ਧੰਨਾ ਵਡਭਾਗਾ

ਰਮੇਸ਼ ਬੱਗਾ ਚੋਹਲਾ
ਫੋਨ: 91-94631-32719
ਮੱਧ ਕਾਲ ਵਿਚ ਉਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਰਹੇ ਹਨ। ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉਪਰ ਉਠ ਕੇ ਵਿਚਰਨ ਵਾਲੇ ਇਹ ਮਹਾਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰੀ ਦੇ ਹਾਮੀ ਰਹੇ ਹਨ।

ਅਥਾਹ ਸ਼ਰਧਾ ਅਤੇ ਦ੍ਰਿੜ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਣ ਕੀਤੇ ਹਨ ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾ ਇੱਕ ਅਕਾਲ ਪੁਰਖ ‘ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਉਸ ਪਰਮ ਪਿਤਾ ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉਚੇ ਅਤੇ ਵਿਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਆਪਣੀ ਪਾਵਨ ਬਾਣੀ ਅਨੰਦ ਸਾਹਿਬ ਦੀ 14ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰਦੇ ਹਨ,
ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅੰਹਕਾਰ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ (ਪੰਨਾ 918)
ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਘੱਟ ਹੀ ਆਉਂਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜ਼ਮਾਉਣ ਦਾ ਕੋਈ ਕੋਝਾ ਯਤਨ ਕੀਤਾ ਹੈ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਨੂੰ ਤਸਦੀਕ ਕਰਦਿਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਇੰਜ ਫਰਮਾਉਂਦੇ ਹਨ,
ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖਰ ਛੋਹ ਜਾਂਦੀ ਹੈ ਤਾਂ ਉਸ ਵਕਤ ਰੱਬ ਨੂੰ ਵੀ ਇਨ੍ਹਾਂ ਭਗਤਾਂ ਦੀ ਗੁਲਾਮੀ ਕਰਨੀ ਪੈ ਜਾਂਦੀ ਹੈ। ਅਜਿਹੀ ਹੀ ਗੁਲਾਮੀ ਰੱਬ ਨੂੰ ਧੰਨੇ ਭਗਤ ਦੀ ਵੀ ਕਰਨੀ ਪਈ ਸੀ ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ। ਜੱਟਕੀ ਜ਼ਿੱਦ ਤੇ ਅਟੱਲ ਭਰੋਸੇ ਨਾਲ ਰੱਬੀ ਬਖਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖਸ਼ਿਸ਼ ਦੀ ਬਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 21 ਅਪਰੈਲ ਸੰਨ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿਖੇ ਭਾਈ ਭੋਲਾ ਤੇ ਮਾਤਾ ਧੰਨੋ ਦੇ ਘਰ ਹੋਇਆ। ਭਗਤ ਧੰਨਾ ਜੱਟ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ਵਿਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਯਾਰ (ਪ੍ਰਭੂ) ਵੱਲ ਲਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ ਦਰਸ਼ਨ ਹੀ ਕੀਤੇ ਸਗੋਂ ਉਸ ਨੂੰ ਆਪਣੇ ਕੰਮ-ਕਾਜ ਦਾ ਹਿੱਸਾ ਵੀ ਬਣਾ ਲਿਆ। ਭਗਤ ਧੰਨਾ ਜੱਟ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਅਨੁਸਾਰ ਬਚਪਨ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੱਟ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦਿਆਂ ਬੜੇ ਧਿਆਨ ਨਾਲ ਦੇਖਿਆ ਅਤੇ ਮਨ ਵਿਚ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਉਨ੍ਹਾਂ ਨੇ ਉਸ ਪੰਡਿਤ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿਚ ਉਸ ਪੰਡਿਤ ਨੇ ਭਗਤ ਧੰਨਾ ਜੱਟ ਨੂੰ ਕੁਝ ਵਸਤਾਂ ਦਕਸ਼ਣਾ ਦੇ ਰੂਪ ਵਿਚ ਦੇਣ ਲਈ ਕਿਹਾ, ਜੋ ਭਗਤ ਜੀ ਨੇ ਸਹਿਜ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਪੰਡਿਤ ਨੇ ਇਕ ਸਾਧਾਰਣ ਪੱਥਰ ਭਗਤ ਧੰਨਾ ਜੱਟ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਾਧਾਰਣ ਪੱਥਰ (ਭਗਵਾਨ ਸਮਝ ਕੇ) ਦਾ ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ ਤੇਰਵੀਂ ਪਾਉੜੀ ਵਿਚ ਇਸ ਤਰ੍ਹਾਂ ਭਰੀ ਹੈ:
ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਿ ਕਰੈ ਪੈਰੀ ਪੈ ਪੈ ਬਹੁਤੁ ਮਨਾਵੈ।
ਹਉ ਭੀ ਮੁਹੁ ਨ ਜਠਾਲਾਸਾਂ ਤੂ ਰੁਠਾ ਮੈ ਕਿਹੁ ਨਾ ਸੁਖਾਵੇ।
ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿਚ ਜਿਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ, ਉਥੇ ਭਗਤ ਧੰਨਾ ਜੀ ਨੂੰ ‘ਧੰਨਾ ਸੇਵਿਆ ਬਾਲ ਬੁਧਿ’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਵੀ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉਪਰ ਸ਼ੁਸ਼ੋਭਿਤ ਆਪਣੇ ਇਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ਪੰਜਵੇਂ ਨਾਨਕ ਫੁਰਮਾਉਂਦੇ ਹਨ:
ਇਹ ਬਿਧਿ ਸੁਨਿ ਕੇ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
ਗੁਰੂ ਅਰਜਨ ਦੇਵ ਪਾਤਸ਼ਾਹ ਇਨ੍ਹਾਂ ਪਾਵਨ ਪੰਕਤੀਆਂ ਰਾਹੀਂ ਇਹ ਸੰਕੇਤ ਦੇ ਰਹੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀ-ਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਨਾਲ ਜਿਥੇ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵੀਦਾਸ ਅਤੇ ਸੈਣ ਆਦਿ) ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਨ੍ਹਾਂ ਦੀ ਇਸ ਸਮਰਪਣ ਦੀ ਭਾਵਨਾ ਵਾਲੀ ਭਗਤੀ ਨੇ ਉਨ੍ਹਾਂ ਨੂੰ ਸਾਖਿਆਤ ਰੂਪ ਵਿਚ ਪ੍ਰਭੂ ਦੇ ਦਰਸ਼ਨ-ਦੀਦਾਰੇ ਹੀ ਨਹੀਂ ਕਰਵਾ ਦਿੱਤੇ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਆਪਣੇ ਜ਼ਿੰਮੇ ਲੈ ਲਏ ਸਨ। ਗੋਪਾਲ ਵਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਉਚਾਰਦੇ ਹਨ:
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥1॥ ਰਹਾਉ॥
ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿਚ ਵੀ ਹੈ ਕਿ ਜਿਥੇ ਕੁਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮਹਿਸੂਸਦੇ ਹਨ, ਉਥੇ ਉਹ ਧੜੱਲੇ ਨਾਲ ਆਖ ਰਹੇ:
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥
ਔਰਤ ਜਾਤੀ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰੱਜਵਾਂ ਅਤੇ ਫਬਵਾਂ ਸਤਿਕਾਰ ਕਰਦਿਆਂ ਹੀ ਬਾਣੀ ਕੇ ਬੋਹਿਥ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਣ ਕਰਨ ਵਾਲੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟਾਂ, ਚਾਰ ਗੁਰੂ ਦੇ ਨਿਕਟਵਰਤੀਆਂ ਅਤੇ ਪੰਦਰਾਂ ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ ਵਿਚ) ਲੜੀ ਵਿਚ ਪਰੋਇਆ ਸੀ ਤਾਂ ਉਸ ਵਿਚ ਭਗਤ ਧੰਨਾ ਜੀ ਦੇ ਤਿੰਨ ਪਵਿੱਤਰ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵੀ ਸ਼ਾਮਿਲ ਕਰ ਲਏ ਸਨ। ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਈਸਵੀ ਨੂੰ ਪਰਲੋਕ ਸਿਧਾਰ ਗਏ।