ਸੰਸਦ ‘ਚੋਂ ਗੈਰ-ਹਾਜ਼ਰੀ ਦੀ ਝੰਡੀ ਐਤਕੀਂ ਫਿਰ ਕੈਪਟਨ ਅਮਰਿੰਦਰ ਕੋਲ

ਬਠਿੰਡਾ: ਪੰਜਾਬ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਸਦ ਵਿਚੋਂ ਗ਼ੈਰਹਾਜ਼ਰੀ ਵਿਚ ਝੰਡੀ ਲੈ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਬਜਟ ਸੈਸ਼ਨ ਵਿਚ ਸਿਰਫ਼ ਇਕ ਦਿਨ ਹੀ ਪਾਰਲੀਮੈਂਟ ਵਿਚ ਮੂੰਹ ਦਿਖਾਇਆ ਹੈ। ਸਰਦ ਰੁੱਤ ਸੈਸ਼ਨ ਵਿਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੈਰ ਹੀ ਨਹੀਂ ਪਾਇਆ ਸੀ।

ਤਾਜ਼ਾ ਬਜ਼ਟ ਸੈਸ਼ਨ 23 ਫਰਵਰੀ ਤੋਂ 20 ਮਾਰਚ ਤੱਕ ਚੱਲਿਆ ਹੈ। ਇਸ ਦੌਰਾਨ ਪਾਰਲੀਮੈਂਟ ਵਿਚ 19 ਬੈਠਕਾਂ ਹੋਈਆਂ ਹਨ। ਇਨ੍ਹਾਂ ਵਿਚੋਂ ਸਿਰਫ਼ ਇਕ ਬੈਠਕ ਵਿਚ ਕੈਪਟਨ ਸ਼ਾਮਲ ਹੋਏ ਹਨ।
ਪਾਰਲੀਮੈਂਟ ਦੇ ਹਾਜ਼ਰੀ ਰਜਿਸਟਰ ਅਨੁਸਾਰ 16ਵੀਂ ਲੋਕ ਸਭਾ ਦੇ ਤਾਜ਼ਾ ਬਜਟ ਸੈਸ਼ਨ ਵਿਚ ਗੁਰਦਾਸਪੁਰ ਦੇ ਸੰਸਦ ਮੈਂਬਰ ਵਿਨੋਦ ਖੰਨਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਸੌ ਫ਼ੀਸਦੀ ਰਹੀ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਰਵਨੀਤ ਸਿੰਘ ਬਿੱਟੂ ਸਿਰਫ਼ ਇਕ-ਇਕ ਦਿਨ ਹੀ ਸੰਸਦ ਵਿਚੋਂ ਗ਼ੈਰਹਾਜ਼ਰ ਰਹੇ ਹਨ। ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਚੋਂ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਦੀ 17 ਦਿਨ ਦੀ ਰਹੀ ਹੈ, ਜਦੋਂਕਿ ਡਾæ ਧਰਮਵੀਰ ਗਾਂਧੀ ਦੀ 15 ਦਿਨ ਹਾਜ਼ਰੀ ਰਹੀ ਹੈ। ਚੌਧਰੀ ਸੰਤੋਖ ਸਿੰਘ ਤੇ ਸ਼ੇਰ ਸਿੰਘ ਘੁਬਾਇਆ ਦੀ ਹਾਜ਼ਰੀ 16-16 ਦਿਨ ਰਹੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਸਿਰਫ਼ ਇਕ ਦਿਨ ਗ਼ੈਰ ਹਾਜ਼ਰ ਰਹੀ ਹੈ। ਇਵੇਂ ਹੀ ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰੋæ ਸਾਧੂ ਸਿੰਘ ਦੀ ਹਾਜ਼ਰੀ 13-13 ਦਿਨ ਦੀ ਰਹੀ ਹੈ।
ਲੋਕ ਸਭਾ ਵਿਚ ਅਮਰਿੰਦਰ ਸਿੰਘ ਅੰਮ੍ਰਿਤਸਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। 16ਵੀਂ ਲੋਕ ਸਭਾ ਦੇ ਹੁਣ ਤੱਕ ਚਾਰ ਸੈਸ਼ਨ ਹੋਏ ਹਨ, ਜਿਨ੍ਹਾਂ ਦੀਆਂ ਕੁੱਲ 71 ਬੈਠਕਾਂ ਹੋਈਆਂ ਹਨ। ਇਨ੍ਹਾਂ ਵਿਚੋਂ ਕੈਪਟਨ ਅਮਰਿੰਦਰ ਸਿੰਘ ਸਿਰਫ਼ ਸੱਤ ਦਿਨ ਹਾਜ਼ਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਰਦ ਰੁੱਤ ਸਮਾਗਮਾਂ ਵਿਚੋਂ ਗ਼ੈਰਹਾਜ਼ਰੀ ਪਿੱਛੇ ਆਪਣੀ ਘਰੇਲੂ ਮਜਬੂਰੀ ਦੱਸੀ ਸੀ। ਹਾਲਾਂਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਇਕ ਮਕਬੂਲ ਨੇਤਾ ਹਨ ਤੇ ਬਹੁਗਿਣਤੀ ਪੰਜਾਬ ਦੇ ਵਿਧਾਇਕ ਉਨ੍ਹਾਂ ਦੀ ਪਿੱਠ ‘ਤੇ ਖੜ੍ਹੇ ਹਨ ਪਰ ਉਹ ਸੰਸਦ ਦੀ ਤਰ੍ਹਾਂ ਵਿਧਾਨ ਸਭਾ ਤੋਂ ਵੀ ਦੂਰ ਹੀ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸਾਲ 2007-2012 ਦੌਰਾਨ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਵਿਚੋਂ ਜ਼ਿਆਦਾਤਰ ਗ਼ੈਰਹਾਜ਼ਰ ਰਹੇ ਹਨ। ਵਿਧਾਨ ਸਭਾ ਦੇ ਇਨ੍ਹਾਂ ਪੰਜ ਵਰ੍ਹਿਆਂ ਦੌਰਾਨ 13 ਸੈਸ਼ਨ ਹੋਏ ਤੇ ਕੁੱਲ 88 ਬੈਠਕਾਂ ਹੋਈਆਂ। ਇਨ੍ਹਾਂ ਬੈਠਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਸਿਰਫ਼ 13 ਦਿਨ ਹੀ ਹਾਜ਼ਰ ਹੋਏ ਤੇ 55 ਦਿਨ ਗ਼ੈਰਹਾਜ਼ਰ ਰਹੇ। ਪੰਜਾਬ ਵਿਧਾਨ ਸਭਾ ਵਿਚੋਂ 10 ਜੁਲਾਈ 2008 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਬਰਖ਼ਾਸਤ ਕਰ ਦਿੱਤੀ ਗਈ ਸੀ ਤੇ ਸੁਪਰੀਮ ਕੋਰਟ ਨੇ 26 ਅਪਰੈਲ 2010 ਨੂੰ ਉਨ੍ਹਾਂ ਦੀ ਮੈਂਬਰਸ਼ਿਪ ਮੁੜ ਬਹਾਲ ਕਰ ਦਿੱਤੀ ਸੀ। ਇਸ ਬਰਖ਼ਾਸਤਗੀ ਦੌਰਾਨ ਸੈਸ਼ਨ ਦੀਆਂ 20 ਬੈਠਕਾਂ ਹੋਈਆਂ ਸਨ।
________________________________________
ਸੁੰਘੜਦੇ ਜਾ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ
ਪੰਜਾਬ ਵਿਚ ਅਸੈਂਬਲੀ ਸੈਸ਼ਨ ਆਏ ਦਿਨ ਲਗਾਤਾਰ ਛੋਟੇ ਹੁੰਦੇ ਜਾ ਰਹੇ ਹਨ। ਮਿਲੇ ਵੇਰਵਿਆਂ ਅਨੁਸਾਰ ਸਾਲ 1997-2002 ਦੌਰਾਨ ਪੰਜਾਬ ਵਿਧਾਨ ਸਭਾ ਦੇ 13 ਸਮਾਗਮ ਹੋਏ ਜਿਨ੍ਹਾਂ ਦੌਰਾਨ 95 ਬੈਠਕਾਂ ਹੋਈਆਂ। ਕਾਂਗਰਸ ਦੇ ਰਾਜ ਭਾਗ ਦੌਰਾਨ, ਭਾਵ ਸਾਲ 2002-2007 ਦੌਰਾਨ ਵਿਧਾਨ ਸਭਾ ਦੇ 12 ਸਮਾਗਮ ਹੋਏ ਜਿਨ੍ਹਾਂ ਦੌਰਾਨ ਕੁੱਲ 81 ਬੈਠਕਾਂ ਹੋਈਆਂ ਸਨ। ਇਸੇ ਤਰ੍ਹਾਂ ਸਾਲ 2007-2012 ਦੌਰਾਨ ਵਿਧਾਨ ਸਭਾ ਦੇ ਕੁੱਲ 13 ਸਮਾਗਮਾਂ ਦੌਰਾਨ 88 ਬੈਠਕਾਂ ਹੋਈਆਂ। ਕਾਂਗਰਸ ਦੀ ਹਕੂਮਤ ਸਮੇਂ ਵਿਧਾਨ ਸਭਾ ਦਾ ਤੀਜਾ ਸਮਾਗਮ ਤੇ ਅਕਾਲੀ ਹਕੂਮਤ ਦੌਰਾਨ 12ਵਾਂ ਸਮਾਗਮ ਸਿਰਫ਼ ਇਕ-ਇਕ ਹੀ ਚੱਲਿਆ। ਇਸ ਰੁਝਾਨ ਤੋਂ ਸਪਸ਼ਟ ਹੈ ਕਿ ਸਾਲ 1997 ਮਗਰੋਂ ਵਿਧਾਨ ਸਭਾ ਦੀਆਂ ਬੈਠਕਾਂ ਦੀ ਗਿਣਤੀ ਸੌ ਦੇ ਅੰਕੜੇ ਨੂੰ ਛੂਹ ਹੀ ਨਹੀਂ ਸਕੀ ਹੈ।
ਜੇਕਰ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦਾ ਜੋ ਮੈਂਬਰ ਲਗਾਤਾਰ 60 ਬੈਠਕਾਂ ਵਿਚੋਂ ਗ਼ੈਰਹਾਜ਼ਰ ਰਹਿੰਦਾ ਹੈ, ਉਸ ਦੀ ਮੈਂਬਰਸ਼ਿਪ ਖਾਰਜ ਹੋ ਸਕਦੀ ਹੈ। ਜੇਕਰ ਇਨ੍ਹਾਂ 60 ਬੈਠਕਾਂ ਦੌਰਾਨ ਕਿਸੇ ਇਕ ਦਿਨ ਵੀ ਮੈਂਬਰ ਹਾਜ਼ਰ ਹੋ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਬਣਦੀ ਹੈ।