ਦੇਖ ਕਬੀਰਾ ਰੋਇਆ…

ਪੰਜਾਬ ਟਾਈਮਜ਼ ਦੇ 11 ਅਪਰੈਲ ਦੇ ਅੰਕ ਵਿਚ ਪ੍ਰੋæ ਹਰਪਾਲ ਸਿੰਘ ਨੇ “ਦੇਖ ਕਬੀਰਾ ਰੋਇਆ” ਵਿਚ ਮੌਤ ਨੂੰ ਜੀਵਨ ਦਾ ਕੇਂਦਰ-ਬਿੰਦੂ ਗਰਦਾਨ ਕੇ ਅਧਿਆਤਮਕ ਗਿਆਨ ਦੇ ਇਸ ਮੂਲ ਸਿਧਾਂਤ ਨੂੰ ਪ੍ਰਭਾਵਸ਼ਾਲੀ ਸਾਹਿਤਕ ਸ਼ੈਲੀ ਵਿਚ ਬਿਆਨ ਕੀਤਾ ਹੈ। ਗੁਰਬਾਣੀ ਦੇ ਬਹੁਤੇ ਵਿਆਖਿਆਕਾਰ ਜਾਂ ਤਾਂ ਇਸ ਮੂਲ ਸਿਧਾਂਤ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਜਾਂ ਫਿਰ ਇਸ ਨੂੰ ਧਾਰਮਿਕ ਵਿਹਾਰਾਂ ਵਿਚ ਰਲਗੱਡ ਕਰਕੇ ਉਲਝਾ ਦਿੰਦੇ ਹਨ। ਮੌਤ ਜੀਵਨ ਦਾ ਵਾਸਤਵਿਕ ਸੱਚ ਹੈ। ਜਨਮ ਤੋਂ ਮੌਤ ਤੱਕ ਦੇ ਸਫਰ ਨੂੰ ਹੀ ਜੀਵਨ ਦਾ ਨਾਂ ਦਿੱਤਾ ਗਿਆ ਹੈ।

ਗੁਰਬਾਣੀ ਵਿਚ ਜੀਵਨ ਨੂੰ ਝੂਠ, ਸੁਪਨਾ ਜਾਂ ਭਰਮ ਵੀ ਆਖਿਆ ਗਿਆ ਹੈ, ਜਿਵੇਂ “ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ (ਗੁਰੂ ਨਾਨਕ ਦੇਵ); “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੋ ਰੇ ਮੀਤ॥ (ਗੁਰੂ ਤੇਗ ਬਹਾਦਰ) ਅਤੇ “ਮਾਧਵੇ ਕਿਆ ਕਹੀਐ ਭ੍ਰਮ ਐਸਾ॥ ਜੈਸਾ ਜਾਨੀਐ ਹੋਇ ਨ ਤੈਸਾ॥”
ਭਗਤ ਰਵਿਦਾਸ ਆਖਦੇ ਹਨ ਕਿ ਮਨੁੱਖ ਨੂੰ ਇਹ ਭਰਮ ਹੈ ਕਿ ਸੰਸਾਰ ਜੈਸਾ ਨਜ਼ਰ ਆਉਂਦਾ ਹੈ, ਐਸਾ ਹੀ ਹੈ ਪਰ ਇਹ ਸੱਚ ਨਹੀਂ ਹੈ। ਸੰਸਾਰ ਦੀ ਸੱਚਾਈ ਇਹ ਹੈ ਕਿ ਇਸ ਦਾ ਹਰ ਪਦਾਰਥ ਨਿਰੰਤਰ ਬਦਲ ਰਿਹਾ ਹੈ ਅਤੇ ਨਿਰੰਤਰ ਬਦਲ ਰਹੇ ਪਦਾਰਥ ਦੀ ਅਸਲੀਅਤ ਉਹ ਨਹੀਂ ਹੁੰਦੀ ਜੋ ਨਜ਼ਰ ਆਉਂਦੀ ਹੈ ਕਿਉਂਕਿ ਜੋ ਦਿਸਦਾ ਹੈ, ਉਹ ਬਦਲੇ ਹੋਏ ਦਾ ਪ੍ਰਤੀਬਿੰਬ ਹੁੰਦਾ ਹੈ ਅਤੇ ਜੋ ਹੁੰਦਾ ਹੈ ਉਹ ਬਦਲ ਰਿਹਾ ਹੋਣ ਕਾਰਨ ਨਜ਼ਰ ਨਹੀਂ ਆਉਂਦਾ। ਵਿਗਿਆਨੀ ਕੁਐਂਟਮ ਮਕੈਨਿਕਸ ਵਿਚ ਇਸੇ ਉਲਝਣ ਨੂੰ ਸਮਝਣ ਦਾ ਯਤਨ ਕਰਦੇ ਹਨ। ਐਸੀ ਸਥਿਤੀ ਨੂੰ ਨਜ਼ਰ ਦੇ ਭੁਲੇਖੇ (ੌਪਟਚਿਅਲ ਲਿਲੁਸਿਨ) ਦਾ ਨਾਂ ਵੀ ਦੇ ਦਿੱਤਾ ਜਾਂਦਾ ਹੈ। ਮਨੁੱਖ ਦੇ ਬੱਚਾ, ਜੁਆਨ ਜਾਂ ਬੁਢੇ ਹੋਣ ਦਾ ਬੋਧ ਤੇ ਸੰਭਵ ਹੈ ਪਰ ਉਸ ਦੇ ਸਰੀਰ ਵਿਚ ਹਰ ਪਲ ਹੋ ਰਹੇ ਬਦਲਾਓ ਨੂੰ ਅਨੁਭਵ ਕਰਨਾ ਮੁਮਕਿਨ ਨਹੀਂ।
ਵਿਗਿਆਨੀ ਦੱਸਦੇ ਹਨ ਕਿ ਸਰੀਰ ਦੇ ਸੈਲ ਨਿਰੰਤਰ ਜੰਮਦੇ ਅਤੇ ਮਰਦੇ ਰਹਿੰਦੇ ਹਨ। ਇਸ ਲਈ ਇਹ ਆਖਣਾ ਉਚਿੱਤ ਹੋਵੇਗਾ ਕਿ ਬਦਲਾਓ ਹੀ ਮਨੁੱਖਾ ਜੀਵਨ ਦੀ ਅਸਲੀਅਤ ਹੈ, ਜਾਂ ਇਉਂ ਕਹੋ ਕਿ ਜੀਵਨ ਜਨਮ ਤੋਂ ਮਰਨ ਤਕ ਦੀ ਯਾਤਰਾ ਦਾ ਹੀ ਨਾਂ ਹੈ। ਇਸ ਨੂੰ ਯਾਤਰਾ ਜਾਣ ਕੇ ਹੀ ਜੀਉਣਾ ਠੀਕ ਹੈ। ਗੁਰਬਾਣੀ ਦਾ ਇਹ ਵੀ ਨਿਰਣਾ ਹੈ ਕਿ ਮਨੁੱਖਾ ਸਰੀਰ ਨਿਰਾ ਭਰਮ ਨਹੀਂ, ਇਸ ਵਿਚ ਪ੍ਰਭੂ ਦਾ ਵਾਸਾ ਹੋਣ ਕਾਰਨ ਇਹ ਸੱਚ ਵੀ ਹੈ। “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥” (ਅਨੰਦ, ਗੁਰੂ ਅਮਰ ਦਾਸ)। ਪਰ ਪ੍ਰਭੂ ਦੇ ਸਰਬ ਵਿਆਪਕ ਹੋਣ ਦੇ ਬਾਵਜੂਦ ਮਨੁੱਖ ਵਿਚ ਪ੍ਰਭੂ ਨੂੰ ਵੇਖਣ ਦੀ ਸਮਰਥਾ ਨਹੀਂ ਹੈ ਕਿਉਂਕਿ “ਸੇ ਅਖੜੀਆਂ ਬਿਅੰਨਿ ਜਿਨ੍ਹੀ ਡਿਸੰਦੋ ਮਾਪਿਰੀ॥” (ਗੁਰੂ ਅਰਜਨ ਦੇਵ)
ਸਾਧਾਰਣ ਮਨੁੱਖ ਸੰਸਾਰ ਵਿਚ ਬਾਹਰੀ ਮਾਇਆ ਦੇ ਪ੍ਰਭਾਵ ਨੂੰ ਹੀ ਸੱਚ ਮੰਨੀ ਜਾਂਦਾ ਹੈ ਕਿਉਂਕਿ ਉਹ ਲੋਕਾਈ ਵਿਚ ਪ੍ਰਭੂ ਵਲੋਂ ਬਖਸ਼ੀ ਬਰਾਬਰੀ ਵੇਖਣਯੋਗ ਨਹੀਂ ਹੁੰਦਾ। ਸੰਸਾਰ ਕਰਮ ਧਰਤੀ ਹੈ ਜਿਸ ਵਿਚ ਪ੍ਰਭੂ ਦੀ ਰਜ਼ਾ ਅਨੁਸਾਰ ਨਿਸ਼ਕਾਮ ਕਰਮ ਕਰਨਾ ਹੀ ਧਰਮ ਹੈ, “ਕਰਮ ਕਰਤ ਹੋਵੈ ਨਿਹਕਰਮ॥ ਤਿਸ ਬੈਸਨੋ ਕਾ ਨਿਰਮਲ ਧਰਮ॥” (ਗੁਰੂ ਅਰਜਨ ਦੇਵ)
ਆਸ ਹੈ ਪ੍ਰੋæ ਹਰਪਾਲ ਸਿੰਘ ਵਲੋਂ ਗੁਰਬਾਣੀ ਦੇ ਇਸ ਅਣਗੌਲੇ ਮੂਲ ਉਪਦੇਸ਼ ਨੂੰ ਉਜਾਗਰ ਕੀਤੇ ਜਾਣ ਨਾਲ ਗੁਰਬਾਣੀ ਪ੍ਰੇਮੀਆਂ ਦੀ ਇਸ ਸਿਧਾਂਤ ਨੂੰ ਸਮਝਣ ਅਤੇ ਵਿਚਾਰਨ ਵਿਚ ਰੁਚੀ ਵਧੇਗੀ।
-ਹਾਕਮ ਸਿੰਘ