਾ-ਲਿਖਣਾ ਉਹਦਾ ਬਚਪਨ ਦਾ ਸ਼ੌਂਕ ਸੀ ਜੋ ਅਮਰੀਕਾ ਵਿਚ ‘ਪੰਜਾਬ ਟਾਈਮਜ਼’ ਨੇ ਪੂਰਾ ਕਰ ਦਿੱਤਾ। ਇਸੇ ਦੀ ਬਦੌਲਤ ਹੀ ਤਾਂ ਤੁਸੀਂ ਅੱਜ ਮੈਨੂੰ ਮਿਲਣ ਆਏ ਹੋ।
ਬਾਈ ਜੀ ਨੇ ਮੇਰੇ ਬੇਟਿਆਂ ਨੂੰ ਦੇਖ ਕੇ ਗਿਲਾ ਕੀਤਾ, “ਕੁਲਾਰਾ! ਤੈਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਬੇਟੇ ਤਾਂ ਵਿਆਹੁਣ ਵਾਲੇ ਨੇ।”
ਮੈਂ ਕਿਹਾ, “ਬਾਈ ਜੀ! ਤੁਹਾਨੂੰ ਗੁਰਸਿੱਖ ਜਵਾਈ ਚਾਹੀਦਾ ਸੀ।”
“ਆਪਾਂ ਇਨ੍ਹਾਂ ਨੂੰ ਗੁਰਸਿੱਖ ਬਣਾ ਲੈਂਦੇ।” ਬਾਈ ਨੇ ਕਿਹਾ।
“ਬਾਈ ਜੀ! ਗੁਰਸਿੱਖ ਬਣਾਉਣਾ ਕੋਈ ਡਰਾਇੰਗ ਨਹੀਂ ਕਿ ਜੋ ਦਿਲ ਚਾਹੇ, ਬਣਾ ਧਰਿਆ। ਗੁਰਸਿੱਖ ਤਾਂ ਦਿਲ ਦੇ ਸ਼ੌਂਕ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਣੀਦਾ ਹੈ।” ਖੈਰ! ਬਾਈ ਆਪਣੀ ਵੱਡੀ ਧੀ ਦਾ ਵਿਆਹ ਕਰ ਆਇਆ ਸੀ। ਉਹਨੇ ਆਪਣਾ ਜਿਹੜਾ ਗੁਰਸਿੱਖ ਜਵਾਈ ਲੱਭਿਆ, ਉਸ ਪਰਿਵਾਰ ਦੀ ਕਹਾਣੀ ਮੈਨੂੰ ਸੁਣਾਈæææ
æææਬਾਈ ਕੁਲਾਰ! ਵੱਡੀ ਧੀ ਸੁੱਖੀ ਦੀ ਪਹਿਲਾਂ ਤੋਂ ਮੰਗ ਸੀ ਕਿ ਗੁਰਸਿੱਖ ਮੁੰਡੇ ਨਾਲ ਵਿਆਹ ਕਰਵਾਉਣਾ ਹੈ। ਅਸੀਂ ਇੱਥੇ ਵੀ ਕਈ ਥਾਂ ਮੁੰਡੇ ਦੇਖੇ ਪਰ ਗੱਲ ਨਾ ਬਣੀ। ਪਿਛਲੇ ਦੋ ਸਾਲ ਲਗਾਤਾਰ ਇਸੇ ਕੰਮ ਇੰਡੀਆ ਜਾਂਦਾ ਰਿਹਾ। ਪਿੰਡ ਗਿਆ ਤਾਂ ਘਰੇ ਸਹਿਜ ਪਾਠ ਕਰਵਾਇਆ। ਜਿਹੜਾ ਪਾਠੀ ਸਿੰਘ ਸੀ, ਉਹ ਪਿੰਡ ਦਾ ਹੀ ਸੀ। ਪਾਠ ਤੋਂ ਬਾਅਦ ਅਸੀਂ ਗੱਲੀਂ ਲੱਗ ਜਾਣਾ। ਮੈਂ ਉਹਨੂੰ ਧੀ ਦੇ ਰਿਸ਼ਤੇ ਬਾਰੇ ਕਿਹਾ ਤਾਂ ਉਹਨੇ ਸੋਚ-ਵਿਚਾਰ ਕੇ ਦੱਸਿਆ ਕਿ ਇਕ ਪਾਠੀ ਉਨ੍ਹਾਂ ਨਾਲ ਪਾਠ ਕਰਦਾ ਹੈ, ਉਹਦਾ ਮੁੰਡਾ ਹੈ ਛੇ ਫੁੱਟ ਲੰਮਾ, ਸੋਹਣਾ ਸੁਨੱਖਾ ਤੇ ਗੁਰਸਿੱਖ, ਪਰ ਘਰ ਠੀਕ ਹੀ ਹੈ। ਮੈਂ ਕਿਹਾ, ਮੁੰਡਾ ਦਿਖਾ, ਆਪਾਂ ਨੂੰ ਮੁੰਡਾ ਚਾਹੀਦਾ ਹੈ। ਅਮੀਰੀ-ਗਰੀਬੀ ਤਾਂ ਕਰਮਾਂ ਦੀਆਂ ਦਾਤਾਂ ਨੇ।
æææਸਹਿਜ ਪਾਠ ਦੇ ਭੋਗ ਤੋਂ ਬਾਅਦ ਅਸੀਂ ਉਸ ਮੁੰਡੇ ਦੇ ਘਰ ਗਏ। ਮੁੰਡੇ ਦੇ ਬਾਪ ਗਿਆਨੀ ਭਾਗ ਸਿੰਘ ਜਿਸ ਦਾ ਇਕ ਹੱਥ ਕੱਟਿਆ ਹੋਇਆ ਸੀ, ਨੇ ਸਾਡਾ ਨਿੱਘਾ ਸਵਾਗਤ ਕੀਤਾ। ਪਾਣੀ ਛਕਣ ਤੋਂ ਬਾਅਦ ਦੁੱਧ ਵਿਚ ਦੇਸੀ ਚਾਹ ਪਾ ਕੇ ਦਿੱਤੀ। ਮੁੰਡੇ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਮੁੰਡਾ ਮਕੈਨੀਕਲ ਇੰਜਨੀਅਰਿੰਗ ਕਰਦਾ ਹੈ। ਅਜੇ ਗੱਲਾਂ ਹੀ ਕਰ ਰਹੇ ਸਾਂ ਕਿ ਮੁੰਡਾ ਵੀ ਆ ਗਿਆ। ਮੁੰਡਾ ਦੇਖ ਕੇ ਰੂਹ ਖੁਸ਼ ਹੋ ਗਈ। ਮੁੰਡੇ ਤੋਂ ਦੋ-ਚਾਰ ਸਵਾਲ ਪੁੱਛੇ।
ਭਾਗ ਸਿੰਘ ਨਾਲ ਗੱਲਾਂ ਕਰਦਿਆਂ ਹੱਥ ਬਾਰੇ ਪੁੱਛਿਆ। ਭਾਗ ਸਿੰਘ ਨੇ ਆਪਣੇ ਗਲ ਵਿਚਲੀ ਸ੍ਰੀ ਸਾਹਿਬ ਨੂੰ ਬੁੱਕਲ ਵਿਚ ਹੀ ਰੱਖਦਿਆਂ ਚੜ੍ਹਦੀ ਕਲਾ ਵਿਚ ਦੱਸਿਆ, “ਖਾਲਸਾ ਜੀ! ਜੋ ਤੁਸੀਂ ਮੇਰਾ ਇਹ ਰੂਪ ਦੇਖ ਰਹੇ ਹੋ, ਇਹ ਪਹਿਲਾਂ ਨਹੀਂ ਸੀ, ਬਹੁਤ ਸ਼ਰਾਬ ਪੀਂਦਾ ਸੀ। ਘਰ ਦੀ ਜ਼ਮੀਨ ਨਾਲ ਕੁਝ ਜ਼ਮੀਨ ਮਾਮਲੇ ‘ਤੇ ਲੈ ਕੇ ਵਾਹੁੰਦਾ ਹੁੰਦਾ ਸੀ। ਘਰ ਦੀ ਸ਼ਰਾਬ ਕੱਢ ਕੇ ਵੇਚਦਾ ਵੀ ਸੀ। ਬੱਚੇ ਛੋਟੇ ਸਨ, ਘਰਵਾਲੀ ਪੀਣ ਤੋਂ ਰੋਕਦੀ, ਤਾਂ ਪਾਸੇ ਭੰਨ ਦਿੰਦਾ। ਆਂਢੀ-ਗੁਆਂਢੀ ਵੀ ਤੰਗ ਸਨ, ਪਰ ਮੈਂ ਲਗਾਤਾਰ ਆਪਣੇ ‘ਸ਼ੌਂਕ’ ਪੂਰੇ ਕਰ ਰਿਹਾ ਸੀ। ਖੇਤੀਬਾੜੀ ਦੀ ਆਮਦਨ ਖਰਚੇ ਪੂਰੇ ਕਰ ਜਾਂਦੀ, ਤੇ ਕੰਮ ਫਿਰ ਅਗਾਂਹ ਤੁਰ ਪੈਂਦਾ। ਖੇਤੀ ਦਾ ਰਿਮੋਟ ਆੜ੍ਹਤੀਏ ਹੱਥ ਸੀ। ਖੈਰ! ਫਿਰ ਇਕ ਦਿਨ ਭਾਣਾ ਵਰਤਿਆ। ਸ਼ਰਾਬ ਪੀਤੀ ਵਿਚ ਪੱਠੇ ਕੁਤਰਨ ਲੱਗ ਪਿਆ। ਬੱਸ ਤੀਜੇ ਰੁੱਗ ਹੀ ਆਹ ਹੱਥ ਮਸ਼ੀਨ ਨੇ ਖਿੱਚ ਲਿਆ, ਤੇ ਗੁੱਟ ਤੱਕ ਵੱਢਿਆ ਗਿਆ। ਪਿੰਡੋਂ ਕਾਰ ਵਾਲਾ ਮੈਨੂੰ ਸ਼ਹਿਰ ਲੈ ਗਿਆ। ਚਾਰ-ਪੰਜ ਦਿਨਾਂ ਪਿਛੋਂ ਛੁੱਟੀ ਮਿਲੀ, ਤੇ ਘਰ ਆ ਕੇ ਸਾਰੇ ਖੱਲਾਂ-ਖੂੰਜਿਆਂ ਵਿਚੋਂ ਸ਼ਰਾਬ ਕੱਢ ਕੇ ਬਾਹਰ ਸੁੱਟ ਦਿੱਤੀ। ਬੱਸ, ਮੁੜ ਕੇ ਮੂੰਹ ਨਾ ਲਾਈ। ਘਰਵਾਲੀ ਨੂੰ ਮੇਰੇ ਹੱਥ ਕੱਟਣ ਦਾ ਦੁੱਖ ਤਾਂ ਸੀ, ਪਰ ਨਾਲ ਹੀ ਮੇਰੀ ਮਾੜੀ ਆਦਤ ਦਾ ਵੀ ਜੂੜ ਵੱਢਿਆ ਗਿਆ ਸੀ। ਉਹ ਇਸ ਵਿਚ ਵੀ ਕੋਈ ਭਲਾ ਸਮਝਦੀ ਸੀ। ਇਕੱਲੇ ਹੱਥ ਨਾਲ ਖੇਤੀ ਦਾ ਕੰਮ ਔਖਾ ਹੋ ਗਿਆ। ਇਹ ਮੁੰਡਾ ਮਨਵੀਰ ਬਾਰਾਂ ਸਾਲਾ ਦਾ ਸੀ ਜਦੋਂ ਪੱਠੇ ਵੱਢਣ ਲੱਗ ਪਿਆ ਸੀ। ਮੈਂ ਤੇ ਮਨਵੀਰ ਪੱਠੇ ਲੈ ਆਉਂਦੇ, ਤੇ ਘਰ ਕੁੜੀਆਂ ਪਸ਼ੂ ਸਾਂਭ ਲੈਂਦੀਆਂ।
ਇਕ ਦਿਨ ਗੁਰਦੁਆਰੇ ਵਾਲੇ ਬਾਬਾ ਜੀ ਕਹਿੰਦੇ, ‘ਭਾਗ ਸਿਆਂ, ਬਾਣੀ ਦੀ ਸੰਥਿਆ ਲੈ ਕੇ ਪਾਠੀ ਬਣ ਜਾ, ਨਾਲੇ ਤਾਂ ਬਾਣੀ ਪੜ੍ਹਨ ਨਾਲ ਤੇਰਾ ਜੀਵਨ ਸਫ਼ਲਾ ਹੋ ਜਾਊ, ਤੇ ਨਾਲੇ ਘਰ ਦਾ ਖਰਚਾ ਤੁਰਦਾ ਰਹੂæææਬੱਚੇ ਵਧੀਆ ਪੜ੍ਹ ਜਾਣਗੇ।’ ਬਾਬਾ ਜੀ ਨੇ ਦੋ ਸਾਲਾਂ ਵਿਚ ਮੈਨੂੰ ਵਧੀਆ ਪਾਠੀ ਬਣਾ ਦਿੱਤਾ। ਜਿਹੜੇ ਲੋਕ ਭਾਗ ਸਿੰਘ ਨਾਲ ਗੱਲ ਕਰਨਾ ਹੱਤਕ ਸਮਝਦੇ ਸਨ, ਉਹੀ ਲੋਕ ਭਾਗ ਸਿੰਘ ਦੇ ਮੂੰਹੋਂ ਬਾਣੀ ਸੁਣਨਾ ਸ਼ਾਨ ਸਮਝਣ ਲੱਗੇ। ਬਾਬਿਆਂ ਦੇ ਕਹਿਣ ‘ਤੇ ਅੰਮ੍ਰਿਤਪਾਨ ਕਰ ਲਿਆ। ਘਰ ਦੀ ਰੂਪ-ਰੇਖਾ ਬਦਲਦੀ ਗਈ। ਮਨਵੀਰ ਨੂੰ ਵੀ ਬਾਣੀ ਸਿੱਖਣ ਦਾ ਜਾਗ ਲੱਗ ਗਿਆ। ਹੌਲੀ-ਹੌਲੀ ਇਹ ਵੀ ਪਾਠੀ ਬਣ ਗਿਆ। ਕੋਈ ਨਸ਼ਾ ਸਾਡੇ ਘਰ ਨਹੀਂ ਵੜਦਾ।”
ਭਾਗ ਸਿੰਘ ਨੇ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਯਾਦਾਂ ਦੀ ਸਮਾਪਤੀ ਬਾਣੀ ਦੇ ਮਿਠਾਸ ਨਾਲ ਪੂਰੀ ਕਰ ਦਿੱਤੀ। ਮੈਂ ਭਾਗ ਸਿੰਘ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ। ਉਸ ਦੇ ਪਿੰਡੋਂ ਵੀ ਇਕ-ਦੋ ਬੰਦਿਆਂ ਤੋਂ ਪੁੱਛਿਆ, ਉਨ੍ਹਾਂ ਨੇ ਵੀ ਇਹੀ ਕੁਝ ਦੱਸਿਆ। ਮੁੰਡੇ ਬਾਰੇ ਪਤਾ ਕੀਤਾ, ਉਹ ਵੀ ਖਰਾ ਨਿਕਲਿਆ। ਫਿਰ ਮੈਂ ਆਪਣੀ ਧੀ ਤੇ ਘਰਵਾਲੀ ਨੂੰ ਵੀ ਪਿੰਡ ਸੱਦ ਲਿਆ। ਕੁੜੀ ਮੁੰਡੇ ਨੂੰ ਇਕ-ਦੂਜੇ ਨਾਲ ਮਿਲਾਇਆ, ਦੋਵੇਂ ਇਕ-ਦੂਜੇ ਨੂੰ ਪਸੰਦ ਆ ਗਏ। ਮੇਰੇ ਭਰਾ ਕਹਿਣ, ‘ਤੂੰ ਕੋਈ ਚੱਜ ਹਾਲ ਦਾ ਘਰ ਕਿਉਂ ਨਹੀਂ ਲੱਭਦਾ? ਪੰਜਾਬ ਵਿਚੋਂ ਮੁੰਡੇ ਮੁੱਕ ਗਏ?’ ਮੈਂ ਕਿਹਾ, ‘ਸਾਨੂੰ ਨਹੀਂ ਚਾਹੀਦੇ ਵੱਡਿਆਂ ਘਰਾਂ ਦੇ ਕਾਕੇ! ਮੈਂ ਤਾਂ ਆਪਣੇ ਵਰਗਾ ਹੀ ਘਰ ਲੱਭਿਆ ਹੈ।’ ਭਰਾ ਮੂੰਹ ਮੋਟਾ ਕਰ ਗਏ। ਪਰ ਮੈਨੂੰ ਯਕੀਨ ਸੀ ਕਿ ਜਿਥੇ ਗੱਲ ਬਾਣੀ ਤੋਂ ਚੱਲਦੀ ਹੋਵੇ, ਤੇ ਬਾਣੀ ਉਤੇ ਮੁੱਕਦੀ ਹੋਵੇ, ਉਸ ਘਰ ਵਾਹਿਗੁਰੂ ਦਾ ਵਾਸਾ ਹੁੰਦਾ ਹੈ।
ਭਾਗ ਸਿੰਘ ਨੇ ਜੋ ਦੱਸਿਆ, ਸਭ ਸੱਚ ਸੀ। ਫਿਰ ਅਸੀਂ ਆਪਣੇ ਰਿਸ਼ਤੇਦਾਰ ਇਕੱਠੇ ਕੀਤੇ, ਘਰੇ ਹੀ ਮੰਗਣੇ ਦੀ ਰਸਮ ਕਰ ਦਿੱਤੀ, ਤੇ ਵੀਹ ਦਿਨਾਂ ਬਾਅਦ ਵਿਆਹ ਰੱਖ ਦਿੱਤਾ। ਕੋਈ ਮੈਰਿਜ ਪੈਲੇਸ ਬੁੱਕ ਨਹੀਂ ਕੀਤਾ, ਕੁੱਲ ਬਰਾਤੀ ਪੰਜਾਹ ਕੁ ਸਨ। ਮੈਂ ਆਪਣੇ ਘਰ ਹੀ ਆਨੰਦ ਕਾਰਜ ਦੀ ਰਸਮ ਪੂਰੀ ਕਰਵਾਈ। ਭਾਗ ਸਿੰਘ ਨੇ ਆਪ ਲਾਵਾਂ ਦਾ ਪਾਠ ਕੀਤਾ। ਮੈਨੂੰ ਆਪਣੇ ਰਿਸ਼ਤੇਦਾਰਾਂ ਤੋਂ ਵੀ ਗੱਲਾਂ ਸੁਣਨੀਆਂ ਪਈਆਂ, ਪਰ ਮੈਂ ਕੋਈ ਪਰਵਾਹ ਨਾ ਕੀਤੀ। ਮੈਂ ਸਿਰਫ ਸਾਫ਼-ਸੁਥਰਾ ਪਰਿਵਾਰ ਲੱਭਿਆ ਸੀ। ਹਰ ਇਕ ਦੀ ਆਪੋ-ਆਪਣੀ ਰਾਏ ਹੈ। ਕੋਈ ਐਸ਼ਪੀæ ਦੇ ਮੁੰਡੇ ਦੀ ਦੱਸ ਪਾਉਂਦਾ, ਤੇ ਕੋਈ ਚੇਅਰਮੈਨ ਦੇ ਪੋਤੇ ਦੀ; ਪਰ ਮੈਂ ਇਕ ਨਹੀਂ ਸੀ ਸੁਣੀ।
ਵਿਆਹ ਤੋਂ ਦੂਜੇ ਦਿਨ ਭਾਗ ਸਿੰਘ ਦੇ ਘਰ ਸਹਿਜ ਪਾਠ ਦਾ ਭੋਗ ਪਿਆ। ਗੁਰਬਾਣੀ ਦਾ ਰਸਭਿੰਨਾ ਕੀਰਤਨ ਹੋਇਆ। ਰਾਗੀ ਢਾਡੀ ਆਏ ਹੋਏ ਸਨ। ਅਸੀਂ ਮਿਲਣੀ ਵੀ ਕਰ ਆਏ ਤੇ ਭੋਗ ‘ਤੇ ਵੀ ਜਾ ਆਏ। ਭਾਗ ਸਿੰਘ ਦੇ ਪਰਿਵਾਰ ਦੇ ਕਿਸੇ ਜੀਅ ਨੇ ਰੱਤੀ ਭਰ ਸੋਨਾ ਨਹੀਂ ਲਿਆ, ਨਾ ਹੀ ਮੇਰੀ ਧੀ ਨੂੰ ਸੋਨਾ ਪਾਇਆ। ਸਾਡੇ ਦੋਵਾਂ ਪਿੰਡਾਂ ਵਿਚੋਂ ਸ਼ਾਇਦ ਇਹ ਪਹਿਲਾਂ ਅਜਿਹਾ ਵਿਆਹ ਸੀ ਜਿਸ ਵਿਚ ਸੋਨੇ ਦੀ ਚਮਕ ਨਹੀਂ ਪਈ।
ਜਿਸ ਘਰ ਵਿਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਪੜ੍ਹੀ ਜਾਂਦੀ ਹੋਵੇ ਤੇ ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਹੁੰਦਾ ਹੋਵੇ, ਉਹ ਘਰ ਪੂਜਣ ਯੋਗ ਬਣ ਜਾਂਦਾ ਹੈ। ਮੈਂ ਤੇ ਘਰਵਾਲੀ ਮਹੀਨਾ ਰਹਿ ਕੇ ਆਏ, ਧੀ ਚਾਰ ਮਹੀਨਿਆਂ ਪਿਛੋਂ ਵਾਪਸ ਆਈ। ਮਨਵੀਰ ਨੇ ਉਹਨੂੰ ਵੀ ਨਿਤਨੇਮ ਪੜ੍ਹਨਾ ਸਿੱਖਾ ਦਿੱਤਾ ਸੀ। ਵੱਡੀ ਧੀ ਦੀਆਂ ਗੱਲਾਂ ਸੁਣ ਕੇ ਛੋਟੀ ਧੀ ਵੀ ਗੁਰਸਿੱਖ ਲੜਕੇ ਵੱਲ ਉਲਰ ਗਈ, ਉਹਦਾ ਭਾਰ ਵੀ ਸਿਰੋਂ ਲੱਥ ਜਾਵੇਗਾ। ਪੁੱਤਰ ਅਜੇ ਪੜ੍ਹਦਾ ਹੈ, ਉਹ ਜਿਥੇ ਕਹੇਗਾ, ਉਥੇ ਉਹਦਾ ਵਿਆਹ ਕਰ ਦੇਵਾਂਗੇ। ਇੱਥੇ ਜਾਂ ਇੰਡੀਆ।
ਮਨਵੀਰ ਹੁਣ ਅਮਰੀਕਾ ਆ ਗਿਆ ਹੈ।
“ਬਾਈ ਜੀ! ਤੁਹਾਡੇ ਭਰਾ ਮਨਵੀਰ ਨੂੰ ਮਿਲ ਕੇ ਖੁਸ਼ ਹੋਏ ਕਿ ਨਹੀਂ?” ਮੈਂ ਪੁੱਛਿਆ।
“ਬਾਈ ਕੁਲਾਰ! ਬਹੁਤੇ ਰੁਪਏ ਨਾਲ ਬੰਦਾ ਸਿਆਣਾ ਨਹੀਂ ਹੁੰਦਾ। ਜ਼ਿੰਦਗੀ ਦੇ ਤਜਰਬਿਆਂ ਵਿਚੋਂ ਪਾਸ ਬੰਦੇ ਨੂੰ ਹੀ ਸਰਟੀਫਿਕੇਟ ਮਿਲਦਾ ਹੈ। ਵੱਡੇ ਭਰਾ ਦੀ ਧੀ ਬਹੁਤੀ ਪੜ੍ਹੀ ਨਹੀਂ ਸੀ, ਪਰ ਕਹਿੰਦੀ ਸੀ, ਮੁੰਡਾ ਡਾਕਟਰ ਲਿਆਉਣਾ ਹੈ। ਇੰਡੀਆ ਕਿਸੇ ਅਖਬਾਰ ਵਿਚ ਕਢਾ ਕੇ ਡਾਕਟਰ ਲੱਭ ਵੀ ਲਿਆ, ਚੰਗੇ ਖਾਨਦਾਨ ਦਾ ਮੁੰਡਾ ਸੀ। ਛੇ ਮਹੀਨਿਆਂ ਵਿਚ ਇਥੇ ਆ ਗਿਆ। ਇਥੇ ਆ ਕੇ ਪਤਾ ਨਹੀਂ ਕੀ ਹੋਇਆ, ਘਰੋਂ ਹੀ ਨਹੀਂ ਨਿਕਲਿਆ। ਭਰਾ ਉਹਨੂੰ ਆਪਣੇ ਸਟੋਰਾਂ ‘ਤੇ ਘੁਮਾਉਣ ਲੈ ਗਿਆ। ਆਪਣੀ ਅਮੀਰੀ ਦੀਆਂ ਵਡਿਆਈਆਂ ਸੁਣਾਉਣ ਲੱਗਾ। ਮੁੰਡਾ ਹੋਰ ਖਿਝ ਗਿਆ, ‘ਮੈਂ ਕੋਈ ਮਲੰਗਾਂ ਦਾ ਪੁੱਤ ਹਾਂ ਜਿਹੜਾ ਤੁਸੀਂ ਮਹਿੰਗੀਆਂ ਕਾਰਾਂ ਦੀਆਂ ਗੱਪਾਂ ਸੁਣਾਉਣ ਲੱਗ ਪਏ ਹੋ।’ ਬੱਸ ਗੱਲ ਮੁਕਾ, ਮੁੰਡਾ ਗਰੀਨ ਕਾਰਡ ਭਰਾ ਨੂੰ ਫੜਾ ਕੇ ਇੰਡੀਆ ਜਹਾਜ਼ ਚੜ੍ਹ ਗਿਆ। ਧੀ ਦਾ ਤਲਾਕ ਹੋ ਗਿਆ। ਮੁੰਡੇ ਨੇ ਪਿੰਡ ਹੀ ਵਿਆਹ ਕਰਵਾ ਲਿਆ।
ਮਨਵੀਰ ਨੂੰ ਦੇਖ ਕੇ ਲੋਕ ਕਹਿੰਦੇ, ਤੇਲ ਨਾ ਦੇਖੋ, ਤੇਲ ਦੀ ਧਾਰ ਦੇਖੋ! ਉਹ ਦਿਨ ਦੂਰ ਨਹੀਂ ਜਦੋਂ ‘ਭੁੱਖੇ ਦੀ ਧੀ ਰੱਜੀ, ਪਿੰਡ ਉਜਾੜਨ ਲੱਗੀ’ ਵਾਲੀ ਗੱਲ ਸੱਚ ਸਾਬਤ ਨਾ ਹੋਈ। ਮੈਂ ਕਿਹਾ, ਭਰਾ ਤਾਂ ਉਹ ਗੱਲਾਂ ਕਰਦੇ ਨੇ ਕਿ ‘ਮੁਰਦਾ ਬੋਲੂ, ਕੱਫਣ ਪਾੜੂ’। ਉਏ ਜੇ ਕਿਸੇ ਦੀ ਧੀ ਲਈ ਚਾਰ ਸ਼ਬਦ ਚੰਗੇ ਨਹੀਂ ਬੋਲ ਸਕਦੇ ਤਾਂ ਮਾੜੇ ਵੀ ਨਾ ਬੋਲੋ।
ਇਸ ਬਾਈ ਦੇ ਚੰਗੇ ਸੁਭਾਅ ਅਤੇ ਸੋਚ ਨੇ ਮੇਰੇ ਹੱਥ ਕਲਮ ਫੜਾ ਦਿੱਤੀ, ਤੇ ਤੁਹਾਡੇ ਨਾਲ ਇਹ ਵਾਰਤਾ ਸਾਂਝੀ ਕਰ ਲਈ।