ਸਗਵਾਂ ਬਬਿਤਾ

‘ਸਗਵਾਂ ਬਬਿਤਾ’ ਆਜ਼ਾਦੀ ਦੀਆਂ ਪੈੜਾਂ ਨੱਪਣ ਵਾਲੀ ਕਥਾ ਹੈ। ਕਾਨਾ ਸਿੰਘ ਨੇ ਆਜ਼ਾਦੀ ਦੀ ਇਹ ਚਿਣਗ ਬਹੁਤ ਬਾਰੀਕੀ ਨਾਲ ਫੜੀ ਹੈ ਅਤੇ ਬਹੁਤ ਸੌਖੇ ਢੰਗ ਨਾਲ ਪਾਠਕਾਂ ਤੱਕ ਪੁੱਜਦੀ ਕੀਤੀ ਹੈ। ਇਸ ਕਥਾ ਦੀ ਮੁੱਖ ਪਾਤਰ ਬਬਿਤਾ ਦੀ ਬੇਤਕੱਲਫੀ ਨਾਲ ਇਸ ਰਚਨਾ ਨੂੰ ਮੜਕ ਵਾਲਾ ਰੰਗ ਚੜ੍ਹ ਗਿਆ ਹੈ।

ਅਸਲ ਵਿਚ ਲੇਖਕਾ ਨੇ ਬਬਿਤਾ ਦੇ ਬਹਾਨੇ ਆਪਣੇ ਮਨ ਵਿਚ ਉਠਦੀਆਂ ਤਰੰਗਾਂ ਲਈ ਰਾਹ ਖੋਲ੍ਹਿਆ ਹੈ। ਪਹਿਲਾਂ ਵਾਂਗ ਹੀ ਕਾਨਾ ਸਿੰਘ ਨੇ ਇਸ ਰਚਨਾ ਵਿਚ ਵੀ ਆਪਣੀ ਨਿਵੇਕਲੀ ਛੋਹ ਨਾਲ ਸਾਧਾਰਨ ਜਾਪਦੀਆਂ ਗੱਲਾਂ-ਬਾਤਾਂ ਨੂੰ ਅਸਾਧਾਰਨ ਬਣਾ ਧਰਿਆ ਹੈ, ਇਹੀ ਉਹਦੀ ਰਚਨਾ ਦੀ ਖੂਬਸੂਰਤੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944
ਬਬਿਤਾ ਮੇਰੇ ਘਰੋਗੀ ਕੰਮਾਂ ਦੀ ਮਦਦਗਾਰ ਹੈ। ਉਹਦੇ ਕੰਮ ਵਿਚ ਸਫ਼ਾਈ ਅਤੇ ਤਰਤੀਬ ਦੀ ਘਾਟ ਹੈ। ਸੁਭਾਅ ਦੀ ਕਾਹਲੀ ਹੋਣ ਕਾਰਨ ਭਾਂਡਿਆਂ ਅਤੇ ਵਸਤਾਂ ਦੀ ਭੰਨ-ਤ੍ਰੋੜ ਵੀ ਬਥੇਰੀ ਕਰਦੀ ਹੈ। ਪੜ੍ਹਦਿਆਂ-ਲਿਖਦਿਆਂ ਬਬਿਤਾ ਦੀ ਠਾਹ-ਠੜੱਕ ਕਾਰਨ ਮੇਰੀ ਸੋਚ-ਪ੍ਰਕਿਰਿਆ ਨੂੰ ਬੜੇ ਝਟਕੇ ਲੱਗਦੇ ਹਨ। ਫਿਰ ਵੀ ਮੈਂ ਬਬਿਤਾ ਨੂੰ ਬਰਦਾਸ਼ਤ ਕਰੀ ਜਾਂਦੀ ਹਾਂ ਜਿਸ ਦਾ ਮੁੱਖ ਕਾਰਨ ਹੈ ਉਸ ਦੀ ਵਕਤ ਦੀ ਪਾਬੰਦੀ। ਉਹ ਨਾਗੇ ਵੀ ਬਾਹਲੇ ਨਹੀਂ ਕਰਦੀ। ਸਵੇਰੇ ਠੀਕ ਅੱਠ ਵਜੇ ਹਾਜ਼ਰ ਹੋ ਜਾਂਦੀ ਹੈ, ਦਸ ਵਜੇ ਫਾਰਗ। ਉਹ ਚਾਹ ਦੀ ਉੱਕਾ ਹੀ ਸ਼ੌਕੀਨ ਨਹੀਂ। ਨਾ ਹੀ ਤਨਖ਼ਾਹ ਤੋਂ ਇਲਾਵਾ ਕਿਸੇ ਹੋਰ ਚੀਜ਼ ‘ਤੇ ਅੱਖ ਰੱਖਦੀ ਹੈ।
ਬਬਿਤਾ ਨੂੰ ਬਰਦਾਸ਼ਤ ਕਰਨਾ ਕੋਈ ਖਾਲਾ ਜੀ ਦਾ ਘਰ ਨਹੀਂ। ਪਤਾ ਨਹੀਂ ਕਿਹੜੇ ਵੇਲੇ ਉਹ ਅਜਿਹਾ ਸਲੋਕ-ਬੜੋਕ ਸੁਣਾ ਦੇਵੇ ਕਿ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਜਾਵੇ।
ਲੌਬੀ ਵਿਚ ਪੋਚਾ ਮਾਰਦੀ ਬਬਿਤਾ ਨੇ ਕੁਰਸੀ ਨੂੰ ਇੰਨੇ ਜ਼ੋਰ ਨਾਲ ਧੱਕਾ ਦਿੱਤਾ ਕਿ ਠਾਹ ਕਰਦੀ ਕੁਰਸੀ ਫਰਿੱਜ਼ ਨਾਲ ਟਕਰਾਅ ਕੇ ਮੂਧੀ ਢਹਿ ਪਈ। ਫਰਿੱਜ਼ ਦੇ ਬੂਹੇ ਦੇ ਸੱਜੇ ਕੋਨੇ ਦਾ ਰੰਗ ਉਤਰ ਗਿਆ। ਪੱਕੀ ਝਰੀਠ ਪੈ ਗਈ।
“ਦਿਸਦਾ ਨਹੀਂ ਤੈਨੂੰ?” ਮੈਂ ਗੁੱਸੇ ਨਾਲ ਤਮਤਮਾਂਦੀ ਗਰਜੀ।
“ਰਾਤੀਂ ਕੀ ਖਾਧਾ ਸੀ ਤੁਸਾਂ ਜੁ ਗਰਜਣ ਲਈ ਇੰਨੀ ਤਾਕਤ ਆ ਗਈ?” ਆਪਣੀ ਗ਼ਲਤੀ ਮਹਿਸੂਸ ਕਰ ਕੇ ਮੁਆਫ਼ੀ ਮੰਗਣ ਦੀ ਬਜਾਇ ਉਹਦਾ ਉਤਰ ਸੀ। ਬੜੀ ਵੇਰਾਂ ਦਿਲ ਕੀਤਾ ਕਿ ਬਬਿਤਾ ਨੂੰ ਕੱਢ ਕੇ ਕੋਈ ਹੋਰ ਕੰਮ ਵਾਲੀ ਰੱਖ ਲਵਾਂ, ਪਰ ਟਾਲ ਜਾਂਦੀ ਹਾਂ। ਸ਼ਾਇਦ ਮੈਨੂੰ ਉਹਦੀ ਆਦਤ ਪੈ ਗਈ ਹੈ। ਵਿਆਹ ਅਤੇ ਫਿਰ ਪੁੱਤਰ ਜੰਮਣ ਮਗਰੋਂ ਬਬਿਤਾ ਨੇ ਸਿਰਫ਼ ਮੇਰਾ ਹੀ ਕੰਮ ਫੜਿਆ ਹੈ। ਉਹਦਾ ਨੀਰਜ ਦੋ ਸਾਲ ਦਾ ਹੈ।
ਬਬਿਤਾ ਆਪਣਾ ਜ਼ਿਕਰ ਪੁਲਿੰਗੀ ਸੰਬੋਧਨ ਨਾਲ ਕਰਦੀ ਹੈ- “ਮੈਂ ਆ ਗਿਆ। ਮੈਂ ਜਾਂਦਾ ਹਾਂ। ਮੈਂ ਕੱਲ੍ਹ ਨਹੀਂ ਆਵਾਂਗਾ।”æææ ਵਗੈਰਾ ਵਗੈਰਾ।
ਆਪਣੀ ਮੁੰਬਈਆ ਰਿਹਾਇਸ਼ ਦੌਰਾਨ ਮਰਾਠੀ ਮਦਦਗਾਰ ਇਸਤਰੀਆਂ ਦੇ ਪੁਲਿੰਗੀ ਲਹਿਜੇ ਦੀ ਮੈਂ ਆਦੀ ਸਾਂ। ਅੰਗਰੇਜ਼ੀ ਜ਼ੁਬਾਨ ਵਾਂਗ ਮਰਾਠੀ ਬੋਲੀ ਵਿਚ ਵੀ ਇਸਤਰੀ-ਲਿੰਗੀ ਸੰਬੋਧਨ ਮਨਫ਼ੀ ਹੈ ਪਰ ਪੰਜਾਬਣ ਬਬਿਤਾ ਦਾ ਇੰਜ ਦਾ ਮੁਹਾਵਰਾ ਮੈਨੂੰ ਅਜੀਬ ਲੱਗਦਾ ਹੈ। ਉਸ ਦਾ ਕਹਿਣਾ ਹੈ ਕਿ ਵੱਡੇ ਭਰਾਵਾਂ ਅਤੇ ਭਤੀਜਿਆਂ ਦੇ ਨਾਲ ਪਲੀ ਹੋਣ ਕਰ ਕੇ ਉਹ ਬਚਪਨ ਤੋਂ ਹੀ ਇਸ ਤਰ੍ਹਾਂ ਬੋਲਣ ਦੀ ਆਦੀ ਹੋ ਗਈ ਹੈ।
“ਤੇ ਸਹੁਰੇ ਘਰ ਵਿਚ ਤੇਰੀ ਸੱਸ ਜਾਂ ਘਰ ਵਾਲੇ ਨੇ ਤੇਰੇ ਇੱਦਾਂ ਬੋਲਣ ‘ਤੇ ਕਦੇ ਇਤਰਾਜ਼ ਨਹੀਂ ਕੀਤਾ?” ਮੈਂ ਪੁੱਛਦੀ ਹਾਂ।
“ਨਹੀਂ, ਮੇਰੇ ਮੰਗਣੇ ਵੇਲੇ ਮੇਰੇ ਬਾਪੂ ਨੇ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਬਬਿਤਾ ਇੱਦਾਂ ਹੀ ਬੋਲਦਾ ਹੈ ਤੇ ਇੱਦਾਂ ਹੀ ਬੋਲੇਗਾ। ਤੇ ਤੁਹਾਨੂੰ ਜਰਨਾ ਈ ਪਏਗਾ। ਨਾਲੇ ਉਹ ਕੌਣ ਹੁੰਦੇ ਨੇ ਮੇਰੀ ਆਦਤ ਬਦਲਣ ਵਾਲੇ? ਮੈਂ ਇੱਦਾਂ ਹੀ ਬੋਲਦਾ ਹਾਂ। ਬੱਸ ਮੈਂ ਇੱਦਾਂ ਹੀ ਬੋਲਾਂਗਾ।”
ਮੈਂ ਹੱਸ ਪੈਂਦੀ ਹਾਂ। ਬਬਿਤਾ ਨੂੰ ਮਰਦਾਵੀਂ ਗਾਲ੍ਹ ਕੱਢਣ ਦੀ ਆਦਤ ਹੈ। ਗਾਲ੍ਹਾਂ ਤੋਂ ਮੈਨੂੰ ਸਖਤ ਨਫ਼ਰਤ ਹੈ, ਪਰ ਬਬਿਤਾ ਦੇ ਮੂੰਹੋਂ ਗਾਲ੍ਹ ਸੁਣ ਕੇ ਮੇਰਾ ਹਾਸਾ ਨਿਕਲ ਪੈਂਦਾ ਹੈ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਉਹਦੇ ਮੂੰਹੋਂ ਕਦੇ ਗੁੱਸੇ ਵਿਚ ਗਲੇਫ਼ੀ ਗਾਲ੍ਹ ਨਹੀਂ ਸੁਣੀ। ਉਹ ਖੁਸ਼ੀ ਨਾਲ ਮੱਚ ਕੇ ਹੀ ਗਾਲ੍ਹ ਕੱਢਦੀ ਹੈ।
ਗਲੀ ਵਿਚ ਸਾਗ ਵੇਚਣ ਵਾਲੇ ਦਾ ਹੋਕਾ ਸੁਣਦਿਆਂ ਹੀ ਬਬਿਤਾ ਬਾਹਰ ਭੱਜੀ ਗਈ। ਇਹ ਮਿਲੀ-ਜੁਲੀ ਸਬਜ਼ੀ ਵੇਚਣ ਵਾਲਾ ਭਾਈ ਨਹੀਂ ਸੀ, ਬਲਕਿ ਪਿੰਡੋਂ ਕੇਵਲ ਪਾਲਕ ਹੀ ਤੋੜ ਕੇ ਲਿਆਇਆ ਸੀ। ਤਾਜ਼ੀ-ਸੱਜਰੀ, ਸਾਵੀ-ਕਚੂਚ, ਲੁੱਸ-ਲੁੱਸ ਕਰਦੀ ਪਾਲਕ ਵੇਖਦਿਆਂ ਬਬਿਤਾ ਜਿਵੇਂ ਨੱਚ ਉਠੀ: “ਹਾਇ ਮੰਮੀ ਜੀ, ਭੈਣæææ ਇੰਨੀ ਸੋਹਣੀ ਪਾਲਕ। ਹਾਇ ਮੈਂ ਮਰ ਜਾ ਇਹ ਤਾਂ ਮਾਂæææਪੂਰਾ ਟੋਕਰਾ ਹੀ ਖਰੀਦ ਲਵੋ।”
ਸੋਹਣੀ ਚੀਜ਼, ਸੋਹਣਾ ਕੱਪੜਾ, ਸੋਹਣਾ ਬੰਦਾ ਵੇਖਦਿਆਂ ਹੀ ਬਬਿਤਾ ਫੜਕ ਉਠਦੀ ਹੈ- “ਹਾਇ ਮੈਂ ਮਰ ਜਾਂ, ਇਹ ਤਾਂ ਭੈਣæææਗਜਬ ਹੀ ਗਜਬ ਏ। ਕਮਾਲ ਈ ਕਮਾਲ।” ਅਜਿਹੀ ਘੜੀ ਬਬਿਤਾ ਦੇ ਖੇੜੇ ਉਤੇ ਡਾਢਾ ਮੋਹ ਆਉਂਦਾ ਹੈ।
ਮੇਰੇ ਘਰ ਦਾ ਕੰਮ ਨਿਬੇੜ ਕੇ ਬਬਿਤਾ ਘਰ ਭੱਜਣ ਨੂੰ ਡਾਢੀ ‘ਤਾਵਲੀ ਹੁੰਦੀ ਹੈ। ਪੁੱਤਰ ਨੀਰਜ ਅਤੇ ਘਰ ਦੀ ਸਾਂਭ-ਸੰਭਾਲ ਤੋਂ ਵਧ ਉਸ ਲਈ ਹੋਰ ਕੋਈ ਖੁਸ਼ੀ ਨਹੀਂ। ਨੀਰਜ ਨੂੰ ਉਹ ਵਾਹ-ਵਾਹ ਸਾਫ਼-ਸੁਥਰਾ ਅਤੇ ਬੂਟਾਂ-ਜ਼ੁਰਾਬਾਂ ਸਮੇਤ ਚੁਸਤ ਪੌਸ਼ਾਕ ਵਿਚ ਤੈਸ-ਲੈਸ ਰੱਖਦੀ ਹੈ, ਪਰ ਚਾਅ ਬਬਿਤਾ ਨੂੰ ਕੁੜੀ ਜੰਮਣ ਦਾ ਹੀ ਹੈ।
“ਬਸ ਜਿਉਂ ਹੀ ਮੇਰਾ ਨੀਰਜ ਸਕੂਲ ਜਾਣ ਲੱਗੇਗਾ, ਮੈਂ ਕੁੜੀ ਜੰਮਾਂਗੀ, ਸੋਹਣੀ ਜਿਹੀ। ਤੇ ਫਿਰ ਆਪਣਾ ‘ਪਰੱਸ਼ਨ’ ਕਰਾਅ ਦਾਂਗਾ।”
“ਤੇ ਜੇ ਫਿਰ ਮੁੰਡਾ ਪੈਦਾ ਹੋ ਗਿਆ ਤਾਂ?” ਮੈਂ ਪੁੱਛਦੀ ਹਾਂ।
“ਫਿਰ ਮੈਂ ਕੁੜੀ ਗੋਦ ਲੈ ਲਾਂਗਾ ਤੇ ਅੱਗੇ ਲਈ ਬਸ। ਪਰੱਸ਼ਨ ਮੈਂ ਕਰਾਅ ਹੀ ਲੈਣੈ ਆਪਦਾ।” ਮੈਂ ਬਬਿਤਾ ਦੀ ਸਪਸ਼ਟਤਾ ਅਤੇ ਇਰਾਦੇ ਦੀ ਪਰਪੱਕਤਾ ‘ਤੇ ਹੈਰਾਨ ਹੁੰਦੀ ਹਾਂ।
ਸਵੇਰ ਦੇ ਰਸੋਈ-ਟੁੱਕ ਦੇ ਰੁਝੇਵੇਂ ਦੌਰਾਨ ਮੇਰਾ ਰੇਡੀਓ ਚਾਲੂ ਰਹਿੰਦਾ ਹੈ। ਬਬਿਤਾ ਨੂੰ ਮੇਰੇ ਵਾਂਗ ਸ਼ਾਸਤ੍ਰੀ ਸੰਗੀਤ, ਬਾਂਸੁਰੀ, ਤਬਲਾ ਜਾਂ ਸਿਤਾਰ ਵਾਦਨ ਸੁਣਨਾ ਚੰਗਾ ਲੱਗਦਾ ਹੈ। ਆਮ ਘਰੇਲੂ ਕੰਮਕਾਜੀ ਔਰਤਾਂ ਤਾਂ ਟੀæਵੀæ ਚਾਲੂ ਰੱਖਣ ‘ਤੇ ਜ਼ੋਰ ਦਿੰਦੀਆਂ ਹਨ।
ਬਬਿਤਾ ਦਾ ਘਰ ਵਾਲਾ ਸ਼ਰਾਬ ਦਾ ਆਦੀ ਨਹੀਂ। ਉਸ ਦੀ ਨਿੱਕੀ ਭੈਣ ਉਸ ਦੇ ਦਿਓਰ ਨਾਲ ਵਿਆਹੀ ਹੋਈ ਹੈ। ਘਰ ਦਾ ਮਾਹੌਲ ਸੁਖਾਵਾਂ ਹੈ। ਘਰ ਦੇ ਜੀਆਂ ਵਿਚ ਚੰਗਾ ਤਾਲਮੇਲ ਹੈ। ਕੁਲ ਮਿਲਾ ਕੇ ਬਬਿਤਾ ਸੁਖੀ ਹੈ ਜਿਸ ਕਰ ਕੇ ਹੱਸਦੀ-ਖੇਡਦੀ ਹੀ ਕੰਮ ‘ਤੇ ਆਂਦੀ-ਜਾਂਦੀ ਹੈ।
ਇਹ ਉਦੋਂ ਦੀ ਗੱਲ ਹੈ ਜਦੋਂ ਟੀæਵੀæ ਦੀ ਹਰ ਅਤੇ ਖ਼ਾਸ ਤੌਰ ‘ਤੇ ‘ਆਜ ਕਲ੍ਹ’ ਚੈਨਲ ਉਪਰ ਫ਼ਿਲਮ ਅਭਿਨੇਤਾ ਅਭਿਸ਼ੇਕ ਬੱਚਨ ਅਤੇ ਅਭਿਨੇਤਰੀ ਐਸ਼ਵਰਿਆ ਰਾਇ ਦੀ ਸ਼ਾਦੀ ਦੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਸੀ। ਬਬਿਤਾ ਦੇ ਸਿਰ ‘ਤੇ ਐਸ਼ਵਰਿਆ ਦੀ ਖ਼ੂਬਸੂਰਤੀ ਦਾ ਭੂਤ ਸੁਆਰ ਸੀ।
“ਹਾਇ ਮੈਂ ਮਰ ਜਾਂ, ਕਿੰਨੀ ਸੋਹਣੀ ਏ ਐਸ਼ਵਰਿਆ। ਭੈਣæææਉਹਨੂੰ ਨਿਗਲ ਜਾਣ ‘ਤੇ ਜੀ ਕਰਦੈ ਮੇਰਾ। ਅਭਿਸ਼ੇਕ ਬੱਚਨ ਨਾਲ ਵਿਆਹ ਹੋ ਰਿਹਾ ਹੈ ਉਸ ਦਾ। ਕੇਡਾ ਕਿਸਮਤ ਵਾਲਾ ਹੈ ਅਭਿਸ਼ੇਕ। ਮੇਰਾ ਤਾਂ ਜੀ ਕਰਦੈ ਮੰਮੀ ਜੀ ਕਿ ਅਗਲੇ ਜਨਮ ਵਿਚ ਮੈਂ ਵੀ ਐਸ਼ਵਰਿਆ ਵਰਗਾ ਹੀ ਸੋਹਣਾ ਹੋਵਾਂ। ਮੈਂ ਤਾਂ ਰੋਜ਼ ਸਵੇਰੇ-ਸ਼ਾਮ, ਦਿਨ-ਰਾਤ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਵਾਂ ਕਿ ਮੈਂ ਹੁਣੇ ਮਰ ਜਾਂ ਤੇ ਉਹ ਬਸ ਮੈਨੂੰ ਐਸ਼ਵਰਿਆ ਵਰਗਾ ਹੀ ਬਣਾ ਦੇਵੇ।”
ਇੰਝ ਆਖਦੀ ਬਬਿਤਾ ਆਪਣੀਆਂ ਬਾਹਵਾਂ ਵਿਚ ਇਸ ਤਰ੍ਹਾਂ ਸਿਮਟਦੀ ਜਿਵੇਂ ਐਸ਼ਵਰਿਆ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੋਵੇ।
“ਦੂਜਾ ਜਨਮ ਲੈਣ ਲਈ ਤੂੰ ਮਰਨ ਲਈ ਵੀ ਤਿਆਰ ਏਂ ਤੇ ਉਹ ਵੀ ਇਸ ਜਵਾਨ-ਜਹਾਨ ਉਮਰ ਵਿਚ। ਹਾਲੇ ਤੂੰ ਵੇਖਿਆ ਹੀ ਕੀ ਹੈ?” ਮੈਂ ਕਹਿੰਦੀ।
“ਜੇ ਗਰੰਟੀ ਹੋਵੇ ਨਾ ਮੰਮੀ ਜੀ, ਕਿ ਮੈਂ ਮਰ ਕੇ ਐਸ਼ਵਰਿਆ ਹੀ ਬਣਾਂਗਾ ਤਾਂ ਹੁਣੇ ਹੀ ਮਰ ਜਾਂ, ਇਸੇ ਵੇਲੇ।” ਫਿਰ ਬਬਿਤਾ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਦੀਆਂ ਤਿਆਰੀਆਂ ਦੇ ਚਰਚੇ ਸੁਣਾਉਣ ਲੱਗਦੀ। ਕਦੇ ਐਸ਼ਵਰਿਆ ਦੇ ਘੱਗਰੇ ਦਾ ਜ਼ਿਕਰ ਤੇ ਕਦੇ ਉਸ ਦੇ ਗਹਿਣਿਆਂ ਦਾ। ਕਦੇ ਐਸ਼ਵਰਿਆ ਦੀ ਡੋਲੀ ਦਾ ਬਿਆਨ ਤੇ ਕਦੇ ਉਸ ਦੇ ਵਿਆਹ ਵਿਚ ਸ਼ਾਮਲ ਹੋ ਰਹੇ ਮੇਲ-ਮੰਡਲ ਦਾ। ਐਸ਼ਵਰਿਆ, ਐਸ਼ਵਰਿਆ, ਐਸ਼ਵਰਿਆ।æææਬਸ ਉਸੇ ਦਾ ਜ਼ਿਕਰ ਹੁੰਦਾ ਬਬਿਤਾ ਦੀ ਜ਼ੁਬਾਨ ‘ਤੇ ਉਨ੍ਹੀ ਦਿਨੀਂ।
ਇਕ ਦਿਨ ਤਾਂ ਹੱਦ ਹੀ ਕਰ ਦਿੱਤੀ ਬਬਿਤਾ ਨੇ। ਦੌੜ ਕੇ ਆਈ ਹਫ਼ਦੀ-ਹਫ਼ਦੀ, ਤੇ ਮਗਰ ਪੈ ਗਈ ਮੇਰੇ, ਟੀæਵੀæ ਚਾਲੂ ਕਰਨ ਲਈ।
“ਛੇਤੀ ਕਰੋ ਮੰਮੀ ਜੀ, ਟੀæਵੀæ ਦਾ ਬਟਨ ਦਬਾਓ, ਉਠੋ ਨਾ।”
“ਕੀ ਆਖਰ ਆ ਗਈ ਹੈ ਤੈਨੂੰ?”
“ਇਕ ਕੁੜੀ ਨੇ ਵੀਣੀ ਕੱਟ ਲਈ ਹੈ। ਉਹ ਕਹਿੰਦੀ ਹੈ ਕਿ ਅਭਿਸ਼ੇਕ ਬੱਚਨ ਨੇ ਉਸ ਨਾਲ ਵਿਆਹ ਕਰਵਾਇਆ ਸੀæææਛੇਤੀ ਕਰੋæææਵੇਖੋ ਤਾਂ ਸਹੀæææ।” ਬਬਿਤਾ ਸਾਹੋ-ਸਾਹ ਸੀ।
ਮੈਂ ਟੀæਵੀæ ਚਾਲੂ ਕੀਤਾ। ‘ਆਜ ਕਲ੍ਹ’ ਚੈਨਲ ਉਪਰ ਜਾਹਨਵੀ ਕਪੂਰ ਨਾਂ ਦੀ ਕੁੜੀ ਪੁਲਿਸ ਅੱਗੇ ਬਿਆਨ ਦੇ ਰਹੀ ਸੀ ਕਿ ਅਭਿਸ਼ੇਕ ਬੱਚਨ ਨੇ ਉਸ ਨਾਲ ਧੋਖਾ ਕੀਤਾ ਸੀ।
“ਹਾਇ ਮੈਂ ਮਰ ਜਾਂ, ਕੱਲ੍ਹ ਐਸ਼ਵਰਿਆ ਦਾ ਵਿਆਹ ਏ ਤੇ ਅੱਜ ਏ ਉਸ ਦੀ ਮਹਿੰਦੀ ਦੀ ਰਾਤ। ਆਹ ਵੇਖੋ, ਕੇਡਾ ‘ਨਰਥ ਹੋਣ ਲੱਗੈ ਐਸ਼ਵਰਿਆ ਨਾਲ। ਸਾਰੀ ਦੁਨੀਆਂ ‘ਚੋਂ ਸੋਹਣੀ, ਨਿਰੀ ਪਰੀ ਤੇ ਉਸ ਨਾਲ ਏਡਾ ਧੱਕਾæææਅਭਿਸ਼ੇਕ ਐਸ਼ਵਰਿਆ ਦੇ ਬਿਲਕੁਲ ਕਾਬਲ ਨਹੀਂ।” ਬਬਿਤਾ ਇੰਝ ਫੁੰਕਾਰੇ ਮਾਰ ਰਹੀ ਸੀ ਜਿਵੇਂ ਉਹ ਆਪ ਹੀ ਐਸ਼ਵਰਿਆ ਹੋਵੇ।
“ਇਹ ਸਭ ਚਰਚਾ ‘ਚ ਆਉਣ ਦੇ ਹਥਕੰਡੇ ਵੀ ਤਾਂ ਹੋ ਸਕਦੇ ਨੇ।” ਮੈਂ ਬਬਿਤਾ ਨੂੰ ਸਮਝਾਉਣ ਦਾ ਜਤਨ ਕੀਤਾ, ਪਰ ਨਹੀਂ! ਬਬਿਤਾ ਦੀ ਹਮਦਰਦੀ ਸਿਰਫ਼ ਐਸ਼ਵਰਿਆ ਨਾਲ ਹੀ ਸੀ। ਉਸ ਲਈ ਅਭਿਸ਼ੇਕ ਦਰਿੰਦਾ ਸੀ, ਧੋਖੇਬਾਜ਼। ਬੁੜ-ਬੁੜ ਕਰਦੀ ਨੇ ਹੀ ਮੈਥੋਂ ਰੁਖ਼ਸਤ ਲਈ।
ਦੂਜੇ ਦਿਨ ਐਸ਼ਵਰਿਆ ਅਤੇ ਅਭਿਸ਼ੇਕ ਦੀ ਸ਼ਾਦੀ ਹੋਣੀ ਸੀ। ਸ਼ਾਦੀ ਮਗਰੋਂ ਉਹ ਆਪਣੀ ਸ਼ਰਧਾ ਮੁਤਾਬਕ ਭਗਵਾਨ ਤੋਂ ਆਸ਼ੀਰਵਾਦ ਲੈਣ ਲਈ ਦੱਖਣ ਵਲ ਬਾਲਾ ਜੀ ਦੇ ਮੰਦਰ ਲਈ ਰਵਾਨਾ ਹੋ ਗਏ। ਅਗਲੀ ਸਵੇਰ ਬਬਿਤਾ ਆਈ। ਚੁੱਪ-ਗੜੁੱਪ।
“ਅੱਜ ਐਸ਼ਵਰਿਆ ਦਾ ਕੀ ਸਮਾਚਾਰ ਹੈ?” ਮੈਂ ਛੇੜਿਆ। ਬਬਿਤਾ ਫਿਰ ਵੀ ਚੁੱਪ-ਗੜੁੱਪ।
“ਕੀ ਗੱਲ ਐ ਐਸ਼ਵਰਿਆ ਦੇ ਵਿਆਹ ਬਾਅਦ ਤੈਨੂੰ ਕੀ ਮੌਤ ਪੈ ਗਈ ਹੈ?”
“ਅਰਬਾਂਪਤੀ ਅਮਿਤਾਬ ਬੱਚਨ ਤੇ ਐਸ਼ਵਰਿਆ ਦਾ ਸਹੁਰਾ। ਲੱਖਾਂ ਰੁਪਈਆਂ ਦੀ ਉਨ੍ਹਾਂ ਐਸ਼ਵਰਿਆ ਦੀ ਡੋਲੀ ਬਣਵਾਈ। ਕਰੋੜਾਂ ਦੇ ਗਹਿਣੇ ਤੇ ਕੱਪੜੇ ਬਣੇ ਤੇ ਬਰਾਤ ਕਿੰਨੀ? ਸਿਰਫ਼ ਤੇਰ੍ਹਾਂ ਬੰਦੇ। ਛੀ ਛੀ, ਕਿੰਨੀ ਜ਼ਿਆਦਤੀ ਹੈ ਇਹ ਐਸ਼ਵਰਿਆ ਨਾਲ? ਭੈਣæææਮੈਂ ਉਹਦੀ ਥਾਂ ‘ਤੇ ਹੁੰਦਾ ਤਾਂ ਵੀਹ ਹਜ਼ਾਰ ਬਰਾਤੀ ਲੈ ਕੇ ਜਾਂਦਾ। ਦੁਨੀਆਂ ਵਿਚ ਸਭ ਤੋਂ ਸੋਹਣੀ ਐਸ਼ਵਰਿਆ ਤੇ ਕੀ ਕਦਰ ਪਾਈ ਉਸ ਦੇ ਸਹੁਰਿਆਂ ਨੇ?” ਬਬਿਤਾ ਡਾਢੀ ਭੜਕੀ ਹੋਈ ਸੀ, ਬਿਫ਼ਰੀ ਹੋਈ ਸ਼ੇਰਨੀ।
“ਪਰ ਸੁਰੱਖਿਆ ਦਾ ਵੀ ਤਾਂ ਮਸਲਾ ਹੁੰਦਾ ਹੈ। ਇੰਨੀਆਂ ਵੱਡੀਆਂ ਹਸਤੀਆਂ ਦਾ ਵਿਆਹ ਹੋਣਾ ਕੋਈ ਆਮ ਜਿਹੀ ਗੱਲ ਹੈ? ਸੌ ਤਰ੍ਹਾਂ ਦੀਆਂ ਦੁਸ਼ਮਣੀਆਂ ਹੁੰਦੀਆ ਨੇ, ਤੇ ਸੌ ਤਰ੍ਹਾਂ ਦੇ ਖ਼ਤਰੇ ਵੀ। ਤੂੰ ਹੀ ਤਾਂ ਕੱਲ੍ਹ ਜਾਹਨਵੀ ਕਪੂਰ ਦੀ ਖ਼ਬਰ ਵਿਖਾ ਰਹੀ ਸੀ ਟੀæਵੀæ ‘ਤੇ। ਇੰਨੇ ਵਿਚ ਹੀ ਪੁਲਿਸ ਦੀ ਨੌਬਤ ਆਈ ਹੋਈ ਸੀ। ਅੱਗੇ ਵੀ ਯਾਤਰਾ ਜਾਂ ਹਨੀਮੂਨ ਲਈ ਉਹ ਜਿਥੇ ਕਿੱਥੇ ਵੀ ਜਾਣਗੇ, ਸਕਿਓਰਟੀ ਦਾ ਮਸਲਾ ਨਾਲੋ ਨਾਲ ਰਹੇਗਾ। ਲੋਕਾਂ ਨੂੰ ਤਿੱਤਰ-ਬਿੱਤਰ ਕਰ ਕੇ ਵਿਆਹੇ ਜੋੜੇ ਲਈ ਰਾਹ ਕੱਢਣਾ ਕੋਈ ਖਾਲਾ ਜੀ ਦਾ ਘਰ ਹੈ? ਅਭਿਸ਼ੇਕ ਤੇ ਐਸ਼ਵਰਿਆ ਤੇਰੇ-ਮੇਰੇ ਵਾਂਗ ਬਿਨਦਾਸ ਤੇ ਖੁਲ੍ਹ-ਮਖੁੱਲਾ ਥੋੜ੍ਹਾ ਹੀ ਵਿਚਰ ਸਕਦੇ ਹਨ।” ਮੈਂ ਦਲੀਲ ਦਿੱਤੀ।
“ਫਿਰ ਉਹ ਕਾਹਦੀ ਐਸ਼ਵਰਿਆ ਹੋਈ? ਉਹ ਤਾਂ ਕੈਦਣ ਹੋਈ ਕਿ? ਚਾਰੇ ਪਾਸੇ ਪੁਲਸੀਏæææਭੈਣæææਬਾਜ਼ ਆਏ ਅਸੀਂ ਇਸ ਖੂਬਸੂਰਤੀ ਅਤੇ ਅਮੀਰੀ ਤੋਂ। ਆਪਾਂ ਤਾਂ ਇੱਦਾਂ ਹੀ ਚੰਗੇ ਹਾਂ, ਕਾਲੇ-ਕਲੂਟੇ। ਇਕਦਮ ਆਜ਼ਾਦ। ਜਿਥੇ ਜੀ ਕਰਦੈ, ਜਾਂਦੇ ਹਾਂ। ਘੁੰਮਦੇ ਹਾਂ। ਮਨਮਰਜ਼ੀ ਮੁਤਾਬਕ ਜੀਂਦੇ ਹਾਂ।æææਦਫ਼ਾ ਕਰੋ। ਮੈਂ ਨਹੀਂ ਬਣਨਾ ਐਸ਼ਵਰਿਆ ਰਾਏ। ਮੈਂ ਬਬਿਤਾ ਹੀ ਰਹਾਂਗਾ। ਸਗਵਾਂ ਬਬਿਤਾ।” ਬਬਿਤਾ ਨੇ ਦੋ-ਟੁੱਕ ਫੈਸਲਾ ਸੁਣਾ ਦਿੱਤਾ।