ਕਾਲਕੀ ਦੀ ਕਣਵਾਲੀ ਕਹਾਣੀ

ਅਦਾਕਾਰਾ ਕਾਲਕੀ ਕੋਚਲਿਨ ਅੱਜ-ਕੱਲ੍ਹ 7ਵੇਂ ਆਸਮਾਨ ਉਤੇ ਹੈ। ਉਸ ਦੀ ਫਿਲਮ ‘ਮਾਰਗਰੀਟਾ ਵਿਦ ਏ ਸਟਰਾਅ’ ਦੀਆਂ ਹਰ ਪਾਸੇ ਧੁੰਮਾਂ ਹਨ। ਇਹ ਫਿਲਮ ਸੋਨਾਲੀ ਬੋਸ ਨੇ ਬਣਾਈ ਹੈ ਅਤੇ ਇਸ ਵਿਚ ਕਾਲਕੀ ਨੇ ਲੈਲਾ ਨਾਮ ਦੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੀ ਕਹਾਣੀ ਇੰਨੀ ਕੁ ਹੈ ਕਿ ਲੈਲਾ ਵ੍ਹੀਲ-ਚੇਅਰ ਉਤੇ ਸਿਮਟੀ ਹੋਈ ਹੈ।

ਉਹ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਕਵਿਤਾਵਾਂ ਵੀ ਲਿਖਦੀ ਹੈ। ਆਪਣੀ ਹਿੰਮਤ ਸਦਕਾ ਉਸ ਨੂੰ ਨਿਊ ਯਾਰਕ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਜਾਂਦਾ ਹੈ ਅਤੇ ਉਹ ਆਪਣੀ ਮਾਂ ਨਾਲ ਮਨਹਟਨ ਚਲੀ ਜਾਂਦੀ ਹੈ। ਇਸੇ ਦੌਰਾਨ ਉਸ ਦੀ ਨੇੜਤਾ ਇਕ ਸਰਗਰਮ ਕਾਰਕੁਨ ਖਾਨਮ ਨਾਲ ਹੋ ਜਾਂਦੀ ਹੈ ਅਤੇ ਇਸ ਕੁੜੀ ਨਾਲ ਵਿਚਰਦਿਆਂ ਉਸ ਨੂੰ ਆਪਣੀਆਂ ਸਰੀਰਕ ਲੋੜਾਂ ਦਾ ਅਹਿਸਾਸ ਬਹੁਤ ਤੀਬਰਤਾ ਨਾਲ ਹੁੰਦਾ ਹੈ। ਉਹ ਸਰੀਰਕ ਤੌਰ ‘ਤੇ ਅਪੰਗ ਹੋਣ ਦੇ ਬਾਵਜੂਦ ਸਰੀਰਕ ਪਿਆਰ ਲੋਚਦੀ ਹੈ।
ਇਸ ਫਿਲਮ ਦਾ ਵਿਸ਼ਾ ਇੰਨਾ ਜ਼ੋਰਦਾਰ ਅਤੇ ਕਾਲਕੀ ਦੀ ਅਦਾਕਾਰੀ ਇੰਨੀ ਦਮਦਾਰ ਹੈ ਕਿ ਆਮਿਰ ਖ਼ਾਨ ਵਰਗਾ ਅਦਾਕਾਰ ਫਿਲਮ ਦੇਖਦੇ ਸਾਰ ਸਿਸਕੀਆਂ ਭਰਨ ਲੱਗ ਪਿਆ। ਅਮਿਤਾਬ ਬਚਨ ਨੇ ਇਸ ਫਿਲਮ ਦਾ ਵਿਸ਼ੇਸ਼ ਸ਼ੋਅ ਦੇਖਣ ਖਾਤਰ ਆਪਣੇ ਹੋਰ ਸਾਰੇ ਕੰਮ ਮੁਲਤਵੀ ਕਰ ਦਿੱਤੇ। ਇਨ੍ਹਾਂ ਦੋਹਾਂ ਅਦਾਕਾਰਾਂ ਨੇ ਇਸ ਫਿਲਮ ਦੀ ਡਾਇਰੈਕਟਰ ਸੋਨਾਲੀ ਬੋਸ ਅਤੇ ਅਦਾਕਾਰਾ ਕਾਲਕੀ ਕੋਚਲਿਨ ਦੀਆਂ ਤਾਰੀਫ਼ਾਂ ਨੇ ਪੁਲ ਬੰਨ੍ਹੇ ਹਨ। ਇਹ ਫਿਲਮ ਕੌਮਾਂਤਰੀ ਫਿਲਮ ਮੇਲਿਆਂ ਵਿਚ ਪਹਿਲਾਂ ਹੀ ਖੂਬ ਧੁੰਮਾਂ ਪਾ ਚੁੱਕੀ ਹੈ ਅਤੇ ਭਾਰਤ ਵਿਚ ਇਹ 17 ਅਪਰੈਲ ਨੂੰ ਰਿਲੀਜ਼ ਹੋ ਗਈ ਹੈ।
ਇਸ ਫਿਲਮ ਤੋਂ ਬਾਅਦ ਕਾਲਕੀ ਕੋਚਲਿਨ ਦੀ ਅਦਾਕਾਰੀ ਬਾਰੇ ਕਹਾਣੀਆਂ ਫਿਰ ਤੁਰ ਪਈਆਂ ਹਨ। 10 ਜਨਵਰੀ 1984 ਨੂੰ ਤਾਮਿਲਨਾਡੂ ਵਿਚ ਜੰਮੀ ਕਾਲਕੀ ਦੀ ਪਹਿਲੀ ਫਿਲਮ ‘ਦੇਵ ਡੀ’ 2009 ਵਿਚ ਆਈ ਸੀ। ਇਸ ਫਿਲਮ ਲਈ ਉਸ ਨੂੰ ਸਰਵੋਤਮ ਸਹਾਇਕ ਅਦਾਕਾਰਾ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ। ਕਾਲਕੀ ਦਾ ਪਿਛੋਕੜ ਫਰਾਂਸ ਦਾ ਹੈ। ਉਸ ਦੇ ਪਿਤਾ ਜੋਲ ਕੋਚਲਿਨ ਤੇ ਮਾਂ ਫਰਾਂਸਵਾ ਆਰਬਨ ਨੇ ਪੁਡੂਚੇਰੀ ਵਿਚ ਸ੍ਰੀ ਅਰਵਿੰਦੋ ਆਸ਼ਰਮ ਵਿਚ ਵਿਆਹ ਕਰਵਾਇਆ ਅਤੇ ਫਿਰ ਤਾਮਿਲਨਾਡੂ ਜਾ ਵਸੇ। ਕਾਲਕੀ ਨੇ ‘ਸ਼ੰਘਾਈ’, ‘ਏਕ ਥੀ ਡਾਇਨ’, ‘ਯਹ ਜਵਾਨੀ ਹੈ ਦੀਵਾਨੀ’, ‘ਸ਼ੈਤਾਨ’ ਵਰਗੀਆਂ ਫਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਸ ਦੀਆਂ ਦੋ ਹੋਰ ਫਿਲਮ ‘ਮੰਤਰਾ’ ਅਤੇ ‘ਲਵ ਅਫ਼ੇਅਰ’ ਰਿਲੀਜ਼ ਹੋ ਰਹੀਆਂ ਹਨ।