‘ਆਪ’ ਦੇ ਕਲੇਸ਼ ਦਾ ਸੇਕ ਪੰਜਾਬ ਪੁੱਜਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਕੇਂਦਰੀ ਲੀਡਰਸ਼ਿਪ ਵਿਚ ਚੱਲ ਰਹੇ ਕਲੇਸ਼ ਨੇ ਹੁਣ ਪੰਜਾਬ ਵੱਲ ਰੁਖ਼ ਕਰ ਲਿਆ ਹੈ। ‘ਆਪ’ ਦੇ ਪੰਜਾਬ ਤੋਂ ਚਾਰੇ ਸੰਸਦ ਮੈਂਬਰ ਅਤੇ ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਧੜਿਆਂ ਵਿਚ ਵੰਡੇ ਗਏ ਹਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਵਲੋਂ ਕੌਮੀ ਕਾਰਜਕਾਰਨੀ ਵਿਚੋਂ ਕੱਢੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਦੇ ਹੱਕ ਵਿਚ ਭੁਗਤਣ ਕਾਰਨ ਗਾਂਧੀ ਦੇ ਅਸਤੀਫੇ ਦੀ ਮੰਗ ਉਠ ਰਹੀ ਹੈ।

ਸ੍ਰੀ ਗਾਂਧੀ ਨੂੰ ‘ਆਪ’ ਦੇ ਕੌਮੀ ਮੁੱਖ ਬੁਲਾਰੇ ਸੰਜੇ ਸਿੰਘ ਦੀ ਅਗਵਾਈ ਵਿਚ ਚੰਡੀਗੜ੍ਹ ਹੋਈ ਮੀਟਿੰਗ ਤੋਂ ਵੀ ਬਾਹਰ ਰੱਖਿਆ ਗਿਆ। ਮੀਟਿੰਗ ਵਿਚ ਡਾæ ਗਾਂਧੀ ਨੂੰ ਛੱਡ ਕੇ ਪੰਜਾਬ ਦੇ ਕਨੀਵਨਰ ਸੁੱਚਾ ਸਿੰਘ ਛੋਟੇਪੁਰ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋæ ਸਾਧੂ ਸਿੰਘ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਸਮੇਤ 21 ਜ਼ਿਲ੍ਹਿਆਂ ਦੇ ਕਨਵੀਨਰ ਹਾਜ਼ਰ ਸਨ। ਦੂਜੇ ਪਾਸੇ ਚੰਡੀਗੜ੍ਹ ਵਿਚ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੇ ਨੇਤਾ ਯੋਗੇਂਦਰ ਯਾਦਵ ਨੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਵੱਈਏ ਨੂੰ ਤਾਨਾਸ਼ਾਹੀ ਦੱਸਿਆ ਹੈ।
ਬਾਗੀ ਧੜੇ ਦੀ ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ ਦੇ ਅਧਿਆਪਕ ਤੇ ‘ਆਪ’ ਵਿਚੋਂ ਮੁਅੱਤਲ ਆਗੂ ਪ੍ਰੋæ ਮਨਜੀਤ ਸਿੰਘ ਵੀ ਪੁੱਜੇ। ਮੀਟਿੰਗ ਵਿਚ ਰਾਜੀਵ ਗੋਦਾਰਾ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੀਲੀ ਪੱਗ ਦੀ ਲਾਜ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੇ ਸ਼ਹੀਦ ਭਗਤ ਸਿੰਘ ਦੀ ਪੱਗ ਸਜਾਉਣ ਹੀ ਲੱਗੇ ਹਨ ਤਾਂ ਇਸ ਦਾ ਨਿਰਾਦਰ ਨਾ ਹੋਣ ਦੇਣ। ਉਨ੍ਹਾਂ ਦਿੱਲੀ ਦੀ ਮੀਟਿੰਗ ਵਿਚ ਕੁੱਟਮਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਬਾਊਂਸਰਾਂ ਦੇ ਧੱਫਿਆਂ ਨਾਲ ਜ਼ਖ਼ਮੀ ਹੋਏ ਵਰਕਰ ਨੂੰ ਇਸ ਕਰ ਕੇ ਹਸਪਤਾਲ ਜਾਣ ਤੋਂ ਰੋਕੀ ਰੱਖਿਆ ਤਾਂ ਕਿ ਮੀਡੀਆ ਵਿਚ ਗੱਲ ਨਾ ਪੁੱਜੇ। ਪਟਿਆਲਾ ਤੋਂ ਸੰਸਦ ਮੈਂਬਰ ਡਾæ ਗਾਂਧੀ ਦੋਵਾਂ ਧੜਿਆਂ ਦੀ ਮੀਟਿੰਗਾਂ ਵਿਚ ਹੀ ਨਾ ਪੁੱਜੇ। ਦੱਸਣਯੋਗ ਹੈ ਕਿ ਡਾæ ਗਾਂਧੀ ਨੇ 28 ਮਾਰਚ ਨੂੰ ਹੋਈ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਵਿਚੋਂ ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ਨੇ ਕੱਢੇ ਜਾਣ ਦੇ ਵਿਰੋਧ ਕੀਤਾ ਸੀ ਤੇ ਦੋਹਾਂ ਬਾਗੀ ਨੇਤਾਵਾਂ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਵਿਚ ਵੀ ਹਿੱਸਾ ਲਿਆ ਸੀ ਤੇ ਕਿਹਾ ਸੀ ਕਿ ਜੇ ਯਾਦਵ ਤੇ ਭੂਸ਼ਨ ਨਾਲ ਕੀਤੇ ਵਤੀਰੇ ਬਾਰੇ ਕੋਈ ਨਾ ਵੀ ਬੋਲਦਾ ਤਾਂ ਉਨ੍ਹਾਂ ਨੇ ਇਹ ਮੁੱਦਾ ਚੁੱਕਣਾ ਸੀ। 28 ਮਾਰਚ ਨੂੰ ਨਾ ਸਿਰਫ ਯਾਦਵ ਤੇ ਭੂਸ਼ਣ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵਿਚੋਂ ਬਾਹਰ ਕੱਢਿਆ ਗਿਆ ਸੀ, ਸਗੋਂ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਪ੍ਰੋæ ਆਨੰਦ ਕੁਮਾਰ ਤੇ ਅਜਿਤ ਝਾਅ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਸੀ। ਫਿਰ ਵੀ ਰੁਖਸਤੀਆਂ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਕੇਜਰੀਵਾਲ ਦਾ ਸਮਰਥਕ ਧੜਾ ਡਾæ ਗਾਂਧੀ ਦੁਆਲੇ ਹੋ ਗਿਆ।
ਦੂਜੇ ਪਾਸੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਪਾਰਟੀ ਵਿਚ ਕਿਸੇ ਨੂੰ ਸ਼ਾਮਲ ਕਰਨ ਤੇ ਕੱਢਣ ਦਾ ਫੈਸਲਾ ਲੈਣ ਦਾ ਸ਼ ਛੋਟੇਪੁਰ ਕੋਲ ਕੋਈ ਅਧਿਕਾਰ ਨਹੀਂ, ਕਿਉਂਕਿ ਉਹ ਪਾਰਟੀ ਦੇ ਆਰਜ਼ੀ ਕਨਵੀਨਰ ਹਨ।
__________________________________
ਨਵੀਂ ਪਾਰਟੀ ਦੀਆਂ ਤਿਆਰੀਆਂ?’ਆਪ’ ਦੇ ਬਾਗੀ ਆਗੂਆਂ ਦੀ 14 ਅਪਰੈਲ ਨੂੰ ਹੋਣ ਵਾਲੀ ਮੀਟਿੰਗ ਵਿਚ ਰਜਿਸਟਰੇਸ਼ਨ ਦੀ ਸ਼ੁਰੂਆਤ ਦੇ 24 ਘੰਟੇ ਦੇ ਅੰਦਰ ਹੀ ਢਾਈ ਹਜ਼ਾਰ ਤੋਂ ਵੱਧ ਨਾਂ ਦਰਜ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਬਾਗੀ ਧੜਾ ਨਵੀਂ ਪਾਰਟੀ ਦਾ ਐਲਾਨ ਕਰੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਟਿੰਗ ਵਿਚ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਜਿਨ੍ਹਾਂ ਢਾਈ ਹਜ਼ਾਰ ਲੋਕਾਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਨਾਂ ਦਰਜ ਕਰਵਾਏ ਹਨ, ਉਨ੍ਹਾਂ ਵਿਚ 600 ਤੋਂ ਵੱਧ ਦਿੱਲੀ ਦੇ ਦੱਸੇ ਜਾ ਰਹੇ ਹਨ। ਯੋਗੇਂਦਰ ਯਾਦਵ ਨੇ ਚੰਡੀਗੜ੍ਹ ਵਿਚ 14 ਅਪਰੈਲ ਦੇ ‘ਸਵਰਾਜ ਸੰਵਾਦ’ ਇਕੱਠ ਲਈ ਪੰਜਾਬ ਤੇ ਹਰਿਆਣਾ ਦੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਪਾਰਟੀ ਵਿਚਲੀ ਖਿੱਚੋਤਾਣ ਕਰ ਕੇ ਵਾਲੰਟੀਅਰਾਂ ਦੇ ਹੌਸਲੇ ਟੁੱਟੇ ਹਨ ਤੇ ਵਰਕਰਾਂ ਵਿਚ ਲੀਡਰਸ਼ਿਪ ਪ੍ਰਤੀ ਗੁੱਸਾ ਵਧਿਆ ਹੈ।