ਇਸ ਵਾਰ ਵਿਸਾਖੀ…

ਵਿਸਾਖੀ ਦਾ ਸਿੱਧਾ ਸਬੰਧ ਫਸਲਾਂ ਦੀ ਸਾਂਭ-ਸੰਭਾਲ ਅਤੇ ਨਵੇਂ ਸਾਲ ਦੀ ਆਮਦ ਨਾਲ ਜੁੜਿਆ ਹੋਇਆ ਹੈ। ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਵੀ ਵਿਸਾਖ ਦੇ ਮਹੀਨੇ ਤਿਉਹਾਰਾਂ ਦੀ ਛਿੰਝ ਪੈਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਮਹੀਨੇ ਦੀ ਵਡਿਆਈ ਕੀਤੀ ਗਈ ਹੈ ਅਤੇ ਇਸ ਮਹੀਨੇ ਦੇ ਸੁਹਾਵਣੇ ਮੌਸਮ ਦੇ ਚਿੱਤਰ ਖਿੱਚੇ ਗਏ ਹਨ ਜਿਨ੍ਹਾਂ ਤੋਂ ਮੌਲਦੀ ਧਰਤ ਦੇ ਦਰਸ਼ਨ-ਦੀਦਾਰ ਹੁੰਦੇ ਹਨ।

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਨੇ Ḕਨਾਨਕ ਵੈਸਾਖੀ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥’ ਅਤੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਨੇ ‘ਵੈਸਾਖੁ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ ਹਰਿ ਸੋਇ॥’ ਨਾਲ ਇਸ ਸੁਹਾਵਣੇ ਮੌਸਮ ਦੀ ਮਹਿਮਾ ਕੀਤੀ ਹੈ। ਸਤਾਰਵੀਂ ਸਦੀ ਦੇ ਅਖੀਰ ਤੱਕ ਇਸ ਤਿਉਹਾਰ ਦਾ ਰੰਗ ਦੇਸ ਵਿਚ ਇਸੇ ਮਹੀਨੇ ਦੌਰਾਨ ਮਨਾਏ ਜਾਂਦੇ ਤਿਉਹਾਰਾਂ ਵਰਗਾ ਹੀ ਸੀ, ਪਰ 1699 ਦੀ ਵਿਸਾਖੀ ਨੂੰ ਪੰਜਾਬ ਦੀ ਧਰਤੀ ਅਨੰਦਪੁਰ ਵਿਚ ਗੁਰੂ ਗੋਬਿੰਦ ਰਾਏ ਨੇ 33 ਵਰ੍ਹਿਆਂ ਦੀ ਉਮਰ ਵਿਚ ਇਸ ਤਿਉਹਾਰ ਨੂੰ ਵੱਖਰੇ ਹੀ ਰੰਗ ਵਿਚ ਰੰਗ ਦਿੱਤਾ। ਉਨ੍ਹਾਂ ਉਸ ਦਿਨ ਉਹ ਖਾਲਸਾ ਸਾਜਿਆ ਜਿਸ ਦਾ ਮੁੱਖ ਮਕਸਦ ਅਨਿਆਂ ਦੀ ਹਨੇਰੀ ਖਿਲਾਫ ਹੌਸਲੇ ਦਾ ਬੁਰਜ ਉਸਾਰਨਾ ਸੀ। ਇਸ ਤੋਂ ਬਾਅਦ ਪੰਜਾਬ ਵਿਚ ਅਨਿਆਂ ਖਿਲਾਫ ਲੜਾਈ ਦਾ ਆਪਣਾ ਇਤਿਹਾਸ ਬਣਿਆ ਜਿਹੜਾ ਅੱਜ ਤੱਕ ਜੁਝਾਰੂਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ। ਸਾਲ 1699 ਵਾਲੀ ਵਿਸਾਖੀ ਤੋਂ ਤਕਰੀਬਨ ਸਵਾ ਤਿੰਨ ਸਦੀਆਂ ਬਾਅਦ ਅੰਮ੍ਰਿਤਸਰ ਦੀ ਧਰਤੀ ਉਤੇ ਅੰਗਰੇਜ਼ ਹਾਕਮਾਂ ਨੇ ਜੱਲਿਆਂਵਾਲੇ ਬਾਗ ਦਾ ਸਾਕਾ ਕੀਤਾ ਜਿਥੇ ਵਿਸਾਖੀ ਮੌਕੇ ਲੋਕ ਵੱਡੀ ਗਿਣਤੀ ਵਿਚ ਜੁੜੇ ਹੋਏ ਸਨ। ਉਦੋਂ ਪਹਿਲਾ ਸੰਸਾਰ ਯੁੱਧ ਅਜੇ ਹੋ ਕੇ ਹਟਿਆ ਹੀ ਸੀ। ਇਸ ਯੁੱਧ ਵਿਚ ਭਾਰਤ ਦੇ ਬ੍ਰਿਟਿਸ਼ ਪ੍ਰਸ਼ਾਸਨ ਅਤੇ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਦੀ ਡਟ ਕੇ ਮਦਦ ਕੀਤੀ ਸੀ। ਭਾਰਤ ਦੇ ਸਿਰਫ ਦੋ ਹੀ ਸੂਬੇ- ਪੰਜਾਬ ਤੇ ਬੰਗਾਲ ਹੀ ਸਨ ਜਿਥੇ ਅੰਗਰੇਜ਼ਾਂ ਖਿਲਾਫ ਇਨਕਲਾਬੀ ਕਾਰਵਾਈਆਂ ਦੀ ਡਾਰ ਬੰਨ੍ਹੀ ਗਈ ਸੀ। ਪਰਦੇਸੀਂ ਵੱਸਦੇ ਭਾਰਤੀਆਂ ਨੇ ਤਾਂ ਉਦੋਂ ਯੁੱਧ ਵਿਚ ਬੁਰੀ ਤਰ੍ਹਾਂ ਫਸੇ ਅੰਗਰੇਜ਼ਾਂ ਤੋਂ ਆਜ਼ਾਦੀ ਖੋਹਣ ਦਾ ਮਤਾ ਵੀ ਪਕਾਇਆ ਸੀ। ਇਤਿਹਾਸ ਵਿਚ ਪਰਦੇਸੀਆਂ ਦਾ ਇਹ ਹੰਭਲਾ ਗਦਰ ਲਹਿਰ ਦੇ ਰੂਪ ਵਿਚ ਦਰਜ ਹੈ। ਇਨ੍ਹਾਂ ਗਦਰੀਆਂ ਨੇ ਹਥਿਆਰਬੰਦ ਹੱਲੇ ਰਾਹੀਂ ਦੇਸ ਨੂੰ ਆਜ਼ਾਦ ਕਰਵਾਉਣ ਦੀ ਸੋਚੀ। ਇਕ ਲਿਹਾਜ਼ ਨਾਲ ਜੱਲਿਆਂਵਾਲੇ ਬਾਗ ਵਾਲਾ ਸਾਕਾ ਅੰਗਰੇਜ਼ ਹਾਕਮਾਂ ਲਈ ਵੀ ਕਹਿਰ ਬਣ ਕੇ ਵਰ੍ਹਿਆ ਸੀ, ਕਿਉਂਕਿ ਇਸ ਸਾਕੇ ਤੋਂ ਬਾਅਦ ਪੰਜਾਬ ਵਿਚ ਸਿਆਸੀ ਸਰਗਰਮੀਆਂ ਨੇ ਵੱਡੀ ਕਰਵਟ ਲਈ ਅਤੇ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਤੇ ਸਾਥੀਆਂ ਦੀ ਲਹਿਰ, ਇਕ ਵਾਰ ਫਿਰ ਗਦਰ ਲਹਿਰ ਲਈ ਪੂਰਾ ਪਿੜ ਬੱਝਿਆ। ਇਹ ਪੰਜਾਬ ਹੀ ਸੀ ਜਿਸ ਨੇ ਅੰਗਰੇਜ਼ ਹਾਕਮਾਂ ਨੂੰ ਫਿਰ ਚੈਨ ਨਾਲ ਬੈਠਣ ਨਹੀਂ ਸੀ ਦਿੱਤਾ। ਪੰਜਾਬ ਦਾ ਇਹ ਇਤਿਹਾਸ ਦਰਜਾ-ਬ-ਦਰਜਾ ਅੱਜ ਤੱਕ ਪੈੜਾਂ ਪਾ ਰਿਹਾ ਹੈ। ਸੱਚ ਦਾ ਕਾਰਵਾਂ, ਹੱਥਾਂ ਦੀਆਂ ਪੀਡੀਆਂ ਕੜਿੰਗੜੀਆਂ ਨਾਲ ਸਦਾ ਅੱਗੇ ਵਧਿਆ ਹੈ।
ਉਂਜ, ਐਤਕੀਂ ਵਿਸਾਖ ਦਾ ਇਹ ਸੁਹਾਵਣਾ ਮੌਸਮ ਕੁਝ ਕੁ ਕਹਿਰੀ ਹੋ ਕੇ ਟੱਕਰਿਆ ਹੈ। ਪਿਛਲੇ ਕੁਝ ਸਮੇਂ ਤੋਂ ਬੇਮੌਸਮੇ ਮੀਂਹਾਂ ਨੇ ਫਸਲਾਂ ਤਬਾਹ ਕਰ ਕੇ ਰੱਖ ਦਿੱਤੀਆਂ ਹਨ। ਮੌਸਮ ਦੇ ਇਸ ਮਿਜਾਜ਼ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਉਦਾਸੀ ਦਾ ਛੱਟਾ ਦੇ ਦਿੱਤਾ ਹੈ। ਆਏ ਸਾਲ ਮੌਸਮ ਦੇ ਬਦਲ ਰਹੇ ਮਿਜਾਜ਼ ਬਾਰੇ ਅਕਸਰ ਵਿਚਾਰ-ਚਰਚਾ ਤੁਰਦੀ ਰਹੀ ਹੈ। ਇਸ ਚਰਚਾ ਦੇ ਕੇਂਦਰ ਵਿਚ ਵਿਗਿਆਨੀਆਂ ਦੀਆਂ ਖੋਜਾਂ ਦੇ ਆਧਾਰ ਉਤੇ ਕੱਢੇ ਸਿੱਟਿਆਂ ਬਾਰੇ ਵੀ ਗੱਲਾਂ ਹੁੰਦੀਆਂ ਹਨ ਅਤੇ ਆਮ ਲੋਕਾਂ ਦੇ ਤਜਰਬੇ ਵਿਚੋਂ ਨਿਕਲੇ ਤੱਥ ਵੀ ਇਸ ਵਿਚਾਰ-ਚਰਚਾ ਦਾ ਹਿੱਸਾ ਬਣਦੇ ਹਨ। ਇਸ ਬਾਬਤ ਸਾਂਝੀ ਰਾਏ ਇਹੀ ਹੁੰਦੀ ਹੈ ਕਿ ਕੁਦਰਤ ਦੀ ਕਰੋਪੀ ਦਾ ਵੱਡਾ ਕਾਰਨ, ਮਨੁੱਖ ਦਾ ਕੁਦਰਤ ਵੱਲ ਪਿੱਠ ਕਰ ਕੇ ਖਲੋਣਾ ਹੀ ਹੈ। ਵਿਗਿਆਨ ਦੀ ਤਰੱਕੀ ਕਰ ਕੇ ਅੱਜ ਵਾਯੂਮੰਡਲ ਦੀ ਤਪਸ਼ ਸੰਸਾਰ ਦਾ ਵੱਡਾ ਮੁੱਦਾ ਬਣੀ ਹੋਈ ਹੈ। ਹੜ੍ਹ ਵਰਗੀਆਂ ਆਫਤਾਂ ਤਾਂ ਪਹਿਲਾਂ ਵੀ ਆਉਂਦੀਆਂ ਸਨ, ਪਰ ਆਪਾ-ਧਾਪੀ ਅਤੇ ਲਾਲਚ ਕਾਰਨ ਜਿੰਨਾ ਨੁਕਸਾਨ ਹੁਣ ਹੋ ਜਾਂਦਾ ਹੈ, ਉਸ ਦਾ ਸਿੱਧਾ ਸਬੰਧ ਬਿਨਾਂ ਸ਼ੱਕ ਮਨੁੱਖ ਦਾ ਕੁਦਰਤ ਵੱਲ ਪਿੱਠ ਕਰਨ ਨਾਲ ਹੀ ਹੈ। ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਜਲ ਨਿਕਾਸੀ ਦਾ ਹਰ ਰਸਤਾ ਡੱਕਿਆ ਗਿਆ ਹੈ। ਕੁਦਰਤ ਨਾਲ ਮਨੁੱਖ ਦੀ ਇਸ ਨਹੱਕੀ ਲੜਾਈ ਨੇ ਅੱਜ ਮਨੁੱਖ ਨੂੰ ਚੌਰਾਹੇ ਵਿਚ ਲਿਆ ਖਲਾਰਿਆ ਹੈ। ਸਿਤਮਜ਼ਰੀਫੀ ਇਹ ਹੈ ਕਿ ਅਜੇ ਵੀ ਮਨੁੱਖ ਨੂੰ ਆਪਣੇ ਇਨ੍ਹਾਂ ਕਾਲੇ ਕਾਰਨਾਮਿਆਂ ਬਾਰੇ ਇਲਮ ਨਹੀਂ ਹੋ ਰਿਹਾ। ਮਨੁੱਖ ਨੇ ਆਪਣੇ ਸਦੀਆਂ ਤੱਕ ਦੇ ਇਤਿਹਾਸ ਦੌਰਾਨ ਹਰ ਬਹਿਰੂਨੀ ਲੜਾਈ ਉਤੇ ਜਿੱਤ ਹਾਸਲ ਕੀਤੀ ਹੈ, ਪਰ ਅੱਜ ਅੰਦਰੂਨੀ ਲੜਾਈ ਨੂੰ ਸਮਝਣ ਵਿਚ ਇਹ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ, ਤੇ ਜਿੰਨੀ ਦੇਰ ਤੱਕ ਅੰਦਰੂਨੀ ਲੜਾਈ ਨੂੰ ਸਮਝਿਆ ਨਹੀਂ ਜਾਂਦਾ, ਜਿੱਤ ਦੀ ਆਸ ਰੱਖਣਾ ਫਜ਼ੂਲ ਹੀ ਜਾਪਦਾ ਹੈ। ਇਹ ਨਾਸਮਝੀ ਫਿਰ ਬੇਚੈਨੀ ਵਿਚ ਵਟਦੀ ਚਲੀ ਜਾਂਦੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਨੇ ਇਸ ਦਾ ਜ਼ਿਕਰ ਇਉਂ ਕੀਤਾ ਹੋਇਆ ਹੈ: ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਮਾਇਆ ਅੱਜ ਅਜਿਹਾ ਮਸਲਾ ਬਣਿਆ ਹੈ ਕਿ ਮਨੁੱਖ ਨੂੰ ਸਭ ਕੁਝ ਭੁੱਲ-ਭੁਲਾ ਗਿਆ ਹੈ। ਆਪਣਾ ਪੰਜਾਬ, ਹਰੇ ਇਨਕਲਾਬ ਦੌਰਾਨ ਕੁਦਰਤ ਨਾਲ ਕੀਤੇ ਖਿਲਵਾੜ ਦਾ ਨਤੀਜਾ ਅੱਜ ਖੁਦਕੁਸ਼ੀਆਂ ਦੇ ਰੂਪ ਵਿਚ ਭੁਗਤ ਰਿਹਾ ਹੈ ਅਤੇ ਵੱਡੀ ਕੀਮਤ ਤਾਰ ਰਿਹਾ ਹੈ। ਇਸ ਲਈ ਵਿਸਾਖੀ ਦਾ ਖੇੜਾ ਤਾਂ ਹੀ ਬਰਕਰਾਰ ਰਹਿ ਸਕਦਾ ਹੈ, ਜੇ ਸਿਰ ਪਈ ਮੁਸੀਬਤ ਦੇ ਟਾਕਰੇ ਲਈ ਕੋਈ ਤਰੱਦਦ ਕੀਤਾ ਜਾਵੇ। ਇਹੀ ਵਿਸਾਖੀ ਦਾ ਸੁਨੇਹਾ ਹੈ। ਕੁਦਰਤ ਨਾਲ ਆਢਾ ਲਾਉਣਾ ਆਪਣੇ ਆਪ ਨਾਲ ਅਨਿਆਂ ਹੈ। ਇਸ ਅਦਿਸ ਅਨਿਆਂ ਦੀ ਮਾਰ ਬੜੀ ਡਾਢੀ ਹੈ। ਇਸ ਲਈ ਹੋਰ ਅਨਿਆਂਵਾਂ ਖਿਲਾਫ ਲੜਾਈ ਵਿਚ ਇਹ ਲੜਾਈ ਵੀ ਸ਼ਾਮਲ ਹੋਣੀ ਚਾਹੀਦੀ ਹੈ, ਤਾਂ ਹੀ ਵੱਡੀਆਂ ਲੜਾਈਆਂ ਲਈ ਬੱਝਵਾਂ ਪਿੜ ਬੱਝ ਸਕੇਗਾ।