ਸੂਰਜ ਕੀ ਗਠੜੀ ਖੋਲ੍ਹੀ ਤੋ…

ਕੀਰਤ ਕਾਸ਼ਣੀ
ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਵਲੋਂ ਪਿਛਲੇ ਸਾਲ 23 ਜੂਨ ਨੂੰ ਲਾਂਚ ਕੀਤਾ ‘ਜ਼ਿੰਦਗੀ’ ਚੈਨਲ ਬਹੁਤ ਵੱਡੀ ਪਰਵਾਜ਼ ਭਰ ਗਿਆ ਹੈ। ਇਸ ਚੈਨਲ ਤੋਂ ਪਾਕਿਸਤਾਨ ਵਿਚ ਬਣੇ ਲੜੀਵਾਰ ਪ੍ਰਸਾਰਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਲੜੀਵਾਰਾਂ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਹੈ। ਅਸਲ ਵਿਚ ਇਹ ਲੜੀਵਾਰ ਜ਼ਿੰਦਗੀਆਂ ਦੀਆਂ ਤਲਖ ਹਕੀਕਤਾਂ ਦੇ ਬਹੁਤ ਨੇੜੇ ਹਨ।

ਇਨ੍ਹਾਂ ਵਿਚ ਭਾਰਤੀ ਲੜੀਵਾਰਾਂ ਵਾਂਗ ਫਜ਼ੂਲ ਘਸੋੜੀਆਂ ਕਹਾਣੀਆਂ ਨਹੀਂ ਹਨ।
ਇਸ ਚੈਨਲ ਲਈ ਮਾਲਕਾਂ ਨੇ ‘ਜੋੜੇ ਦਿਲੋਂ ਕੋ’ ਦਾ ਸਲੋਗਨ ਲਾਇਆ ਹੈ। ਇਸ ਦਾ ਮਤਲਬ ਭਾਰਤ ਅਤੇ ਪਾਕਿਸਤਾਨ ਵਿਚ ਰਿਸ਼ਤਿਆਂ ਨੂੰ ਹੋਰ ਨਿੱਘਾ ਕਰਨਾ ਹੈ। ਅੱਜ-ਕੱਲ੍ਹ ਇਸ ਚੈਨਲ ਉਤੇ ਵਕਤ ਨੇ ਕੀਆ ਕਿਆ ਹਸੀਂ ਸਿਤਮ, ਖੇਲ ਕਿਸਮਤ ਦਾ, ਸ਼ਿਕਨ, ਥਕਾਨ, ਰੰਜਿਸ, ਮੇਰੇ ਹਮਨਵਾ, ਮੈਂ ਗੁਨਾਹਗਾਰ ਨਹੀਂ, ਖਵਾਹਸ਼ੇਂ, ਕਭੀ ਆਸ਼ਨਾ ਕਭੀ ਅਜਨਬੀ, ਇਹ ਸਸੁਰਾਲ ਬੇਮਿਸਾਲ, ਸਾਰੇ ਮੌਸਮ ਤੁਮ ਸੇ ਹੀ ਆਦਿ ਲੜੀਵਾਰ ਪੇਸ਼ ਕੀਤੇ ਜਾ ਰਹੇ ਹਨ। ‘ਵਕਤ ਨੇ ਕੀਆæææ’ ਲੜੀਵਾਰ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਤ ਹੈ ਅਤੇ ਇਸ ਵੰਡ ਦੀ ਕਹਾਣੀ ਬੜੇ ਮਾਰਮਿਕ ਢੰਗ ਨਾਲ ਬਿਆਨ ਕੀਤੀ ਗਈ ਹੈ। ਇਸ ਵਿਚ ਉਸ ਦੌਰ ਦੀ ਸਿਆਸਤ ਦਾ ਮੂੰਹ ਮੱਥਾ ਵੀ ਖੂਬ ਉਘੜ ਰਿਹਾ ਹੈ। ਇਸ ਲੜੀਵਾਰ ਵਿਚ ਮੁੱਖ ਭੂਮਿਕਾਵਾਂ ਫਵਾਦ ਖਾਨ ਅਤੇ ਸਨਮ ਬਲੋਚ ਦੀਆਂ ਹਨ।
‘ਖੇਲ ਕਿਸਮਤ ਕਾ’ ਅਜਿਹੀ ਮਾਂ ਦੀ ਕਹਾਣੀ ਹੈ ਜਿਸ ਨੂੰ ਆਪਣੇ ਖਾਵੰਦ ਦੀ ਮੌਤ ਤੋਂ ਬਾਅਦ ਆਪਣੇ ਬੱਚਿਆਂ ਖਾਤਰ ਦੂਜਾ ਵਿਆਹ ਕਰਵਾਉਣਾ ਪੈਂਦਾ ਹੈ। ਇਸ ਸੀਰੀਅਲ ਵਿਚ ਮਾਂ ਅਤੇ ਬੱਚਿਆਂ ਵਿਚਕਾਰ ਤਣਾਅ ਰਾਹੀਂ ਪਾਕਿਸਤਾਨੀ ਸਮਾਜ ਉਤੇ ਤਿੱਖੀਆਂ ਚੋਟਾਂ ਕੀਤੀਆਂ ਗਈਆਂ ਹਨ। ਇਸ ਲੜੀਵਾਰ ਵਿਚ ਮੁੱਖ ਭੂਮਿਕਾ ਯਾਸਿਰਾ ਰਿਜ਼ਵੀ ਨੇ ਨਿਭਾਈ ਹੈ ਜੋ ਪਾਕਿਸਤਾਨ ਦੀ ਬੜੀ ਪ੍ਰਸਿੱਧ ਰੰਗ-ਕਰਮੀ ਹੈ। ਇਸ ਲੜੀਵਾਰ ਦਾ ਮੁਖੜਾ ਗੀਤ ‘ਸੂਰਜ ਕੀ ਗਠੜੀ ਖੋਲ੍ਹੀ ਤੋ, ਅੰਦਰ ਰਾਤ ਹੈ ਰੋਤੀ, ਪੱਥਰ ਕੇ ਤਕੀਏ ਪਰ ਸੋਤੇ, ਕਿਸ ਕੇ ਮਨ ਕੇ ਮੋਤੀ’ ਬੜਾ ਪਾਪੂਲਰ ਹੋਇਆ ਹੈ। ‘ਸ਼ਿਕਨ’ ਨਾਂ ਦਾ ਲੜੀਵਾਰ ਪਾਕਿਸਤਾਨ ਵਿਚ ‘ਸਿਲਵਟੇਂ’ ਨਾਂ ਹੇਠ ਨਸ਼ਰ ਹੋਇਆ ਸੀ। ਇਸ ਵਿਚ ਆਮਨਾ ਸ਼ੇਖ, ਮੀਰਾ ਸੇਠੀ, ਅਦੀਲ ਹੁਸੈਨ ਅਤੇ ਦਾਨਿਆਲ ਰਹੀਲ ਦੀਆਂ ਮੁੱਖ ਭੂਮਿਕਾਵਾਂ ਹਨ। ਅਸਲ ਵਿਚ ਇਹ ਲੜੀਵਾਰ ਦੋ ਭਾਣਾਂ ਨਤਾਸ਼ਾ (ਮੀਰਾ ਸੇਠੀ) ਅਤੇ ਜ਼ੇਬ (ਅਮੀਨਾ ਸ਼ੇਖ) ਵਿਚਕਾਰ ਕਸ਼-ਮਕਸ਼ ਦੀ ਕਹਾਣੀ ਹੈ। ਇਸ ਲੜੀਵਾਰ ਰਾਹੀਂ ਪੱਤਰਕਾਰੀ ਛੱਡ ਕੇ ਅਦਾਕਾਰੀ ਵੱਲ ਆਈ ਮੀਰਾ ਸੇਠੀ ਦਾ ਕਿਰਦਾਰ ਬੜਾ ਜ਼ੋਰਦਾਰ ਹੈ ਅਤੇ ਇਸ ਕਿਰਦਾਰ ਰਾਹੀਂ ਉਸ ਨੇ ਅਦਾਕਾਰੀ ਦੇ ਖੇਤਰ ਵਿਚ ਪੂਰੀ ਪੈਂਠ ਪਾਈ ਹੈ। ਮੀਰਾ ਸੇਠੀ ‘ਫਰਾਈਡੇ ਟਾਈਮਜ਼’ ਵਾਲੇ ਪੱਤਰਕਾਰ ਨਜਮ ਸੇਠੀ ਦੀ ਧੀ ਹੈ ਅਤੇ ਪਹਿਲਾਂ ਵਾਲ ਸਟਰੀਟ ਜਨਰਲ ਵਿਚ ਕੰਮ ਕਰਦੀ ਸੀ। ਜ਼ੀ ਦੇ ਮਾਲਕ ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨੂੰ ਲੋਕਾਂ ਨੂੰ ਨੇ ਬਹੁਤ ਹੁੰਗਾਰਾ ਭਰਿਆ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਭਿਆਚਾਰ ਦੀਆਂ ਬਹੁਤ ਸਾਰੀਆਂ ਸਾਂਝਾਂ ਹਨ। ਹੁਣ ਉਹ ਤੁਰਕੀ, ਇਰਾਨ, ਮਿਸਰ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੇ ਲੜੀਵਾਰਾਂ ਨੂੰ ਨਸ਼ਰ ਕਰਨ ਦੀ ਯੋਜਨਾ ਬਣਾ ਰਹੇ ਹਨ।