ਧੂਰੀ ਚੋਣ ਅਖਾੜਾ: ਲੋਕ ਮੁੱਦਿਆਂ ਦੀ ਥਾਂ ਤੋਹਮਤਾਂ ਦਾ ਦੌਰ

ਧੂਰੀ: ਵਿਧਾਨ ਸਭਾ ਹਲਕਾ ਧੂਰੀ ਦੀ ਜ਼ਿਮਨੀ ਚੋਣ ਲਈ ਪਾਰਟੀਆਂ ਨੇ ਪੂਰੀ ਤਾਕਤ ਝੋਂਕ ਦਿੱਤੀ ਹੈ। ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਇਸ ਮੌਕੇ ਧੂਰੀ ਦੇ ਵੋਟਰਾਂ ਨੂੰ ਕਾਇਲ ਕਰਨ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਹਲਕੇ ਦੇ ਵੋਟਰਾਂ ਅੰਦਰ ਇਕ ਲੱਖ 48 ਹਜ਼ਾਰ ਵੋਟਰਾਂ ਵਿਚੋਂ ਪਾਰਟੀਆਂ ਨੂੰ ਕੋਈ ਉਮੀਦਵਾਰ ਨਾ ਮਿਲਣ ਦਾ ਮਲਾਲ ਹੈ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਗਵਾਈ ਵਿਚ ਮੰਤਰੀ ਤੇ ਵਿਧਾਇਕ ਹਲਕੇ ਦੇ ਚੱਪੇ-ਚੱਪੇ ‘ਤੇ ਮੌਜੂਦ ਹਨ। ਸਿਆਸੀ ਧਿਰਾਂ ਲੋਕ ਮੁੱਦੇ ਵਿਸਾਰ ਕੇ ਇਕ-ਦੂਜੇ ਖਿਲਾਫ ਦੂਸ਼ਣਬਾਜ਼ੀ ਕਰਨ ਵਿਚ ਜੁਟੀਆਂ ਹੋਈਆਂ ਹਨ।
ਅਕਾਲੀ-ਭਾਜਪਾ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਪੱਖ ਵਿਚ ਅਗਲੇ ਦੋ ਸਾਲਾਂ ਦੇ ਵਿਕਾਸ ਤੇ ਬਰਨਾਲਾ ਪਰਿਵਾਰ ਵੱਲੋਂ ਅਕਾਲੀ ਦਲ ਦੀਆਂ ਨਿਆਮਤਾਂ ਦੀ ਬੇਕਦਰੀ ਕਰ ਕੇ ਕਾਂਗਰਸ ਵਿਚ ਚਲੇ ਜਾਣ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਨਾਲ ਠੰਢੀ ਚੱਲ ਰਹੀ ਕਾਂਗਰਸ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਦੀ ਮੁਹਿੰਮ ਵਿਚ ਸਰਗਰਮੀ ਆਈ ਹੈ। ਕੈਪਟਨ ਨੇ ਆਪਣੇ ਵਿਧਾਇਕਾਂ ਦੇ ਲਾਮ-ਲਸ਼ਕਰ ਸਮੇਤ ਹਮਲਾਵਰ ਰੁਖ ਅਖਤਿਆਰ ਕਰਦਿਆਂ ਧੂਰੀ ਚੋਣ ਨੂੰ 2017 ਦੀਆਂ ਚੋਣਾਂ ਲਈ ਸੈਮੀ-ਫਾਈਨਲ ਦਾ ਨਾਂ ਦੇ ਦਿੱਤਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਚੋਣ ਮੁਹਿੰਮ ਲੋਕਾਂ ਨਾਲ ਨਿੱਜੀ ਤਾਲਮੇਲ ਕਾਰਨ ਅੱਗੇ ਵਧ ਰਹੀ ਹੈ। ਦੋ ਵਾਰ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤਣ ਵਾਲੇ ਕਾਲਾਬੂਲਾ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਧਨਵੰਤ ਸਿੰਘ ਨੇ 1992 ਵਿਚ ਕਾਂਗਰਸ ਤੇ 1997 ਵਿਚ ਟਿਕਟ ਨਾ ਮਿਲਣ ਕਰਕੇ ਆਜ਼ਾਦ ਤੌਰ ਉੱਤੇ ਚੋਣ ਜਿੱਤੀ ਸੀ। ਆਪਣੇ ਪਿੰਡ ਮਾਨਾਂ ਵਿਚ ਰਹਿ ਰਹੇ ਧਨਵੰਤ ਦਾ ਬਹੁਤ ਸਾਰੇ ਪਿੰਡਾਂ ਵਿਚ ਨਿੱਜੀ ਅਸਰ-ਰਸੂਖ਼ ਹੈ। ਉਹ ਇਸ ਵਾਰ ਟਿਕਟ ਦੇ ਚਾਹਵਾਨ ਸਨ।
ਅਕਾਲੀ ਦਲ ਦੇ ਇਕ ਮੰਤਰੀ ਨੇ ਦੱਸਿਆ ਕਿ ਪਾਰਟੀ ਦਾ ਕੰਮ ਭਾਜਪਾ ਤੋਂ ਬਿਨਾਂ ਹੀ ਚੱਲ ਜਾਣਾ ਹੈ। ਭਾਜਪਾ ਦੇ ਸ਼ਹਿਰ ਵਿਚ ਤਿੰਨ ਗਰੁੱਪ ਬਣ ਗਏ ਹਨ। ਸਾਰੇ ਆਪੋ-ਆਪਣੇ ਦਫ਼ਤਰ ਖੋਲ੍ਹ ਕੇ ਅਕਾਲੀ-ਭਾਜਪਾ ਉਮੀਦਵਾਰ ਦੇ ਸਮਰਥਨ ਦੀ ਰਸਮ ਨਿਭਾਅ ਰਹੇ ਹਨ। ਸ਼ਹਿਰ ਦੀ 38 ਹਜ਼ਾਰ ਵੋਟ ਉੱਤੇ ਅਕਾਲੀ ਦਲ ਦਾ ਵਿਸ਼ੇਸ਼ ਜ਼ੋਰ ਲੱਗ ਰਿਹਾ ਹੈ। ਪਾਰਟੀ ਨੇ ਆਪਣੇ ਹਿੰਦੂ ਚਿਹਰਿਆਂ ਨੂੰ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਹੈ। ਅਕਾਲੀ ਦਲ ਵੱਲੋਂ ਨਵੀਂ ਰਣਨੀਤੀ ਤਹਿਤ ਕਾਂਗਰਸ ਨੂੰ ਨਜ਼ਰਅੰਦਾਜ ਕਰਕੇ ਚੋਣ ਮੁਹਿੰਮ ਨੂੰ ਅਕਾਲੀ ਪਰਿਵਾਰਾਂ ਦੀ ਪਾਰਟੀ ਨਾਲ ਵਫ਼ਾਦਾਰੀ ਜਾਂ ਗੱਦਾਰੀ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਕਾਂਗਰਸ ਤੇ ਅਕਾਲੀ ਦਲ (ਮਾਨ) ਆਪਣੀ ਬੇੜੀ ਇਸ ਸੱਤਾ-ਵਿਰੋਧੀ ਭਾਵਨਾ ਨਾਲ ਪਾਰ ਲਗਾਉਣ ਦੀ ਕੋਸ਼ਿਸ਼ ਵਿਚ ਹਨ, ਜਦੋਂਕਿ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਲੜਨ ਦੇ ਤਜਰਬੇ ਤੇ ਪ੍ਰਬੰਧਕੀ ਯੋਗਤਾ ਦੇ ਸਹਾਰੇ ਚੋਣ ਜਿੱਤਣ ਦੀ ਰਣਨੀਤੀ ਘੜੀ ਹੋਈ ਹੈ। ਕੁੱਲ 74 ਪਿੰਡਾਂ ਵਿਚੋਂ ਪੰਜ-ਪੰਜ ਪਿੰਡਾਂ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ ਤੇ ਅੱਗੇ ਜ਼ਿੰਮੇਵਾਰੀ ਵਿਧਾਇਕਾਂ ਨੂੰ ਸੌਂਪੀ ਗਈ ਹੈ। ਅਕਾਲੀ ਦਲ ਵੀ ਧੜੇਬੰਦੀ ਤੋਂ ਰਹਿਤ ਨਹੀਂ ਹੈ। ਖਾਸ ਤੌਰ ‘ਤੇ ਧੂਰੀ ਸ਼ਹਿਰ ਵਿਚ ਪਾਰਟੀ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਧੜੇਬੰਦੀ ਕਾਰਨ ਹੀ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਨੂੰ ਪਲਾਸੌਰ ਤੇ ਭਲਵਾਨ ਵਿਚ ਵੱਖ-ਵੱਖ ਆਗੂਆਂ ਦੀ ਸੰਤੁਸ਼ਟੀ ਲਈ ਦੋ-ਦੋ ਮੀਟਿੰਗਾਂ ਕਰਨੀਆਂ ਪਈਆਂ। ਲੋਕਾਂ ਨੇ ਮੂਲੋਵਾਲ, ਰਾਜੋਮਾਜਰਾ ਤੇ ਬੁਗਰਾ ਸਮੇਤ ਕਈ ਪਿੰਡਾਂ ਵਿਚ ਮਨਰੇਗਾ ਦਾ ਪੈਸਾ ਨਾ ਮਿਲਣ, ਪੈਨਸ਼ਨਾਂ, ਆਟਾ-ਦਾਲ ਵਰਗੀਆਂ ਹੋਰ ਸਕੀਮਾਂ ਦਾ ਲਾਹਾ ਨਾ ਮਿਲਣ ਦਾ ਜ਼ਿਕਰ ਕੀਤਾ, ਜਦੋਂਕਿ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਇਨ੍ਹਾਂ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦਾ ਵਿਕਾਸ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੀ ਕਰਵਾ ਸਕਦਾ ਹੈ ਤੇ ਇਹ ਗੱਲ ਸਮਝਣੀ ਚਾਹੀਦੀ ਹੈ। ਉਨ੍ਹਾਂ ਬਰਨਾਲਾ ਪਰਿਵਾਰ ‘ਤੇ ਅਕਾਲੀ ਦਲ ਵੱਲੋਂ ਦਿੱਤੇ ਅਹਿਮ ਅਹੁਦਿਆਂ ਦੇ ਬਾਵਜੂਦ ਪਾਰਟੀ ਵਿਰੋਧੀ ਖੜ੍ਹਨ ਦਾ ਦੋਸ਼ ਲਾਇਆ।
____________________________________
ਖੱਬੇ ਪੱਖੀਆਂ ਦੀ ਰੈਲੀ ਨੇ ਵਿਰੋਧੀਆਂ ਨੂੰ ਪਾਇਆ ਵਖਤ
ਧੂਰੀ: ਚਾਰ ਕਮਿਊਨਿਸਟ ਪਾਰਟੀਆਂ ਵੱਲੋਂ ਧੂਰੀ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਕਾæ ਸੁਖਦੇਵ ਸ਼ਰਮਾ ਦੇ ਹੱਕ ਵਿਚ ਕ੍ਰਾਂਤੀ ਚੌਕ ਵਿਖੇ ਚੋਣ ਰੈਲੀ ਕੀਤੀ ਗਈ। ਇਸ ਮੌਕੇ ਕਮਿਊਨਿਸਟ ਪਾਰਟੀਆਂ ਦੀ ਆਸ ਤੋਂ ਵੱਧ ਇਕੱਠ ਨੇ ਸੱਤਾਧਾਰੀ ਧਿਰ ਤੇ ਹੋਰ ਵਿਰੋਧੀਆਂ ਨੂੰ ਵਖ਼ਤ ਪਾ ਦਿੱਤਾ। ਰੈਲੀ ਦੀ ਪ੍ਰਧਾਨਗੀ ਸੀæਪੀæਆਈæ ਦੇ ਸੁਖਵਿੰਦਰ ਸਿੰਘ, ਸੀæਪੀæਆਈæ (ਐਮ ਐਲ) ਜਗਸੀਰ ਸਿੰਘ ਘਨੌਰੀ ਤੇ ਸੀæਪੀæਐਮæ ਮੇਜਰ ਸਿੰਘ ਪੁੰਨਾਂਵਾਲ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀæਪੀæਆਈæ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਕਾਂਗਰਸ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਪਾਰਟੀ ਦੇ ਐਮਐਲਏ ਅਸਤੀਫ਼ਾ ਦੇ ਕੇ ਲੋਕਾਂ ਤੇ ਰਾਜਨੀਤਕ ਪਾਰਟੀਆਂ ਨੂੰ ਜ਼ਿਮਨੀ ਚੋਣ ਵੱਲ ਧੱਕਿਆ ਹੈ ਜਿਸ ਵਿਚ ਕਰੋੜਾਂ ਦਾ ਨਾਜਾਇਜ਼ ਖਰਚਾ ਲੋਕਾਂ ਦੇ ਗਲ ਪਿਆ ਹੈ।
_________________________________________
ਧੂਰੀ ਜ਼ਿਮਨੀ ਚੋਣ ਤੋਂ ਭਾਰਤੀ ਜਨਤਾ ਪਾਰਟੀ ਦੂਰ
ਧੂਰੀ: ਧੂਰੀ ਜ਼ਿਮਨੀ ਚੋਣ ਤੋਂ ਪੰਜਾਬ ਭਾਜਪਾ ਨੇ ਅਜੇ ਤੱਕ ਦੂਰੀ ਬਣਾਈ ਹੋਈ ਹੈ। ਦੇਖਣ ਵਿਚ ਆਇਆ ਹੈ ਕਿ ਧੂਰੀ ਹਲਕੇ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਕੀਤੇ ਜਲਸਿਆਂ ਵਿਚ ਵੀ ਹੁਣ ਤੱਕ ਭਾਜਪਾ ਤੇ ਸੂਬਾਈ ਆਗੂਆਂ ਨੇ ਸ਼ਿਰਕਤ ਨਹੀਂ ਕੀਤੀ। ਇਕ ਪਾਸੇ ਜਿਥੇ ਕਾਂਗਰਸ ਦੋ ਧੜਿਆਂ ਵਿਚ ਵੰਡੀ ਹੋਈ ਹੈ, ਤਾਂ ਦੂਜੇ ਪਾਸੇ ਸੱਤਾਧਾਰੀ ਅਕਾਲੀ ਭਾਜਪਾ ਵਿਚਕਾਰ ਵੀ ਤਰੇੜਾਂ ਵੇਖਣ ਨੂੰ ਮਿਲ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਉਪ ਚੋਣ ਵਿਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਵਾਰ ਟਿਕਟ ਦਿੱਤੀ ਹੋਈ ਹੈ। ਦੂਜੇ ਪਾਸੇ ਭਾਜਪਾ ਦਾ ਧੂਰਾ ਧਿਆਨ ਆਪਣੇ ਮੈਂਬਰਸਿਪ ਅਭਿਆਨ ਵੱਲ ਹੈ।