ਸੁਰਿੰਦਰ ਸੋਹਲ
ਨਿਊ ਯਾਰਕ: ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਨਮ-ਸਾਖੀਆਂ ਵਿੱਚੋਂ ਕੁਝ ਸਾਖੀਆਂ ਚੁਣ ਕੇ ਬਣਾਈ ਗਈ ਫ਼ਿਲਮ Ḕਨਾਨਕ ਸ਼ਾਹ ਫ਼ਕੀਰ’ ਨਾਂਹ-ਪੱਖੀ ਅਤੇ ਹਾਂ-ਪੱਖੀ ਵਿਚਾਰਾਂ ਦੇ ਭੰਵਰਾਂ ਅਤੇ ਵਰੋਲਿਆਂ ਦੀ ਲਪੇਟ ਵਿਚ ਹੈ। ਵਿਰੋਧ ਦੇ ਭੰਵਰ ਜ਼ਿਆਦਾ ਤੇਜ਼ ਹਨ। ਇਹ ਹੈ ਵੀ ਸੁਭਾਵਿਕ। ਵਿਸ਼ਾ ਹੀ ਏਨਾ ਸੰਵੇਦਨਸ਼ੀਲ ਹੈ ਕਿ ਅਗਰ ਗੁਲਾਬ ਦੀ ਪੱਤੀ ਵਰਗਾ ਨਾਜ਼ੁਕ ਲਫ਼ਜ਼ ਵੀ ਸਹੀ ਸੰਦਰਭ ਵਿਚ ਨਾ ਵਰਤਿਆ ਜਾਵੇ ਤਾਂ ਸਤਿਕਾਰ, ਸ਼ਰਧਾ, ਵਿਸ਼ਵਾਸ ‘ਤੇ ਜ਼ਰਬ ਆਉਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ।
ਫ਼ਿਲਮ ਦੀ ਸਮੁੱਚੀ ਕਹਾਣੀ ਨੂੰ ਭਾਈ ਮਰਦਾਨਾ ਦੀ ਦ੍ਰਿਸ਼ਟੀ ਤੋਂ ਦਿਖਾਇਆ ਗਿਆ ਹੈ। ਭਾਈ ਮਰਦਾਨਾ ਸਿੱਖ ਇਤਿਹਾਸ ਵਿਚ ਅਜਿਹੀ ਸ਼ਖ਼ਸੀਅਤ ਵਜੋਂ ਸਨਮਾਨਯੋਗ ਸਥਾਨ ਰੱਖਦੇ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਸਮਾਂ ਗੁਰੂ ਨਾਨਕ ਦੇਵ ਜੀ ਨਾਲ ਬਿਤਾਇਆ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੀ ਰਬਾਬ ਦੀਆਂ ਸੁਰਾਂ ਦੇ ਰਸ ਵਿਚ ਡੁਬੋ ਕੇ ਮਾਨਵਤਾ ਦੇ ਕੰਨਾਂ ਵਿਚ ਇਲਾਹੀ ਨਾਦ ਘੋਲਿਆ।
ਪ੍ਰਤੀਕਾਤਮਕ ਰੂਪ ਵਿਚ ਸਮੁੱਚੀ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦਾ ਸਾਰੰਸ਼ ਦੇਣਾ ਹੋਵੇ ਤਾਂ-ਇਲਾਹੀ ਬਾਣੀ ਦਾ ਦਰਜਾ ਰੱਖਦੀ ਗੁਰੂ ਸਾਹਿਬ ਦੀ ਬਾਣੀ ਨਾਲ ਪੱਥਰਾਂ ਵਰਗੇ ਹਿਰਦਿਆਂ ਵਿਚ ਪਰਮਾਤਮਾ ਦੇ ਨਾਮ ਦਾ ਪੰਜਾ ਲੱਗਦਾ ਹੈ, ਰੂਹ ਨੂੰ ਲੱਗੇ ਵਿਕਾਰਾਂ ਦੇ ਕੋਹੜ ਦਾ ਨਾਸ਼ ਹੁੰਦਾ ਹੈ, ਸਿੱਧਾਂ ਅੰਦਰ ਘਰ ਕਰ ਗਏ ਹੰਕਾਰ ਦੇ ਪਸ਼ੂਆਂ ਦਾ ਸੰਘਾਰ ਹੁੰਦਾ ਹੈ, ਫੋਕੇ ਕਰਮ-ਕਾਂਡਾਂ ਦਾ ਭਾਂਡਾ ਭੱਜਦਾ ਹੈ ਅਤੇ ਸਾਰੀ ਕਾਇਨਾਤ ਹੀ Ḕੴ’ ਦੇ ਨਾਦ ਵਿਚ ਵਿਸਮਾਦ ਅਵੱਸਥਾ ਵਿਚ ਵਿਚਰ ਰਹੀ ਪ੍ਰਤੀਤ ਹੁੰਦੀ ਹੈ।
ਪਰ ਫਿਰ ਵੀ ਫ਼ਿਲਮ ਦੇਖਦੇ ਸਮੇਂ ਫ਼ਿਲਮ ਦੇ ਨਿਰਮਾਣ ਨੂੰ ਲੈ ਕੇ ਇਤਰਾਜ਼ ਦਾ ਕੰਡਾ ਦਿਲ ਵਿਚ ਚੁੱਭਦਾ ਰਹਿੰਦਾ ਹੈ। ਇਸ ਦਾ ਕਾਰਨ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਦੀ ਲੋਅ ਵਿਚ ਸਪੱਸ਼ਟ ਨਜ਼ਰ ਆ ਜਾਂਦਾ ਹੈ, “ਰੰਗ ਮੰਚ ਉਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫ਼ਿਲਮਾਂ ਵਿਚ ਗੁਰੂ ਸਾਹਿਬਾਨ ਦੇ ਜੀਵਨ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ, ਰੂਹਾਨੀ ਖ਼ੁਦਕੁਸ਼ੀ ਸਾਬਿਤ ਹੋਣਗੇ।”
ਪਿਛਲੇ ਦਿਨੀਂ ਫਿਲਮ ਦੀ ਇਕ ਸਕਰੀਨਿੰਗ ਅਤੇ ਪ੍ਰੈਸ ਕਾਨਫਰੰਸ ਹੋਈ। ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨਾਲ ਗੱਲਬਾਤ ਹੋਈ ਤਾਂ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ। ਸ਼ ਸਿੱਕਾ ਮੁਤਾਬਕ ਏਡਾ ਵੱਡਾ ਕਾਰਜ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ, ਨਾ ਹੀ ਉਨ੍ਹਾਂ ਨੇ ਕਦੇ ਇਸ ਤਰ੍ਹਾਂ ਦੇ ਪ੍ਰਾਜੈਕਟ ਬਾਰੇ ਸੋਚਿਆ ਹੀ ਸੀ। ਇਕ ਦਿਨ ਸੁਪਨ-ਅਵੱਸਥਾ ਵਿਚ ਉਨ੍ਹਾਂ ਨੂੰ ਇਲਾਹੀ ਨੂਰ ਦੀ ਝਲਕ ਦਿਖਾਈ ਦਿੱਤੀ। ਉਸ ਛਵੀ ਦੇ ਨਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ-ਜੁਲਦੇ ਸਨ। ਬਸ ਓਹੀ ਇਲਾਹੀ ਨੂਰ ਦੀ ਝਲਕ ਫ਼ਿਲਮ ਦੀ ਪ੍ਰੇਰਨਾ ਬਣੀ।
ਕਿਸੇ ਨੇ ਸਵਾਲ ਕੀਤਾ-ਸਿੱਕਾ ਜੀ, ਕੀ ਤੁਹਾਡੀ ਫ਼ਿਲਮ ਦੇ ਪਿੱਛੇ ਫ਼ਿਲਮ Ḕਚਾਰ ਸਾਹਿਬਜ਼ਾਦੇ’ ਦੀ ਸਫ਼ਲਤਾ ਦੀ ਚਮਕ ਤਾਂ ਨਹੀਂ? ਸਿੱਕਾ ਸਾਹਿਬ ਦਾ ਕਹਿਣਾ ਸੀ-ਉਹ ਫ਼ਿਲਮ ਕਮੱਰਸ਼ੀਅਲ ਐਂਗਲ ਤੋਂ ਬਣਾਈ ਗਈ ਸੀ, ਇਹ ਫ਼ਿਲਮ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਬਣਾਈ ਗਈ ਹੈ। ਇਸ ਫ਼ਿਲਮ ਦੀ ਕਮਾਈ ਬਿਨਾਂ ਕਿਸੇ ਜ਼ਾਤੀ ਭੇਦ-ਭਾਵ ਦੇ ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇਗੀ।
ਫ਼ਿਲਮ Ḕਨਾਨਕ ਸ਼ਾਹ ਫ਼ਕੀਰ’ ਵਿਚ ਕੈਮਰੇ ਦੀ ਅੱਖ ਨੂੰ ਭਾਈ ਮਰਦਾਨਾ ਦੀ ਅੱਖ ਵਜੋਂ ਵਰਤਣ ਦਾ ਯਤਨ ਕੀਤਾ ਗਿਆ ਹੈ। ਭਾਈ ਮਰਦਾਨਾ ਦਾ ਰੋਲ ਕਰਨ ਵਾਲਾ ਐਕਟਰ ਆਰਿਫ਼ ਜ਼ਕਰੀਆ ਇਸ ਸਕਰੀਨਿੰਗ ਮੌਕੇ ਮੌਜੂਦ ਸੀ। ਉਸ ਦਾ ਕਹਿਣਾ ਸੀ-ਮੈਂ ਇਸ ਯਾਤਰਾ ਵਿਚ ਸੱਚਮੁੱਚ ਕੋਈ ਵਿਲੱਖਣ ਯਾਤਰਾ ਕੀਤੀ ਮਹਿਸੂਸ ਕਰਦਾ ਹਾਂ।
ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਗੁਰੂ ਨਾਨਕ ਦੇਵ ਜੀ ਨਾਲ ਕੁਦਰਤੀ ਅਤੇ ਪੈਗੰਬਰੀ ਜਲਵਿਆਂ ਨੂੰ ਮਾਣਦਿਆਂ ਬਿਤਾਇਆ। ਇਕ ਪੈਗੰਬਰ ਨਾਲ ਰਹਿ ਕੇ ਆਤਮਕ ਤੌਰ ‘ਤੇ ਭਾਈ ਮਰਦਾਨਾ ਕਿੰਨੀ ਉਚ-ਅਵੱਸਥਾ ਦੇ ਧਾਰਨੀ ਹੋ ਗਏ ਹੋਣਗੇ, ਉਸ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸ਼ਖ਼ਸੀਅਤ ਦੀ ਬਾਹਰੀ ਦਿਖ ਅਤੇ ਅੰਦਰੂਨੀ ਬੁਲੰਦੀ ਨੂੰ ਐਕਟਰ (ਭਾਵੇਂ ਉਹ ਕਿੰਨੀ ਵੀ ਪ੍ਰਤਿਭਾ ਦਾ ਮਾਲਕ ਕਿਉਂ ਨਾ ਹੋਵੇ) ਕਿੰਨੀ ਕੁ ਸਫ਼ਲਤਾ ਨਾਲ ਨਿਭਾ ਸਕਦਾ ਹੈ? ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਐਕਟਰ ਨੂੰ ਭਾਈ ਮਰਦਾਨਾ ਜੀ ਦਾ ਕਦ, ਬੁਲੰਦੀ ਅਤੇ ਮਾਨਸਿਕ-ਅਵੱਸਥਾ ਦੀ ਉਚਾਈ ਦੇ ਸਾਹਮਣੇ ਆਪਣੀ ਹੋਂਦ ਦਾ ਅਹਿਸਾਸ ਕਰਦੇ ਹੋਏ ਕਿਰਦਾਰ ਨਿਭਾਉਣ ਦੀ ਹਾਮੀ ਭਰਨੀ ਹੀ ਨਹੀਂ ਸੀ ਚਾਹੀਦੀ।
ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿੱਕਾ ਜੀ ਦਾ ਕਹਿਣਾ ਸੀ-ਗੁਰੂ ਸਾਹਿਬ ਨੂੰ ਅਸੀਂ ਕੰਪਿਊਟਰ ਗ੍ਰਾਫ਼ਿਕਸ ਦੀ ਮਦਦ ਨਾਲ ਸਿਰਫ਼ ਰੌਸ਼ਨੀ ਦੇ ਰੂਪ ਵਿਚ ਪਿਛਾੜੀ ਤੋਂ ਹੀ ਵਿਖਾਇਆ ਹੈ, ਪਰ ਉਨ੍ਹਾਂ ਦੀ ਇਹ ਗੱਲ ਸਿਰਫ਼ ਪੈਰ ਟਿਕਾਉਣਾ ਹੀ ਸਾਬਿਤ ਹੋਈ, ਬੈਠਣ ਦਾ ਹੀਲਾ ਉਨ੍ਹਾਂ ਨੇ ਆਪੇ ਕਰ ਲਿਆ। ਫ਼ਿਲਮ ਵਿਚ ਦਿਖਾਏ ਗਏ ਗੁਰੂ ਸਾਹਿਬ ਦਾ ਰੂਪ ਗ੍ਰਾਫ਼ਿਕਸ ਘੱਟ, ਵਿਅਕਤੀ ਦੁਆਰਾ ਕੀਤਾ ਗਿਆ ਵੱਧ ਲੱਗਿਆ, ਜਿਸ ਨੂੰ ਕੰਪਿਊਟਰੀ ਜੁਗਤਾਂ ਰਾਹੀਂ ਫੇਡ ਕੀਤਾ ਗਿਆ ਜਾਪਦਾ ਹੈ। ਫਿਰ ਸੰਵਾਦ ਬੋਲਦੇ ਵੀ ਦਿਖਾਇਆ ਗਿਆ ਹੈ।
ਰੱਬੀ ਗੁਣਾਂ ਨਾਲ ਵਰੋਸਾਏ ਗੁਰੂ ਸਾਹਿਬ ਦੇ ਅਕਸ਼ ਅਤੇ ਉਨ੍ਹਾਂ ਦੇ ਰਹੱਸਮਈ ਪੈਗ਼ੰਬਰੀ ਬੋਲਾਂ ਨੂੰ ਮਨੁੱਖੀ ਯਤਨ ਅਤੇ ਮਨੁੱਖ ਦਾ ਬਣਾਇਆ ਕੈਮਰਾ ਕਿੰਨਾ ਕੁ ਪਕੜ ਸਕਦਾ ਹੈ? ਪੈਗ਼ੰਬਰੀ ਰੂਹਾਂ ਖ਼ੂਬਸੂਰਤ ਰੂਹਾਨੀ ਓਹਲੇ ਦੀਆਂ ਧਾਰਨੀ ਹੁੰਦੀਆਂ ਹਨ। ਉਨ੍ਹਾਂ ਰੂਹਾਨੀ ਓਹਲਿਆਂ ਨੂੰ ਮਨੁੱਖੀ ਮੱਤ ਨਾਲ ਤਾਰ-ਤਾਰ ਕਰਨ ਦੀ ਕੋਸ਼ਿਸ਼ ਨੂੰ ਹੀ ਸ਼ਾਇਦ ਹਰਿੰਦਰ ਸਿੰਘ ਮਹਿਬੂਬ ਨੇ Ḕਰੂਹਾਨੀ ਖ਼ੁਦਕੁਸ਼ੀ’ ਦਾ ਨਾਮ ਦਿੱਤਾ ਹੈ।
ਮਾਤਾ ਤ੍ਰਿਪਤਾ, ਬੇਬੇ ਨਾਨਕੀ, ਬੀਬੀ ਸੁਲੱਖਣੀ ਵਰਗੀਆਂ ਬੇਜੋੜ ਸ਼ਖ਼ਸੀਅਤਾਂ ਨੂੰ ਪਰਦੇ ‘ਤੇ ਪੇਸ਼ ਕਰਨ ਦਾ ਫ਼ਿਲਮ ਵਾਲਿਆਂ ਨੂੰ ਹੌਸਲਾ ਹੀ ਨਹੀਂ ਸੀ ਕਰਨਾ ਚਾਹੀਦਾ। ਕਲਾ ਦੀ ਦੁਨੀਆਂ ਵਿਚ ਗੱਲ ਕਹਿਣ ਦੇ ਹੋਰ ਬਥੇਰੇ ਤਰੀਕੇ ਨੇ।
ਦਰਸ਼ਕਾਂ ਦੇ ਵਿਚਾਰ ਸਾਧਾਰਨਤਾ ਦੀ ਪੱਧਰ ਪਾਰ ਨਹੀਂ ਕਰ ਸਕੇ। ਕੁਝ ਦਰਸ਼ਕਾਂ ਨੂੰ ਫ਼ਿਲਮ ਦੀ ਤਕਨੀਕ ਬਾਰੇ ਇਤਰਾਜ਼ ਸੀ ਜਾਂ ਗੁਰੂ ਸਾਹਿਬ ਦੇ ਬੱਚੇ ਮੋਨੇ ਕਿਉਂ ਦਿਖਾਏ ਗਏ ਹਨ। ਮੇਰੇ ਖ਼ਿਆਲ ਵਿਚ ਉਨ੍ਹਾਂ ਦਾ ਇਤਰਾਜ਼ ਹੋਣਾ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਦਿਖਾਏ ਹੀ ਕਿਉਂ ਗਏ ਹਨ!
ਇਕ ਦਰਸ਼ਕ ਦਾ ਕਹਿਣਾ ਸੀ-ਇਸ ਫ਼ਿਲਮ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਅਤੇ ਮਾੜਾ ਕਹਿਣਾ ਵੀ ਮਾੜਾ, ਚੁੱਪ ਬਿਹਤਰ ਹੈ। ਇਕ ਹੋਰ ਦਰਸ਼ਕ ਨੇ ਗੱਲ ਹੀ ਨਿਬੇੜ ਦਿੱਤੀ-ਦੇਖੋ ਜੀ ਸਿੱਕਾ ਸਾਹਿਬ ਨੇ ਕਿਹਾ ਹੈ ਕਿ ਇਹ ਫ਼ਿਲਮ ਨਾ ਉਨ੍ਹਾਂ ਨੇ ਲਿਖੀ ਹੈ ਨਾ ਬਣਾਈ ਹੈ। ਇਹ ਲਿਖੀ ਵੀ ਗੁਰੂ ਸਾਹਿਬ ਨੇ ਹੈ, ਬਣਾਈ ਵੀ ਗੁਰੂ ਸਾਹਿਬ ਨੇ। ਹੁਣ ਚੰਗਾ ਮਾੜਾ ਵਿਚਾਰ ਦੇਣ ਵੇਲੇ ਤੁਸੀਂ ਆਪ ਸੋਚ ਲਵੋ।
ਇਕ ਦਰਸ਼ਕ ਦਾ ਵਿਚਾਰ ਸੀ ਕਿ ਸਿੱਕਾ ਸਾਹਿਬ ਨੇ ਕਿਹਾ ਹੈ ਕਿ ਉਨ੍ਹਾਂ ਨੇ ਫ਼ਿਲਮ ਬਣਾਉਣ ਤੋਂ ਪਹਿਲਾਂ ਬਹੁਤ Ḕਰਿਸਰਚ’ ਕਰਵਾਈ ਸੀ, ਪਰ ਫ਼ਿਲਮ ਦੇਖ ਕੇ ਸਿੱਕਾ ਜੀ ਦਾ ਇਹ ਕਥਨ ਸਹੀ ਨਹੀਂ ਜਾਪਦਾ। ਇਕ ਦਰਸ਼ਕ ਨੇ ਫ਼ਿਲਮ ਦੀ ਤਕਨੀਕ ਪੱਖੋਂ ਬੜੀ ਸਿਫ਼ਤ ਕੀਤੀ ਸੀ।
ਪੋਸਟ ਸਕ੍ਰਪਿਟ: ਚਲੋ ਠੀਕ ਹੈ, ਅੱਜ ਦੇ ਦੌਰ ਵਿਚ ਕੰਪਿਊਟਰ, ਬਲਿਊ ਸਕਰੀਨ ਆਦਿ ਨਾਲ ਮਨਚਾਹੇ ਖ਼ੂਬਸੂਰਤ ਸੀਨ ਫ਼ਿਲਮਾਏ ਜਾ ਸਕਦੇ ਹਨ, ਪਰ ਨਿਰੀ ਤਕਨੀਕ ਹੀ ਸਭ ਕੁਝ ਨਹੀਂ ਹੁੰਦੀ, ਫ਼ਿਲਮ ਦਾ ਵਿਸ਼ਾ, ਵਿਸ਼ੇ ਦੀ ਸੰਵੇਦਨਸ਼ੀਲਤਾ ਵੀ ਤਾਂ ਮਹੱਤਵਪੂਰਨ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਿਸੇ ਸਿਆਣੇ ਦੇ ਬੋਲ ਯਾਦ ਆਉਂਦੇ ਹਨ-ਅਗਰ ਸੋਨੇ ਦੀ ਛੁਰੀ ਹੱਥ ਆ ਜਾਵੇ ਤਾਂ ਉਸ ਨਾਲ ਆਪਣਾ ਢਿੱਡ ਹੀ ਨਹੀਂ ਪਾੜ ਲੈਣਾ ਚਾਹੀਦਾ।