ਤੇਜਵੰਤ ਮਾਨ (ਡਾæ)
ਜੀਵਨ ਦੇ ਉਚੇ ਆਦਰਸ਼ਾਂ ਅਤੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨ ਲਈ ਮਨੁੱਖ ਲਗਾਤਾਰ ਇਕ ਕਾਰਜਸ਼ੀਲ ਵਿਵਸਥਾ ਵਿਚ ਰਹਿੰਦਾ ਹੈ। ਇਹ ਕਾਰਜ ਨਿਰੰਤਰ ਕਦੇ ਆਪਣੇ ਅੰਦਰ, ਕਦੇ ਆਪਣੇ ਬਾਹਰ ਉਹ ਸਦਾ ਕਰਦਾ ਰਹਿੰਦਾ ਹੈ। ਕਿਰਤ ਕੁਦਰਤ ਦੀ ਵਿਰਾਟ ਗੋਦ ਵਿਚ ਬੈਠੇ ਮਨੁੱਖ ਦਾ ਖਾਸਾ ਹੈ। ਉਹ ਆਪਣੇ ਵਿਪਰੀਤ ਸਥਿਤੀਆਂ ਨਾਲ ਟਕਰਾਓ ਵਿਚ ਆਏ ਬਿਨਾਂ ਨਹੀਂ ਰਹਿ ਸਕਦਾ।
ਇਸ ਟੱਕਰ ਵਿਚ ਕਈ ਤਰ੍ਹਾਂ ਦੇ ਉਤਰਾ-ਚੜ੍ਹਾ ਆਉਂਦੇ ਹਨ। ਉਸਾਰੀਆਂ, ਤਬਾਹੀਆਂ, ਮੁੜ ਉਸਾਰੀਆਂ ਦਾ ਨਿਰੰਤਰ ਸਿਲਸਿਲਾ ਚਲਦਾ ਰਹਿੰਦਾ ਹੈ। ਇਸ ਅਨੁਭਵ ਵਿਚੋਂ ਉਹ ਵਿਸ਼ਵਾਸੀ, ਸਾਹਰੀ, ਕਰਤਾਰੀ, ਮਹਾਤਮੀ, ਪਰਉਪਕਾਰੀ, ਮੇਲ ਮਿਲਾਪੀ, ਚਾਅ-ਮਲ੍ਹਾਰੀ ਨੈਤਿਕ ਤੇ ਸਮਾਜਿਕ ਮੁੱਲਾਂ ਨੂੰ ਨਿਰਧਾਰਿਤ ਕਰਦਾ ਹੈ। ਇਸੇ ਅਨੁਭਵ ਵਿਚੋਂ ਉਹ ਹੰਕਾਰੀ, ਦੁਰਾਚਾਰੀ, ਆਤਮਘਾਤੀ, ਜ਼ੁਲਮੀ, ਕਾਮੀ, ਕਰੋਧੀ, ਲੋਭੀ ਭਾਵਾਂ ਦੇ ਸਨਮੁੱਖ ਵੀ ਹੁੰਦਾ ਹੈ। ਇਸ ਵਿਰੋਧ ਜੁਟ ਦਾ ਉਹ ਸੰਵਾਦੀ ਹੱਲ ਮੇਲ-ਮਿਲਾਪ, ਗੁਰ ਪ੍ਰਸਾਦਿ ਦੀ ਸਮਾਜੀ ਅਤੇ ਮਹਾਤਮੀ ਪਹਿਚਾਣ ਵਿਚੋਂ ਕੱਢਦਾ ਹੈ।
ਪੁਰਾਣੇ ਸਮੇਂ ਤੋਂ ਹੀ ਮੇਲੇ ਅਤੇ ਤਿਓਹਾਰ ਉਪਰੋਕਤ ਮੇਲ-ਮਿਲਾਪ ਅਤੇ ਗੁਰੂ ਦੀ ਕ੍ਰਿਪਾ ਪ੍ਰਾਪਤ ਕਰਨ ਦੇ ਸਮਾਜਿਕ ਅਤੇ ਮਹਾਤਮੀ ਪਹਿਚਾਣ ਦਾ ਅੰਗ ਰਹੇ ਹਨ। ਮੇਲਾ ਸ਼ਬਦ ਮੇਲ ਤੋਂ ਹੀ ਬਣਿਆ ਹੈ। ਮੇਲੇ ਜਿਥੇ ਜੀ ਪਰਚਾਵੇ ਅਤੇ ਮਨੋਰੰਜਨ ਦਾ ਸਾਧਨ ਹਨ, ਉਥੇ ਇਹ ਸਮਾਜਿਕ, ਰਾਜਸੀ ਅਤੇ ਵਪਾਰਕ ਦ੍ਰਿਸ਼ਟੀ ਤੋਂ ਵੀ ਆਪਣੀ ਵਿਸ਼ੇਸ਼ਤਾ ਰੱਖਦੇ ਹਨ। ਪੰਜਾਬ ਦੀ ਬਹੁਤੀ ਵਸੋਂ ਕਿਰਸਾਨੀ ਹੈ, ਇਸ ਲਈ ਇਹ ਮੇਲੇ ਰੁੱਤ ਅਤੇ ਫ਼ਸਲਾਂ ਦੀ ਬਿਜਾਈ ਜਾਂ ਕਟਾਈ ਦੇ ਦਿਨਾਂ ਨੂੰ ਮੁੱਖ ਰੱਖ ਕੇ ਲਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਦਾ ਸਬੱਬ ਮੌਸਮਾਂ ਦੀ ਤਬਦੀਲੀ ਨਾਲ ਵੀ ਹੈ। ਵਿਸਾਖੀ ਸਰਦੀ ਦੇ ਅੰਤ ਅਤੇ ਗਰਮੀ ਦੇ ਅਰੰਭ ਵਿਚ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਦੀਵਾਲੀ ਸਰਦੀ ਦੇ ਅਰੰਭ ਅਤੇ ਗਰਮੀਆਂ ਦੇ ਅੰਤ ‘ਤੇ ਮਨਾਈ ਜਾਂਦੀ ਹੈ। ਬਸੰਤ ਅਤੇ ਹੋਲੀ ਨਾ ਗਰਮੀ ਨਾ ਸਰਦੀ, ਖੁੱਲ੍ਹੀ ਰੁੱਤ ਦੇ ਤਿਓਹਾਰ ਹਨ।
ਵਿਸਾਖੀ ਦਾ ਸਬੰਧ ਪੰਜਾਬ ਵਿਚ ਖੇਤੀ ਅਤੇ ਆਰਥਿਕਤਾ ਦੇ ਅਧਾਰ ਉਤੇ ਹਾੜੀ ਦੀ ਫਸਲ ਦੀ ਵਾਢੀ ਨਾਲ ਹੈ। ‘ਜੱਟਾ ਆ ਗਈ ਮੇਖ, ਕਚੀ ਪੱਕੀ ਨਾ ਦੇਖ’ ਦੀ ਲੋਕ ਉਕਤੀ ਅਨੁਸਾਰ ਕਣਕਾਂ ਦੀ ਵਢਾਈ ਦਾ ਢੋਲ ਵੱਜ ਜਾਂਦਾ ਹੈ। ਪੰਜਾਬ ਦੇ ਕਿਰਸਾਨ ਦੀ ਕੋਠੀ ਦਾਣੇ ਆ ਜਾਣ ਦੀ ਵੱਡੀ ਆਸ ਬੱਝਦੀ ਹੈ ਅਤੇ ਉਹ ਮੀਂਹ ਕਣੀ ਤੋਂ ਪਹਿਲਾਂ ਪਹਿਲਾਂ ਦਾਣਾ-ਫੱਕਾ ਸੰਭਾਲਣ ਦੇ ਕਾਰਜ ਵਿਚ ਜੁਟ ਜਾਂਦਾ ਹੈ। ਭਰਪੂਰ ਫਸਲ ਦੇ ਆਉਣ ਦੀ ਆਸ ਉਸ ਵਿਚ ਹੱਸਣ-ਖੇਡਣ ਦਾ ਚਾਅ ਪੈਦਾ ਕਰਦੀ ਹੈ। ਆਪਣੇ ਮਨ ਦੇ ਚਾਓ ਨੂੰ ਪੂਰਾ ਕਰਨ ਲਈ ਅਤੇ ਮਹਾਤਮੀ ਸਰੂਪ ਵਿਚ ਆਪਣੇ ਇਸ਼ਟ ਗੁਰੂ ਦੇ ਸ਼ੁਕਰਾਨੇ ਲਈ ਉਹ ਮੇਲੇ ਜਾਂਦਾ ਹੈ। ਸੂਰਜ ਦੇ ਹਿਸਾਬ ਵੈਸਾਖ ਦਾ ਪਹਿਲਾ ਦਿਨ ਵਿਸਾਖੀ ਦਾ ਦਿਨ ਮੰਨਿਆ ਜਾਂਦਾ ਹੈ। ਵੈਸਾਖ ਦੀ ਸੰਗਰਾਂਦ ਨੂੰ ਮੇਖੀ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਚੰਗੇ ਨਛੱਤਰਾਂ ਦੀ ਮਾਨਤਾ ਅਨੁਸਾਰ ਪੂਰਨਮਾਸ਼ੀ ਵਾਲੇ ਦਿਨ ਨੇੜਲੇ ਮਹਾਤਮੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਆਪਣੇ ਇਸ਼ਟ ਜਾਂ ਗੁਰੂ ਦੇ ਦਰਸ਼ਨ ਕਰਦੇ ਹਨ।
ਸਮੂਹਕ ਖੁਸ਼ੀਆਂ ਮਨਾਉਣ ਦੇ ਇਸ ਸਮਾਜਿਕ ਵਿਵਹਾਰ ਨਾਲ ਹੌਲੀ ਹੌਲੀ ਇਤਿਹਾਸਕ ਘਟਨਾਵਾਂ ਵੀ ਜੁੜਦੀਆਂ ਗਈਆਂ। ਵਿਸਾਖੀ ਦਾ ਇਹ ਮੇਲਾ ਗੁਰ
ਨਾਨਕ ਦੇਵ ਜੀ ਦੇ ਜਨਮ ਦਿਵਸ ਵਜੋਂ ਨਾਨਕਿਆਣਾ ਸਾਹਿਬ ਵਿਖੇ ਭਰਨ ਲੱਗਾ। ਭਾਵੇਂ ਹੁਣ ਨਾਨਕਿਆਣੇ ਦੀ ਇਤਿਹਾਸਕ ਧਰਤੀ ਪਾਕਿਸਤਾਨ ਦਾ ਹਿੱਸਾ ਹੈ ਪਰ ਸਮੁੱਚੇ ਸੰਸਾਰ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਅਤੇ ਗੁਰਮਤਿ ਦੇ ਅਨੁਆਈ ਹਰ ਸਾਲ ਵੈਸਾਖ ਦੇ ਪਹਿਲੇ ਦਿਨ ਹੀ ਨਾਨਕਿਆਣਾ ਵਿਖੇ ਸੰਗਤ ਰੂਪ ਵਿਚ ਇਕੱਠੇ ਹੁੰਦੇ ਹਨ ਅਤੇ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਦਾ ਸ਼ੁਕਰਾਨਾ ਅਦਾ ਕਰਦੇ ਹਨ। ਜਦੋਂ 1559 ਈæ ਵਿਚ ਗੁਰੂ ਅਮਰਦਾਸ ਜੀ ਨੇ 84 ਪਾਉੜੀਆਂ ਵਾਲੀ ਬਾਉਲੀ ਗੋਇੰਦਵਾਲ ਸਾਹਿਬ ਵਿਖੇ ਬਣਵਾਈ ਤਾਂ ਭੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਵਿਸਾਖੀ ਵਾਲੇ ਦਿਨ ਵੱਡਾ ਭਾਰੀ ਇਕੱਠ ਗੋਇੰਦਵਾਲ ਸਾਹਿਬ ਸੱਦਿਆ। ਕਿਹਾ ਜਾਂਦਾ ਹੈ ਕਿ 1571 ਈæ ਦੀ ਵਿਸਾਖੀ ਦੇ ਮੌਕੇ ਅਕਬਰ ਬਾਦਸ਼ਾਹ ਨੇ ਖ਼ੁਦ ਗੋਇੰਦਵਾਲ ਸਾਹਿਬ ਇਸ ਪੁਰਬ ‘ਤੇ ਹਾਜ਼ਰ ਹੋ ਕੇ ਗੁਰੂ ਜੀ ਦੇ ਦਰਸ਼ਨ ਕੀਤੇ। ਮੁਗਲ ਬਾਦਸ਼ਾਹਤ ਦੀਆਂ ਰਾਜਸੀ ਪਾਬੰਦੀਆਂ ਕਾਰਨ ਇਹ ਵਿਸਾਖੀ ਦਾ ਮੇਲਾ ਸਥਾਨਕ ਅਨੁਸ਼ਠਾਨ ਵਿਚ ਤਬਦੀਲ ਹੋ ਗਿਆ। ਇਸ ਦਾ ਮਹਾਤਮ ਵੀ ਸਥਾਨਕ ਸਰੋਵਰਾਂ, ਨਦੀਆਂ ਦੇ ਨੇੜਲੇ ਧਾਰਮਿਕ ਸਥਲਾਂ ਨਾਲ ਜੁੜ ਗਿਆ। ਹਰ ਵਿਸਾਖੀ ਦੀ ਸੰਗਰਾਂਦ ਵਾਲੇ ਦਿਨ ਸਥਾਨਕ ਵਿਸਾਖੀ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ।
‘ਵੈਸਾਖਿ ਧੀਰਨਿ ਕਿਉ ਵਾਢੀਆ’ ਦੇ ਗੁਰ ਵਾਕ ਅਨੁਸਾਰ ਪੰਜਾਬ ਦੇ ਕਿਰਸਾਨ ਦੀਆਂ ਖੁਸ਼ੀਆਂ ਲਈ ‘ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ’ ਦਾ ਮਹਾਤਮੀ ਸਰੂਪ ਪੰਜਾਬੀ ਲੋਕ ਮਾਨਸਿਕਤਾ ਦਾ ਭਾਗ ਬਣ ਗਿਆ। ਰਾਜਸੀ ਉਥਲ-ਪੁੱਥਲ ਅਤੇ ਸਮੇਂ ਦੇ ਸਮਾਜਿਕ ਵੇਗ ਨੇ ਉਸ ਸਮੇਂ ਦੀ ਮਸੰਦ ਪਰੰਪਰਾ ਵਿਚ ਕਈ ਤਰ੍ਹਾਂ ਦੀਆਂ ਗਿਰਾਵਟਾਂ ਲੈ ਆਂਦੀਆਂ। ਸਿੱਟਾ ਇਹ ਕਿ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਕੇਸਗੜ੍ਹ ਵਾਲੀ ਥਾਂ ਇਕ ਵੱਡਾ ਭਾਰੀ ਇਕੱਠ 29 ਮਾਰਚ 1699 ਈæ ਨੂੰ ਵਿਸਾਖੀ ਵਾਲੇ ਦਿਨ ਕੀਤਾ। ਮਸੰਦ ਅਤੇ ਖਾਲਸ ਦੀ ਪਹਿਚਾਣ ਲਈ ਪੰਜ ਪਿਆਰਿਆਂ ਦੀ ਪੰਚਾਇਤ ਦਾ ਸੰਕਲਪ ਸਥਾਪਤ ਕੀਤਾ। ਇਸ ਤਰ੍ਹਾਂ ਖਾਲਸਾ ਸਾਜਨਾ ਦਾ ਕ੍ਰਾਂਤੀਕਾਰੀ ਕਾਰਜ ਵਿਸਾਖੀ ਵਾਲੇ ਦਿਨ ਸਾਧਿਆ। ਵਿਸਾਖੀ ਦਾ ਦਿਹਾੜਾ ਪੰਜਾਬੀ ਮਾਨਸਿਕਤਾ ਵਿਚ ਲੋਕ ਰਾਜ ਸੰਕਲਪ ਵਜੋਂ ਵੀ ਮਾਨਤਾ ਪ੍ਰਾਪਤ ਕਰ ਗਿਆ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਸਥਾਨ ‘ਤੇ ਪੰਜ ਕਿਲ੍ਹੇ ਅਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ, ਫਤਿਹਗੜ੍ਹ ਅਤੇ ਹੋਲਗੜ੍ਹ ਉਸਾਰ ਕੇ ਖਾਲਸੇ ਦੀ ਰਾਜ ਸੱਤਾ ਕਾਇਮ ਕੀਤੀ। 1708 ਈæ ਵਿਚ ਗੁਰੂ ਸਾਹਿਬ ਦੇ ਵਿਛੋੜੇ ਤੋਂ ਬਾਅਦ ਖਾਲਸਈ ਰਾਜ ਸੱਤਾ ਦਾ ਟਕਰਾਓ ਦਿੱਲੀ ਸਲਤਨਤ ਨਾਲ ਵੱਧਦਾ ਗਿਆ। ਛੇਤੀ ਹੀ ਦਿੱਲੀ ਸਲਤਨਤ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਤਾਂ ਖਾਲਸਈ ਰਾਜ ਸੱਤਾ ਦਾ ਟਕਰਾਓ ਬਾਹਰੀ ਦੂਰਾਨੀ ਹਮਲਾਵਰਾਂ ਨਾਲ ਹੋ ਗਿਆ। ਖਾਲਸੇ ਦੀਆਂ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਹੋ ਗਿਆ। 10 ਅਪਰੈਲ 1765 ਈæ ਦੇ ਅੰਮ੍ਰਿਤਸਰ ਦੀ ਵਿਸਾਖੀ ਦੇ ਇਕੱਠ ਦੇ ਗੁਰਮਤੇ ਅਨੁਸਾਰ ਸਿੰਘਾਂ ਨੇ ਲਾਹੌਰ ‘ਤੇ ਕਬਜਾ ਕਰਕੇ ਸੁਤੰਤਰ ਖਾਲਸਾ ਗਣਰਾਜ ਦੀ ਸਥਾਪਨਾ ਕੀਤੀ। ਮੁੜ ਅੰਮ੍ਰਿਤਸਰ ਹਰ ਵਿਸਾਖੀ ਉਤੇ ਇਕੱਠ ਹੁੰਦੇ ਰਹੇ ਅਤੇ ਗੁਰਮਤੇ ਪਾਸ ਹੁੰਦੇ ਰਹੇ ਪਰ 1805 ਈæ ਦੀ ਵਿਸਾਖੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀਸ਼ਾਲੀ ਇਕ ਪੁਰਖਾ ਰਾਜ ਸਥਾਪਤ ਕਰਨ ਦੀ ਮਨਸ਼ਾ ਨੇ ਗੁਰਮਤੇ ਦੀ ਪਰੰਪਰਾ ਨੂੰ ਰੱਦ ਕਰ ਦਿੱਤਾ ਜੋ ਉਦੋਂ ਤੱਕ ਸਰਬਤ ਖਾਲਸੇ ਦੀ ਰਾਜ ਸੱਤਾ ਦਾ ਪ੍ਰਤੀਕ ਸੀ ਅਤੇ ਮਿਸਲਾਂ ਦੇ ਛੋਟੇ-ਛੋਟੇ ਗਣਰਾਜਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਸੀ। ਅਪਰੈਲ 1919 ਈæ ਦੀ ਵਿਸਾਖੀ ਨੂੰ ਅੰਮ੍ਰਿਤਸਰ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਵੀ ਪੰਜਾਬੀਆਂ ਦੀ ਰਾਜਸੀ ਨੈਤਿਕਤਾ ਦਾ ਵੱਡਾ ਆਦਰਸ਼ ਬਣ ਗਿਆ। ਇਸ ਦਿਨ ਨਿਹੱਥੇ ਵਿਸਾਖੀ ਦੇ ਇਕੱਠ ਉਤੇ ਅੰਗਰੇਜ਼ ਹਕੂਮਤ ਦੇ ਜਨਰਲ ਡਾਇਰ ਨੇ ਗੋਲਾਬਾਰੀ ਕੀਤੀ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਰਬਾਨੀ ਅਤੇ ਦੇਸ਼ ਭਗਤੀ ਦੀ ਇਕ ਸ਼ਾਨਦਾਰ ਮਿਸਾਲ ਭਾਰਤੀ ਲੋਕਾਂ ਦੇ ਸਾਹਮਣੇ ਪੰਜਾਬੀਆਂ ਨੇ ਰੱਖੀ।
ਸਮੇਂ ਦੇ ਫੇਰ ਨਾਲ ਲੋਕ ਮੇਲ ਮਿਲਾਪ ਦਾ ਸੰਕਲਪ ਹੁਣ ਖ਼ਤਮ ਹੋ ਗਿਆ ਹੈ। ਮਨੁੱਖ ਅੱਜ ਪੂੰਜੀ ਦੀ ਦੌੜ ਵਿਚ ਨਿਜੀ ਵਧੇਰੇ ਹੋ ਗਿਆ। ਅੱਜ ਪੂੰਜੀ ਦੀ ਸਰਦਾਰੀ ਨੇ ਕਿਰਤ ਆਧਾਰਤ ਸਮਾਜਿਕ ਮੁੱਲਾਂ ਨੂੰ ਵੱਡੀ ਸੱਟ ਮਾਰੀ ਹੈ। ਕਿਰਤ ਆਧਾਰਤ ਭਾਈਚਾਰਕ ਸਾਂਝ ਅਤੇ ਮੇਲ ਦੀ ਥਾਂ ਹੁਣ ਨਿੱਜੀ ਸੁਤੰਤਰਤਾ ਅਤੇ ਪੂੰਜੀ ਨੇ ਲੈ ਲਈ ਹੈ। ਅੱਜ ਸਮੂਹਕ ਕਿਰਤ, ਸਮੂਹਕ ਹੱਸਣ-ਖੇਡਣ, ਸਮੂਹਕ ਸੋਚ ਦਾ ਦੌਰ ਖ਼ਤਮ ਹੋ ਗਿਆ ਹੈ। ਅੱਜ ਸੰਗਤ, ਪੰਗਤ, ਮੇਲ ਦੀ ਥਾਂ ਨਿਜੀ ਹਉਮੈ ਅਤੇ ਇਕੱਲੇਪਣ ਨੇ ਲੈ ਲਈ ਹੈ। ਹੁਣ ਮੇਲੇ ਤਿਓਹਾਰਾਂ ਦਾ ਵਪਾਰੀਕਰਨ, ਰਾਜਸੀਕਰਨ ਅਤੇ ਸਮਾਜੀਕਰਨ ਹੋ ਗਿਆ ਹੈ। ਅੱਜ ਮਸ਼ੀਨ ਨੇ ਮਨੁੱਖੀ ਭਾਈਚਾਰੇ ਨੂੰ ਤੋੜ ਦਿੱਤਾ ਹੈ। ਵਿਸਾਖੀ ਦਾਤੀਆਂ ਨਾਲ ਕਣਕਾਂ ਵੱਢਦੇ ਕਿਰਸਾਨਾਂ ਦੀ ਹੁੰਦੀ ਸੀ ਪਰ ਹੁਣ ਕੰਬਾਈਨਾਂ ਨਾਲ ਫਸਲ ਕੱਟਣ ਦੀ ਰੀਤ ਵਿਚੋਂ ਮੇਲਾ ਸ਼ਬਦ ਕਿਵੇਂ ਨਿਕਲੇਗਾ? ਜਦੋਂ ਢੋਲ ਦੀ ਥਾਂ ਅਰਥਹੀਣ ਪੌਪ ਆ ਜਾਵੇ ਤਾਂ ਸਪਸ਼ਟ ਹੈ ਕਿ ਅਸੀਂ ਖੇਤਾਂ ਖਿਲਵਾੜਾਂ ਤੋਂ ਸੁੰਗੜ ਕੇ ਕਲੱਬ ਘਰਾਂ ਵਿਚ ਆ ਗਏ ਹਾਂ। ਹੁਣ ਅਸੀਂ ਦਮਦਮਾ ਸਾਹਿਬ ਦੀ ਵਿਸਾਖੀ ਉਤੇ ਰਸਮੀ ਤੌਰ ‘ਤੇ ਜਾਂਦੇ ਹਾਂ ਅਤੇ ਜਾਂ ਫੇਰ ਇਕ ਦੂਜੇ ਦੀ ਰਾਜਨੀਤਕ ਧੌਂਸ ਜਮਾਉਣ ਲਈ ਟਰੱਕਾਂ-ਟਰਾਲੀਆਂ ਰਾਹੀਂ ਢੋਈਆਂ ਹੋਈਆਂ ਰਾਜਸੀ ਵੋਟਾਂ ਦੀ ਤਰ੍ਹਾਂ। ਹੁਣ ਵਿਸਾਖੀ ‘ਤੇ ਹੋਏ ਇਕੱਠ ਉਤੇ ਸਰਬਤ ਦੇ ਭਲੇ ਲਈ ਕੋਈ ਸਮੂਹਕ ਯਤਨ ਕਰਨ ਦਾ ਪ੍ਰਣ ਕਰਨ ਲਈ ਨਹੀਂ ਜਾਂਦੇ ਸਗੋਂ ਇਕ ਦੂਜੇ ਦੀਆਂ ਬੜ੍ਹਕਾਂ ਸੁਣਨ ਜਾਂਦੇ ਹਨ।
ਅੱਜ ਪੰਜਾਬ ਦੇ ਹੋਰਨਾਂ ਮੇਲਿਆਂ ਵਾਂਗ ਹੀ ਵਿਸਾਖੀ ਦੇ ਮੇਲੇ ਦਾ ਸਮਾਜਿਕ ਅਤੇ ਮਹਾਤਮੀ ਸਰੂਪ ਖ਼ਤਮ ਹੁੰਦਾ ਜਾ ਰਿਹਾ ਹੈ ਸਗੋਂ ਇਸ ਦਾ ਵਪਾਰੀਕਰਨ ਅਤੇ ਰਾਜਸੀਕਰਨ ਸਰੂਪ ਵੀ ਦਿਨੋ-ਦਿਨ ਹੋਰ ਵਿਗੜਦਾ ਜਾ ਰਿਹਾ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਦੁਸ਼ਟ ਦਮਨ ਕਰਨ ਲਈ ਵਿਸਾਖੀ 1699 ਦੇ ਇਕੱਠ ਦੇ ਮਹੱਤਵ ਨੂੰ ਅਸੀਂ ਵਿਸਾਖੀ 1999 ਦੇ ਇਕੱਠ ਵਿਚ ਬਿਲਕੁਲ ਹੀ ਉਲਟਾ ਦਿੱਤਾ ਹੈ। ਵਿਸਾਖੀ ਦੇ ਤਿੰਨ ਸੌ ਸਾਲਾਂ ਦੇ ਇਤਿਹਾਸ ਵਿਚ ਕੋਈ ਸੁਨਹਿਰੀ ਵਰਕਾ ਜੋੜਨ ਵਿਚ ਅਸੀਂ ਕਾਮਯਾਬ ਨਹੀਂ ਹੋਏ। ਇਹ ਪੰਜਾਬੀਆਂ ਲਈ ਵਿਚਾਰਨ ਵਾਲੀ ਸਥਿਤੀ ਹੈ। ਹੁਣ ਤਾਂ ਅਸੀਂ ਸ਼ਾਇਦ ਵਿਸਾਖੀ ਨੂੰ ਕਣਕ ਦੀ ਵਾਢੀ ਨਾਲ ਜੁੜੇ ਮੌਸਮੀ ਤਿਓਹਾਰ ਦਾ ਨਾਂ ਵੀ ਨਾ ਦੇ ਸਕੀਏ।