ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ): ਪੰਜਾਬ ਟਾਈਮਜ਼ ਨੇ ਆਪਣੇ 15 ਵਰ੍ਹੇ ਦੇ ਸਫਰ ਦੌਰਾਨ ਪੰਜਾਬੀ ਪੱਤਰਕਾਰੀ ਵਿਚ ਜਿਹੜੇ ਮਿਆਰਾਂ ‘ਤੇ ਪਹਿਰਾ ਦਿਤਾ ਹੈ ਅਤੇ ਅਮਰੀਕਾ ਭਰ ਵਿਚ ਪਾਠਕਾਂ ਦੇ ਦਿਲੋ-ਦਿਮਾਗ ਵਿਚ ਜੋ ਥਾਂ ਬਣਾਈ ਹੈ, ਉਹ ਆਪਣੇ ਆਪ ਵਿਚ ਇਕ ਵਡੀ ਪ੍ਰਾਪਤੀ ਹੈ। ਇਸ ਦਾ ਸਿਹਰਾ ਸੰਪਾਦਕ ਸ਼ ਅਮੋਲਕ ਸਿੰਘ ਜੰਮੂ ਨੂੰ ਜਾਂਦਾ ਹੈ ਜਿਸ ਨੇ ਆਪਣੀ ਸਿਹਤ ਦੀਆਂ ਮਜਬੂਰੀਆਂ ਦੇ ਬਾਵਜੂਦ ਬਹੁਤ ਵਡਾ ਸਿਰੜ ਤੇ ਸਿਦਕ ਦਿਖਾਇਆ ਹੈ।
ਇਹ ਵਿਚਾਰ ਲੰਘੀ 28 ਮਾਰਚ ਨੂੰ ਇਥੋਂ ਦੀ ਸਬਰਬ ਪੈਲਾਟਾਈਨ ਦੇ ਕੋਟਿਲੀਅਨ ਹਾਲ ਵਿਚ ਅਖਬਾਰæ ਦੀ 15ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਖ ਵਖ ਬੁਲਾਰਿਆਂ ਨੇ ਪ੍ਰਗਟਾਏ।
‘ਪੰਜਾਬ ਟਾਈਮਜ਼’ ਦੇ ਆਨਰੇਰੀ ਸਲਾਹਕਾਰ ਬੋਰਡ ਦੇ ਮੈਂਬਰ ਡਾæ ਹਰਗੁਰਮੁਖਪਾਲ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਉਤਰੀ ਅਮਰੀਕਾ ਵਿਚ ਇਸ ਅਖ਼ਬਾਰ ਦੇ ਅੱਗੇ ਹੋ ਕੇ ਚੱਲਣ ਦੇ ਦੋ ਮੁੱਖ ਕਾਰਨਾਂ ਵਿਚੋਂ ਪਹਿਲਾ ਹੈ ਸ਼ ਜੰਮੂ ਦਾ ਸਿਦਕ ਤੇ ਸਿਰੜ, ਤੇ ਦੂਜਾ ਉਨ੍ਹਾਂ ਦਾ ਪਰਿਵਾਰ; ਨਾ ਸਿਰਫ਼ ਘਰ ਦੇ ਮੈਂਬਰ ਸਗੋਂ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਾ ਹਰ ਸ਼ਖ਼ਸ ਇਸ ਪਰਿਵਾਰ ਦਾ ਮੈਂਬਰ ਹੈ। ਸ਼ਿਕਾਗੋ ਨੂੰ ਮਾਣ ਹੈ ਕਿ ‘ਪੰਜਾਬ ਟਾਈਮਜ਼’ ਇਥੋਂ ਤਿਆਰ ਹੁੰਦਾ ਹੈ ਤੇ ਇਸ ਦੇ ਪੇਕੇ ਪਿੰਡ ਵਾਂਗ ਹੈ।
ਬੋਰਡ ਦੇ ਮੈਂਬਰ ਸ਼ ਗੁਰਦਿਆਲ ਸਿੰਘ ਬਸਰਾਨ ਨੇ ਸ਼ ਜੰਮੂ ਦੀ ਚੰਗੀ ਸਿਹਤ ਲਈ ਦੁਆ ਕਰਦਿਆਂ ਆਖਿਆ ਕਿ ਉਸ ਨਾਲ ਜਦੋਂ ਵੀ ਫੋਨ ‘ਤੇ ਗੱਲ ਕਰੋ, ਤਾਂ ਇਹੀ ਆਵਾਜ਼ ਆਉਂਦੀ ਹੈ, ਚੜ੍ਹਦੀ ਕਲਾ। ਦਰਅਸਲ ਇਹ ਮਾਨਸਿਕ ਦਲੇਰੀ ਤੇ ਹਿੰਮਤ ‘ਪੰਜਾਬ ਟਾਈਮਜ਼’ ਤੇ ਉਨ੍ਹਾਂ ਦੇ ਦਿਲੀ ਹਮਦਰਦਾਂ ਤੇ ਸਮਰਥਕਾਂ ਕਰ ਕੇ ਹੀ ਹੈ। ਕਮੇਟੀ ਦੇ ਇਕ ਹੋਰ ਮੈਂਬਰ ਸ਼ ਹਰਦਿਆਲ ਸਿੰਘ ਦਿਓਲ ਨੇ ਕਿਹਾ ਕਿ ਸਾਨੂੰ ਫਖ਼ਰ ਹੈ ਕਿ ਸਾਡੇ ਕੋਲ ਪੰਜਾਬ ਟਾਈਮਜ਼ ਜਿਹਾ ਬਹੁਤ ਵਧੀਆ ਅਖਬਾਰ ਹੈ ਜਿਸ ਦਾ ਸੰਚਾਲਕ ਸਾਡੇ ਸ਼ਹਿਰ ਸ਼ਿਕਾਗੋ ਤੋਂ ਹੈ ਤੇ ਇਹ ਸਾਡੇ ਦਿਲਾਂ ਦੀ ਧੜਕਣ ਹੈ, ਅਸੀਂ ਹਮੇਸ਼ਾ ਇਸ ਦੇ ਨਾਲ ਰਹਾਂਗੇ।
ਨਿਊ ਯਾਰਕ ਤੋਂ ਆਏ ਸ਼ਾਇਰ ਤੇ ਪੱਤਰਕਾਰ ਸੁਰਿੰਦਰ ਸੋਹਲ ਨੇ ਦੱਸਿਆ ਕਿ ਇਸ ਅਖਬਾਰ ਵਿਚ ਰਚਨਾ ਛਪਣ ਨਾਲ ਨਾ ਸਿਰਫ਼ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਸਗੋਂ ਗਿਆਨ ਤੇ ਸਭਿਆਚਾਰ ਦੇ ਬੂਹੇ ਵੀ ਖੁੱਲ੍ਹਦੇ ਹਨ। ਨਿਊ ਯਾਰਕ ਤੋਂ ਹੀ ਪੁੱਜੇ ਖੇਡ ਲੇਖਕ ਇਕਬਾਲ ਜੱਬੋਵਾਲ ਨੇ ਮਾਣ ਨਾਲ ਦੱਸਿਆ ਕਿ ਪੰਜਾਬ ਟਾਈਮਜ਼ ਵਿਚ ਰਚਨਾਵਾਂ ਛਪਣ ਨਾਲ ਉਸ ਨੂੰ ਖੇਡ ਲੇਖਕਾਂ ਦੀ ਕਤਾਰ ਵਿਚ ਖਲੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਪਣੀ ਸ਼ਾਇਰੀ ਦੀਆਂ ਕੁਝ ਸਤਰਾਂ ਵੀ ਅਖਬਾਰ ਦੀ ਪ੍ਰਸ਼ੰਸਾ ਵਿਚ ਕਹੀਆਂ।
ਸਰਕਾਰੀ ਕਾਲਜ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਬਰਜਿੰਦਰ ਸਿੰਘ ਸਿੱਧੂ ਜੋ ਉਚੇਚੇ ਤੌਰ ‘ਤੇ ਫਰੀਮਾਂਟ (ਕੈਲੀਫੋਰਨੀਆ) ਤੋਂ ਪੁੱਜੇ ਸਨ, ਨੇ ਅਮਲੋਕ ਸਿੰਘ ਦੀ ਗੱਲ ਕਰਦਿਆਂ ਉਸ ਨੂੰ ਆਪਣਾ ਤਰਾਸਿਆ ਹੀਰਾ ਦੱਸਿਆ ਅਤੇ ਮਾਣ ਨਾਲ ਕਿਹਾ ਕਿ ਇਹ ਸਿਦਕੀ ਮਨੁੱਖ ਮੇਰੇ ਕਾਲਜ ਦਾ ਵਿਦਿਆਰਥੀ ਵੀ ਹੈ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਪੰਜਾਬ ਟਾਈਮਜ਼ ਨਾਲ ਮੇਰਾ ਵੀ ਨੇੜਲਾ ਸਬੰਧ ਹੈ।
ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸਾਬਕਾ ਪ੍ਰੋਫੈਸਰ ਸ਼ ਨਿਰੰਜਣ ਸਿੰਘ ਢੇਸੀ ਨੇ ਕਿਹਾ ਕਿ ਜ਼ਿੰਦਗੀ ਭਾਵੇਂ ਇਮਤਿਹਾਨ ਵੀ ਲੈਂਦੀ ਹੈ ਪਰ ਸ਼ਿਖਰ ‘ਤੇ ਜਾਣ ਵਾਲਿਆਂ ਦਾ ਸਿਰੜ ਵੀ ਕਾਬਲੇ-ਤਾਰੀਫ਼ ਹੁੰਦਾ ਹੈ। ਅਮੋਲਕ ਇਸ ਦੀ ਮਿਸਾਲ ਹੈ ਜਿਸ ਨੇ ਸਰੀਰਕ ਤੌਰ ‘ਤੇ ਲੱਖ ਮੁਸ਼ਕਿਲਾਂ ਹੋਣ ਦੇ ਬਾਵਜੂਦ ਮਾਨਸਿਕ ਜਿੱਤ, ਦਲੇਰੀ ਤੇ ਸਤੁੰਲਿਤ ਪੱਤਰਕਾਰੀ ਦਾ ਝੰਡਾ ਝੁਲਾਇਆ ਹੈ। ਇਸ ਕਾਰਜ ਵਿਚ ਉਸ ਦੀ ਪਤਨੀ ਜਸਪ੍ਰੀਤ ਕੌਰ ਦੇ ਯੋਗਦਾਨ ਨੂੰ ਵੀ ਬਰਾਬਰ ਹੀ ਰੱਖਿਆ ਜਾਵੇਗਾ। ਪੰਦਰਾਂ ਸਾਲ ਪਹਿਲਾਂ ਲੱਗਾ ਇਹ ਨਿੱਕਾ ਜਿਹਾ ਬੂਟਾ ਅਜ ਬੋਹੜ ਬਣ ਰਿਹਾ ਹੈ। ਆਮ ਖਬਰਾਂ ਦੇ ਨਾਲ-ਨਾਲ ਰਾਜਨੀਤੀ ਬਾਰੇ ਬਹੁਤ ਹੀ ਸੁਲਝੇ ਲੇਖ ਛਾਪਣ ਤੋਂ ਇਲਾਵਾ ਇਹ ਉਸਾਰੂ ਸਾਹਿਤ ਦੇਣ ਤੇ ਮਰਿਆਦਾ ਭਰੀ ਪੱਤਰਕਾਰੀ ਦਾ ਸੰਪੂਰਨ ਰੋਲ ਅਦਾ ਕਰ ਰਿਹਾ ਹੈ। ਵਧੀਆ ਲੇਖਕਾਂ ਦਾ ਇਸ ਅਖ਼ਬਾਰ ਦੇ ਕਾਫਲੇ ਵਿਚ ਲਗਾਤਾਰ ਸ਼ਾਮਲ ਹੁੰਦੇ ਜਾਣ ਨੂੰ ਸ਼ ਜੰਮੂ ਦਾ ਹੀ ਪਿਆਰ ਕਿਹਾ ਜਾਵੇਗਾ।
ਕਾਲਮਨਵੀਸ ਐਸ਼ ਅਸ਼ੋਕ ਭੌਰਾ ਦਾ ਕਹਿਣਾ ਸੀ ਕਿ ਉਨ੍ਹਾਂ ਡਾæ ਸਾਧੂ ਸਿੰਘ ਹਮਦਰਦ ਤੇ ਬਰਜਿੰਦਰ ਸਿੰਘ ਹਮਦਰਦ ਨਾਲ ਅਜੀਤ ਜਲੰਧਰ ਲਈ ਵੀ ਲੰਮਾ ਸਮਾਂ ਕੰਮ ਕੀਤਾ ਹੈ, ਪਰ ‘ਪੰਜਾਬ ਟਾਈਮਜ਼’ ਨੇ ਜੋ ਸਤਿਕਾਰ ਉਸ ਦੀਆਂ ਲਿਖਤਾਂ ਨੂੰ ਦਿੱਤਾ ਹੈ, ਉਹਦੇ ਲਈ ਅਮੋਲਕ ਭਾਅ ਜੀ ਦੀ ਦਿਲੀ ਸਾਂਝ ਦੀ ਅਹਿਮ ਭੂਮਿਕਾ ਹੈ। ਹੁਣ ਜੇ ਲੋਕ ਪੰਜਾਬ ਵਿਚ ਵੀ ‘ਪੰਜਾਬ ਟਾਈਮਜ਼’ ਵਰਗਾ ਅਖ਼ਬਾਰ ਕੱਢਣ ਦੀ ਗੱਲ ਕਰਦੇ ਹਨ ਤਾਂ ਇਸ ਪਿਛੇ ਕੋਈ ਗੱਲ ਤਾਂ ਹੈ ਹੀ।
ਫਰੀਮਾਂਟ (ਕੈਲੀਫੋਰਨੀਆ) ਤੋਂ ਪੁੱਜੇ ‘ਪੰਜਾਬ ਟਾਈਮਜ਼’ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਤੇ ਵਡੇ ਮੱਦਾਹ ਜੱਸੀ ਗਿੱਲ ਨੇ ਜਜ਼ਬਾਤੀ ਰੌਂਅ ਵਿਚ ਕਿਹਾ ਕਿ ਪੰਜਾਬ ਟਾਈਮਜ਼ ਇਕ ਪਰਿਵਾਰ ਬਣ ਚੁਕਾ ਹੈ ਅਤੇ ਮੈਨੂੰ ਫਖਰ ਹੈ ਕਿ ਮੈਂ ਇਸ ਪਰਿਵਾਰ ਦਾ ਮੈਂਬਰ ਹਾਂ। ਪਿਛਲੇ 12 ਸਾਲ ਤੋਂ ਪੰਜਾਬ ਟਾਈਮਜ਼ ਦੇ ਨਾਲ ਇਕ ਕੰਧ ਵਾਂਗ ਖੜਦੇ ਆਏ ਜੱਸੀ ਗਿੱਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਤੱਕ ਮੇਰੇ ਘਰ ਦਾ ਚੁੱਲ੍ਹਾ ਬਲਦਾ ਰਹੇਗਾ, ਮੈਂ ਸ਼ ਜੰਮੂ ਤੇ ਅਖ਼ਬਾਰ ਦੇ ਸਮੁੱਚੇ ਪਰਿਵਾਰ ਦੇ ਨਾਲ ਖੜਾ ਰਹਾਂਗਾ। ਅਮਰੀਕਾ ਵਿਚ ਪਹਿਲੇ ਨੰਬਰ ‘ਤੇ ਮੰਨਿਆ ਗਿਆ ਸਾਡਾ ਅਖਬਾਰ ਨਾ ਕਦੇ ਡੋਲਿਆ ਹੈ, ਨਾ ਡੋਲਣ ਦਿਆਂਗੇ।
ਸ਼ਿਕਾਗੋ ਦੇ ਉਘੇ ਪਤਵੰਤੇ ਡਾæ ਰਛਪਾਲ ਸਿੰਘ ਬਾਜਵਾ ਨੇ ਬਹੁਤ ਸੰਖੇਪ ਸ਼ਬਦਾਂ ਵਿਚ ਪੰਜਾਬ ਟਾਈਮਜ਼ ਨਾਲ ਆਪਣੇ ਸਬੰਧਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਮੈਨੂੰ ਉਹ ਦਿਨ ਅਜ ਵੀ ਬਹੁਤ ਚੰਗੀ ਤਰ੍ਹਾਂ ਯਾਦ ਹਨ ਜਦੋਂ ਸੰਨ 2000 ਵਿਚ ਇਹ ਪਰਚਾ ਇਕ ਛੋਟੇ ਜਿਹੇ ਮੈਗਜ਼ੀਨ ਸਾਈਜ਼ ਵਿਚ ਛਪਣਾ ਸ਼ੁਰੂ ਹੋਇਆ ਸੀ ਅਤੇ ਅਮੋਲਕ ਸਿੰਘ ਤੇ ਉਸ ਦੇ ਨਿਕਟ ਸਹਿਯੋਗੀ ਬਲਕਾਰ ਸਿੰਘ ਢਿਲੋਂ ਤੇ ਸਵਰਗੀ ਹਰਜਾਪ ਸਿੰਘ ਸੰਘਾ ਇਸ ਨੂੰ ਚਲਾਉਣ ਲਈ ਮਾਲੀ ਮਦਦ ਹਾਸਲ ਕਰਨ ਲਈ ਜੂਝ ਰਹੇ ਸਨ। ਇਸ ਦਾ ਮਿਆਰ ਦੇਖ ਕੇ ਮੈਨੂੰ ਉਦੋਂ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਪੰਜਾਬ ਟਾਈਮਜ਼ ਵਡੀਆਂ ਪੁਲਾਂਘਾਂ ਭਰੇਗਾ।
ਪੰਜਾਬ ਟਾਈਮਜ਼ ਦੇ ਨਿੱਗਰ ਸਮਰਥਕ ਸਪਰਿੰਗਫੀਲਡ (ਓਹਾਇਓ) ਤੋਂ ਸ਼ ਅਵਤਾਰ ਸਿੰਘ ਨੇ ਪੰਜਾਬ ਟਾਈਮਜ਼ ਅਤੇ ਇਸ ਦੇ ਸੰਪਾਦਕ ਅਮੋਲਕ ਸਿੰਘ ਪ੍ਰਤੀ ਸਨੇਹ ਨਾਲ ਓਤ-ਪੋਤ ਇਕ ਕਵਿਤਾ ਪੜ੍ਹੀ। ਜਦੋਂ ਉਨ੍ਹਾਂ ਕਵਿਤਾ ਦਾ ਆਖਰੀ ਬੰਦ-“ਓਏ ਵੈਦੋ, ਹਕੀਮੋ ਤੇ ਲੁਕਮਾਨੋ, ਕੋਈ ਵੈਦਗਿਰੀ ਚਮਕਾ ਜਾਓ। ਪੰਜਾਬ ਟਾਈਮਜ਼ ਦੀ ਵਰ੍ਹੇਗੰਢ ‘ਤੇ ਤੁਸੀਂ ਵੀ ਫੇਰਾ ਪਾ ਜਾਓ। ਜੰਮੂ ਵੀਰੇ ਨੂੰ ਦੇ ਕੇ ਗੋਲੀ ਹਕੀਮੀ ਦੀ, ਘੋੜੇ ਵਾਂਗ ਨੱਠਣ ਲਾ ਜਾਓ” ਪੜ੍ਹਿਆ ਤਾਂ ਹਾਜ਼ਰੀਨ ਬੇਹੱਦ ਜ਼ਜ਼ਬਾਤੀ ਹੋ ਗਏ।
ਸਿੱਖ ਰਿਲੀਜੀਅਸ ਸੁਸਾਇਟੀ, ਸ਼ਿਕਾਗੋ ਦੇ ਪ੍ਰਧਾਨ ਬੀਬੀ ਜਸਬੀਰ ਕੌਰ ਸਲੂਜਾ ਦਾ ਵਿਚਾਰ ਸੀ ਕਿ ਪੰਜਾਬ ਟਾਈਮਜ਼ ਵਿਚ ਹਰ ਵਰਗ ਦੇ ਪਾਠਕ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ, ਸਾਡੇ ਤੋਂ ਜਿੰਨੀ ਵੀ ਇਸ ਦੀ ਮਦਦ ਹੋ ਸਕੇ, ਕਰਨੀ ਚਾਹੀਦੀ ਹੈ।
ਕੈਲੀਫੋਰਨੀਆ ਤੋਂ ਮਾਸਟਰ ਜਸਵੰਤ ਸਿੰਘ ਘਰਿੰਡਾ, ਜਿਨ੍ਹਾਂ ਦੇ ਲੇਖ ਪੰਜਾਬ ਟਾਈਮਜ਼ ਵਿਚ ਅਕਸਰ ਛਪਦੇ ਰਹਿੰਦੇ ਹਨ, ਨੇ ਕਿਹਾ ਕਿ ਇਸ ਸਮੇਂ ਅਮਰੀਕਾ ਵਿਚ ਬਹੁਤ ਸਾਰੇ ਅਖਬਾਰ ਛਪਦੇ ਹਨ ਪਰ ਜਿਸ ਤਰ੍ਹਾਂ ਦੀ ਵਧੀਆ ਸਮਗਰੀ ਪੰਜਾਬ ਟਾਈਮਜ਼ ਵਿਚ ਮਿਲਦੀ ਹੈ, ਹੋਰ ਕਿਸੇ ਅਖਬਾਰ ਵਿਚ ਨਹੀਂ।
ਇਸ ਸ਼ਾਮ ਦੇ ਮੁਖ ਮਹਿਮਾਨ ਡਾæ ਭੁਪਿੰਦਰ ਸਿੰਘ ਸੈਣੀ ਨੇ ਆਪਣੀ ਸੰਖੇਪ ਤਕਰੀਰ ਵਿਚ ਕਿਹਾ ਕਿ ਪੰਜਾਬ ਟਾਈਮਜ਼ ਦੇ ਸਾਲਾਨਾ ਸਮਾਗਮ ਵਿਚ ਮੇਰਾ ਸ਼ਾਮਲ ਹੋਣਾ ‘ਓਵਰ ਡਿਊ’ ਸੀ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਬਹੁਤ ਕੁਝ ਮਿਸ ਕਰਦਾ ਰਿਹਾ ਹਾਂ ਪਰ ਯਕੀਨ ਦਿਵਾਉਂਦਾ ਹਾਂ ਕਿ ਮੈਂ ਪੰਜਾਬ ਟਾਈਮਜ਼ ਦੇ ਨਾਲ ਡਟ ਕੇ ਖੜਾ ਰਹਾਂਗਾ ਅਤੇ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਈ, ਕਰਾਂਗਾ। ਇਸ ਮੌਕੇ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਵਲੋਂ ਇਕ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਗਿਆ।
ਕੈਲੀਫੋਰਨੀਆ ਤੋਂ ਆਏ ਗਾਇਕ ਜੀਤਾ ਗਿੱਲ ਤੋਂ ਇਲਾਵਾ ਸ਼ਿਕਾਗੋ ਤੋਂ ਸੁਖਪਾਲ ਗਿੱਲ ਅਤੇ ਸਿਨਸਿਨੈਟੀ ਤੋਂ ਲਖਵਿੰਦਰ ਮਾਵੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਸੰਗੀਤ ਮਾਸਟਰ ਹਿਤੇਸ਼ ਦਾ ਸੀ। ਪ੍ਰੋਗਰਾਮ ਦਾ ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਅਤੇ ਡਾæ ਹਰਜਿੰਦਰ ਸਿੰਘ ਖਹਿਰਾ ਨੇ ਬਾਖੂਬੀ ਕੀਤਾ। ਪੰਜਾਬੀ ਵਿਰਾਸਤ ਸੰਸਥਾ ਦੇ ਸਾਬਕਾ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਸ਼ਾਮ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਡਾæ ਹਰਗੁਰਮੁਖਪਾਲ ਸਿੰਘ, ਸ਼ ਦਿਓਲ ਤੇ ਡਾæ ਬਸਰਾਨ ਤੋਂ ਇਲਾਵਾ ਡਾæ ਨਵਦੀਪ ਕੌਰ ਸੰਧੂ, ਨਿੱਕੀ ਸੇਖੋਂ, ਜੱਸੀ ਗਿੱਲ, ਦਰਸ਼ਨ ਸਿੰਘ ਗਰੇਵਾਲ, ਡਾæ ਤੇਜਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਸਾਹੀ, ਦਰਸ਼ਨ ਸਿੰਘ ਦਰੜ, ਜਗਦੀਸ਼ਰ ਸਿੰਘ ਕਲੇਰ ਅਤੇ ਜੈਦੇਵ ਸਿੰਘ ਭੱਠਲ ਹਾਜਰ ਸਨ। ਸ਼ ਸਵਰਨਜੀਤ ਸਿੰਘ ਢਿਲੋਂ ਸਿਹਤ ਠੀਕ ਨਾ ਹੋਣ ਕਰਕੇ ਪਹੁੰਚ ਨਾ ਸਕੇ ਅਤੇ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਢਿਲੋਂ ਨੇ ਕੀਤੀ। ਪ੍ਰੋæ ਜੋਗਿੰਦਰ ਸਿੰਘ ਰਮਦੇਵ, ਬਲਵਿੰਦਰ (ਬਾਬ) ਸਿੰਘ ਸੰਧੂ, ਅਯੁਧਿਆ ਸਲਵਾਨ, ਅਮੋਲਕ ਸਿੰਘ ਗਾਖਲ, ਸਰਬਜੀਤ ਸਿੰਘ ਥਿਆੜਾ, ਮਨਦੀਪ ਸਿੰਘ ਭੂਰਾ, ਗੁਰਿੰਦਰ ਗਿੱਲ, ਸਰਵਣ ਸਿੰਘ ਟਿਵਾਣਾ ਅਤੇ ਰਾਜਿੰਦਰ ਸਿੰਘ ਬੈਂਸ ਕਿਸੇ ਕਾਰਨ ਪਹੁੰਚ ਨਾ ਸਕੇ ਪਰ ਉਨ੍ਹਾਂ ਨੇ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ।
ਸਮਾਗਮ ਦੇ ਮੁਖ ਸਪਾਂਸਰ ਹਰਜਿੰਦਰ ਸਿੰਘ ਸੰਧੂ, ਗੁਲਜ਼ਾਰ ਸਿੰਘ ਮੁਲਤਾਨੀ, ਨਿੱਕ ਗਾਖਲ ਅਤੇ ਮੇਜਰ ਗੁਰਚਰਨ ਸਿੰਘ ਝੱਜ ਸਨ।
ਮਿਡਵੈਸਟ ਦੀਆਂ ਵਖ ਵਖ ਸਟੇਟਾਂ ਤੋਂ ਇਲਾਵਾ ਨਿਊ ਯਾਰਕ, ਨਿਊ ਜਰਸੀ, ਕੈਲੀਫੋਰਨੀਆ ਅਤੇ ਹੋਰਨਾਂ ਸਟੇਟਾਂ ਤੋਂ ਵਖ ਵਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪੰਜਾਬ ਟਾਈਮਜ਼ ਦੇ ਸਹਿਯੋਗੀ ਸ਼ਿਰਕਤ ਕਰਨ ਪਹੁੰਚੇ।
ਸਥਾਨਕ ਸਭਿਆਚਾਰਕ ਸੰਸਥਾਵਾਂ-ਪੰਜਾਬੀ ਕਲਚਰਲ ਸੁਸਾਇਟੀ, ਪੰਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ, ਪੰਜਾਬੀ ਅਮੈਰੀਕਨ ਆਰਗੇਨਾਈਜੇਸ਼ਨ ਅਤੇ ਖੇਡ ਸੰਸਥਾਵਾਂ-ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਪੰਜਾਬ ਸਪੋਰਟਸ ਕਲੱਬ ਮਿਡਵੈਸਟ ਦੇ ਨੁਮਾਇੰਦਿਆਂ ਦੀ ਹਾਜਰੀ ਭਰਵੀਂ ਰਹੀ। ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਸਥਾਨਕ ਇਕਾਈ ਦੇ ਨੁਮਾਇੰਦੇ ਵੀ ਹਾਜਰ ਸਨ।
ਸਿਨਸਿਨੈਟੀ, ਓਹਾਇਓ ਤੋਂ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਨੁਮਾਇੰਦਿਆਂ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਚੇਅਰਮੈਨ ਅਮਰੀਕ ਟਿਵਾਣਾ, ਸੁਰਜੀਤ ਸਿੰਘ ਮਾਵੀ, ਜਸਵੰਤ ਜੱਸੀ, ਗੁਰਮਿੰਦਰ ਸੰਧੂ, ਗੁਰਚਰਨ ਸਿੰਘ ਕੰਗ, ਪਸ਼ਮਿੰਦਰ ਭੱਟੀ ਤੋਂ ਇਲਾਵਾ ਅਵਤਾਰ ਸਿੰਘ ਸਪਰਿੰਗਫੀਲਡ ਤੇ ਪੱਤਰਕਾਰ ਚਰਨਜੀਤ ਸਿੰਘ ਗੁਮਟਾਲਾ ਪ੍ਰੋਗਰਾਮ ਦੀ ਰੌਣਕ ਵਧਾ ਰਹੇ ਸਨ।
ਮਿਲਵਾਕੀ ਤੋਂ ਪੰਜਾਬ ਸਪੋਰਟਸ ਕਲੱਬ ਦੀ ਤਰਫੋਂ ਸੋਹਿੰਦਰ ਸਿੰਘ ਬਿਲਕੂ, ਬਰੈਟੀ ਗਿੱਲ, ਪੱਪੂ, ਨਵਪਰੀਤ, ਕਵੀ, ਸੋਨੂ ਤੂਰ, ਦਿਲਰਾਜ ਢੀਂਡਸਾ, ਸੈਮੀ ਤੂਰ ਤੋਂ ਇਲਾਵਾ ਲਾਲੀ ਸਿੱਧੂ ਅੰਮ੍ਰਿਤਪਾਲ, ਰਣਜੋਧ ਸਿੰਘ ਰਿਹਾਲ, ਦਰਸ਼ਨ ਗਰੇਵਾਲ, ਪਰਮਜੀਤ ਸਿੰਘ ਬਿਲਕੂ ਅਤੇ ਆਪਣੇ ਸਮੇਂ ਦੇ ਉਘੇ ਖਿਡਾਰੀ ਗੁਰਮੁਖ ਸਿੰਘ ਪਹੁੰਚੇ। ਪੰਜਾਬ ਟਾਈਮਜ਼ ਦੇ ਪੁਰਾਣੇ ਸਹਿਯੋਗੀ ਬੇਅੰਤ ਸਿੰਘ ਬੋਪਾਰਾਏ ਵੀ ਹਾਜਰ ਸਨ।
ਹੋਰ ਮੁਅੱਜ਼ਜ਼ ਮਹਿਮਾਨਾਂ ਵਿਚ ਕੈਲੀਫੋਰਨੀਆ ਤੋਂ ਆਏ ਸੈਮ ਚਾਹਲ, ਇੰਡੀਆਨਾ ਤੋਂ ਗੁਰਬਖਸ਼ ਰਾਹੀ ਤੇ ਸਾਥੀ, ਮਨਜੀਤ ਸਿੰਘ ਨਾਗਰਾ, ਸੁਖਦੇਵ ਸਿੰਘ ਸਮਰਾ, ਐਚ ਕੇ ਟਰਾਂਸਪੋਰਟ ਦੇ ਹਰਪਾਲ ਚੀਮਾ ਅਤੇ ਗਿਆਨਇੰਦਰ ਸਿੰਘ ਸ਼ਾਮਲ ਸਨ। ਇੰਡੋ ਅਮੈਰੀਕਨ ਸੀਨੀਅਰਜ਼ ਸੁਸਾਇਟੀ ਇੰਡੀਅਨਐਪੋਲਿਸ ਦੇ ਮੈਂਬਰ ਪ੍ਰੋæ ਨਿਰੰਜਨ ਸਿੰਘ ਢੇਸੀ, ਗੁਰਦਿਆਲ ਸਿੰਘ, ਸਵਰਨ ਸਿੰਘ ਧਾਮੀ, ਸੁਖਦੇਵ ਸਿੰਘ ਤੂਰ ਅਤੇ ਕੰਵਲਜੀਤ ਸਿੰਘ ਇਸ ਸ਼ਾਮ ਦਾ ਅਨੰਦ ਮਾਣ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸਨ।
ਮਿਸ਼ੀਗਨ ਤੋਂ ਸੁੱਖੀ ਨਰਵਾਲ, ਦਵਿੰਦਰ ਗਰੇਵਾਲ ਤੇ ਸਾਥੀ, ਬਲਬੀਰ ਗਰੇਵਾਲ, ਬਾਬ ਖਹਿਰਾ ਤੇ ਸੋਨੂੰ ਖਹਿਰਾ, ਮਨਜੀਤ ਕੌਰ ਕੰਗ ਅਤੇ ਅਮਨ ਕੰਗ ਨੇ ਵੀ ਸਮਾਗਮ ਦੀ ਰੌਣਕ ਵਧਾਈ।
ਸ਼ਿਕਾਗੋ ਤੋਂ ਹੋਰਨਾਂ ਤੋਂ ਇਲਾਵਾ ਬ੍ਰਿਹਾ ਦੇ ਸੁਲਤਾਨ ਸਵਰਗੀ ਸ਼ਿਵ ਕੁਮਾਰ ਬਟਾਲਵੀ ਦੀ ਧੀ ਪੂਜਾ ਅਤੇ ਉਸ ਦਾ ਪਤੀ ਜੈਦੇਵ ਸ਼ਰਮਾ; ਜਸਬੀਰ ਕੌਰ ਮਾਨ ਤੇ ਪਰਸ਼ਨ ਸਿੰਘ ਮਾਨ, ਸਵਰਨ ਸਿੰਘ ਸੇਖੋਂ, ਅੰਮ੍ਰਿਤਪਾਲ ਸਿੰਘ ਸੰਘਾ, ਕ੍ਰਿਪਾਲ ਸਿੰਘ ਰੰਧਾਵਾ, ਡਾæ ਸਰਬਜੀਤ ਸਿੰਘ ਭੰਡਾਲ, ਭੁਪਿੰਦਰ ਸਿੰਘ ਬਾਵਾ ਤੇ ਇੰਦਰਜੀਤ ਕੌਰ, ਕੁਲਦੀਪ ਕੌਰ ਭੱਠਲ, ਸੁਰਿੰਦਰ ਕੌਰ ਸੈਣੀ, ਸਤਿੰਦਰ ਸਿੰਘ ਸੁਸਾਣਾ, ਕਰਨਲ ਨਿਰਮਲ ਸਿੰਘ ਸਿੰਘਾ, ਸਤਨਾਮ ਸਿੰਘ ਔਲਖ, ਦਰਸ਼ਨ ਬਸਰਾਓ, ਰਘਵਿੰਦਰ ਸਿੰਘ ਮਾਹਲ, ਬਾਬ ਹੁੰਦਲ, ਅਜਮੇਰ ਸਿੰਘ ਪੰਨੂ, ਰਾਮ ਲਾਲ ਝੱਲੀ, ਦਰਸ਼ਨ ਸਿੰਘ ਬੈਨੀਪਾਲ, ਗੁਰਬਚਨ ਸਿੰਘ, ਮੱਤ ਸਿੰਘ ਢਿਲੋਂ ਤੇ ਲਾਲ ਸਿੰਘ, ਸ਼ਮਿੰਦਰ ਸਿੰਘ, ਡਾæ ਵਿਕਰਮ ਗਿੱਲ, ਠਾਕਰ ਸਿੰਘ ਬਸਾਤੀ, ਜਗਮੀਤ ਸਿੰਘ, ਪਾਲ ਡੰਡੋਨਾ, ਜਗਵਿੰਦਰ ਸਿੰਘ ਭੱਠਲ, ਮੱਖਣ ਸਿੰਘ ਕਲੇਰ, ਸੁਰਿੰਦਰਪਾਲ ਸਿੰਘ ਕਾਲੜਾ, ਜਸਦੇਵ ਸਿੰਘ, ਅਮੋਲਕ ਸਿੰਘ ਗਿੱਧਾ, ਲਾਡੀ ਸਿੰਘ, ਬਜੁਰਗ ਦੌੜਾਕ ਕੁਲਦੀਪ ਸਿੰਘ ਸਿੱਬਲ ਅਤੇ ਸਵਰਗੀ ਉਜਾਗਰ ਸਿੰਘ ਗਿੱਲ ਦੀ ਸੁਪਤਨੀ ਬੀਬੀ ਸੁਰਜੀਤ ਕੌਰ ਗਿੱਲ ਤੋਂ ਇਲਾਵਾ ਆਇਓਵਾ ਤੋਂ ਜੀਤ ਸਿੰਘ ਆਪਣੇ ਪਰਿਵਾਰ ਸਮੇਤ ਅਖਬਾਰ ਪ੍ਰਤੀ ਆਪਣੀ ਨਿਸ਼ਠਾ ਪ੍ਰਗਟਾਉਣ ਲਈ ਪਹੁੰਚੇ।
ਬਲਵਿੰਦਰ ਸਿੰਘ ਨਿੱਕ, ਰਵਿੰਦਰ ਰਵੀ, ਸੰਤੋਖ ਸਿੰਘ, ਸੁਖਮੇਲ ਅਟਵਾਲ, ਮਿਲਵਾਕੀ ਤੋਂ ਅਮਰਜੀਤ ਸਿੰਘ ਢੀਂਡਸਾ, ਗੁਰਦੇਵ ਸਿੰਘ ਜੌੜਾ ਤੇ ਅਮਰਜੀਤ ਸਿੰਘ ਸੰਧਰ, ਸਿਨਸਿਨੈਟੀ ਤੋਂ ਪਹਿਲਵਾਨ ਬੁਧ ਸਿੰਘ; ਇੰਡੀਅਨਐਪੋਲਿਸ ਤੋਂ ਪ੍ਰਿਥਪਾਲ ਘੋਤੜਾ ਅਤੇ ਪੰਜਾਬ ਟਾਈਮਜ਼ ਦੇ ਕਈ ਹੋਰ ਪ੍ਰਸ਼ੰਸਕ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਆਪਣੀਆਂ ਸ਼ੁਭ ਕਾਮਨਾਵਾਂ ਅਤੇ ਮਾਲੀ ਮਦਦ ਭੇਜਣ ਵਿਚ ਢਿੱਲ ਨਹੀਂ ਕੀਤੀ।
ਸਵਾਦੀ ਖਾਣਾ ਅਰੋਮਾ ਰੈਸਟੋਰੈਂਟ, ਵਰਨਨ ਹਿੱਲ ਨੇ ਪਰੋਸਿਆ।
ਪੰਜਾਬ ਟਾਈਮਜ਼ ਨਾਈਟ-2015: ਗੂੜ੍ਹੇ ਰੰਗਾਂ ਦੀ ਤਸਵੀਰ ਕੁਝ ਇੱਦਾਂ ਵੀ
ਐਸ਼ ਅਸ਼ੋਕ ਭੌਰਾ
‘ਪੰਜਾਬ ਟਾਈਮਜ਼’ ਦੀ ਉਮਰ ਪੰਦਰਾਂ ਵਰ੍ਹੇ ਹੋ ਗਈ ਹੈ, ਮਨੁੱਖ ਦੀ ਇਸ ਉਮਰ ਦੇ ਵਰ੍ਹੇ ਬਾਰੇ ‘ਜ਼ਿੰਦਗੀ ਬਿਲਾਸ’ ਵਿਚ ਸਾਧੂ ਦਇਆ ਸਿੰਘ ਆਰਿਫ਼ ਦਾ ਛੰਦ ਹੈ-‘ਪੰਦਰਾਂ ਸਾਲ ਇਨਸਾਨ ਦੀ ਉਮਰ ਹੋਈ, ਮੁੱਛਾਂ ਫੁੱਟੀਆਂ ਰੂਪ ਨੇ ਚਮਕ ਮਾਰੀ’ ਪਰ ਇਸ ਅਖ਼ਬਾਰ ਬਾਰੇ ਜੇ ਨਿਰਪੱਖ ਹੋ ਕੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇੰਨੀ ਉਮਰ ਵਿਚ ਪੰਜਾਬੀ ਪੱਤਰਕਾਰੀ ਨੂੰ, ਖਾਸ ਤੌਰ ‘ਤੇ ਵਿਦੇਸ਼ਾਂ ਵਿਚ ਤੇ ਸਾਹਿਤਕ ਪੱਖ ਤੋਂ ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਦੇ ਸਾਹਾਂ ਵਿਚ ਇਹ ‘ਤੂੰ ਮੇਰੀ ਮੈਂ ਤੇਰਾ’ ਵਾਂਗ ਇਕ-ਮਿਕ ਹੋ ਗਿਆ ਹੈ। ਇਨ੍ਹਾਂ ਵਰ੍ਹਿਆਂ ਦੌਰਾਨ ਪੱਤਰਕਾਰੀ ਤੇ ਪ੍ਰਿੰਟ ਮੀਡੀਆ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਵਿਚ ‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਨੂੰ ਔਕੜਾਂ ਤੇ ਢਿੱਡ-ਅੜਿੱਕਿਆਂ ਨਾਲ ਅਨੇਕਾਂ ਵਾਰੀ ਹੱਥੋ-ਪਾਈ ਹੋਣਾ ਪਿਆ ਹੈ।
ਅੱਜ ਦੋਖੀ ਵੀ ਮੰਨਦੇ ਹਨ ਕਿ ਉਤਰੀ ਅਮਰੀਕਾ ਦਾ ਇਹ ਅਖ਼ਬਾਰ ਨਾ ਸਿਰਫ਼ ਕੌਮੀ ਪੱਧਰ ‘ਤੇ ਨੰਬਰ ਇਕ ਸਥਾਨ ਹਾਸਲ ਕਰ ਗਿਆ ਹੈ। ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪਰਵਾਸ ਦਾ ਜਦੋਂ ਕਿਤੇ ਜ਼ਿਕਰ ਹੋਵੇਗਾ ਤਾਂ ‘ਪੰਜਾਬ ਟਾਈਮਜ਼’ ਤੇ ਅਮੋਲਕ ਸਿੰਘ ਦੇ ਜਗਾਏ ਆਸ ਦੇ ਦੀਵੇ ਆਪਣੀ ਪੂਰੀ ਰੌਸ਼ਨੀ ਦਿੰਦੇ ਰਹਿਣਗੇ। 28 ਮਾਰਚ ਦੀ ਰੰਗੀਨ ਰਾਤ ਨੂੰ ਸ਼ਗਨਾਂ ਦੀਆਂ ਜਿਹੜੀਆਂ ਮੋਮਬੱਤੀਆਂ ਜਗੀਆਂ, ਜਸ਼ਨਾਂ ਦੇ ਜਿਹੜੇ ਲਾਟੂ ਬਲੇ ਤੇ ਅਮੋਲਕ ਸਿੰਘ ਨਾਲ ਜਿਹੜੀਆਂ ਮੁਹੱਬਤਾਂ ਦੀਆਂ ਗਲਵੱਕੜੀਆਂ ਪਈਆਂ, ਉਹਦੇ ਕੁਝ ਸਵਿੱਚ ‘ਆਨ-ਆਫ਼’ ਕਰਦੇ ਹਾਂ:
ਠੁਰ-ਠੁਰ ਕਰਦੀ ਰਾਤ ਵੱਡੀ ਗਿਣਤੀ ਵਿਚ ਆਏ ਹਿਤੈਸ਼ੀਆਂ ਦੀ ਹਾਜ਼ਰੀ ਬਾਰੇ ਕਿਹਾ ਜਾ ਸਕਦਾ ਸੀ ਕਿ ਗੁਲਕੰਦ ਹੋਰ ਮਿੱਠਾ ਹੋ ਗਿਆ ਹੈ। ਸੁਖਪਾਲ ਗਿੱਲ ਤੇ ਲਖਵਿੰਦਰ ਮਾਵੀ ਦੇ ਗੀਤਾਂ ਤੋਂ ਬਾਅਦ ਕਰੀਬ ਅੱਧਾ ਘੰਟਾ ਬੁਲਾਰਿਆਂ ਲਈ ਰੱਖਿਆ ਗਿਆ ਸੀ, ਪਰ ‘ਜਲ ਉਤੇ ਫੁੱਲ’ ਸਵਾ ਘੰਟੇ ਤੱਕ ਤਰਦਾ ਰਿਹਾ। ਲਗਦਾ ਸੀ, ਨੱਬੇ ਫੀਸਦੀ ਕੰਨ ਗੱਲਾਂ ਕਰਨ ਵੱਲ ਨਹੀਂ, ਗੱਲਾਂ ਸੁਣਨ ਵੱਲ ਲੱਗੇ ਹੋਏ ਹਨ। ਊਂ ਪੈਗ-ਸ਼ੈਗ ਵਾਲਿਆਂ ਨੇ ਆਪਣਾ ਸੁਆਦ ਲੈਣਾ ਹੀ ਹੁੰਦਾ ਹੈæææਕਈ ਵਾਰ ਸਵਾਲ ਉਠਦਾ ਤਾਂ ਇਹ ਕੱਚੀ ਉਮਰ ਵਿਚ ਹੁੰਦੈ, ਪਰ ਮੈਂ ਇਸ ਦੀ ਵਿਆਖਿਆ ਇਸ ਸ਼ਗਨਾਂ ਵਾਲੀ ਸੰਗੀਤਕ ਸ਼ਾਮ ਨੂੰ ਹੁੰਦੀ ਵੇਖੀ ਜਦੋਂ ਹਰ ਵੱਡਾ ਛੋਟਾ, ਅਮਲੋਕ ਸਿੰਘ ਨਾਲ ਫੋਟੋਆਂ ਖਿਚਾ ਕੇ ਦੱਸ ਰਿਹਾ ਸੀ ਕਿ ‘ਹੁਣ ਤਾਂ ਨ੍ਹੀਂ ਪੁੱਛਣ ਦੀ ਲੋੜ ਨਹੀਂ ਕਿ ਪਿਆਰ ਕਿੰਨਾ ਕੁ ਹੈ?’
ਅਮੋਲਕ ਸਿੰਘ ਜੰਮੂ ਦੇ ਉਸਤਾਦ ਪ੍ਰੋæ ਬਰਜਿੰਦਰ ਸਿੰਘ ਸਿੱਧੂ ਨੇ ਅਖ਼ਬਾਰ ਦੀਆਂ ਪ੍ਰਾਪਤੀਆਂ ਤੇ ਉਹਦੇ ਸਿਰੜ ਅੱਗੇ ਸ਼ਬਦਾਂ ਦਾ ਚੜ੍ਹਾਵਾ ਚੜ੍ਹਾਇਆ। ਇੰਡੀਅਨਐਪੋਲਿਸ ਤੋਂ ਪਹੁੰਚੇ ਪ੍ਰਿੰਸੀਪਲ ਨਿਰੰਜਣ ਸਿੰਘ ਢੇਸੀ ਨੇ ਅਖ਼ਬਾਰ ਨੂੰ ਬੌਧਿਕਤਾ ਤੇ ਗਿਆਨ ਦਾ ਭੰਡਾਰ ਕਿਹਾ। ਡਾæ ਹਰਗੁਰਮੁੱਖਪਾਲ ਸਿੰਘ ਨੇ ਸੰਖੇਪ ਗੱਲ ਕੀਤੀ ਪਰ ਅੰਦਾਜ਼ ਦੀਆਂ ਕਿਆ ਬਾਤਾਂ ਸਨ, ਜਿਵੇਂ ਬੀਨ ਘੱਟ ਵੱਜੀ ਹੋਵੇ, ਸੱਪ ਵੱਧ ਮੇਲ੍ਹਿਆ ਹੋਵੇ। ਸੁਰਿੰਦਰ ਸੋਹਲ, ਮਾਸਟਰ ਜਸਵੰਤ ਸਿੰਘ ਘਰਿੰਡਾ, ਡਾæ ਰਛਪਾਲ ਸਿੰਘ ਬਾਜਵਾ, ਗੁਰਦਿਆਲ ਸਿੰਘ ਬਸਰਾਨ, ਹਰਦਿਆਲ ਸਿੰਘ ਦਿਓਲ, ਬੀਬੀ ਜਸਵੀਰ ਕੌਰ ਸਲੂਜਾ ਅਤੇ ਇਕਬਾਲ ਸਿੰਘ ਜੱਬੋਵਾਲੀਏ ਦੇ ਸ਼ਬਦਾਂ ਦੀ ਗੱਠ ਪੱਤਰਕਾਰੀ ਦੀ ਨਾਨਕੇ ਸ਼ੱਕ ਵਰਗੀ ਸੀ।
ਕੈਲੀਫੋਰਨੀਆ ਤੋਂ ਰੀੜ੍ਹ ਦੀ ਹੱਡੀ ਵਰਗਾ ਰੋਲ ਅਦਾ ਕਰਨ ਵਾਲੇ ਤੇ ‘ਪੰਜਾਬ ਟਾਈਮਜ਼’ ਦੇ ਪਰਿਵਾਰਕ ਮੈਂਬਰਾਂ ਵਾਂਗ ਮਿੱਠੀ ਧੁਨ ਰਹੇ ਜੱਸੀ ਗਿੱਲ ਵੱਲੋਂ ਅਮੋਲਕ ਸਿੰਘ ਨੂੰ ਗੋਲਡ ਮੈਡਲ ਪ੍ਰਦਾਨ ਕਰਨਾ ਯਕੀਨ ਬੰਨ੍ਹਾ ਗਿਆ ਕਿ ਅਮੋਲਕ ਸਿੰਘ ਆਪਣੇ ਮਿਸ਼ਨ ਦੇ ਸਿਹਤਮੰਦ ਮੁਕਾਬਲਿਆਂ ਵਿਚ ਵਾਕਿਆ ਹੀ ਰੁਸਤਮ ਹੈ, ਕਿਉਂਕਿ ‘ਪੰਜਾਬ ਟਾਈਮਜ਼’ ਉਹ ਉਨ੍ਹਾਂ ਘਰਾਂ ਵਿਚ ਵੀ ਪਹੁੰਚਾਉਣ ਵਿਚ ਸਫ਼ਲ ਹੈ ਜਿਨ੍ਹਾਂ ਦੇ ਬੂਹੇ ਪੰਜਾਬੀ ਲਈ ਲਗਭਗ ਬੰਦ ਹੁੰਦੇ ਜਾ ਰਹੇ ਹਨ। ਡਿਟਰਾਇਟ ਤੋਂ ਦਰਸ਼ਨ ਸਿੰਘ ਗਰਵਾਲ ਵੀ ਪਰਿਵਾਰ ਸਮੇਤ ਹਾਜ਼ਰ ਸਨ ਤੇ ਇਸ ਵਾਰ ਦੇ ਮੁੱਖ ਮਹਿਮਾਨ ਡਾæ ਭੁਪਿੰਦਰ ਸਿੰਘ ਸੈਣੀ ਦੇ ਇਸ ਜੈਕਾਰੇ ਕਿ ‘ਨਾਅਰਾ ਹੁਣ ਉਹ ਸਾਹ ਆਉਣ ਤੱਕ ‘ਪੰਜਾਬ ਟਾਈਮਜ਼’ ਦੇ ਹੱਕ ਵਿਚ ਲਾਉਂਦਾ ਰਹੇਗਾ’, ਨਾਲ ਲੱਗਾ ਕਿ ਚੌਮੁਖੀਏ ਦੀਵੇ ਵਿਚ ਤੇਲ ਭਰ-ਭਰ ਪੈਂਦਾ ਰਹੇਗਾ। ਹਾਂ, ਜਿਸ ਦੀ ਸਭ ਤੋਂ ਵੱਧ ਦਾਦ ਦਿੱਤੀ ਗਈ, ਉਹ ਸੀ ਇਕ ਲਾਇਲਾਜ ਰੋਗ ਦੇ ਸ਼ਿਕਾਰ ਅਮੋਲਕ ਸਿੰਘ ਜੰਮੂ ਦੀ ਜੀਅ-ਜਾਨ ਨਾਲ ਸੇਵਾ, ਤੇ ਉਹ ਵੀ ਰੱਜ ਕੇ ਕਰਨ ਵਾਲੀ ਉਸ ਦੀ ਪਤਨੀ ਜਸਪ੍ਰੀਤ ਕੌਰ ਦੀ। ਅਜਿਹਾ ਸਿਦਕ, ਸਿਰੜਾਂ ਨਾਲ ਹੀ ਵੱਡਾ ਹੁੰਦਾ ਹੈ।
ਪੀਣ ਵਾਲੇ ਪੀਵੀ ਗਏ, ਖਾਣ ਵਾਲੇ ਖਾਈ ਗਏ, ਗੱਲਾਂ ਕਰਨ ਵਾਲੇ ਹਟੇ ਈ ਨਹੀਂæææਸ਼ਿਵ ਕੁਮਾਰ ਬਟਾਲਵੀ ਦੀ ਧੀ ਪੂਜਾ ਦੀ ਹਾਜ਼ਰੀ, ਫਿਰ ਚਹੇਤਿਆਂ ਵੱਲੋਂ ਉਹਦੇ ਨਾਲ ਫੋਟੋਆਂ ਖਿਚਵਾਉਣ ਵਿਚ ਵੀ ਬਦਲੀ। ਨੱਚਣ ਵਾਲਿਆਂ ਤੋਂ ਹਟ ਵੀ ਕਿਥੇ ਹੁੰਦਾ? ਬਿਨਾਂ ਸ਼ੱਕ ਗਾਇਕ ਜੀਤੇ ਗਿੱਲ ਨੂੰ ਜਿੰਨੇ ਮਾਣ ਨਾਲ ਨਾਈਟ ਦੀ ਰੂਹੇ-ਰਵਾਂ ਡਾæ ਹਰਜਿੰਦਰ ਸਿੰਘ ਖਹਿਰਾ ਤੇ ਗੁਰਮੁੱਖ ਸਿੰਘ ਭੁੱਲਰ ਨੇ ਬੁਲਾਇਆ ਸੱਚੀਂ, ਮੈਨੂੰ ਇਹ ਕਹਿਣ ਵਿਚ ਸੰਕੋਚ ਨਹੀਂ ਕਿ ਉਸ ਨੂੰ ਬੂਰ ਪਿਆ ਤੇ ਜਿਹੜਾ ਰੰਗ ਇਹ ਮੁੰਡਾ ਆਪਣੀ ਆਵਾਜ਼ ਨਾਲ ਛੱਡ ਕੇ ਗਿਆ ਹੈ, ਉਹਦੇ ਨਾਲ ਮੇਰੇ ਵਰਗੇ ਵੀ ਕਈ ਉਹਦੇ ਪ੍ਰਸ਼ੰਸਕ ਬਣ ਗਏ ਹਨ।
ਜੀਤੇ ਨੇ ਚਮਕੀਲਾ ਵੀ ਸੁਣਾਇਆ, ਦੀਦਾਰ ਸੰਧੂ ਵੀ ਤੇ ਆਪਣਾ ਉਸਤਾਦ ਕੁਲਦੀਪ ਮਾਣਕ ਵੀ। ਗਿੱਲ ਤੇ ਮਾਵੀ ਨਾਲ ਰਲ ਕੇ ਬੋਲੀਆਂ ਵੀ ਪਾਈਆਂæææਫਿਰ ਨੱਚਣ ਵਾਲਿਆਂ ਦੀ ਅੱਡੀ ਵੀ ਨਹੀਂ ਰਹੀ, ਤੇ ਸੰਗੀਤਕ ਰਾਤ ਧੂਤਕੜੇ ਵਿਚ ਵੀ ਬਦਲੀ, ਤੇ ਜੱਸੀ ਗਿੱਲ ਦੀ ਸਮਾਪਤੀ ਵਾਲੀ ਤਕਰੀਰ ਕਿ ‘ਜਦ ਤੱਕ ਮੇਰੇ ਘਰ ਦਾ ਚੁੱਲ੍ਹਾ ਬਲਦਾ ਹੈ, ਮੈਂ ਹਰ ਤਰ੍ਹਾਂ ‘ਪੰਜਾਬ ਟਾਈਮਜ਼’ ਤੇ ਅਮਲੋਕ ਸਿੰਘ ਦੇ ਪਰਿਵਾਰ ਨਾਲ ਰਹਾਂਗਾ’, ਸਾਰਿਆਂ ਨੂੰ ਭਾਵੁਕ ਕਰ ਗਿਆ।
æææਇੰਨੀ ਵਾਰ ਘੜੀ ਨੇ ਟਿਕ-ਟਿਕ ਨਹੀਂ ਕੀਤੀ, ਜਿੰਨੀ ਵਾਰ ਕੈਮਰਿਆਂ ਨੇ ਕਲਿਕ-ਕਲਿਕ ਕੀਤੀ ਹੋਵੇਗੀ!
ਦੋ ਪੈਰ ਹੋਰ ਤੁਰਨ ਲਈ ਮੈਂ ਵੀ ਸ਼ਿਕਾਗੋ ਵਾਸੀਆਂ, ‘ਪੰਜਾਬ ਟਾਈਮਜ਼’ ਦੇ ਲੇਖਕਾਂ, ਕਾਲਮਨਵੀਸਾਂ, ਹਿਤੈਸ਼ੀਆਂ, ਸਪਾਂਸਰਾਂ, ਅਮੋਲਕ ਸਿੰਘ ਜੰਮੂ, ਕੁਲਜੀਤ ਸਿੰਘ ਤੇ ਹੋਰ ਸਟਾਫ ਮੈਂਬਰਾਂ ਸਮੇਤ ਅਖ਼ਬਾਰ ਦੇ ਸਮੁੱਚੇ ਪਰਿਵਾਰ ਨੂੰ ਸਿਜਦਾ ਕਰਦਾ ਹਾਂ।