‘ਭਾਰਤ ਦਾ ਭਵਿੱਖ ਹੈ ਕੀ’, ਜਵਾਬ ਸਾਨੂੰ ਲੱਭਣਾ ਪਵੇਗਾ

-ਜਤਿੰਦਰ ਪਨੂੰ
ਤਿੰਨ ਹਫਤੇ ਅਮਰੀਕਾ ਅਤੇ ਕੈਨੇਡਾ ਵਿਚ ਗੁਜ਼ਾਰ ਕੇ ਵਾਪਸ ਪੁੱਜਾ ਹਾਂ ਤਾਂ ਮਨ ਉਤੇ ਉਹ ਸਾਰੇ ਸਵਾਲ ਭਾਰੂ ਹਨ, ਜਿਹੜੇ ਓਥੇ ਲਗਭਗ ਹਰ ਥਾਂ ਪੁੱਛੇ ਜਾਂਦੇ ਰਹੇ ਸਨ।
ਅਮਰੀਕਾ ਵਿਚ ਪਹਿਲੀ ਵਾਰੀ ਗਿਆ ਸਾਂ ਅਤੇ ਜਾਣ ਦਾ ਸਬੱਬ ਫਰਿਜ਼ਨੋ ਵਿਚ ਗ਼ਦਰ ਲਹਿਰ ਵਾਲੇ ਮਹਾਨ ਬਾਬਿਆਂ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਪੰਦਰਵਾਂ ਮੇਲਾ ਸੀ।

ਇਸ ਮੇਲੇ ਦੀ ਸ਼ੁਰੂਆਤ ਸਾਬਕਾ ਵਿਧਾਇਕ ਕਾਮਰੇਡ ਗੁਰਬਖਸ਼ ਸਿੰਘ ਧਾਲੀਵਾਲ ਹੁਰਾਂ ਕੀਤੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਹਰ ਵਾਰੀ ਅਜੋਕੇ ਪ੍ਰਬੰਧਕਾਂ ਵੱਲੋਂ ਹੁਕਮ ਹੁੰਦਾ ਰਿਹਾ ਕਿ ਜ਼ਰੂਰ ਆਵਾਂ, ਪਰ ਸਿਹਤ ਦੀ ਮਜਬੂਰੀ ਕਾਰਨ ਜਾ ਨਹੀਂ ਸੀ ਸਕਿਆ। ਹੁਣ ਉਥੋਂ ਵਾਲਿਆਂ ਦਾ ਕਿਹਾ ਮੰਨ ਕੇ ਜਦੋਂ ਗਿਆ ਤਾਂ ਇਹ ਫੇਰੀ ਇਸ ਮੇਲੇ ਲਈ ਹੋਏ ਦੋ ਸਮਾਗਮਾਂ ਮੌਕੇ ਪੰਜਾਬੀਆਂ ਦੀ ਵੱਡੀ ਗਿਣਤੀ ਨਾਲ ਮੇਲ ਦਾ ਸਬੱਬ ਬਣ ਗਈ।
ਜਦੋਂ ਕਦੇ ਵਿਦੇਸ਼ ਵਿਚ ਇਹੋ ਜਿਹੀ ਕੋਈ ਮੀਟਿੰਗ ਹੋਵੇ, ਪੰਜਾਬ ਅਤੇ ਭਾਰਤ ਦਾ ਜ਼ਿਕਰ ਜ਼ਰੂਰ ਛਿੜ ਜਾਂਦਾ ਹੈ। ਇਹ ਜ਼ਿਕਰ ਇਸ ਵਾਰੀ ਵੀ ਛਿੜਿਆ। ਕੋਈ ਪੰਜਾਬ ਵਿਚ ਨਸ਼ਿਆਂ ਵਾਲੇ ਵਹਿਣ ਦੀ ਚਰਚਾ ਕਰ ਕੇ ਦੁਖੀ ਹੋ ਰਿਹਾ ਸੀ ਤੇ ਕੋਈ ਭ੍ਰਿਸ਼ਟਾਚਾਰ ਦੀ ਲਾਗ ਸਰਕਾਰੀ ਦਫਤਰਾਂ ਦੀਆਂ ਫਾਈਲਾਂ ਤੋਂ ਨਿਕਲ ਕੇ ਰੇਤ-ਬੱਜਰੀ ਦੀਆਂ ਖੱਡਾਂ ਤੱਕ ਚਲੀ ਜਾਣ ਦੀ ਕਹਾਣੀ ਪਾ ਰਿਹਾ ਸੀ। ਸੂਚਨਾ-ਪ੍ਰਸਾਰਨ ਤਕਨੀਕ ਦੇ ਬਹੁਤ ਜ਼ਿਆਦਾ ਤਰੱਕੀ ਕਰ ਜਾਣ ਨਾਲ ਸਾਡੇ ਲੋਕ ਹੁਣ ਇਸ ਗੱਲ ਦੇ ਮੁਥਾਜ ਨਹੀਂ ਰਹੇ ਕਿ ਕੋਈ ਜਤਿੰਦਰ ਪਨੂੰ ਪੰਜਾਬ ਤੋਂ ਆ ਕੇ ਉਨ੍ਹਾਂ ਨੂੰ ਜਾਣਕਾਰੀਆਂ ਪਰੋਸੇਗਾ ਜਾਂ ਅਕਲ ਦਾ ਪ੍ਰਤੀਕ ਬਣਨ ਦਾ ਯਤਨ ਕਰੇਗਾ। ਕਈ ਮਾਮਲਿਆਂ ਦਾ ਵੇਰਵਾ ਉਹ ਇਸ ਤਰ੍ਹਾਂ ਪੇਸ਼ ਕਰੀ ਜਾਂਦੇ ਸਨ, ਜਿਵੇਂ ਉਹ ਪੰਜਾਬ ਵਿਚ ਰਹਿੰਦੇ ਹੋਣ ਤੇ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਲਈ ਮੈਂ ਉਨ੍ਹਾਂ ਮੂਹਰੇ ਝੋਲੀ ਫੈਲਾਈ ਬੈਠਾ ਹੋਵਾਂ। ਕਿਉਂਕਿ ਉਨ੍ਹਾਂ ਕੋਲ ਜਾਣਕਾਰੀ ਦੀ ਘਾਟ ਨਹੀਂ, ਇਸ ਲਈ ਪੰਜਾਬ ਅਤੇ ਭਾਰਤ ਬਾਰੇ ਚਿੰਤਾ ਕਰਨ ਪੱਖੋਂ ਵੀ ਉਹ ਸਾਡੇ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ।
ਮੇਰੀ ਇੱਕ ਹਕੀਕੀ ਮੁਸ਼ਕਲ ਸੀ, ਤੇ ਉਹ ਇਹ ਕਿ ਜਿਹੜੇ ਲੋਕ ਇਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਇਨ੍ਹਾਂ ਦੇ ਹੱਲ ਲਈ ਮੇਰੇ ਵੱਲ ਝਾਕਦੇ ਸਨ, ਉਨ੍ਹਾਂ ਦੀ ਵੱਡੀ ਗਿਣਤੀ ਮੇਰੇ ਤੋਂ ਉਮਰ ਵਿਚ ਵੀ ਵੱਡੀ ਸੀ ਤੇ ਅਕਲ ਅਤੇ ਤਜਰਬੇ ਦੇ ਪੱਖੋਂ ਵੀ ਪਿੱਛੇ ਨਹੀਂ ਸੀ। ਆਰ ਐਸ ਐਸ ਅਤੇ ਅਕਾਲੀ ਦਲ ਜਾਂ ਕਾਂਗਰਸ ਦੇ ਕਿਰਦਾਰ ਬਾਰੇ ਉਨ੍ਹਾਂ ਨੂੰ ਮੈਂ ਨਹੀਂ ਸੀ ਦੱਸਣਾ, ਉਹ ਪਹਿਲਾਂ ਹੀ ਜਾਣਦੇ ਸਨ। ਜਿਨ੍ਹਾਂ ਨੂੰ ਬਹੁਤਾ ਪਤਾ ਨਹੀਂ, ਉਹ ਵੀ ਨਰਿੰਦਰ ਮੋਦੀ ਵਿਚੋਂ ਪ੍ਰਧਾਨ ਮੰਤਰੀ ਵਾਲੇ ਅਕਸ ਦੀ ਘਾਟ ਵੇਖਦੇ ਸਨ ਤੇ ਇਸ ਹਾਲਤ ਵਿਚੋਂ ਭਾਰਤ ਦੇ ਭਵਿੱਖ ਬਾਰੇ ਕਈ ਕਿੰਤੂ ਕੱਢ ਲੈਂਦੇ ਸਨ। ਇੰਜ ਲੱਗਦਾ ਸੀ ਕਿ ਉਹ ਲੋਕ ਉਥੋਂ ਬਾਰੇ ਘੱਟ ਤੇ ਭਾਰਤ ਬਾਰੇ ਵੱਧ ਸੋਚਦੇ ਹਨ।
ਜਿੰਨੇ ਲੋਕਾਂ ਨੂੰ ਮੈਂ ਮਿਲਿਆ, ਉਨ੍ਹਾਂ ਵਿਚੋਂ ਕਈ ਉਹ ਵੀ ਸਨ, ਜਿਹੜੇ ਪਿਛਲੇ ਸਾਲ ਤੱਕ ਇਹ ਗੱਲ ਕਹਿਣ ਵਿਚ ਕੋਈ ਸੰਕੋਚ ਨਹੀਂ ਸਨ ਕਰਦੇ ਕਿ ਨਰਿੰਦਰ ਮੋਦੀ ਮਾੜਾ ਵੀ ਹੋਵੇ ਤਾਂ ਜਿਹੜੀ ਸੜ੍ਹਿਆਂਦ ਕਾਂਗਰਸ ਦੀ ਪਿਛਲੇ ਦਸ ਸਾਲਾਂ ਦੀ ਹਕੂਮਤ ਦੌਰਾਨ ਖਿੱਲਰ ਗਈ ਹੈ, ਇਸ ਤੋਂ ਵੱਧ ਨਹੀਂ ਖਿਲਾਰ ਦੇਵੇਗਾ। ਹੁਣ ਉਹ ਇਸ ਦੀ ਥਾਂ ਇਹ ਕਹਿੰਦੇ ਸਨ ਕਿ ਨਰਿੰਦਰ ਮੋਦੀ ਦੀ ਹਰ ਹਰਕਤ ਇੱਕ ਛੋਟੇ ਭਾਂਡੇ ਵਿਚੋਂ ਉਠੇ ਵੱਡੇ ਉਬਾਲੇ ਵਾਂਗ ਹੈ ਤੇ ਜਿੰਨੀ ਤੇਜ਼ੀ ਨਾਲ ਉਠੀ ਹੈ, ਓਨੀ ਤੇਜ਼ੀ ਨਾਲ ਬਹਿ ਵੀ ਸਕਦੀ ਹੈ। ਪਿਛਲੇ ਸਾਲ ਤੱਕ ਵਿਦੇਸ਼ ਬੈਠੇ ਉਹ ਵੀਰ ਅਤੇ ਭੈਣਾਂ ਇਹ ਸਮਝਦੇ ਸਨ ਕਿ ਚੰਗਾ ਹੋਵੇ ਜਾਂ ਮਾੜਾ, ਨਰਿੰਦਰ ਮੋਦੀ ਦੀ ਚੜ੍ਹਤ ਜਿੱਦਾਂ ਸ਼ੁਰੂ ਹੋ ਗਈ ਹੈ, ਉਸ ਦਾ ਰਾਹ ਹੁਣ ਕਿਸੇ ਕੋਲੋਂ ਰੋਕਿਆ ਨਹੀਂ ਜਾ ਸਕਣਾ। ਹੁਣ ਉਹ ਇਸ ਤਰ੍ਹਾਂ ਨਹੀਂ ਸੋਚਦੇ। ਦਿੱਲੀ ਦੇ ਲੋਕਾਂ ਨੇ ਜਿਸ ਤਰ੍ਹਾਂ ਮੋਦੀ ਅਤੇ ਉਸ ਦੀ ਚੜ੍ਹਤ ਨੂੰ ਠੱਲ੍ਹਿਆ ਹੈ, ਵਿਦੇਸ਼ ਬੈਠੇ ਲੋਕਾਂ ਨੂੰ ਹੁਣ ਉਸ ਪਿੱਛੋਂ ਬਿਹਾਰ ਵਿਚ ਭਾਜਪਾ ਦੇ ਪੈਰ ਟਿਕਣ ਦੀ ਗੁੰਜਾਇਸ਼ ਵੀ ਨਹੀਂ ਦਿੱਸਦੀ। ਹੁਣ ਤੇਜ਼ੀ ਫੜ ਚੁੱਕੇ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠਲੇ ਵਿਦੇਸ਼ ਵੱਸਦੇ ਸਾਡੇ ਪੰਜਾਬੀ ਪਿਛਲੇ ਸਾਲ ਦੇ ਪ੍ਰਭਾਵ ਤੋਂ ਇਸ ਵੇਲੇ ਬਿਲਕੁਲ ਉਲਟ ਪ੍ਰਭਾਵ ਨਾਲ ਭਰੇ ਪਏ ਹਨ।
ਇੱਕ ਗੱਲ ਉਨ੍ਹਾਂ ਸਭ ਦਾ ਮਨ ਖੱਟਾ ਕਰਨ ਵਾਲੀ ਹੈ ਤੇ ਉਹ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਆਪਸ ਵਿਚ ਟਕਰਾਓ। ਉਹ ਕਹਿੰਦੇ ਹਨ ਕਿ ਅਸੀਂ ਸੋਚਿਆ ਸੀ ਕਿ ਜਿਹੜਾ ਕੰਮ ਕਮਿਊਨਿਸਟ ਨਹੀਂ ਸਨ ਕਰ ਸਕੇ, ਅਤੇ ਆਪਸੀ ਭੇੜ ਵਿਚ ਰੁੱਝ ਜਾਣ ਪਿੱਛੋਂ ਅਸਲ ਮੁੱਦੇ ਭੁੱਲ ਬੈਠੇ ਸਨ, ਉਹ ਕੰਮ ਆਮ ਆਦਮੀ ਪਾਰਟੀ ਜੇ ਕਰਨ ਤੁਰ ਪਵੇ ਤਾਂ ਕੁਝ ਨਾ ਕੁਝ ਸੁਧਾਰ ਹੋਵੇਗਾ। ਕਮਿਊਨਿਸਟ ਲਹਿਰ ਨਾਲ ਜੁੜੇ ਰਹੇ ਇੱਕ ਸੱਜਣ ਨੇ ਇਹ ਵੀ ਕਹਿ ਦਿੱਤਾ ਕਿ ਫੀਡਲ ਕਾਸਟਰੋ ਵੀ ਪਹਿਲਾਂ ਕਮਿਊਨਿਸਟ ਨਹੀਂ, ਸਿਰਫ ਇਮਾਨਦਾਰ ਸਮਾਜ ਸੇਵੀ ਸੀ ਅਤੇ ਕੋਈ ਵੀ ਸਮਾਜ ਸੇਵੀ ਜੇ ਬੇਈਮਾਨ ਨਾ ਹੋਵੇ ਤਾਂ ਅੰਤ ਨੂੰ ਕਮਿਊਨਿਸਟ ਬਣ ਜਾਂਦਾ ਹੈ। ਇਸ ਦਲੀਲ ਨਾਲ ਉਹ ਅਰਵਿੰਦ ਕੇਜਰੀਵਾਲ ਵਿਚੋਂ ਭਵਿੱਖ ਦਾ ਕਾਮਰੇਡ ਕਾਸਟਰੋ ਵੇਖਣ ਤੱਕ ਚਲੇ ਜਾਂਦੇ ਸਨ, ਜਿਸ ਨਾਲ ਸਹਿਮਤ ਹੋਣਾ ਸਾਡੇ ਲਈ ਔਖਾ ਹੈ, ਪਰ ਉਨ੍ਹਾਂ ਦੀ ਦਲੀਲ ਵਿਚ ਵਜ਼ਨ ਹੈ। ਮਾੜੀ ਗੱਲ ਇਹ ਹੋਈ ਕਿ ਨਵੀਂ ਉਠ ਰਹੀ ਜਿਸ ‘ਆਪ’ ਪਾਰਟੀ ਤੋਂ ਸੋਸ਼ਲ ਮੀਡੀਏ ਨਾਲ ਜੁੜੇ ਪ੍ਰਵਾਸੀ ਪੰਜਾਬੀਆਂ ਤੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਸਾਰੀਆਂ ਆਸਾਂ ਸਨ, ਉਹ ਹੁਣ ਏਡੇ ਵੱਡੇ ਪਾਟਕ ਦਾ ਸ਼ਿਕਾਰ ਹੋਈ ਹੈ ਕਿ ਉਹ ਲੋਕ ਸਦਮਾ ਮਹਿਸੂਸ ਕਰਦੇ ਹਨ। ਇਸ ਸਦਮੇ ਨੂੰ ਭਗਵੰਤ ਮਾਨ ਦੇ ਆਪਣੀ ਪਤਨੀ ਨਾਲ ਤਲਾਕ ਦੀਆਂ ਖਬਰਾਂ ਨੇ ਵਧਾ ਦਿੱਤਾ ਹੈ। ਮੋਦੀ ਨੂੰ ਉਸ ਦੀ ਪਤਨੀ ਨਾਲ ਸਬੰਧਾਂ ਬਾਰੇ ਵਲਾਵੇਂ ਪਾ ਕੇ ਚੋਭ ਲਾਉਣ ਵਾਲਿਆਂ ਨੂੰ ਆਪ ਵੀ ਸੰਭਲ ਕੇ ਚੱਲਣ ਦੀ ਲੋੜ ਸੀ।
ਰਹੀ ਗੱਲ ਪ੍ਰਵਾਸੀ ਪੰਜਾਬੀਆਂ ਵੱਲੋਂ ਭਾਰਤ ਤੇ ਪੰਜਾਬ ਦੇ ਭਵਿੱਖ ਬਾਰੇ ਪੁੱਛੇ ਜਾ ਰਹੇ ਸਵਾਲਾਂ ਦੀ, ਜਿਨ੍ਹਾਂ ਦਾ ਜਵਾਬ ਉਹ ਮੇਰੇ ਵਰਗੇ ਛੋਟੇ ਜਿਹੇ ਬੰਦੇ ਕੋਲੋਂ ਭਾਲਦੇ ਸਨ। ਮੈਂ ਉਨ੍ਹਾਂ ਨੂੰ ਕੋਈ ਆਸ ਦੀ ਕਿਰਨ ਵਿਖਾ ਸਕਣ ਵਿਚ ਸਫਲ ਨਹੀਂ ਸਾਂ ਹੋ ਸਕਦਾ। ਜਦੋਂ ਰਾਜ ਤੇ ਦੇਸ਼ ਦੇ ਹਾਕਮ ਕੁਝ ਚੰਗਾ ਕਰਨ ਦੀ ਥਾਂ ਹਰ ਨਵੇਂ ਦਿਹਾੜੇ ਕੋਈ ਬੇਹੂਦਾ ਵਿਵਾਦ ਛੇੜਦੇ ਰਹਿਣ ਦੀ ਆਦਤ ਪਾ ਚੁੱਕੇ ਹੋਣ, ਉਦੋਂ ਆਸ ਕਿਵੇਂ ਬੰਨ੍ਹਾਈ ਜਾ ਸਕਦੀ ਹੈ?
ਮੇਰੇ ਵਤਨ ਵਾਪਸੀ ਤੋਂ ਇੱਕ ਦਿਨ ਪਹਿਲਾਂ ਦੋ ਖਬਰਾਂ ਆਈਆਂ ਸਨ, ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ ਗੋਆ ਦੇ ਮੁੱਖ ਮੰਤਰੀ ਦੇ ਖਿਲਾਫ ਔਰਤਾਂ ਵਿਚ ਬਹੁਤ ਗੁੱਸਾ ਹੈ। ਗੁੱਸੇ ਦਾ ਕਾਰਨ ਇਹ ਹੈ ਕਿ ਉਸ ਨੇ ਮੁਜ਼ਾਹਰੇ ਕਰਦੀਆਂ ਨਰਸਿੰਗ ਕਿੱਤੇ ਨਾਲ ਜੁੜੀਆਂ ਔਰਤਾਂ ਨਾਲ ਇਹ ਮਜ਼ਾਕ ਕੀਤਾ ਕਿ ਧੁੱਪੇ ਖੜੇ ਹੋ ਕੇ ਮੁਜ਼ਾਹਰਾ ਨਾ ਕਰੋ, ਏਦਾਂ ਰੰਗ ਕਾਲਾ ਹੋ ਗਿਆ ਤਾਂ ਕੋਈ ਢੰਗ ਦਾ ਵਰ ਨਹੀਂ ਮਿਲੇਗਾ। ਜਦੋਂ ਮਾਮਲਾ ਤੂਲ ਫੜ ਗਿਆ, ਉਦੋਂ ਮੁੱਖ ਮੰਤਰੀ ਨਵੇਂ ਰੰਗ ਵਿਚ ਬੋਲ ਪਿਆ ਕਿ ਮੈਂ ਜਿਸ ਕੁੜੀ ਨੂੰ ਇਹ ਕਿਹਾ ਸੀ, ਉਸ ਨੂੰ ਜਾਣਦਾ ਸਾਂ ਤੇ ਮੁਜ਼ਾਹਰੇ ਕਰਦੀ ਦਾ ਉਸ ਦਾ ਰੰਗ ਏਨਾ ਖਰਾਬ ਹੋ ਗਿਆ ਸੀ ਕਿ ਪਛਾਣੀ ਨਹੀਂ ਸੀ ਗਈ। ਸੱਚਮੁੱਚ ਇਹ ਕਾਰਨ ਵੀ ਹੋਵੇ ਤਾਂ ਵੀ ਟਿੱਪਣੀ ਮਾੜੀ ਸੀ।
ਇੱਕ ਵਾਰੀ ਪੰਜਾਬ ਦੀ ਵਿਧਾਨ ਸਭਾ ਵਿਚ ਜਦੋਂ ਇੱਕ ਮੰਤਰੀ ਨੇ ਗੰਦੀ ਗਾਲ੍ਹ ਕੱਢ ਦਿੱਤੀ ਤੇ ਇਸ ਗਾਲ੍ਹ ਦੇ ਬਾਰੇ ਡਿਪਟੀ ਮੁੱਖ ਮੰਤਰੀ ਨੂੰ ਪੁੱਛਿਆ ਗਿਆ, ਉਸ ਦਾ ਉਹ ਜਵਾਬ ਇਸ ਨਾਲ ਜੋੜਿਆ ਜਾ ਸਕਦਾ ਹੈ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਅੱਗੋਂ ਇਹ ਪੁੱਛ ਲਿਆ ਸੀ ਕਿ ਗਾਲ੍ਹ ਕਿਸ ਨੇ ਸੁਣੀ ਹੈ? ਜਦੋਂ ਇੱਕ ਪੱਤਰਕਾਰ ਬੀਬੀ ਨੇ ਕਿਹਾ ਕਿ ਗਾਲ੍ਹ ਉਸ ਨੇ ਵੀ ਸੁਣੀ ਹੈ ਤਾਂ ਡਿਪਟੀ ਮੁੱਖ ਮੰਤਰੀ ਨੇ ਕਹਿ ਦਿੱਤਾ ਸੀ ਕਿ ‘ਦੱਸੋ ਤੁਸੀਂ ਕੀ ਸੁਣਿਆ ਸੀ?’ ਉਹ ਬੀਬੀ ਗਾਲ੍ਹ ਕੱਢ ਕੇ ਨਹੀਂ ਸੀ ਦੱਸ ਸਕਦੀ, ਤੇ ਦੱਸਣ ਦੀ ਕੋਈ ਲੋੜ ਵੀ ਨਹੀਂ ਸੀ, ਕਿਉਂਕਿ ਸਾਰੇ ਪੰਜਾਬ ਦੇ ਲੋਕ ਉਹ ਗਾਲ੍ਹ ਸੁਣ ਚੁੱਕੇ ਸਨ। ਏਦਾਂ ਦੀਆਂ ਗੱਲਾਂ ਸਾਡੇ ਦੇਸ਼ ਵਿਚ ਆਮ ਹੀ ਹੋ ਜਾਂਦੀਆਂ ਹਨ।
ਸਿਰਫ ਏਦਾਂ ਦੀਆਂ ਗੱਲਾਂ ਹੀ ਨਹੀਂ, ਇਸ ਤੋਂ ਅੱਗੇ ਦੀਆਂ ਵੀ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਮੰਤਰੀ ਗਿਰੀਰਾਜ ਸਿੰਘ ਨੂੰ ਆਪਣੇ ਰਾਜ ਦਾ ਨਾਂ ਲੈਣਾ ਹਾਲੇ ਤੱਕ ਨਹੀਂ ਆਉਂਦਾ ਤੇ ਬਿਹਾਰ ਕਹਿਣ ਦੀ ਥਾਂ ‘ਬਿਹਾੜ’ ਕਹਿੰਦਾ ਹੈ, ਪਰ ਸੋਨੀਆ ਗਾਂਧੀ ਦੇ ਗੋਰੇ ਰੰਗ ਤੇ ਉਸ ਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਾਉਣ ਨਾਲ ਜੋੜ ਕੇ ਇਹੋ ਜਿਹੀ ਟਿੱਪਣੀ ਕਰ ਗਿਆ ਹੈ ਕਿ ਨਾਈਜੀਰੀਆ ਦੇ ਰਾਜਦੂਤ ਨੂੰ ਵੀ ਪ੍ਰਤੀਕਰਮ ਦੇਣਾ ਪਿਆ ਹੈ। ਇਹ ਟਿੱਪਣੀ ਸਿਰੇ ਦੀ ਨਸਲਵਾਦੀ ਟਿੱਪਣੀ ਹੈ। ਸੋਨੀਆ ਗਾਂਧੀ ਦੇ ਰੰਗ ਜਾਂ ਨਸਲ ਬਾਰੇ ਟਿੱਪਣੀ ਭਾਰਤ ਦੇ ਸੰਵਿਧਾਨ ਦਾ ਉਲੰਘਣ ਹੈ, ਜਿਸ ਵਿਚ ਦਰਜ ਹੈ ਕਿ ਕਿਸੇ ਦੇ ਜਾਤ, ਰੰਗ, ਧਰਮ ਜਾਂ ਨਸਲ ਨੂੰ ਲੈ ਕੇ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ਤੇ ਅਜਿਹਾ ਕਰਨਾ ਕਾਨੂੰਨੀ ਜੁਰਮ ਹੈ।
ਗਿਰੀਰਾਜ ਨੇ ਜਿਹੜੀ ਟਿੱਪਣੀ ਕੀਤੀ ਹੈ, ਇਸ ਤੋਂ ਪਹਿਲਾਂ ਏਦਾਂ ਦੀ ਟਿਪਣੀ ਅਕਾਲੀ ਆਗੂ ਵੀ ਕਰ ਦਿੰਦੇ ਰਹੇ ਹਨ। ਸੋਨੀਆ ਗਾਂਧੀ ਦੇ ਪੰਜਾਬ ਦੌਰੇ ਮੌਕੇ ਉਹ ਭੀੜ ਵੇਖ ਕੇ ਇਹ ਟਿਪਣੀ ਕਈ ਵਾਰ ਕਰ ਦਿੰਦੇ ਰਹੇ ਸਨ ਕਿ ‘ਲੋਕ ਮੇਮਾਂ ਵੇਖਣ ਜਾਂਦੇ ਹਨ।’ ਵਿਦੇਸ਼ ਵਿਚ ਇੱਕ ਵਾਰ ਇੱਕ ਗੋਰਾ ਬੱਚਾ ਜਦੋਂ ਮੈਨੂੰ ਲੰਡਨ ਦੇ ਇੱਕ ਇਲਾਕੇ ਵਿਚ ‘ਬਲੱਡੀ ਪੈਕੀ’ ਦੇ ਨਸਲਵਾਦੀ ਸ਼ਬਦ ਕਹਿ ਕੇ ਦੌੜ ਗਿਆ ਸੀ, ਉਦੋਂ ਮੈਨੂੰ ਵੀ ਚੁਭਿਆ ਸੀ, ਤੇ ਸਾਡੇ ਕਈ ਹੋਰ ਲੋਕਾਂ ਨੂੰ ਵੀ ਏਦਾਂ ਦੇ ਸ਼ਬਦ ਚੁਭਦੇ ਹਨ, ਪਰ ਸੋਨੀਆ ਗਾਂਧੀ ਬਾਰੇ ਉਦੋਂ ਕਹੇ ਗਏ ‘ਮੇਮ’ ਵਾਲੇ ਸ਼ਬਦ ਜਾਂ ਹੁਣ ਵਾਲੀ ਗਿਰੀਰਾਜ ਦੀ ਟਿੱਪਣੀ ਉਨ੍ਹਾਂ ਸਾਰਿਆਂ ਨੂੰ ਨਹੀਂ ਚੁਭੀ। ਰਾਜਨੀਤੀ ਦੇ ਰੰਗ ਵੀ ਨਿਆਰੇ ਹਨ, ਕਈ ਵਾਰੀ ਅੱਖੀਂ ਵੇਖ ਅਤੇ ਕੰਨੀਂ ਸੁਣ ਕੇ ਵੀ ਮੁੱਕਰਨ ਨੂੰ ਕਈ ਲੋਕ ਤਿਆਰ ਹੋ ਜਾਂਦੇ ਹਨ।
ਜਦੋਂ ਗੱਲ ਭਾਰਤ ਦੇ ਭਵਿੱਖ ਦੀ ਹੁੰਦੀ ਹੈ ਤਾਂ ਭਾਰਤ ਦਾ ‘ਅੱਜ’ ਸਾਹਮਣੇ ਰੱਖਣਾ ਪੈਂਦਾ ਹੈ ਅਤੇ ਭਾਰਤ ਦਾ ‘ਅੱਜ’ ਇਹ ਹੈ ਕਿ ਇੱਕ ਕੇਂਦਰੀ ਮੰਤਰੀ ਬੀਬੀ ਨੇ ਇੱਕ ਸ਼ੋਅ ਰੂਮ ਵਿਚ ਚੇਂਜਿੰਗ ਰੂਮ ਵਿਚ ਕੈਮਰਾ ਲਾਇਆ ਫੜ ਲਿਆ ਹੈ। ਇਹ ਭੇਦ ਖੁੱਲ੍ਹਣ ਵਿਚ ਦੇਰ ਨਹੀਂ ਲੱਗੀ ਕਿ ਰਿਕਾਰਡਿੰਗ ਉਥੋਂ ਦੇ ਮੈਨੇਜਰ ਦੇ ਕਮਰੇ ਵਿਚ ਹੁੰਦੀ ਸੀ। ਜੇ ਇਹ ਕੈਮਰਾ ਕਿਸੇ ਹੋਰ ਰਾਜ ਵਿਚ ਲੱਗਾ ਹੁੰਦਾ ਤਾਂ ਰਾਜਸੀ ਰੰਗ ਲੈ ਸਕਦਾ ਸੀ, ਪਰ ਇਹ ਉਸ ਗੋਆ ਵਿਚ ਲੱਗਾ ਫੜਿਆ ਗਿਆ, ਜਿੱਥੇ ਸਰਕਾਰ ਭਾਜਪਾ ਦੀ ਕਮਾਨ ਹੇਠ ਹੈ। ਭਾਜਪਾ ਸੱਭਿਆਚਾਰ ਦੀ ਠੇਕੇਦਾਰੀ ਦਾ ਝੰਡਾ ਵੀ ਚੁੱਕੀ ਰੱਖਦੀ ਹੈ। ਉਂਜ ਭਾਜਪਾ ਦੀ ਸੱਭਿਆਚਾਰ ਦੀ ਠੇਕੇਦਾਰੀ ਹੋਰ ਗੱਲ ਹੈ, ਅਮਲ ਹੋਰ। ਇੱਕ ਵਾਰੀ ਇੱਕ ਰਾਜ ਵਿਚ ਵਿਧਾਨ ਸਭਾ ਦਾ ਸੈਸ਼ਨ ਚੱਲਦੇ ਦੌਰਾਨ ਜਿਹੜੇ ਤਿੰਨ ਵਿਧਾਇਕ ਮੋਬਾਈਲ ਫੋਨ ਉਤੇ ਪੋਰਨ ਫਿਲਮ ਲਾ ਕੇ ਵੇਖਦੇ ਫੜੇ ਗਏ ਸਨ, ਉਹ ਤਿੰਨੇ ਮੈਂਬਰ ਭਾਜਪਾ ਦੇ ਸਨ। ਇਸ ਕੰਮ ਲਈ ਉਨ੍ਹਾਂ ਨੇ ਜਿਹੜੇ ਮੋਬਾਈਲ ਸੈਟ ਵਰਤੇ, ਉਹ ਵੀ ਸਰਕਾਰ ਨੇ ਉਨ੍ਹਾਂ ਨੂੰ ਇਸ ਲਈ ਲੈ ਕੇ ਦਿੱਤੇ ਸਨ ਕਿ ਲੋਕਾਂ ਦੀ ਸੇਵਾ ਲਈ ਵਰਤੇ ਜਾਣਗੇ, ਪਰ ਉਨ੍ਹਾਂ ਨੇ ਇਸ ਨੂੰ ਆਪਣੀ ਬਿਮਾਰ ਮਾਨਸਿਕਤਾ ਲਈ ਵਰਤਣ ਦਾ ਕੰਮ ਵਿਧਾਨ ਸਭਾ ਵਿਚ ਵੀ ਸ਼ੁਰੂ ਕਰ ਦਿੱਤਾ ਸੀ।
ਜਦੋਂ ਭਾਜਪਾ ਦੇ ਇਨ੍ਹਾਂ ਆਗੂਆਂ ਦੀ ਗੱਲ ਅਸੀਂ ਕਰਦੇ ਹਾਂ ਤਾਂ ਇਸ ਦਾ ਇਹ ਅਰਥ ਬਿਲਕੁਲ ਨਹੀਂ ਕਿ ਬਾਕੀ ਪਾਰਟੀਆਂ, ਜਿਨ੍ਹਾਂ ਕੋਲ ਦੇਸ਼ ਅਤੇ ਕਿਸੇ ਨਾ ਕਿਸੇ ਰਾਜ ਦੀ ਕਮਾਨ ਆ ਚੁੱਕੀ ਹੈ ਜਾਂ ਕਮਾਨ ਸਾਂਭਣ ਲਈ ਲੜ ਰਹੀਆਂ ਹਨ, ਉਹ ਕੋਈ ਪਾਕਿ-ਸਾਫ ਹਨ। ਭਾਜਪਾ ਦੀ ਗੱਲ ਇਸ ਲਈ ਵੱਧ ਜ਼ੋਰ ਨਾਲ ਕਰਨੀ ਪੈਂਦੀ ਹੈ ਕਿ ਰਾਜ ਇਸ ਵੇਲੇ ਇਸ ਦੇ ਕੋਲ ਹੈ। ਕਿਸੇ ਹੋਰ ਪਾਰਟੀ ਦੀ ਗੱਲ ਕਰਨਾ ਸੱਪ ਦੇ ਲੰਘ ਜਾਣ ਮਗਰੋਂ ਲਕੀਰ ਉਤੇ ਸੋਟੇ ਮਾਰਨ ਵਾਂਗ ਹੋਵੇਗਾ।
ਸਵਾਲ ਫਿਰ ਉਥੇ ਦਾ ਉਥੇ ਹੈ ਕਿ ਜਦੋਂ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਅਤੇ ਪ੍ਰਵਾਸੀ ਭਾਰਤੀ ਸਾਨੂੰ ਆਪਣੇ ਦੇਸ਼ ਦੇ ਭਵਿੱਖ ਬਾਰੇ ਸਵਾਲ ਕਰਦੇ ਹਨ ਤਾਂ ਭਰੋਸਾ ਕਿਵੇਂ ਬੰਨ੍ਹਾਈਏ? ਉਨ੍ਹਾਂ ਦੀ ਤਸੱਲੀ ਕਰਵਾਉਣ ਲਈ ਅਸੀਂ ਮੰਗਲ ਤਾਰੇ ਵੱਲ ਭੇਜੇ ਉਪ ਗ੍ਰਹਿ ਦੀ ਕਹਾਣੀ ਪਾ ਕੇ ਨਹੀਂ ਸਾਰ ਸਕਦੇ। ਫਿਰ ਉਨ੍ਹਾਂ ਨੂੰ ਕਹੀਏ ਕੀ? ਇਸ ‘ਕੀ’ ਦਾ ਜਵਾਬ ਉਨ੍ਹਾਂ ਸਾਰਿਆਂ ਨੂੰ ਲੱਭਣਾ ਪੈਣਾ ਹੈ, ਜਿਹੜੇ ਇਸ ਦੇਸ਼ ਨੂੰ ਆਪਣਾ ਦੇਸ਼ ਮੰਨਣਾ ਚਾਹੁੰਦੇ ਹਨ।