ਧਾਈਂ ਦਾ ਢੇਰ

ਜੰਮੂ ਕਸ਼ਮੀਰ ਰਿਆਸਤ ਦੇ ਪਿੰਡ ਕਨਹਾਮਾ ਵਿਚ ਜਨਮੇ ਸ਼ ਸਰਨ ਸਿੰਘ ਨੇ ਪੰਜਾਬੀ ਵਿਚ ਕਈ ਯਾਦਗਾਰੀ ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਤੋਂ ਕਸ਼ਮੀਰੀ ਮਾਹੌਲ ਪ੍ਰਚੰਡ ਰੂਪ ਵਿਚ ਝਾਤੀਆਂ ਮਾਰਦਾ ਦਿਸ ਪੈਂਦਾ ਹੈ। ਪੰਜਾਬੀ ਕਹਾਣੀਆਂ ਤੋਂ ਇਲਾਵਾ ਉਨ੍ਹਾਂ ਕਸ਼ਮੀਰੀ ਵਿਚ ਇਕ ਨਾਵਲ ਵੀ ਲਿਖਿਆ।

ਉਨ੍ਹਾਂ ਦੇ ਕਹਾਣੀ ਸੰਗ੍ਰਹਿਆਂ ਵਿਚ ‘ਨੰਗੀ ਧੁੱਪ ਦੇ ਵੈਰੀ’, ‘ਪੰਜ ਪੀਰ’, ‘ਭੌਂ ਭਾਲ’, ‘ਭੁਲੇਖਾ’ ਆਦਿ ਸ਼ਾਮਲ ਹਨ। ‘ਧਾਈਂ ਦਾ ਢੇਰ’ ਨਾਂ ਦੀ ਕਹਾਣੀ ਵਿਚ ਕਹਾਣੀਕਾਰ ਨੇ ਆਮ ਲੋਕਾਂ ਦੀ ਬੇਵਸੀ ਦੀ ਬਾਤ ਤਾਂ ਪਾਈ ਹੀ ਹੈ, ਨਾਲ ਹੀ ਬਦਲ ਰਹੇ ਜ਼ਮਾਨੇ ਦੀ ਗੱਲ ਕੀਤੀ ਹੈ। ਪੁਰਾਣਾ ਢਾਂਚਾ ਤਹਿਸ-ਨਹਿਸ ਹੋਣ ਨਾਲ ਆਮ ਲੋਕਾਂ ਨੂੰ ਸੁੱਖ ਦਾ ਜੋ ਸਾਹ ਆਉਂਦਾ ਹੈ, ਉਹ ਇਸ ਕਹਾਣੀ ਦਾ ਸੁੱਖ-ਸੁਨੇਹਾ ਬਣਦਾ ਹੈ। -ਸੰਪਾਦਕ

ਸਰਨ ਸਿੰਘ

“ਦਫ਼ਾ ਹੋæææਬਦਮਾਸ਼æææਕੁੱਤਾæææਬੇਸ਼ਰਮæææਬਦਜ਼ਾਤ। ਸੱਦਾਂ ਮੈਂ ਆਪਣੇ ਖਸਮ ਨੂੰ। ਕਰਾਵਾਂ ਤੇਰੇ ਡੱਕਰੇæææਤੈਨੂੰ ਸ਼ਰਮ ਆਣੀ ਚਾਹੀਦੀ ਹੈæææਤੇਰੀ ਧੀ ਭੈਣ ਨਹੀਂ?”
ਜ਼ੂਨੀ ਤੇਜ਼ ਤੇਜ਼ ਕਦਮ ਪੁੱਟਦੀ ਖਲਵਾੜੇ ਵੱਲ ਤੁਰੀ ਜਾ ਰਹੀ ਸੀ। ਉਸ ਦੇ ਸਿਰ ‘ਤੇ ਵੱਡੀ ਟੋਕਰੀ ਤੇ ਸੱਜੇ ਹੱਥ ਭਾਫ਼ ਛੱਡਦਾ ਸੋਮਾਵਾਰ ਸੀ। ਉਸ ਟੋਕਰੀ ਲਾਹ ਸੋਮਾਵਾਰ ਦਾ ਢੱਕਣ ਚੁੱਕ ਤੱਕਿਆ। ਸੋਮਾਵਾਰ ਨੱਕੋ-ਨੱਕ ਗੁਲਾਬੀ ਰੰਗ ਦੀ ਚਾਹ ਜੋ ਉਬਾਲੇ ਖਾ ਰਹੀ ਸੀ, ਨਾਲ ਭਰਿਆ ਪਿਆ ਸੀ। ਸਾਰੇ ਕਿਸਾਨ ਜੋ ਧਾਈਂ ਛਿੰਬ ਰਹੇ ਸਨ, ਆਪਣਾ ਆਪਣਾ ਪੂਲਾ ਮੁਕਾ ਬਹਿੰਦੇ ਗਏ। ਜ਼ੂਨੀ ਦਾ ਪਤੀ ਅਜੇ ਵੀ ਪੂਲਾ ਛਿੰਬ ਰਿਹਾ ਸੀ। ਜ਼ੂਨੀ ਦੀ ਮਾਂ ਹੱਥ ਵਿਚ ਵੱਡੀ ਮਾਜ਼ਨ ਦੀ ਬਾਰ੍ਹੀ ਲੈ, ਧਾਈਂ ਦੇ ਲੱਗੇ ਢੇਰ ਤੋਂ ਘਾਹ ਦੇ ਨਿੱਕੇ ਨਿੱਕੇ ਤੀਲੇ ਤੇ ਕੇਸਰੀ ਨਿਖੇੜ ਰਹੀ ਸੀ।
ਟੋਕਰੀ ਵਿਚੋਂ ਜ਼ੂਨੀ ਨੇ ਸਾਰੇ ਪਿੜ ਵਿਚ ਬੈਠੇ ਕਿਸਾਨਾਂ ਨੂੰ ਮੱਕੀ ਦੀਆਂ ਰੋਟੀਆਂ ਕੱਢ ਕੇ ਦਿੱਤੀਆਂ। ਗੁਲਾਬੀ ਰੰਗ ਦੀ ਚਾਹ ਨਾਲ ਪਿਆਲੇ ਭਰ ਭਰ ਉਨ੍ਹਾਂ ਦੇ ਹੱਥਾਂ ਵਿਚ ਥੰਮ੍ਹਾਂਦੀ ਗਈ। ਸਾਰੇ ਕਿਸਾਨ ਖੁਸ਼ ਖੁਸ਼ ਫੂਕਾਂ ਮਾਰ ਮਾਰ ਸ਼ੜੂ ਸ਼ੜੂ ਕਰ ਕੇ ਚਾਹ ਪੀਣ ਲਗ ਪਏ। ਕਿਸਾਨ ਆਪੋ ਵਿਚ ਵੀ ਗੱਲਾਂ ਕਰਨ ਲੱਗ ਪਏ।
“ਤੂੰ ਵੀ ਆ ਨਾ”, ਜ਼ੂਨੀ ਨੇ ਆਪਣੇ ਪਤੀ ਮੁਹੰਮਦੇ ਨੂੰ ‘ਵਾਜ਼ ਮਾਰ ਕੇ ਆਖਿਆ। ਮੁਹੰਮਦਾ ਆਪਣੇ ਪੇਟ ਤੋਂ ਬੱਕਰੇ ਦੀ ਖੱਲ ਦਾ ਪਟਾ ਖੋਲ੍ਹ ਕੇ ਬਹਿ ਗਿਆ। ਜ਼ੂਨੀ ਨੇ ਚਾਹ ਦਾ ਪਿਆਲਾ ਭਰ ਉਸ ਨੂੰ ਫੜਾਇਆ ਤੇ ਟੋਕਰੀ ਵਿਚੋਂ ਮੱਕੀ ਦੀਆਂ ਰੋਟੀਆਂ ਵੀ ਕੱਢ ਕੇ ਦਿੱਤੀਆਂ।
“ਤੂੰ ਵੀ ਆ ਨਾ ਮਾਂæææਘੁੱਟ ਚਾਹ ਦਾ ਪੀ ਲੈ”, ਜ਼ੂਨੀ ਮਾਂ ਵੱਲ ਪਰਤ ਕੇ ਬੋਲੀ।
“ਪੀ ਲੈਣ ਦੇ ਸਾਰਿਆਂ ਨੂੰæææਮੈਂ ਪਿਛੋਂ ਪੀਵਾਂਗੀ”, ਉਸ ਸਿਰੇ ਤੋਂ ਬਾਹਰੀ ਫੇਰਨੀ ਸ਼ੁਰੂ ਕਰ ਦਿੱਤੀ।
“ਪੀ ਲੈæææਪਿਆਲਾ ਵਿਹਲਾ ਹੈ”, ਜ਼ੂਨੀ ਨੇ ਮਾਂ ਲਈ ਚਾਹ ਦਾ ਪਿਆਲਾ ਭਰ ਦਿੱਤਾ।
“ਜੇ ਕਿਸੇ ਸੱਤੂ ਲੈਣੇ ਨੇ ਤਾਂ ਉਹ ਲੈ ਲਵੇ।” ਉਸ ਟੋਕਰੀ ਵਿਚੋਂ ਵੱਡਾ ਪਿਆਲਾ ਕੱਢ ਕਿਸਾਨਾਂ ਦੇ ਵਿਚਕਾਰ ਕਰ ਦਿੱਤਾ। ਸਾਰਿਆਂ ਨੇ ਬੁਰਕੀ ਬੁਰਕੀ ਸੱਤੂ ਪਿਆਲਿਆਂ ਵਿਚ ਪਾ ਲਏ ਤੇ ਚੌਥਾ ਪਿਆਲਾ ਨਮਕੀਨ ਚਾਹ ਦਾ ਪੀਣ ਲੱਗ ਪਏ। ਦੋ ਦੋ ਰੋਟੀਆਂ ਉਸ ਹੋਰ ਕਿਸਾਨਾਂ ਨੂੰ ਵੰਡੀਆਂ।
“ਸ਼ਾਮ ਤੱਕ ਤੇਰੀ ਸਾਰੀ ਧਾਈਂ ਛਿੰਬੀ ਜਾਏਗੀ ਤੇ ਕੱਲ੍ਹ ਅਸੀਂ ਖਿਜ਼ਰੇ ਦੀ ਛਿੰਬੜਨੀ ਹੈ”, ਸੁਬਹਾਨਾ ਬੋਲਿਆ।
ਨਿਬਰਾ ਚਾਹ ਪੀ ਚੁੱਕਾ ਸੀ। ਉਸ ਚਿਲਮ ਵਿਚ ਤਮਾਕੂ ਭਰਿਆ ਤੇ ਕਾਂਗੜੀ ਵਿਚ ਚਿਮਟੇ ਨਾਲ ਅੰਗਾਰ ਕੱਢ ਤਮਾਕੂ ‘ਤੇ ਧਰ ਤਮਾਕੂ ਪੀਣ ਲੱਗ ਪਿਆ। ਜ਼ੂਨੀ ਦੀ ਮਾਂ ਜਦ ਵਿਆਹ ਕੇ ਅਸਦਬਟ ਲਿਆਇਆ ਸੀ ਤਾਂ ਉਸ ਵੇਲੇ ਉਸ ਕੋਲ ਆਪਣੀ ਕੁਝ ਵੀ ਜ਼ਮੀਨ ਨਹੀਂ ਸੀ ਹੁੰਦੀ। ਉਹ ਹਾਜ਼ੀ ਖਿਜ਼ਰ ਬੇਗ ਚੱਕਦਾਰ ਦਾ ਕਾਸ਼ਤਕਾਰ ਸੀ। ਉਸ ਦਾ ਮਕਾਨ ਉਸ ਦੇ ਪਿਉ ਦੇ ਵੇਲੇ ਦਾ ਬਣਿਆ ਸੀ। ਅਸਦਬਟ ਹਰ ਤੀਜੇ ਚੌਥੇ ਸਾਲ ਉਸ ਦੀ ਛੱਤ ਦੀ ਛੇਹ ਬਦਲ ਦਿੰਦਾ ਸੀ। ਮਕਾਨ ਕੀ ਸੀ, ਬਸ ਝੌਂਪੜੀ ਸੀ। ਇਕ ਕਮਰੇ ਵਿਚ ਉਹ ਆਪ ਤੇ ਦੂਜੇ ਵਿਚ ਡੰਗਰ ਬੰਨ੍ਹਦੇ ਸਨ।
ਜ਼ੂਨੀ ਦੀ ਮਾਂ ਨੇ ਕਈ ਬੱਚੇ ਜੰਮੇ, ਪਰ ਜਿਉਂਦੇ ਨਾ ਰਹੇ। ਜ਼ੂਨੀ ਲਈ ਉਨ੍ਹਾਂ ਥਾਂ ਥਾਂ ਅਸਤਾਨੇ ਪੂਜੇæææਤਾਰ੍ਹੀਆਂ ਵੰਡੀਆਂ, ਬੱਕਰੇ ਕੁਰਬਾਨ ਕੀਤੇ। ਜ਼ੂਨੀ ਗਰੀਬ ਮਾਪਿਆਂ ਲਈ ਅਣਮੁੱਲੀ ਦਾਤ ਸੀ। ਗਰੀਬੀ ਦਾਅਵੇ ਦਾ ਜਿੰਨਾ ਵੀ ਲਾਡ ਪਿਆਰ ਹੋ ਸਕਦਾ ਹੈ, ਉਹ ਜ਼ੂਨੀ ਨੂੰ ਮਿਲਿਆ। ਜ਼ੂਨੀ ਜਦ ਤੇਰ੍ਹਾਂ ਵਰ੍ਹਿਆਂ ਦੀ ਹੋਈ ਉਸ ਦੀ ਮੰਗਣੀ ਉਸ ਦੀ ਭੂਆ ਦੇ ਮੁੰਡੇ ਮੁਹੰਮਦ ਨਾਲ ਹੋ ਗਈ। ਜ਼ੂਨੀ ਇਸ ਨਿੱਕੀ ਉਮਰ ਵਿਚ ਵੀ ਮੁਟਿਆਰ ਲੱਗ ਰਹੀ ਸੀ। ਉਹ ਬਹੁਤ ਸੁੰਦਰ ਤੇ ਖਿਚਵੇਂ ਨਕਸ਼ ਨੈਣਾਂ ਵਾਲੀ ਸੀ। ਜ਼ੂਨੀ ਦੇ ਰੂਪ ਦਾ ਚਰਚਾ ਸਾਰੇ ਪਿੰਡ ਦੇ ਮੁੰਡਿਆਂ ਵਿਚ ਲੁਕੇ-ਛਿਪੇ ਹੁੰਦਾ ਹੀ ਰਹਿੰਦਾ ਸੀ। ਕਈ ਇਕ ਮੁੰਡਿਆਂ ਭਾਵੇਂ ਉਸ ‘ਤੇ ਅੱਖ ਰੱਖੀ ਸੀ, ਪਰ ਉਹ ਕਿਸੇ ਦੀ ਵੀ ਪ੍ਰਵਾਹ ਨਾ ਕਰਦੀ। ਬਜ਼ੁਰਗ ਕਿਸਾਨ ਉਸ ਨੂੰ ਬੜਾ ਪਿਆਰ ਕਰਦੇ ਸਨ। ਮੁੰਡੇ ਵੀ ਉਸ ਤੋਂ ਦੂਰ ਰਹਿਣਾ ਪਸੰਦ ਨਾ ਕਰਦੇ, ਆਮ ਤੌਰ ‘ਤੇ ਸ਼ਾਮ ਨੂੰ ਕੰਮਾਂ ਤੋਂ ਵਿਹਲੇ ਹੋ ਉਹ ਉਸ ਦੇ ਵਿਹੜੇ ਜਾਂ ਤਾਂ ਗੱਪਾਂ ਮਾਰਨ ਬਹਿ ਜਾਂਦੇ ਤੇ ਗੁੜਗੁੜੀ ਛਿਕਦੇ ਰਹਿੰਦੇ, ਜਾਂ ਫਿਰ ਘੜਾ ਤੁਮਕਨਾੜੀ ਲੈ ਗਾਣ ਬਹਿ ਜਾਂਦੇ।
ਜ਼ੂਨੀ ਪਿਉ ਦੀਆਂ ਨਜ਼ਰਾਂ ਵਿਚ ਬੱਚੀ ਹੀ ਸੀ, ਭਾਵੇਂ ਉਸ ਕਈ ਦਿਲਾਂ ਦੀ ਨੀਂਦਰ ਹਰਾਮ ਕਰ ਦਿੱਤੀ ਸੀ। ਜ਼ੂਨੀ ਦੇ ਹੁਸਨ ਨੇ ਮੁੰਡਿਆਂ ਨੂੰ ਤਿੰਨਾਂ ਟੋਲੀਆਂ ਵਿਚ ਵੰਡ ਦਿੱਤਾ। ਹਰ ਟੋਲੀ ਵਿਚ ਉਸ ਦਾ ਇਕ ਆਸ਼ਕ ਸੀ। ਜ਼ੂਨੀ ਨੂੰ ਆਸ਼ਕਾਂ ਦਾ ਪੂਰਾ ਅਹਿਸਾਸ ਹੋ ਗਿਆ, ਪਰ ਉਸ ਦੀ ਹਿੱਕ ਵਿਚ ਕਿਸੇ ਲਈ ਵੀ ਧੜਕਣ ਨਾ ਪੁੰਗਰੀ। ਜ਼ੂਨੀ ਜਿੰਨੀ ਸੁੰਦਰ ਸੀ, ਉਨੀ ਹੀ ਆਪਣੇ ਹੁਸਨ ਤੋਂ ਬੇਪ੍ਰਵਾਹ ਸੀ। ਉਹ ਆਪਣੀ ਨਿੱਕੀ ਜਿਹੀ ਮਸਤੀ ਵਿਚ ਹਮੇਸ਼ਾ ਫਸੀ ਰਹਿੰਦੀ। ਇਕ ਦਿਨ ਜ਼ੂਨੀ ਖਾਤਰ ਮੁੰਡਿਆਂ ਦੀਆਂ ਦੋਹਾਂ ਟੋਲੀਆਂ ਵਿਚ ਖੜਕ ਪਈ। ਜ਼ੂਨੀ ਨੂੰ ਪਤਾ ਲੱਗਿਆæææਉਸ ਦੇ ਪਿਉ ਨੂੰ ਰਿਸ਼ਤੇਦਾਰਾਂ ਨੇ ਜ਼ੂਨੀ ਦਾ ਵਿਆਹ ਕਰਨ ਲਈ ਜ਼ੋਰ ਪਾਇਆ, ਪਰ ਬਿਨਾਂ ਪੈਸਿਆਂ ਵਿਆਹ ਕਿਵੇ ਹੋਵੇ? ਕਰਜ਼ ਚੁੱਕਣ ਤੋਂ ਬਿਨਾਂ ਉਸ ਨੂੰ ਕੋਈ ਚਾਰਾ ਨਾ ਦਿਸਿਆ। ਆਖਰ ਪੈਸੇ ਲਵੇ ਕਿਸ ਤੋਂ। ਇਕ ਦਿਨ ਜ਼ੂਨੀ ਦਾ ਪਿਉ ਬਿਮਾਰ ਪੈ ਗਿਆ। ਤੇਜ਼ ਬੁਖ਼ਾਰ ਉਸ ਨੂੰ ਚਾਰ ਦਿਨ ਹੀ ਰਿਹਾ, ਪਰ ਤਾਪ ਉਤਰਨ ਨਾਲ ਉਸ ਦੀਆਂ ਲੱਤਾਂ ਹੀ ਰਹਿ ਗਈਆਂ।
ਚੱਕਦਾਰ ਦਾ ਮੁਨਸ਼ੀ ਅੱਸੂ ਦੇ ਆਖਰੀ ਦਿਨਾਂ ਨੂੰ ਹਰ ਸਾਲ ਵਾਂਗ ਇਸ ਸਾਲ ਵੀ ਪਿੰਡ ਆ ਗਿਆ। ਧਾਈਂ ਛਿੰਬ ਕੇ ਲੈਣ ਦਾ ਵੇਲਾ ਆ ਗਿਆ ਸੀ। ਉਹ ਨੰਬਰਦਾਰ ਵਲੀ ਮੀਰ ਦੇ ਚੁਬਾਰੇ ਠਹਿਰਿਆ ਸੀ। ਜ਼ੂਨੀ ਦਾ ਘਰ ਵੀ ਨੰਬਰਦਾਰ ਦੇ ਘਰ ਦੇ ਸਾਹਮਣੇ ਸੀ। ਮੁਨਸ਼ੀ ਪੈਂਤੀਆਂ ਕੁ ਸਾਲਾਂ ਦਾ, ਮਾਤਾ ਦੇ ਦਾਗਾਂ ਵਾਲਾ ਚਿਹਰਾ, ਉਚੇ ਉਚੇ ਪੀਲੇ ਥਿਮ੍ਹਾਂ ਵਾਲੇ ਦੰਦ, ਰੰਗ ਕਾਲਾ, ਤੇ ਲੰਮੇ ਪਤਲੇ ਸਰੀਰ ਦਾ ਬੰਦਾ ਸੀ। ਆਪਣੇ ਮਾਲਕ ਕਰ ਕੇ ਲੋਕ ਉਸ ਨੂੰ ਮੰਨਦੇ ਸਨ। ਇਸ ਪਿੰਡ ਦੇ ਸਾਰੇ ਦੇ ਸਾਰੇ ਕਿਸਾਨ ਉਸ ਦੇ ਮਾਲਕ ਦੇ ਮੁਜਾਰੇ ਸਨ। ਇਸ ਭੈੜੀ ਜਿਹੀ ਸ਼ਕਲ ਦਾ ਬੰਦਾ ਆਪਣੇ ਮਾਲਕ ਦੀ ਸ਼ਹਿ ਕਰ ਕੇ ਇੰਨਾ ਬਦਮਸਤ ਸੀ ਕਿ ਉਹ ਸਿੱਧੇ ਮੂੰਹ ਮੁਜਾਰਿਆਂ ਨਾਲ ਗੱਲ ਵੀ ਨਾ ਕਰਦਾ। ਆਮ ਰਵਾਇਤ ਅਨੁਸਾਰ ਪਿੰਡ ਦੇ ਕਿਸਾਨ ਅੰਡੇ, ਮੁਰਗੇ, ਘਿਉ, ਮੱਖਣ, ਸਬਜ਼ੀ ਆਦਿ ਲਿਆ ਕੇ ਉਸ ਦੇ ਰਸੋਈਏ ਨੂੰ ਦਿੰਦੇ ਗਏ।
ਮੁਨਸ਼ੀ ਦੀਆਂ ਲੱਤਾਂ ਜੁਆਨ ਮੁਜਾਰਾ ਘੁੱਟਣ ਬਹਿ ਗਿਆ। ਥੋੜ੍ਹੀ ਦੇਰ ਬਾਅਦ ਰਸੋਈਏ ਨੇ ਚਾਹ ਪਰਾਉਂਠੇ ਤੇ ਉਬਲੇ ਅੰਡੇ ਉਸ ਅੱਗੇ ਆਣ ਧਰੇ।
“ਅਸਦਬਟ ਨਹੀਂ ਦਿਸਿਆ?” ਮੁਨਸ਼ੀ ਨੇ ਪੁਛਿਆ।
“ਉਹ ਤੇ ਜਨਾਬ ਮਰਨ ਵਾਲਾ ਹੈæææਵਿਚਾਰੇ ਨੂੰ ਵਜ੍ਹ ਹੋ ਗਿਆ ਹੈ।”
“ਅੱਛਾæææਪਰ ਉਸ ਦੀ ਫਸਲ ਦਾ ਕੀ ਬਣਿਆ ਵਲੀ ਮੀਰਾ।”
“ਉਹ ਤੇ ਹਜ਼ੂਰ ਅਸਾਂ ਐਤਕੀਂ ਵਟ ਲਈ ਹੈ।”
“ਉਸ ਦਾ ਲੜਕਾ ਹੈ ਕੋਈ?”
ਮੁਨਸ਼ੀ ਦੀ ਗੱਲ ਦਾ ਉਤਰ ਦੇਣ ਲਈ ਵਲੀ ਮੀਰ ਅਜੇ ਤਿਆਰ ਹੀ ਹੋ ਰਿਹਾ ਸੀ ਕਿ ਇੰਨੇ ਨੂੰ ਜ਼ੂਨੀ ਦੇ ਸਲਾਮ ਨੇ ਦੋਵਾਂ ਦੀ ਰੁਚੀ ਮੋੜੀ। ਜ਼ੂਨੀ ਨੇ ਮੁਨਸ਼ੀ ਅੱਗੇ, ਲੱਤਾਂ ਤੋਂ ਬੰਨ੍ਹਿਆਂ ਚੂਜ਼ਾ, ਪਿਆਲੇ ਵਿਚ ਅੱਧ ਕੁ ਸੇਰ ਮੱਖਣ ਤੇ ਗੰਢ ‘ਚ ਬੰਨ੍ਹੇ ਦਰਜਨ ਕੁ ਅੰਡੇ ਧਰ ਦਿੱਤੇ।
“ਕੀ ਹੈ?” ਮੁਨਸ਼ੀ ਨੇ ਹੁੱਕੇ ਦੀ ਨਲੀ ਮੂੰਹ ਵਿਚੋਂ ਕੱਢਦਿਆਂ ਪੁੱਛਿਆ।
“ਮਾਂ ਨੇ ਭੇਜੇ ਹਨ।”
ਪਿਉ ਤੇਰਾ ਅਜੇ ਮਰਿਆ ਹੈ ਕਿ ਨਹੀਂ?” ਮੁਨਸ਼ੀ ਦੇ ਬਦਬੂ ਵਾਲੇ ਮੂੰਹ ਵਿਚੋਂ ਇਹ ਸ਼ਬਦ ਸੁਣ ਜ਼ੂਨੀ ਕੁਝ ਬੋਲ ਨਾ ਸਕੀ।
ਵਲੀ ਮੀਰ ਮੁਨਸ਼ੀ ਦਾ ਇਸ਼ਾਰਾ ਸਮਝ ਕੇ ਉਥੋਂ ਤਿਤਰ ਹੋ ਗਿਆ। ਵਲੀ ਮੀਰ ਮੁਨਸ਼ੀ ਦਾ ਭੇਤੀ ਸੀ। ਉਸ ਕਈ ਇਕ ਕਾਮਿਆਂ ਦੀ ਮੁਨਸ਼ੀ ਦੇ ਆਖਣ ‘ਤੇ ਕੁਟਾਈ ਵੀ ਕੀਤੀ ਸੀ। ਕਈ ਇਕ ਪਿੰਡ ਦੀਆਂ ਕੁੜੀਆਂ ਦੀ ਦੋਵਾਂ ਨੇ ਮਿਲ ਕੇ ਪੱਤ ਵੀ ਲਾਹੀ ਸੀ। ਵਲੀ ਮੀਰ ਜ਼ੂਨੀ ਨੂੰ ਕਾਬੂ ਵਿਚ ਲਿਆਣ ਦਾ ਕਈ ਵਾਰ ਜਤਨ ਭਾਵੇਂ ਕਰ ਚੁੱਕਾ ਸੀ, ਪਰ ਉਸ ਨੂੰ ਸਫ਼ਲਤਾ ਨਹੀਂ ਸੀ ਹੋਈ।
“ਤੇਰਾ ਕੀ ਨਾਂ ਹੈ? ਮੁਨਸ਼ੀ ਨੇ ਪੁੱਛਿਆ।
“ਜ਼ੂਨੀ।”
“ਜਾਹ, ਮਾਂ ਨੂੰ ਆਖ ਦੇ ਕਿ ਅਗਲੇ ਸਾਲ ਤੋਂ ਉਨ੍ਹਾਂ ਨੂੰ ਜ਼ਮੀਨ ਕਾਸ਼ਤ ਕਰਨ ਲਈ ਨਹੀਂ ਮਿਲੇਗੀ, ਕਿਉਂਕਿ ਤੇਰਾ ਪਿਉ ਹੁਣ ਮਰ ਜਾਵੇਗਾ। ਜੇ ਮਰਿਆ ਨਹੀਂ, ਪਰ ਮਰੇ ਬਰਾਬਰ ਹੀ ਹੈ।”
“ਹਜ਼ੂਰæææ।” ਜ਼ੂਨੀ ਦੀ ਜਿਵੇਂ ਕਿਸੇ ਜ਼ਬਾਨ ਹੀ ਖਿੱਚ ਲਈ, ਉਹ ਕੰਬਦੀ-ਕੰਬਦੀ ਉਠ ਕੇ ਜਾਣ ਲੱਗੀ।
“ਕਿੱਥੇ ਚਲੀ ਹੈਂ?”
“ਘਰ।”
“ਇਹ ਚੀਜ਼ਾਂ ਵੀ ਲੈ ਜਾ। ਮੈਨੂੰ ਨਹੀਂ ਲੋੜ।”
“ਕਿਉਂ ਜਨਾਬæææਇਹ ਤੇ ਮਾਂ ਨੇ ਤੁਸਾਂ ਲਈ ਘੱਲੀਆਂ ਹਨ।”
“ਲੈ ਜਾਹæææਬਹੁਤੀਆਂ ਗੱਲਾਂ ਨਾ ਕਰ।”
ਜ਼ੂਨੀ ਨੇ ਚੀਜ਼ਾਂ ਵਾਪਸ ਚੁੱਕ ਲਈਆਂ ਤੇ ਘਰ ਪਰਤ ਆਈ।
ਜ਼ੂਨੀ ਨੂੰ ਜਾਂਦਿਆਂ ਤੱਕ ਵਲੀ ਮੀਰ, ਮੁਨਸ਼ੀ ਕੋਲ ਪਰਤ ਆਇਆ, “ਹਜ਼ੂਰæææਕਬੂਤਰੀ ਨੂੰ ਕਿਉਂ ਛੱਡ ਦਿੱਤਾ। ਸੋਹਣਾ ਮੌਕਾ ਸੀ।”
“ਬਕ ਬਕ ਨਾ ਕਰæææਤੈਨੂੰ ਕੀ ਪਤਾ ਮੇਰੀ ਸਬੀਲ ਦਾ। ਹੁਣ ਵੇਖ ਕੀ ਬਣਦਾ ਹੈ।” ਵਲੀ ਮੀਰ ਨੂੰ ਮੁਨਸ਼ੀ ਦੀ ਗੱਲ ਭਾਵੇਂ ਸਮਝ ਨਾ ਆਈ, ਤਾਂ ਵੀ ਉਹ ਮੁਸਕਰਾਇਆ।
“ਵਲੀਆ, ਅੱਜ ਤੱਕ ਤੂੰ ਇਸ ਪਰੀ ਦਾ ਦੱਸਿਆ ਹੀ ਨਾ।”
“ਹਜ਼ੂਰ ਇਹ ਕਿਸੇ ਤੋਂ ਕਾਬੂ ਨਹੀਂ ਆਈ। ਮੈਂ ਤੇ ਬਹੁਤ ਜ਼ੋਰ ਲਾ ਹਟਿਆ ਹਾਂ। ਮੈਂ ਤੇ ਇਸ ਨਾਲ ਵਿਆਹ ਵੀ ਕਰਨ ਨੂੰ ਤਿਆਰ ਹੋ ਗਿਆ ਸਾਂ ਪਰ ਇਸ ਦਾ ਪਿਉ ਕਿਤੇ ਮੰਨਿਆ ਹੀ ਨਾ, ਆਖਣ ਲੱਗਾ, ਮੈਂ ਧੀ ਨੂੰ ਸੌਕਣ ਨਹੀਂ ਬਣਨ ਦੇਣਾ।”
ਮੁਨਸ਼ੀ ਹੁੱਕੇ ਦਾ ਧੂੰਆਂ ਮੂੰਹ ਵਿਚੋਂ ਕੱਢਦਾ ਰਿਹਾ ਤੇ ਸੋਚਾਂ ਵਿਚ ਡੁੱਬ ਗਿਆ। ਥੋੜ੍ਹੀ ਦੇਰ ਨੂੰ ਜ਼ੂਨੀ ਦੀ ਮਾਂ ਉਹੀ ਚੀਜ਼ਾਂ ਚੁਕ ਕੇ ਆਈ। ਉਸ ਆਪਣੇ ਸਿਰ ਤੋਂ ਕਸਾਬਾ ਲਾਹ ਮੁਨਸ਼ੀ ਦੇ ਪੈਰਾਂ ਵਿਚ ਧਰ ਦਿੱਤਾ। ਉਹ ਤਰਲੇ ਪਾਣ ਲੱਗ ਪਈ। ਉਸ ਦੀਆਂ ਅੱਖਾਂ ਵਿਚ ਅੱਥਰੂ ਤਰਨ ਲੱਗ ਪਏ।
“ਤੇਰੇ ਰੋਣ-ਧੋਣ ਦਾ ਮਤਲਬ ਮੈਨੂੰ ਨਹੀਂ ਸਮਝ ਆਉਂਦਾ। ਤੂੰ ਹੀ ਦੱਸ, ਜਦ ਤੇਰਾ ਖਸਮ ਵਜ੍ਹ ਨਾਲ ਅੱਧਾ ਮਰਿਆ ਪਿਆ ਹੈ ਤੇ ਤੂੰ ਜ਼ਮੀਨ ਦੀ ਕਾਸ਼ਤ ਕਿਵੇਂ ਰੱਖ ਸਕਦੀ ਹੈ, ਕੌਣ ਹੈ ਤੇਰਾæææਕੌਣ ਕੰਮ ਕਰੇਗਾ?”
“ਜਨਾਬ ਮੈਂ ਇਸੇ ਫਸਲ ਜ਼ੂਨੀ ਦਾ ਵਿਆਹ ਕਰਾਂਗੀ ਤੇ ਮੁੰਡਾ ਘਰ ਲਿਆਵਾਂਗੀ।”
“ਵਿਆਹ ਕਰੇਂਗੀ! ਪੈਸੇ ਹੈਨ ਨੀ?”
“ਜਨਾਬ ਦਾ ਇਕਬਾਲ ਉਚਾæææਤੁਹਾਡੇ ਖਜ਼ਾਨੇ ਵਿਚ ਕਿਸ ਚੀਜ਼ ਦੀ ਘਾਟ ਹੈæææਗਰੀਬਾਂ ‘ਤੇ ਮਿਹਰ ਦੀ ਨਜ਼ਰ ਕਰੋ।” ਉਸ ਮੁਨਸ਼ੀ ਦੇ ਪੈਰ ਫੜ ਲਏ।
“ਅੱਛਾæææਅੱਛਾæææਕਰ ਲੈ ਉਸ ਦਾ ਵਿਆਹ। ਦੇ ਦਿਆਂਗਾ ਤੈਨੂੰ ਪੈਸੇ।”
ਉਸ ਆਪਣੇ ਅੱਥਰੂ ਪੂੰਝੇ। ਉਹਦਾ ਚਿਹਰਾ ਖਿੜ ਗਿਆ।
“ਅੱਛਾ ਜਾਹ ਪਰ ਥੋੜ੍ਹੀ ਦੇਰ ਬਾਅਦ ਜ਼ੂਨੀ ਨੂੰ ਭੇਜੀਂæææ।” ਮੁਨਸ਼ੀ ਨੇ ਮੂੰਹ ਵਿਚ ਧੂੰਏਂ ਦੀ ਹਵਾੜ੍ਹ ਹਵਾ ਵਿਚ ਰਲਾਂਦਿਆਂ ਆਖਿਆ।
“ਸਮਝ ਗਈ ਨਾæææਜ਼ਰਾ ਠਹਿਰ ਕੇæææ।”
“ਅੱਛਾ”, ਕਹਿ ਕੇ ਉਹ ਸੋਚਦੀ-ਸੋਚਦੀ ਆਪਣੇ ਘਰ ਟੁਰ ਗਈ।
ਮੁਨਸ਼ੀ ਖਾਣਾ ਖਾ ਕੇ ਬਿਸਤਰ ‘ਤੇ ਬੈਠਾ ਤਮਾਕੂ ਪੀ ਰਿਹਾ ਸੀæææਵਲੀ ਮੀਰ ਉਸ ਕੋਲ ਬੈਠਾ ਸੀ। ਜ਼ੂਨੀ ਨਿੱਕੀ ਜਿਹੀ ਟੋਕਰੀ ਵਿਚ ਅਖਰੋਟ ਲੈ ਕੇ ਆਈ।
“ਕੀ ਹੈ?” ਮੁਨਸ਼ੀ ਨੇ ਖਹੁਰੀ ਤਰ੍ਹਾਂ ਪੁੱਛਿਆ।
“ਜਨਾਬ ਮਾਂ ਨੇ ਭੇਜੇ ਹਨ।”
“ਅੱਛਾ, ਅੱਛਾ ਬਹਿ ਜਾ। ਵਲੀਆ ਅੰਦਰ ਰੱਖ।” ਉਹ ਟੋਕਰੀ ਲੈ ਉਠ ਗਿਆ।
“ਇਥੇ ਬਹਿ।” ਮੁਨਸ਼ੀ ਨੇ ਦੱਸਿਆ।
“ਲੱਤਾਂ ਘੁੱਟ।” ਮੁਨਸ਼ੀ ਦੀਆਂ ਲੱਤਾਂ ਘੁੱਟਣ ਉਹ ਬਹਿ ਗਈ। ਮੁਨਸ਼ੀ ਨੇ ਥੋੜ੍ਹੀ ਦੇਰ ਬਾਅਦ ਜ਼ੂਨੀ ਦੇ ਦੋਵੇਂ ਹੱਥ ਪਕੜ ਕੇ ਆਪਣੇ ਕੋਲ ਖਿੱਚ ਲਿਆ। ਉਹ ਚੁੱਪ-ਚਾਪ ਬੇਜ਼ਾਨ ਜਿਹੀ ਬਣ ਮੁਨਸ਼ੀ ਦਾ ਆਖਾ ਮੰਨਦੀ ਗਈ। ਮੁਨਸ਼ੀ ਸਮਝ ਗਿਆ ਕਿ ਜ਼ੂਨੀ ਨੇ ਰੌਲਾ ਨਹੀਂ ਪਾਣਾæææਉਸ ਹੱਥ ਲੰਮਾ ਕਰ ਬਲਦਾ ਲਾਲਟੈਣ ਬੁਝਾ ਦਿੱਤਾ। ਜ਼ੂਨੀ ਹੈਰਾਨ ਪਰੇਸ਼ਾਨ ਹੋ ਉਸ ਦੇ ਕਲਾਵੇ ਵਿਚ ਘੁੱਟੀ ਗਈ। ਜ਼ੂਨੀ ਸੁੰਨ ਹੋ ਗਈ। ਉਸ ਨੂੰ ਮਹਿਸੂਸ ਹੋਇਆ ਜਿਵੇਂ ਵਜ੍ਹ ਉਸ ਦੇ ਪਿਉ ਨੂੰ ਨਹੀਂ, ਉਸ ਨੂੰ ਹੋ ਗਿਆ ਹੈ। ਨਾ ਜ਼ੂਨੀ ਰੋਈ, ਨਾ ਚੀਕੀæææਚੁੱਪ-ਚਾਪ ਮੁਨਸ਼ੀ ਦਾ ਆਖਾ ਮੰਨ ਗਈ। ਉਹ ਕਿੰਨਾ ਚਿਰ ਬੇਸੁਧ ਲੇਟੀ ਰਹੀ। ਨਿੱਕੀ ਨਿੱਕੀ ਲੋਅ ਫੁਟ ਰਹੀ ਸੀ ਜਦ ਜ਼ੂਨੀ ਨੂੰ ਮੁਨਸ਼ੀ ਨੇ ਆਪਣੇ ਘਰ ਭੇਜਿਆ।
ਇਸ ਸਾਲ ਵੀ ਮੁਨਸ਼ੀ ਪਿੰਡ ਬੀਤੇ ਸਾਲਾਂ ਵਾਂਗ ਆਇਆ, ਪਰ ਅੱਜ ਨਾ ਉਸ ਅੱਗੇ ਕਿਸਾਨਾਂ ਅੰਡੇ, ਮੁਰਗੇ ਆਦਿ ਧਰੇ, ਤੇ ਨਾ ਅੱਜ ਉਸ ਤੋਂ ਕਿਸੇ ਨੂੰ ਭੈਅ ਆ ਰਿਹਾ ਸੀ। ਚੱਕਦਾਰੀ ਖਤਮ ਹੋਣ ਕਰ ਕੇ ਜ਼ਮੀਨ ਮੁਜਾਰਿਆਂ ਵਿਚ ਵੰਡੀ ਜਾ ਚੁੱਕੀ ਸੀ। ਹਰ ਮੁਜਾਰਾ ਆਪਣੀ ਮਿਲੀ ਜ਼ਮੀਨ ਦਾ ਆਪ ਮਾਲਕ ਸੀ। ਪਿੰਡ ਵਿਚ ਮਸਾਂ ਚੱਕਦਾਰ ਨੂੰ ਸੌ ਕਨਾਲਾਂ ਜ਼ਮੀਨ ਤੇ ਕੁਝ ਫਲਦਾਰ ਬਾਗ ਰਹਿ ਗਿਆ ਸੀ।
ਜ਼ੂਨੀ ਦੇ ਪਿਉ ਨੂੰ ਮਰਿਆਂ ਕਈ ਸਾਲ ਬੀਤ ਚੁੱਕੇ ਸਨ। ਜ਼ੂਨੀ ਦੀ ਸੌ ਕਨਾਲ ਜ਼ਮੀਨ ਅੱਜ ਵੀ ਉਸ ਦੀ ਆਪਣੀ ਸੀ। ਮੁਨਸ਼ੀ ਉਸ ਨੂੰ ਖੋਹ ਨਾ ਸਕਿਆ। ਜ਼ੂਨੀ ਨੇ ਇਸ ਨੂੰ ਆਪਣਾ ਆਪ ਦੇ ਕੇ ਸਾਂਭਿਆ ਸੀ। ਜ਼ੂਨੀ ਦਾ ਵਿਆਹ ਮੁਹੰਮਦੇ ਨਾਲ ਹੋ ਚੁੱਕਾ ਸੀ। ਉਸ ਦੇ ਘਰ ਤਿੰਨ ਬੱਚੇ ਵੀ ਪੈਦਾ ਹੋ ਚੁੱਕੇ ਸਨ।
ਧਾਈਂ ਛਿੰਬਦੇ ਕਿਸਾਨਾਂ ਕੋਲ ਬੈਠਾ ਮੁਨਸ਼ੀ ਕਿੰਨਾ ਚਿਰ ਗੱਪਾਂ ਮਾਰਦਾ ਰਿਹਾ। ਪਤਾ ਨਹੀਂ ਕੀ ਸੋਚ ਉਹ ਉਥੋਂ ਉਠ ਕੇ ਤੁਰ ਪਿਆ। ਉਹ ਸੋਚਾਂ ਵਿਚ ਡੁੱਬਿਆ ਟੁਰਿਆ ਜਾ ਰਿਹਾ ਸੀ ਕਿ ਉਸ ਦੀਆਂ ਨਜ਼ਰਾਂ ਆ ਰਹੀ ਜ਼ੂਨੀ ‘ਤੇ ਪਈਆਂ। ਉਸ ਦੇ ਸਿਰ ‘ਤੇ ਵੱਡੀ ਟੋਕਰੀ ਤੇ ਹੱਥ ਵਿਚ ਜ਼ੰਜੀਰ ਤੋਂ ਫੜਿਆ ਭਾਫ਼ ਛੱਡਦਾ ਸੋਮਾਵਾਰ ਸੀ। ਮੁਨਸ਼ੀ ਨੇ ਅੱਗੇ ਪਿੱਛੇ ਨਜ਼ਰ ਦੁੜਾਈ ਤੇ ਰਾਹ ਮੱਲ ਕੇ ਖਲੋ ਗਿਆ। ਜ਼ੂਨੀ ਨੇ ਮੁਨਸ਼ੀ ਨੂੰ ਵੇਖ, ਪਲ ਦੀ ਪਲ ਸੋਚਿਆ ਕਿ ਗਰਮ ਗਰਮ ਚਾਹ ਦਾ ਭਰਿਆ ਸੋਮਾਵਾਰ ਮੁਨਸ਼ੀ ਦੇ ਪਿੰਡੇ ‘ਤੇ ਪਲਟ ਕੇ ਉਸ ਦੀ ਬੁਸਰੀ ਲਾਹ ਦੇਵੇ ਤੇ ਆਪਣੀ ਉਸ ਰਾਤ ਦਾ ਤੇ ਉਸ ਤੋਂ ਪਿੱਛੇ ਕਈ ਰਾਤਾਂ ਦਾ ਬਦਲਾ ਲਵੇ ਪਰ ਕਿਸਾਨ ਚਾਹ ਦੀ ਉਡੀਕ ਵਿਚ ਸਨ; ਸੋ ਉਸ ਆਪਣਾ ਇਹ ਇਰਾਦਾ ਬਦਲ ਦਿੱਤਾ। ਮੁਨਸ਼ੀ ਨੇ ਉਸ ਦੀਆਂ ਅੱਖਾਂ ਤੋਂ ਨਵੀਂ ਚਮਕ ਵੇਖੀ। “ਦਫ਼ਾ ਹੋæææਬਦਮਾਸ਼æææਮੁਰਦਾæææਬੇਸ਼ਰਮæææਬਦਜ਼ਾਤ। ਸੱਦਾਂ ਮੈਂ ਆਪਣੇ ਖਸਮ ਨੂੰ ਤੇ ਕਰਾਵਾਂ ਤੇਰੇ ਡੱਕਰੇ। ਤੈਨੂੰ ਸ਼ਰਮ ਆਣੀ ਚਾਹੀਦੀ ਹੈæææਤੇਰੀ ਧੀ ਭੈਣ ਨਹੀਂ?”
ਜ਼ੂਨੀ ਖਾਲੀ ਪਿਆਲੇ ਖਾਲੀ ਸੋਮਾਵਾਰ ਟੋਕਰੀ ਵਿਚ ਪਾ ਤੇਜ਼ ਤੇਜ਼ ਘਰ ਆ ਰਹੀ ਸੀ। ਉਸ ਕਿਸਾਨਾਂ ਲਈ ਸ਼ਾਮ ਦਾ ਖਾਣਾ ਤਿਆਰ ਕਰਨਾ ਸੀ। ਉਸ ਆਪ ਵੀ ਧਾਈਂ ਦਾ ਪਿਛਲੇ ਸਾਲ ਨਾਲੋਂ ਵੱਡਾ ਢੇਰ ਤੱਕਿਆ ਸੀ। ਐਤਕੀਂ ਤੇ ਉਸ ਨੇ ਜ਼ਮੀਨ ਵਿਚ ਨਿਰਾ ਗੋਹਾ ਹੀ ਨਹੀਂ, ਪਰੰਤੂ ਕਾਰਖਾਨੇ ਦੀ ਬਣੀ ਖਾਦ ਵੀ ਪਾਈ ਸੀ।