ਗੁਲਜ਼ਾਰ ਸਿੰਘ ਸੰਧੂ
ਸਾਡਾ ਭਤੀਜਾ ਵਿੰਗ ਕਮਾਂਡਰ ਐਚ ਐਸ ਸੇਖੋਂ ਇੰਡੀਅਨ ਏਅਰ ਫੋਰਸ ਦੀ ਵੀਹ ਸਾਲ ਸਰਵਿਸ ਕਰਕੇ ਸੇਵਾ ਮੁਕਤ ਹੋਇਆ ਹੈ। ਉਹ ਪੂਨਾ, ਹੈਦਰਾਬਾਦ, ਬੰਗਲੌਰ, ਆਗਰਾ, ਹੈਦਰਾਬਾਦ, ਪਾਲਮ, ਗਾਜ਼ੀਆਬਾਦ ਤੇ ਜੋਰਹਾਦ ਤੋਂ ਆਉਂਦਾ ਸੀ ਤਾਂ ਅਸੀਂ ਉਨ੍ਹਾਂ ਥਾਂਵਾਂ ਦੀਆਂ ਸਥਾਨਕ ਖਾਣ-ਪਹਿਨਣ ਦੀ ਵਸਤਾਂ ਤੋਂ ਵਧ ਹੋਰ ਕਿਸੇ ਗੱਲ ਵਿਚ ਦਿਲਚਸਪੀ ਨਹੀਂ ਸੀ ਵਿਖਾਂਦੇ।
ਹੁਣ ਜਦੋਂ ਉਹ ਲੰਮੀ ਸੇਵਾ ਤੋਂ ਪਿੱਛੋਂ ਚੰਡੀਗੜ੍ਹ ਵਿਖੇ ਸੇਵਾ ਮੁਕਤ ਹੋਇਆ ਤਾਂ ਉਸ ਨੂੰ ਏਅਰ ਫੋਰਸ ਵਲੋਂ ਦਿੱਤੀ ਵਿਦਾਇਗੀ ਪਾਰਟੀ ਵਿਚ ਮੈਂ ਤੇ ਮੇਰੀ ਪਤਨੀ ਮੁਖ ਮਹਿਮਾਨ ਸਾਂ। ਦਰਜਨਾਂ ਅਫਸਰ ਤੇ ਉਨ੍ਹਾਂ ਦੀਆਂ ਪਤਨੀਆਂ ਹੀ ਨਹੀਂ ਏਅਰ ਕਮੋਡੋਰ ਐਫ ਕੇ ਇੰਦੌਰੀਆ ਤੇ ਕਮਾਂਡਿੰਗ ਅਫਸਰ ਅਮੀਤਾਬ ਭੱਲਾ ਵੀ ਸਾਡੇ ਸਵਾਗਤ ਲਈ ਖੜ੍ਹੇ ਸਨ।
ਏਸ ਪਾਰਟੀ ਸਮੇਂ ਚੰਡੀਗੜ੍ਹ ਸਟੇਸ਼ਨ ਦੀ ਵਿਲੱਖਣਤਾ ਦਾ ਪਤਾ ਲੱਗਿਆ। ਏਸ ਸਟੇਸ਼ਨ ਦੇ ਇੱਲੂਜ਼ਨ 76 ਤੇ ਐਂਨਟੋਵ 32 ਹਵਾਈ ਜਹਾਜ ਤੇ ਮਿੱਲ 26 ਹੈਲੀਕਾਪਟਰ ਲੇਹ, ਲੱਦਾਖ ਤੇ ਸਿਆਚਿਨ ਸਮੇਤ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਕੁਝ ਭਾਗਾਂ ਨੂੰ ਸੰਭਾਲਦੇ ਹਨ। ਸੰਸਾਰ ਭਰ ਵਿਚ ਸਭ ਤੋਂ ਉਚੀ ਦੌਲਤ ਬੇਗ ਓਲਡੀ ਨਾਂ ਦੀ ਰੇਤਲੀ ਗਰਾਊਂਡ ਵੀ ਚੰਡੀਗੜ੍ਹ ਸਟੇਸ਼ਨ ਦੇ ਥੱਲੇ ਪੈਂਦੀ ਹੈ ਪੂਰੀ ਦੁਨੀਆਂ ਵਿਚ ਇਸ ਤੋਂ ਉਚਾ ਰਣ ਖੇਤਰ ਹੋਰ ਕੋਈ ਨਹੀਂ। ਸੇਖੋਂ ਦੁਨੀਆਂ ਦੇ ਉਨ੍ਹਾਂ ਦੱਸ ਅਫਸਰਾਂ ਵਿਚੋਂ ਇੱਕ ਸੀ ਜਿਹੜੇ ਇਸ ਟੀਸੀ ਉਤੇ ਉਤਰਨ ਦੀ ਯੋਗਤਾ ਰਖਦੇ ਸਨ। ਸਿਵਲ ਜਹਾਜਾਂ ਦੇ ਓਥੇ ਉਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੰਮੂ ਕਸ਼ਮੀਰ ਤੇ ਉਤਰਾਂਚਲ ਦੀ ਹੜ੍ਹਾਂ ਮਾਰੀ ਵੱਸੋਂ ਨੂੰ ਰਾਹਤ ਸਮਗਰੀ ਪਹੁੰਚਾਣ ਦਾ ਕੰਮ ਵੀ ਚੰਡੀਗੜ੍ਹ ਸਟੇਸ਼ਨ ਹੀ ਕਰਦਾ ਰਿਹਾ ਹੈ। ਭਾਰਤ ਦੇ ਉਤਰ ਵਿਚ ਸਥਿਤ ਹੋਣ ਕਾਰਨ ਸਰਹੱਦੀ ਖੇਤਰਾਂ ਦੀ ਸੇਵਾ ਵੀ ਚੰਡੀਗੜ੍ਹ ਸਟੇਸ਼ਨ ਦੇ ਜਿੰਮੇ ਹੁੰਦੀ ਹੈ।
ਪੰਜਾਬੀ ਵਿਚ ਸਵੈ-ਜੀਵਨੀ ਸਾਹਿਤ: ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ, ਵਲੋਂ ਰਚਾਈ ਪੰਜਾਬੀ ਸਵੈ-ਜੀਵਨੀ ਗੋਸ਼ਟੀ ਵਿਚ ਬਚਿੰਤ ਕੌਰ ਦੀ ‘ਪਗਡੰਡੀਆਂ’ ਦੇ ਸੱਚ ਤੇ ਅਜੀਤ ਕੌਰ ਦੀ ‘ਖਾਨਾ ਬਦੋਸ਼’ ਦੇ ਕਚ-ਸੱਚ ਉਤੇ ਭਰਵੀਂ ਚਰਚਾ ਹੋਈ। ਜੇ ਸੱਚ ਨਿਰਾ ਸੋਨਾ ਸੀ ਤਾਂ ਕੱਚ-ਸੱਚ ਸੋਨੇ ਤੇ ਸੁਹਾਗਾ। ਕੁਲ ਮਿਲਾ ਕੇ ਮਰਦਾਂ ਦੀਆਂ ਲਿਖੀਆਂ ਚਾਰ ਦਰਜਨ ਸਵੈ-ਜੀਵਨੀਆਂ ਨਾਲੋਂ ਮਹਿਲਾਵਾਂ ਦੀਆਂ ਡੇਢ ਦਰਜਨ ਸਵੈ-ਜੀਵਨੀਆਂ ਭਾਰੂ ਰਹੀਆਂ। ਇਥੇ ਅਜੀਤ ਕੌਰ ਦੇ ਕੱਚ-ਸੱਚ ਨੂੰ ਡਾæ ਵਨੀਤਾ ਨੇ ਪਛਾਣਿਆ ਤੇ ਪੁਣਿਆ ਤੇ ਪਗਡੰਡੀਆਂ ਦੇ ਸੱਚ ਨੂੰ ਡਾæ ਧਰਮ ਸਿੰਘ ਨੇ ਇਸਤਰੀ ਸੰਘਰਸ਼ ਦੀ ਗੌਰਵ ਗਾਥਾ ਵੱਜੋਂ ਪੇਸ਼ ਕੀਤਾ। ਏਸੇ ਤਰ੍ਹਾਂ ਡਾæ ਧਨਵੰਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਦੀ ਭੁੱਲੀ ਵਿਸਰੀ ‘ਰਸੀਦੀ ਟਿਕਟ’ ਨੂੰ ਨਵਾਂ ਜਨਮ ਦਿੱਤਾ।
ਗੋਸ਼ਟੀ ਦਾ ਅਰੰਭ ਅੰਮੀਆ ਕੰਵਰ ਦੇ 16 ਪੰਜਾਬੀ ਲੇਖਿਕਾਵਾਂ ਵਲੋਂ ਲਿਖੀਆਂ 16 ਸਵੈ-ਜੀਵਨੀਆਂ ਦੇ ਸਾਰ ਨਾਲ ਹੋਇਆ। ਇਨ੍ਹਾਂ ਵਿਚ ਰਾਜਿੰਦਰ ਕੌਰ ਦੀ ‘ਘਨੇੜੀ ਚੜ੍ਹੇ ਵਰ੍ਹੇ’ ਤੇ ਅਫਜ਼ਲ ਤੌਸੀਫ ਦੀ ‘ਮਨ ਦੀਆਂ ਬਸਤੀਆਂ’ ਨੂੰ ਬੜੇ ਆਦਰ ਤੇ ਮਾਣ ਨਾਲ ਚੇਤੇ ਕੀਤਾ ਗਿਆ। ਭਾਵੇਂ ਕਰਤਾਰ ਸਿੰਘ ਦੁੱਗਲ ਤੇ ਕਰਨਜੀਤ ਸਿੰਘ ਦੀਆਂ ਤ੍ਰੈ-ਲੜੀ ਸਵੈ-ਜੀਵਨੀਆਂ ਦੀ ਪੁਣ ਛਾਣ ਵੀ ਬੜੇ ਪਾਰਖੂ ਹੱਥਾਂ ਵਿਚ ਸੀ ਪਰ ਬਲਬੀਰ ਮਾਧੋਪੁਰੀ ਦੀ ‘ਛਾਂਗਿਆ ਰੁੱਖ’ ਦੀ ਨਵੇਕਲੀ ਸ਼ੈਲੀ ਤੇ ਵਿਲੱਖਣ ਬਿਆਨ ਵਧੇਰੇ ਚਰਚਾ ਦਾ ਕੇਂਦਰ ਬਣੇ। ਗੋਸ਼ਟੀ ਤੋਂ ਅੱਗੇ ਪਿੱਛੇ ਜਸਵੰਤ ਸਿੰਘ ਨੇਕੀ ਦੀ ਸਵੈ-ਜੀਵਨੀ ਵੀ ਚਰਚਾ ਦਾ ਵਿਸ਼ਾ ਬਣੀ ਖਾਸ ਕਰਕੇ ਏਸ ਲਈ ਕਿ ਇਹ ਕਵਿਤਾ ਵਿਚ ਲਿਖੀ ਗਈ ਹੈ,
ਕੱਚ ਮੇਰੇ ਗਲ ਲਟਕੇ
ਨੀ, ਮੈਂ ਹੀਰਾ ਸਮਝ ਸੰਭਾਲਾਂ,
ਤੋੜੀਂ ਨਾ ਭੁਲੇਖਾ ਹੀਰਿਆ,
ਮਤੇ ਕੱਚ ਵੀ ਹੱਥੋਂ ਗੁਆ ਲਾਂ।
ਇਹ ਵੀ ਗੱਲ ਹੋਈ ਕਿ ਪੰਜਾਬੀ ਵਿਚ ਸਭ ਤੋਂ ਪੁਰਾਣੀਆਂ ਸਵੈ-ਜੀਵਨੀਆਂ ‘ਪੀਰੋ ਪੇਮਣ’ ਤੇ ‘ਉਪਦੇਸ਼’ ਸੰਤਣੀ ਦੀਆਂ ਲਿਖੀਆਂ ਹੋਈਆਂ ਹਨ।
ਸਵੈ-ਜੀਵਨੀ ਇੱਕ ਅਜਿਹੀ ਵਿਧਾ ਹੈ ਜਿਸ ਨਾਲ ਲਿਖਣ ਵਾਲਾ ਅਪਣੀ ਜ਼ਿੰਦਗੀ ਦੇ ਗਿਲੇ ਸ਼ਿਕਵਿਆਂ ਤੇ ਭੁੱਲਾਂ ਤੋਂ ਮੁਕਤੀ ਪਾ ਲੈਂਦਾ ਹੈ। ਕੁਦਰਤੀ ਹੈ ਕਿ ਏਥੇ ਆਪ ਬੀਤੀਆਂ ਘਟਨਾਵਾਂ ਨੂੰ ਜ਼ਰਾ ਬਣਾ ਸ਼ਿੰਗਾਰ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਲਈ ਜੀਵਨੀ ਸਾਹਿਤ ਵਧੇਰੇ ਪੜ੍ਹਨ ਤੇ ਮਾਨਣ ਵਾਲਾ ਹੁੰਦਾ ਹੈ।
ਕੌਮਾਂਤਰੀ ਖੇਡ ਦਿਵਸ: ਚੰਡੀਗੜ੍ਹ ਦੀ ਸਵੈ-ਸੇਵੀ ਸੰਸਥਾ ਖੇਡਸ਼ਾਲਾ ਨੇ ਏਸ ਵਾਰੀ ਦਾ ਖੇਡ ਦਿਵਸ 6 ਅਪਰੈਲ ਨੂੰ ਸ਼ਹਿਰ ਤੋਂ ਬਾਹਰ ਕੁਰਾਲੀ-ਬੱਦੀ ਮਾਰਗ ਉਤੇ ਪੈਂਦੇ ਮਾਜਰਾ ਨਾਂ ਦੇ ਪਿੰਡ ਵਿਚ ਮਨਾਇਆ। ਖੇਡਸ਼ਾਲਾ ਦਾ ਮੰਤਵ ਤੇ ਮਨੋਰਥ ਬਚਿਆਂ ਨੂੰ ਟੈਨਿਸ, ਬੈਡਮਿੰਟਨ, ਵਾਲੀਬਾਲ, ਬਾਸਕਟਬਾਲ, ਰੱਸਾਕਸ਼ੀ ਤੇ ਦੌੜਾਂ ਲਈ ਪ੍ਰੇਰ ਕੇ ਸਿਹਤਮੰਦ ਭਾਈਚਾਰੇ ਦੀ ਸਿਰਜਣਾ ਕਰਨਾ ਹੈ। ਏਸ ਮੇਲੇ ਵਿਚ ਢਾਈ ਸੌ ਬੱਚੇ ਤੇ ਉਨ੍ਹਾਂ ਦੇ ਮਾਪੇ ਸ਼ਾਮਲ ਹੋਏ। ਮਾਜਰਾ ਪਿੰਡ ਦੀ ਪੰਚਾਇਤ ਵਲੋਂ ਏਸ ਘਟਨਾ-ਕ੍ਰਮ ਦਾ ਸਵਾਗਤ ਕਰਨਾ ਬੜਾ ਉਤਸ਼ਾਹਜਨਕ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਬੱਚਿਆਂ ਨੂੰ ਸਿਹਤਮੰਦ ਹੀ ਨਹੀਂ ਬਣਾਉਂਦੀਆਂ ਨਸ਼ਿਆਂ ਤੋਂ ਦੂਰ ਵੀ ਰਖਦੀਆਂ ਹਨ। ਖੇਡਸ਼ਾਲਾ ਦੇ ਪ੍ਰੋਗਰਾਮਾਂ ਵਿਚ ਹੋਰ ਗਵਾਂਢੀ ਪਿੰਡ ਵੀ ਸ਼ਾਮਲ ਹੋ ਰਹੇ ਹਨ। ਖੇਡਸ਼ਾਲਾ ਦੇ ਸੰਸਥਾਪਕ ਸਤਿੰਦਰ ਬਾਜਵਾ ਨੂੰ ਵਧਾਈਆਂ।
ਅੰਤਿਕਾ: (ਅਦਮ)
ਮਰਨੇ ਵਾਲੇ ਤੋ ਖੈਰ ਬੇਬਸ ਹੈਂ।
ਜੀਨੇ ਵਾਲੇ ਕਮਾਲ ਕਰਤੇ ਹੈਂ।