ਚੰਡੀਗੜ੍ਹ: ਪੰਜਾਬ ਵਿਚ ਕੇਬਲ ਤੇ ਰੇਤ ਮਾਫੀਆ ਦੇ ਮੁੱਦੇ ‘ਤੇ ਸੂਬਾ ਸਰਕਾਰ ਘਿਰ ਗਈ ਹੈ। ਜੱਜਾਂ ਸਾਹਮਣੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਵਾਲੇ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਮਾਮਲੇ ਵਿਚ ਕਈ ਅਕਾਲੀ ਆਗੂ ਵੀ ਘੇਰੇ ਵਿਚ ਆ ਗਏ ਹਨ। ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ ਦੀ ਸੀæਬੀæਆਈæ ਜਾਂਚ ਦੀ ਮੰਗ ਕੀਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਿਚ ਵਾਪਰੇ ਕੇਬਲ ਅਪਰੇਟਰ ਖ਼ੁਦਕੁਸ਼ੀ ਮਾਮਲੇ ਦੀ ਸਿਟਿੰਗ ਜੱਜ ਕੋਲੋਂ ਨਿਆਇਕ ਜਾਂਚ ਕਰਵਾਈ ਜਾਵੇ। ਸ੍ਰੀ ਬਾਜਵਾ ਨੇ ਆਪਣੇ ਪੱਤਰ ਵਿਚ ਸਪਸ਼ਟ ਕੀਤਾ ਕਿ ਕੇਬਲ ਅਪਰੇਟਰ ਜਸਵਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੇ ਇਕ ਸੇਵਾਮੁਕਤ ਜੱਜ ਦੀ ਹਾਜ਼ਰੀ ਵਿੱਚ ਜ਼ਹਿਰੀਲਾ ਪਦਾਰਥ ਨਿਗਲਿਆ ਸੀ। ਇਹ ਕਦਮ ਚੁੱਕਣ ਤੋਂ ਪਹਿਲਾਂ ਪੀੜਤ ਕੇਬਲ ਅਪਰੇਟਰ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਸੀ। ਇਸ ਤੋਂ ਇਲਾਵਾ ਮ੍ਰਿਤਕ ਦਾ ਖੁਦਕੁਸ਼ੀ ਨੋਟ ਅਕਾਲੀ ਦਲ ਦੇ ਆਗੂਆਂ ਦੇ ਕੇਬਲ ਟੀਵੀ ਦੇ ਕਾਰੋਬਾਰ ਵਿਚ ਸ਼ਮੂਲੀਅਤ ਨੂੰ ਵੀ ਪ੍ਰਗਟ ਕਰਦਾ ਹੈ।
ਦੂਜੇ ਪਾਸੇ ਪੰਜਾਬ ਦੇ ਦੋ ਆਜ਼ਾਦ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ (ਬੈਂਸ ਭਰਾਵਾਂ) ਨੇ ਰੇਤਾ ਤੇ ਰੇਤ-ਬਜਰੀ ਦੀ ਕਾਲਾ ਬਾਜ਼ਾਰੀ ਦੇ ਮੁੱਦੇ ‘ਤੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ 20 ਅਪਰੈਲ ਤੋਂ ਲੋੜਵੰਦ ਲੋਕਾਂ ਨੂੰ ਰੇਤੇ ਦੀਆਂ ਟਰਾਲੀਆਂ ਮੁਫ਼ਤ ਭਰਾਉਣ ਦਾ ਐਲਾਨ ਕੀਤਾ ਹੈ।
ਲੁਧਿਆਣਾ ਦੇ ਇਨ੍ਹਾਂ ਵਿਧਾਇਕ ਭਰਾਵਾਂ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਸਮਰਥਕਾਂ ਸਮੇਤ ਆਖਿਆ ਕਿ ਰੇਤੇ ਦੀਆਂ ਟਰਾਲੀਆਂ ਭਰਨ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਸ ਮੁਹਿੰਮ ਨੂੰ ਉਨ੍ਹਾਂ 14 ਜ਼ਿਲ੍ਹਿਆਂ ਤੱਕ ਲਿਜਾਇਆ ਜਾਵੇਗਾ, ਜਿਥੇ ਰੇਤਾ ਉਪਲਭਧ ਹੈ। ਉਨ੍ਹਾਂ ਆਖਿਆ ਕਿ ਰੇਤ ਤੇ ਬਜਰੀ ਦੇ ਧੰਦੇ ਨੂੰ ਸਰਕਾਰੀ ਸਰਪ੍ਰਸਤੀ ਹੇਠ ਮਾਫੀਆ ਨੇ ਕੰਟਰੋਲ ਕੀਤਾ ਹੋਇਆ ਹੈ, ਜਿਸ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵਿਧਾਇਕ ਭਰਾਵਾਂ ਨੇ ਆਖਿਆ ਕਿ ਉਨ੍ਹਾਂ ਨੇ ਰੇਤ ਦਾ ਮੁੱਦਾ ਇਸ ਲਈ ਚੁੱਕਿਆ ਹੈ ਕਿਉਂਕਿ ਇਹ ਮੁੱਦਾ ਲੋਕਾਂ ਦੀ ਜ਼ਰੂਰਤ ਨਾਲ ਜੁੜਿਆ ਹੋਇਆ ਹੈ। ਆਮ ਬੰਦੇ ਨੂੰ ਪੰਜਾਬ ਵਿਚ ਘਰ ਬਣਾਉਣਾ ਔਖਾ ਹੋਇਆ ਪਿਆ ਹੈ। ਰੇਤ ਦੀ ਕਿੱਲਤ ਕਾਰਨ ਉਸਾਰੀ ਦੇ ਕੰਮਾਂ ਨੂੰ ਬਰੇਕਾਂ ਲੱਗੀਆਂ ਪਈਆਂ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਤੇ ਮਿਸਤਰੀ ਵੀ ਵਿਹਲੇ ਫਿਰਦੇ ਹਨ।
ਉਨ੍ਹਾਂ ਆਖਿਆ ਕਿ ਰੇਤ ਦੇ ਮੁੱਦੇ ‘ਤੇ ਸ਼ੁਰੂ ਕੀਤੀ ਮੁਹਿੰਮ ਸ਼ਾਂਤਮਈ ਹੋਵੇਗੀ ਤੇ ਫਿਰ ਵੀ ਜੇਕਰ ਸਰਕਾਰ ਵੱਲੋਂ ਪੁਲਿਸ ਸ਼ਕਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਝੂਠੇ ਮੁਕੱਦਮੇ ਦਰਜ ਕੀਤੇ ਗਏ ਤਾਂ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਰੇਤ ਮਾਫੀਆ ਨੇ ਕਈ ਲੋਕਾਂ ਦਾ ਕਤਲ ਵੀ ਕੀਤਾ ਹੈ। ਵਿਧਾਇਕ ਭਰਾਵਾਂ ਨੇ ਕਿਹਾ ਕਿ ਕਾਂਗਰਸ ਨੇ ਰੇਤ ਦੇ ਮੁੱਦੇ ‘ਤੇ ਲੋਕਾਂ ਲਈ ਲੜਾਈ ਨਹੀਂ ਲੜੀ ਸਿਰਫ਼ ਮਗਰਮੱਛ ਦੇ ਹੰਝੂ ਹੀ ਵਹਾਏ ਹਨ। ਕਾਂਗਰਸੀ ਆਗੂਆਂ ਨੇ ਬਿਆਨਬਾਜ਼ੀ ਤੋਂ ਸਿਵਾਏ ਕੱਖ ਵੀ ਨਹੀਂ ਕੀਤਾ ਸਗੋਂ ਵਿਧਾਨ ਸਭਾ ਅੰਦਰ ਬਾਦਲ ਪਰਿਵਾਰ ਨਾਲ ਘਿਓ ਖਿਚੜੀ ਹੋਏ ਦਿਖਾਈ ਦੇ ਰਹੇ ਹਨ।
ਇਸ ਮੌਕੇ ਵਿਧਾਇਕਾਂ ਦੇ ਸਮਰਥਨ ਵਿਚ ਲੁਧਿਆਣਾ ਲਾਲ ਸਬੰਧਤ ਕੌਂਸਲਰ ਤੇ ਹੋਰ ਆਗੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਾਗੀ ਹੋ ਕੇ 2012 ਦੀਆਂ ਵਿਧਾਨ ਸਭਾ ਚੋਣਾਂ ਲੜੇ ਸਨ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵੀ ਇਨ੍ਹਾਂ ਵਿਧਾਇਕਾਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।
_______________________________
ਪੰਜਾਬ ਵਿਚ ‘ਮਾਫੀਆ’ ਦੀ ਸਰਕਾਰ: ਬਾਜਵਾ
ਧੂਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਹੈ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ‘ਮਾਫੀਆ’ ਦੀ ਸਰਕਾਰ ਹੈ। ਇਸ ਲਈ ਪੰਜਾਬ ਵਿਚ ਸ਼ਰਾਬ, ਰੇਤਾ-ਬਜਰੀ ਤੇ ਕੇਬਲ ਨੈਟਵਰਕ ਤੋਂ ਲੈ ਕੇ ਹਰ ਕਾਰੋਬਾਰ ‘ਤੇ ਸੱਤਾਧਾਰੀ ਆਗੂਆਂ ਦਾ ਕਬਜ਼ਾ ਹੈ। ਨਸ਼ਾਖੋਰੀ ਵਿਚ ਵਾਧੇ ਲਈ ਵੀ ਇਹ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਧੂਰੀ ਧਰਨਿਆਂ ਦਾ ਅਖਾੜਾ ਬਣ ਚੁੱਕਾ ਹੈ ਜਿਥੇ ਹਰ ਵਰਗ ਆਪਣੀਆਂ ਮੰਗਾਂ ਮੰਨਵਾਉਣ ਲਈ ਪ੍ਰਦਰਸ਼ਨ ਕਰ ਰਿਹਾ ਹੈ। ਇਨ੍ਹਾਂ ਵਿਚ ਆਂਗਨਵਾੜੀ ਵਰਕਰ, ਮਿਡ-ਡੇਅ ਮੀਲ ਸਕੀਮ, ਮਨੋਜ ਕਾਜਲਾ ਕਤਲ ਕਾਂਡ ਸੰਘਰਸ਼ ਕਮੇਟੀ, ਨੈਸ਼ਨਲ ਰੂਰਲ ਹੈਲਥ ਮਿਸ਼ਨ ਵਰਕਰਾਂ ਤੇ ਹੋਰ ਕਈ ਜਥੇਬੰਦੀਆਂ ਵੀ ਸ਼ਾਮਲ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵਾਅਦਿਆਂ ਦੀ ਸੂਚੀ ਪੇਸ਼ ਕਰਨ ਨੂੰ ਆਖਿਆ, ਜਿਹੜੇ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਪੂਰੇ ਕੀਤੇ ਹਨ।