ਗੁਰਬਖਸ਼ ਸਿੰਘ ਸੋਢੀ
ਲਹਿੰਦੇ ਪੰਜਾਬ ਦੇ ਲੇਖਕ ਅਹਿਮਦ ਸਲੀਮ ਜੋ ਅੱਜ-ਕੱਲ੍ਹ ਚੜ੍ਹਦੇ ਪੰਜਾਬ ਦੇ ਦੌਰੇ ਉਤੇ ਹਨ, ਦਾ ਕਹਿਣਾ ਹੈ ਕਿ ਲਿਖਾਰੀ ਤਾਂ ਹੁੰਦਾ ਹੀ ਬਾਗੀ ਹੈ। ਉਹ ਲੋਕਾਂ ਅਤੇ ਸੱਚ ਦੀ ਆਵਾਜ਼ ਬਣਦਾ ਹੈ। ਜੇ ਉਹ ਆਪਣੀ ਆਵਾਜ਼ ਬੁਲੰਦ ਹੀ ਨਹੀਂ ਕਰਦਾ, ਤਾਂ ਫਿਰ ਉਸ ਨੂੰ ਪਛਾਣੇਗਾ ਕੌਣ?
ਉਸ ਦੀ ਪਛਾਣ ਅਨਿਆਂ ਉਤੇ ਉਂਗਲ ਧਰਨ ਦੀ ਹੈ ਅਤੇ ਫਿਰ ਆਪਣੀ ਇਸ ਪਹੁੰਚ ਉਤੇ ਪਹਿਰਾ ਦੇਣ ਦੀ ਹੈ।
ਅਹਿਮਦ ਸਲੀਮ ਚਾਅ ਨਾਲ ਦੱਸਦੇ ਹਨ ਕਿ ਉਹ ਇਨਕਲਾਬੀ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਸ਼ਾਗਿਰਦ ਰਿਹਾ ਹੈ। ਜਦੋਂ ਉਹ ਕਾਲਜ ਵਿਚ ਪੜ੍ਹਦਾ ਸੀ ਤਾਂ ਉਸ ਕਾਲਜ ਦੇ ਪ੍ਰਿੰਸੀਪਲ ਫੈਜ਼ ਹੀ ਸਨ। ਉਨ੍ਹਾਂ ਇਹ ਯਾਦ ਵੀ ਤਾਜ਼ਾ ਕੀਤੀ ਕਿ ਇਕ ਵਾਰ ਔਖੇ ਦਿਨਾਂ ਵਿਚ ਉਨ੍ਹਾਂ ਨੇ ਫੈਜ਼ ਵਲੋਂ ਉਨ੍ਹਾਂ ਨੂੰ ਦਿੱਤੀਆਂ ਦੋ ਕਿਤਾਬਾਂ ਰੱਦੀ ਵਿਚ ਵੇਚ ਦਿੱਤੀਆਂ ਸਨ। ਫੈਜ਼ ਦੇ ਕਿਸੇ ਪ੍ਰਸ਼ੰਸਕ ਨੇ ਬਾਜ਼ਾਰ ਵਿਚ ਵਿਕਦੀਆਂ ਉਹੀ ਕਿਤਾਬਾਂ ਖਰੀਦ ਕੇ ਫੈਜ਼ ਦੇ ਸਾਹਮਣੇ ਲਿਆ ਧਰੀਆਂ। ਇਸ ਤੋਂ ਬਾਅਦ ਫੈਜ਼ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਰਥਿਕ ਹਾਲਾਤ ਬਾਰੇ ਵਿਸਥਾਰ ਸਹਿਤ ਪੁੱਛਿਆ, ਤੇ ਫਿਰ ਕਾਲਜ ਦਾ ਖਰਚਾ ਦੇਣ ਦਾ ਜ਼ਿੰਮਾ ਆਪਣੇ-ਆਪ ਓਟ ਲਿਆ। ਹੁਣ ਅਹਿਮਦ ਸਲੀਮ ਪੰਜਾਬ ਵਿਚ ਫੈਜ਼ ਅਹਿਮਦ ਫੈਜ਼ ਉਤੇ ਲਿਖੇ ਸਾਹਿਤ ਨੂੰ ਤਰਤੀਬ ਦੇਣ ਦੀ ਮੁਹਿੰਮ ਵਿਚ ਲੱਗੇ ਹੋਏ ਹਨ। ਉਨ੍ਹਾਂ ਦੀ ਤਮੰਨਾ ਹੈ ਕਿ ਫੈਜ਼ ਦੇ ਅਤੇ ਫੈਜ਼ ਬਾਰੇ ਸਾਰੇ ਸਾਹਿਤ ਨੂੰ ਡਿਜ਼ੀਟਲ ਕਰ ਕੇ ਤਮਾਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ।
ਭਾਰਤ ਆ ਕੇ ਅਹਿਮਦ ਸਲੀਮ ਨੂੰ ਮਾਨੋ ਚਾਅ ਚੜ੍ਹ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦਾ ਸਭਿਆਚਾਰ, ਰਹਿਤਲ ਅਤੇ ਵਿਰਾਸਤ ਸਾਂਝੀ ਹੈ, ਪਰ ਸਿਆਸੀ ਰੰਜਿਸ਼ਾਂ ਕਰ ਕੇ ਬਹੁਤ ਵਾਰ ਰਿਸ਼ਤੇ ਖਰਾਬ ਹੋ ਜਾਂਦੇ ਹਨ। ਕਈ ਵਾਰ ਤਾਂ ਵੀਜ਼ਾ ਹਾਸਲ ਕਰਨ ਵਿਚ ਵੀ ਦਿਕਤ ਪੇਸ਼ ਆਉਂਦੀ ਹੈ। ਦੋਹਾਂ ਦੇਸ਼ਾਂ ਦੇ ਲੋਕ ਤਾਂ ਆਪਸ ਵਿਚ ਵੱਧ ਤੋਂ ਵੱਧ ਮਿਲਵਰਤਣ ਚਾਹੁੰਦੇ ਹਨ, ਪਰ ਸਿਆਸਤ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਜਾਂਦੀ ਹੈ। ਉਹ ਖੁਸ਼ ਹਨ ਕਿ ਭਾਰਤੀ ਹਾਈ ਕਮਿਸ਼ਨ ਨੇ ਇਸ ਵਾਰ ਉਨ੍ਹਾਂ ਨੂੰ 6 ਮਹੀਨੇ ਦਾ ਵੀਜ਼ਾ ਦੇ ਦਿੱਤਾ ਹੈ ਅਤੇ ਉਹ ਇਸ ਵੀਜ਼ੇ ਦੌਰਾਨ 10 ਸ਼ਹਿਰਾਂ ਵਿਚ ਜਾ ਸਕਣਗੇ। ਦੋਹਾਂ ਪੰਜਾਬਾਂ ਬਾਰੇ ਉਹ ਰਤਾ ਕੁ ਭਾਵੁਕ ਹੋ ਕੇ ਗੱਲਾਂ ਕਰਦੇ ਹਨ। ਉਹ ਆਖਦੇ ਹਨ ਕਿ ਦੋਵੇਂ ਪੰਜਾਬ ਇਕ-ਦੂਜੇ ਬਾਝੋਂ ਅਧੂਰੇ ਹਨ। ਹੁਣ ਪੁਲਾਂ ਹੇਠੋਂ ਇੰਨਾ ਪਾਣੀ ਵਹਿ ਚੁੱਕਾ ਹੈ ਕਿ ਦੋਹਾਂ ਪੰਜਾਬਾਂ ਦੇ ਰਲੇਵੇਂ ਵਾਲੀ ਗੱਲ ਤਾਂ ਹਕੀਕਤ ਦੇ ਬਹੁਤੀ ਨੇੜੇ ਨਹੀਂ ਹੈ, ਪਰ ਦੋਹਾਂ ਪਾਸਿਆਂ ਵਿਚਕਾਰ ਤਾਲਮੇਲ ਤਾਂ ਵੱਧ ਤੋਂ ਵੱਧ ਹੋ ਹੀ ਸਕਦਾ ਹੈ। ਇਕ-ਦੂਜੇ ਨਾਲ ਮਿਲਣ ਉਤੇ ਰੋਕਾਂ ਭਲਾ ਕਿਉਂ ਲੱਗਣ? ਦੋਹਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਇਸ ਪੈਂਤੜੇ ਤੋਂ ਸੋਚਣਾ ਚਾਹੀਦਾ ਹੈ ਅਤੇ ਆਪਸੀ ਰਾਬਤਾ ਵਧਾਉਣਾ ਚਾਹੀਦਾ ਹੈ।
ਅਹਿਮਦ ਸਲੀਮ ਹੁਣ ਤੱਕ ਤਕਰੀਬਨ 100 ਕਿਤਾਬਾਂ ਲਿਖ ਚੁੱਕੇ ਹਨ। ਉਹ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿਚ ਲਿਖਦੇ ਹਨ। ਉਨ੍ਹਾਂ ਇਤਿਹਾਸ, ਕਲਾ, ਸਭਿਆਚਾਰ, ਧਾਰਮਿਕ ਆਜ਼ਾਦੀ, ਸਿਆਸਤ ਅਤੇ ਆਜ਼ਾਦੀ ਦੀ ਲੜਾਈ ਬਾਰੇ ਖੂਬ ਲਿਖਿਆ ਹੈ। ਭਗਤ ਸਿੰਘ ਬਾਰੇ ਉਨ੍ਹਾਂ ਨੇ ਚਾਰ ਕਿਤਾਬਾਂ ਲਿਖੀਆਂ ਹਨ। ਲਹਿੰਦੇ ਪੰਜਾਬ ਸਬੰਧੀ ਉਨ੍ਹਾਂ ਡੂੰਘੀ ਖੋਜ ਕੀਤੀ ਹੈ। ਉਨ੍ਹਾਂ ਨੂੰ ਪੰਜਾਬ ਦੀ ਲੋਕਧਾਰਾ ਬਹੁਤ ਧੂਹ ਪਾਉਂਦੀ ਹੈ। ਉਨ੍ਹਾਂ ਨੂੰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਹਰ ਵਕਤ ਕੰਨਾਂ ਵਿਚ ਗੂੰਜਦੀਆਂ ਸੁਣਦੀਆਂ ਹਨ। ਗੌਰਤਲਬ ਹੈ ਕਿ 1970ਵਿਆਂ ਅਤੇ 80ਵਿਆਂ ਵਿਚ ਅਹਿਮਦ ਸਲੀਮ ਦਾ ਘਰ ਸਾਹਿਤਕ ਸਰਗਰਮੀਆਂ ਦਾ ਗੜ੍ਹ ਹੁੰਦਾ ਸੀ। ਹਰ ਸਾਹਿਤਕਾਰ ਉਨ੍ਹਾਂ ਦੇ ਘਰ ਪੁੱਜ ਕੇ ਆਪਣੇ ਆਪ ਨੂੰ ਧੰਨ ਸਮਝਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਹਿਤਕਾਰਾਂ ਦਾ ਆਪਸ ਵਿਚ ਜਿੰਨਾ ਵੱਧ ਮੇਲ-ਮਿਲਾਪ ਹੋਵੇਗਾ, ਉਨਾ ਹੀ ਸਾਹਿਤ ਲਈ ਮੁਆਫਕ ਹੈ।