ਆਰਮੀਨੀ ਨਸਲਕੁਸ਼ੀ-2
1915-16 ਵਿਚ ਅਰਮੀਨੀਆਈ ਲੋਕਾਂ ਦੇ ਹੋਏ ਘਾਣ ਬਾਰੇ ਜੱਗ-ਜਹਾਨ ਨੂੰ ਨਾਲ ਦੀ ਨਾਲ ਹੀ ਖਬਰ ਹੋ ਗਈ ਸੀ। ਇਸ ਘਾਣ ਦੇ ਵੇਰਵੇ ਬੜੇ ਹੌਲਨਾਕ ਹਨ। ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਘਾਣ ਬਾਰੇ ਕੁਝ ਵੇਰਵੇ ਆਪਣੇ ਲੰਮੇ ਲੇਖ ‘ਅਰਮੀਨੀ ਨਸਲਕੁਸ਼ੀ’ ਵਿਚ ਸਾਂਝੇ ਕੀਤੇ ਹਨ।
ਦੋ ਹਿੱਸਿਆਂ ਵਿਚ ਛਾਪੇ ਜਾ ਰਹੇ ਇਸ ਲੇਖ ਦਾ ਪਹਿਲਾ ਹਿੱਸਾ ਤੁਸੀਂ ਪਿਛਲੇ ਅੰਕ ਵਿਚ ਪੜ੍ਹ ਚੁੱਕੇ ਹੋ, ਦੂਜਾ ਹਿੱਸਾ ਐਤਕੀਂ ਛਾਪਿਆ ਜਾ ਰਿਹਾ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91- 94642-51454
ਸਾਲ 1993 ਵਿਚ ਰਾਬਰਟ ਫਿਸਕ ਦਾ ਆਰਮੀਨੀ ਲੋਕਾਂ ਦੀ ਹੋਣੀ ਬਾਰੇ ਲੇਖ ḔਇੰਡੀਪੈਂਡੈਂਟḔ ਵਿਚ ਲੇਖ ਛਪਿਆ। ਤੁਰਕੀ ਦੇ ਪਾਠਕਾਂ ਨੇ ਸੰਪਾਦਕ ਨੂੰ ਖਤ ਲਿਖੇ- ਫਿਸਕ ਗਪੌੜ-ਸੰਖ ਹੈ। ਜੋ ਉਹਨੇ ਲਿਖਿਆ, ਜੇ ਇਹ ਵਾਪਰਿਆ ਵੀ, ਤਾਂ ਇਸ ਦਾ ਕਾਰਨ ਓਟੋਮਾਨ ਤੁਰਕੀ ਵਿਚ ਪਹਿਲੀ ਸੰਸਾਰ ਜੰਗ ਵੇਲੇ ਦੀ ਅਫਰਾ-ਤਫਰੀ ਹੈ ਕਿਉਂਕਿ ਉਦੋਂ ਆਰਮੀਨੀ ਲੋਕ ਦੁਸ਼ਮਣ ਰੂਸ ਦੀ ਫੌਜ ਵਿਚ ਭਰਤੀ ਹੋ ਗਏ ਸਨ। ਇਹ ਸਿਆਸੀ ਪ੍ਰਾਪੇਗੰਡਾ ਹੈ। ਸੰਪਾਦਕ ਨੂੰ ਕਿਹਾ, ਫਿਸਕ ਨੂੰ ਨੌਕਰੀ ਤੋਂ ਕੱਢੋ। ਤੁਰਕੀ-ਅਮਰੀਕਾ ਸਭਾਵਾਂ ਦੇ ਮੁਖੀ ਗੁਲੇਰ ਨੇ ਸੰਪਾਦਕ ਨੂੰ ਲਿਖਿਆ, ਸਾਰੇ ਆਰਮੀਨੀ ਲੋਕਾਂ ਨੇ ਦੁਸ਼ਮਣ ਨਾਲ ਰਲ ਕੇ ਤੁਰਕ ਮੁਸਲਮਾਨਾਂ ਖਿਲਾਫ ਸਿਵਲ ਵਾਰ ਛੇੜ ਦਿੱਤੀ ਸੀ ਤਾਂ ਇਹੋ ਹੋਣਾ ਸੀ। ਬੀਬੀ ਸੂਨ ਕਾਕਿਰ ਨੇ ਫਿਸਕ ਨੂੰ ਲਿਖਿਆ, ਆਰਮੀਨੀ ਨਸਲਕੁਸ਼ੀ ਦੀ ਕਹਾਣੀ ਨਿਰੀ ਮਨਘੜਤ, ਗੱਪ, ਕੋਰੀ ਕਲਪਨਾ ਹੈ। ਏਰਾਨ ਨੇ ਲਿਖਿਆ, ਉਲਟ ਹੋਇਆ ਸੀ। ਆਰਮੀਨੀ ਲੋਕਾਂ ਨੇ ਰੂਸੀਆਂ ਨਾਲ ਮਿਲ ਕੇ ਤੁਰਕਾਂ ਦੀ ਨਸਲਕੁਸ਼ੀ ਕਰਨੀ ਚਾਹੀ ਸੀ। ਜਿਨ੍ਹਾਂ ਨੂੰ ਤੁਸੀਂ ਕਾਤਲ ਤੇ ਅਪਰਾਧੀ ਆਖਦੇ ਹੋ, ਉਹੋ ਆਰਮੀਨੀਆਂ ਦੇ ਜ਼ੁਲਮੋ-ਸਿਤਮ ਦੇ ਸ਼ਿਕਾਰ ਹੋਏ। ਨਿਊ ਯਾਰਕ ਰਹਿੰਦੇ ਜ਼ੋਰਬਾ ਨੇ ਲਿਖਿਆ, ਬਦਨੀਤ ਨਾਲ ਲਿਖਿਆ ਇਕ ਸਦੀ ਪਹਿਲਾਂ ਹੋਈ ਘਟਨਾ ਬਾਰੇ ਤੇਰਾ ਲੇਖ ਪੜ੍ਹਿਆ। ਤੂੰ ਜੱਜ ਬਣ ਕੇ ਹੁਕਮ ਸੁਣਾਉਣ ਵਾਲਾ ਕੌਣ ਹੁੰਨੈ? ਇਤਿਹਾਸਕਾਰ ਇਸ ਦਾ ਫੈਸਲਾ ਕਰਨ ਤਾਂ ਕਰਨ, ਪੱਤਰਕਾਰਾਂ ਦਾ ਕੰਮ ਨਹੀਂ ਇਹ!
ਲੰਡਨ ਵਿਚ ਤੁਰਕ ਰਾਜਦੂਤ ਕੋਰਕਮਜ਼ ਨੇ ਅਖਬਾਰ ਦੇ ਸੰਪਾਦਕ ਨੂੰ ਲਿਖਿਆ, ਮੇਰੇ ਪਰਿਵਾਰ ਅਤੇ ਨਸਲ ਦੇ ਕਈ ਬੰਦੇ ਆਰਮੀਨੀ ਅਤਿਵਾਦੀਆਂ ਹੱਥੋਂ ਮਰੇ। ਫਿਸਕ ਪੁਰਾਣੇ ਜ਼ਖਮ ਕਿਉਂ ਹਰੇ ਕਰ ਰਿਹੈ?
ਫਿਸਕ ਨੇ ਜਵਾਬ ਦਿੱਤਾ, ਸ਼ੁਕਰ ਐ ਇੰਨਾ ਕੁ ਤਾਂ ਮੰਨ ਗਿਆ ਕਿ ਜ਼ਖਮ ਹੈ ਸਨ। 1982 ਦੇ ਸਾਲ ਤਲਅਵੀਵ (ਇਜ਼ਰਾਈਲ) ਵਿਚ ਨਸਲਕੁਸ਼ੀ ਵਿਸ਼ੇ ਉਪਰ ਕਾਨਫਰੰਸ ਹੋਈ। ਤੁਰਕ ਸਰਕਾਰ ਨੇ ਕਿਹਾ, ਜੇ ਆਰਮੀਨੀ ਘੱਲੂਘਾਰੇ ਬਾਰੇ ਤੱਥ-ਰਿਕਾਰਡ ਪੇਸ਼ ਕੀਤਾ ਗਿਆ ਤਾਂ ਸਾਡੇ ਇਜ਼ਰਾਈਲ ਨਾਲ ਸਬੰਧ ਵਿਗੜ ਜਾਣਗੇ। ਇਜ਼ਰਾਈਲ ਦੇ ਨਸਲਕੁਸ਼ੀ ਮਾਹਿਰ ਇਜ਼ਰੀਲ ਚਰਨੀ ਨੂੰ ਸ਼ਿਮੋਨ ਪੀਅਰਜ਼ ਨੇ ਕਿਹਾ, ਆਰਮੀਨੀ ਲੋਕਾਂ ਬਾਰੇ ਵਿਚਾਰ-ਵਟਾਦਰਾਂ ਨਹੀਂ ਕਰਨਾ। ਸ਼ਿਮੋਨ ਦੀ ਗੱਲ ਨਹੀਂ ਮੰਨੀ ਗਈ। ਮਸਲਾ ਆਰਮੀਨੀਆਂ ਤੋਂ ਸ਼ੁਰੂ ਹੁੰਦਾ।
2001 ਵਿਚ ਪੀਅਰਜ਼ ਇਜ਼ਰਾਈਲ ਦਾ ਵਿਦੇਸ਼ ਮੰਤਰੀ ਸੀ; ਉੁਸ ਨੇ ਸਰਕਾਰੀ ਦੌਰੇ Ḕਤੇ ਅੰਕਾਰਾ ਜਾਣਾ ਸੀ। ਜਾਣ ਤੋਂ ਪਹਿਲਾਂ ਅਨਾਤੋਲੀਆ ਨਿਊਜ਼ ਏਜੰਸੀ ਨੂੰ ਇੰਟਰਵਿਊ ਦੇਣ ਵਕਤ ਉਸ ਨੇ ਕਿਹਾ, ਆਰਮੀਨੀ ਲੋਕਾਂ ਦੀ ਨਸਲਕੁਸ਼ੀ ਹੋਈ, ਅਸੀਂ ਇਸ ਗੱਲ ਤੋਂ ਇਨਕਾਰ ਕਰਦੇ ਹਾਂ। ਇਹੋ ਜਿਹਾ ਕੋਈ ਭਾਣਾ ਨਹੀਂ ਵਾਪਰਿਆ। ਆਰਮੀਨੀ ਲੋਕ ਮੁਸ਼ਕਿਲਾਂ ਵਿਚੋਂ ਲੰਘੇ, ਇਹ ਸਹੀ ਹੈ, ਪਰ ਘੱਲੂਘਾਰੇ ਵਰਗਾ ਕੁਝ ਨਹੀਂ। ਇਤਿਹਾਸਕ ਤੱਥਾਂ ਨੂੰ ਵਿਗਾੜਨਾ ਠੀਕ ਨਹੀਂ ਹੁੰਦਾ। ਚਰਨੀ ਨੇ ਇਸ ਬਿਆਨ ਦਾ ਜਵਾਬ ਦੇਣਾ ਹੀ ਸੀ:
ਤੂੰ ਸਦਾਚਾਰ ਦੀ ਹੱਦ ਟੱਪ ਗਿਆ ਹੈਂ, ਕਿਸੇ ਯਹੂਦੀ ਨੂੰ ਅਜਿਹੀ ਉਲੰਘਣਾ ਨਹੀਂ ਕਰਨੀ ਚਾਹੀਦੀ। ਤੇਰਾ ਇਹ ਬਿਆਨ ਇਜ਼ਰਾਈਲ ਸਟੇਟ ਦੇ ਹਿਤਾਂ ਵਾਸਤੇ ਮਜਬੂਰੀਵਸ ਵੀ ਦਿੱਤਾ ਹੋ ਸਕਦਾ ਹੈ ਪਰ ਯਹੂਦੀ ਅਤੇ ਇਜ਼ਰਾਇਲੀ ਨਾਗਰਿਕ ਹੋਣ ਕਾਰਨ ਮੈਨੂੰ ਤੇਰਾ ਬਿਆਨ ਪੜ੍ਹ ਕੇ ਸ਼ਰਮ ਆਈ। ਤੈਨੂੰ ਯਾਦ ਕਰਾ ਦਿਆਂ ਕਿ 2000 ਵਿਚ ਫਿਲਾਡੈਲਫੀਆ Ḕਚ ਯਹੂਦੀ ਨਸਲਕੁਸ਼ੀ ਉਪਰ ਕਾਨਫਰੰਸ ਹੋਈ ਸੀ। ਉਥੇ ਦੁਨੀਆਂ ਭਰ ਦੇ ਖੋਜੀਆਂ, ਇਤਿਹਾਸਕਾਰਾਂ ਵਿਚ ਯਹੂਦੀ ਵਿਦਵਾਨ ਵੀ ਸਨ। ਉਸ Ḕਐਸੋਸੀਏਸ਼ਨ ਆਫ ਜੀਨੋਸਾਈਡ ਸਕਾਲਰਜ਼Ḕ ਵਿਚ ਆਰਮੀਨੀ ਫੁੱਲ ਸਕੇਲ ਨਸਲਕੁਸ਼ੀ ਮਤੇ ਦੇ ਐਲਾਨਨਾਮੇ ਉਪਰ ਸਭ ਨੇ ਸਰਬ ਸੰਮਤੀ ਨਾਲ ਦਸਤਖਤ ਕੀਤੇ ਸਨ। ਇਸੇ ਤਰ੍ਹਾਂ ਦਾ ਮਤਾ 1997 ਵਿਚ ਵੀ ਪਾਸ ਹੋਇਆ ਸੀ ਕਿ ਤੁਰਕਾਂ ਨੇ ਆਰਮੀਨੀ ਲੋਕਾਂ ਦਾ ਬੀਜ ਨਾਸ ਕਰਨਾ ਚਾਹਿਆ।
ਇਜ਼ਰੀਲ ਚਰਨੀ ਆਪਣੀ ਧੁਨ ਦਾ ਇੰਨਾ ਪੱਕਾ ਕਿ ਦੋ ਜਿਲਦਾਂ ਵਿਚ ਘੱਲੂਘਾਰਿਆਂ ਦਾ ਵਿਸ਼ਵਕੋਸ਼ ਛਾਪ ਦਿੱਤਾ, Ḕਐਨਸਾਈਕਲੋਪੀਡੀਆ ਆਫ ਜੀਨੋਸਾਈਡḔ, ਜਿਸ ਵਿਚ ਤੁਰਕ ਰਿਕਾਰਡ ਦੇ ਹਵਾਲੇ ਨੱਥੀ ਕਰ ਕੇ 45 ਪੰਨੇ ਆਰਮੀਨੀ ਕਤਲੇਆਮ ਉਪਰ ਲਿਖੇ। ਇਸ ਬਿਰਤਾਂਤ ਵਿਚ ਪ੍ਰਸਿੱਧ ਤੁਰਕ ਇਤਿਹਾਸਕਾਰ ਅਹਿਮਦ ਰਫੀਕ ਦਾ ਵਾਕ ਛਾਪਿਆ। ਰਫੀਕ ਓਟੋਮਾਨ ਹਕੂਮਤ ਦੇ ਜਨਰਲ ਸਟਾਫ ਵਿਚ ਉਦੋਂ ਇੰਟੈਲੀਜੈਂਸ ਅਫਸਰ ਸੀ। ਉਸ ਨੇ ਦੱਸਿਆ, ਸਰਕਾਰ ਦਾ ਪੂਰੀ ਆਰਮੀਨੀ ਵਸੋਂ ਨੂੰ ਮਿਟਾ ਦੇਣ ਦਾ ਮਕਸਦ ਸੀ।
1982 ਦੀ ਨਸਲਕੁਸ਼ੀ ਬਾਰੇ ਕਾਨਫਰੰਸ ਤੋਂ ਪਹਿਲਾਂ ਏਲੀ ਵੀਜ਼ਲ ਨੂੰ ਤੁਰਕ ਸਰਕਾਰ ਦੇ ਨੁਮਾਇੰਦੇ ਨੇ ਕਿਹਾ, ਜੇ ਕਾਨਫਰੰਸ ‘ਚ ਆਰਮੀਨੀ ਵਿਦਵਾਨ ਸੱਦੇ ਤਾਂ ਤੁਰਕ ਇਹਨੂੰ ਗੰਭੀਰਤਾ ਨਾਲ ਲੈਣਗੇ ਤੇ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ।
ਆਰਮੀਨੀ ਮੁਆਵਜ਼ੇ ਨਹੀਂ ਮੰਗਦੇ, ਮੁਆਫੀਆਂ ਨਹੀਂ ਮੰਗਵਾਉਂਦੇ। ਕੀ ਤੁਰਕਾਂ ਦੇ ਹੁਕਮ ਸਦਕਾ ਸਾਢੇ ਪੰਜ ਲੱਖ ਪਿੰਜਰਾਂ ਬਾਰੇ ਗੱਲ ਕਰਨੀ ਵੀ ਮਨ੍ਹਾਂ ਹੈ? ਸੋ ਤੁਰਕ ਇਨ੍ਹਾਂ ਪਿੰਜਰਾਂ ਬਾਰੇ ਗੱਲ ਕਰਨ ਤੋਂ ਵੀ ਰੋਕਣਗੇ। ਯਹੂਦੀਆਂ ਦੀ ਨਸਲਕੁਸ਼ੀ ਦੀ ਖਿਮਾ ਜਰਮਨ ਸਰਕਾਰ ਨੇ ਮੰਗ ਲਈ ਹੈ, ਮੰਨ ਲਿਆ ਕਿ ਪਾਪ ਹੋਇਆ। ਤੁਰਕ ਆਪਣੇ ਗੁਨਾਹਾਂ ਤੋਂ ਇੰਨੇ ਖੌਫਜ਼ਦਾ ਹਨ ਕਿ ਗੱਲ ਨਹੀਂ ਕਰਨ ਦਿੰਦੇ, ਇਸ ਨਸਲਕੁਸ਼ੀ ਤੋਂ ਪੂਰਨ ਮੁਨਕਰ ਹਨ। ਨਿਊ ਯਾਰਕ ਯੂਨੀਵਰਸਿਟੀ ਦੇ ਏਰਿਕ ਲੇਵਿਸ ਨੇ ਕਿਹਾ, ਮ੍ਰਿਤਕ ਆਰਮੀਨੀ ਲੋਕਾਂ ਦੇ ਘਰ, ਦੁਕਾਨਾਂ, ਜ਼ਮੀਨਾਂ ਉਪਰ ਤੁਰਕਾਂ ਦਾ ਕਬਜ਼ਾ ਹੋ ਗਿਆ ਹੈ; ਸੋਚਦੇ ਨੇ ਕਿ ਜੇ ਮੰਨ ਲਿਆ, ਇਹ ਜੁਰਮ ਕੀਤਾ ਸੀ, ਤਾਂ ਦੁਨੀਆਂ ਕਹੇਗੀ, ਫਿਰ ਉਨ੍ਹਾਂ ਦੀ ਜਾਇਦਾਦ ਛੱਡੋ। ਕਾਬਜ਼ ਕਦੋਂ ਜਾਇਦਾਦ ਛੱਡਦੈ? ਮੰਨੋ ਨਾ ਕਿ ਕੁਝ ਹੋਇਆ ਸੀ। ਚਾਹੀਦਾ ਇਹ ਹੈ ਕਿ ਤੁਰਕ ਸਰਕਾਰ ਆਪਣੇ ਸਿਖਿਆ ਸਿਲੇਬਸਾਂ ਵਿਚ ਆਰਮੀਨੀ ਲੋਕਾਂ ਦੀ ਕਥਾ ਆਧੁਨਿਕ ਇਤਿਹਾਸ ਦਾ ਹਿੱਸਾ ਬਣਾਏ।
ਜਦੋਂ ਪੋਪ ਜਾਨ ਪਾਲ ਦੂਜੇ ਦਾ ਬਿਆਨ ਆਇਆ ਕਿ ਆਰਮੀਨੀ ਨਸਲਕੁਸ਼ੀ ਤੋਂ ਸਿੱਖਣਾ ਪਏਗਾ, ਇਹੋ ਜਿਹੀਆਂ ਦੁਰਘਟਨਾਵਾਂ ਮੁੜ ਨਾ ਵਾਪਰਨ ਤਾਂ ਤੁਰਕੀ ਅਖਬਾਰ ḔਮਿੱਲਿਤḔ ਨੇ ਪਹਿਲੇ ਸਫੇ ਤੇ ਸੁਰਖੀ ਲਾਈ, Ḕਸਠਿਆਏ ਬੁੱਢੇ ਦਾ ਦਿਮਾਗ ਹਿੱਲ ਗਿਐ।Ḕ ਅਮਰੀਕਾ ਅਤੇ ਯੂਰਪ ਨੂੰ ਕੋਈ ਲੋੜ ਨਹੀਂ ਤੁਰਕੀ ਨੂੰ ਅਕਲ ਸਿਖਾਉਣ ਕਿਉਂਕਿ ਉਹ ਇਨ੍ਹਾਂ ਦੇ ਹਥਿਆਰਾਂ ਦਾ ਵੱਡਾ ਗਾਹਕ ਹੈ। ਅਮਰੀਕਾ ਵਿਚ ਮਜ਼ਬੂਤ ਤੁਰਕ ਲਾਬੀ ਉਸ ਪੱਤਰਕਾਰ Ḕਤੇ ਹਮਲਾ ਕਰਵਾ ਦਿੰਦੀ ਹੈ ਜਿਹੜਾ ਆਰਮੀਨੀ ਲੋਕਾਂ ਦੇ ਹੱਕ ਵਿਚ ਕੁੱਝ ਲਿਖੇ। Ḕਨਿਊ ਯਾਰਕ ਟਾਈਮਜ਼Ḕ ਨੇ 1915 ਵਿਚ ਪੂਰੀ ਬਹਾਦਰੀ ਅਤੇ ਇਮਾਨਦਾਰੀ ਨਾਲ ਦੁਨੀਆਂ ਨੂੰ ਆਰਮੀਨੀ ਸਾਕੇ ਤੋਂ ਜਾਣੂ ਕਰਵਾਇਆ ਸੀ, ਹੁਣ ਇਹ ਅਖਬਾਰ ਵੀ ਕੂਟਨੀਤੀ ਦੀ ਵਜ੍ਹਾ ਕਰ ਕੇ ਕਮਜ਼ੋਰ ਹੋ ਗਿਆ ਹੈ। ਸਟੀਫਨ ਦਾ 26 ਮਾਰਚ 1998 ਨੂੰ ਇਸ ਮਸਲੇ Ḕਤੇ ਲੇਖ ਛਪਿਆ, ਉਸ ਨੇ ਤੁਰਕੀ ਵਿਚ 70 ਹਜ਼ਾਰ ਬਚੇ ਆਰਮੀਨੀ ਲੋਕਾਂ ਬਾਰੇ ਲਿਖਿਆ:
ਓਟੋਮਾਨ ਹਕੂਮਤ ਵੇਲੇ ਆਰਮੀਨੀ ਲੋਕਾਂ ਦੇ ਤੁਰਕਾਂ ਨਾਲ ਸਬੰਧ ਚੰਗੇ ਸਨ ਪਰ 1915 ਦੀਆਂ ਗਰਮੀਆਂ ਵਿਚ ਪੂਰਬੀ ਅਨਾਤੋਲੀਆ ਇਲਾਕਿਆਂ ਵਿਚ ਕਤਲ ਸ਼ੁਰੂ ਹੋ ਗਏ। ਜੋ ਕੁਝ ਹੋਇਆ, ਉਸ ਬਾਰੇ ਭਾਵੇਂ ਵਾਦ-ਵਿਵਾਦ ਹਨ ਪਰ ਕਾਫੀ ਆਰਮੀਨੀ, ਨਸਲੀ ਸਫਾਈ ਕਾਰਨ ਅਚਾਨਕ ਹਿੰਸਾ ਭੜਕਣ ਕਾਰਨ, ਲੰਮੇ ਪੈਦਲ ਸਫਰਾਂ ਵਿਚ ਮਰ ਗਏ ਜਾਂ ਮਾਰੇ ਗਏ।
ਸਟੀਫਨ ਲੱਖਾਂ ਦੀ ਗੱਲ ਨਹੀਂ ਕਰਦਾ, Ḕਕਾਫੀ ਸਾਰੇ’ ਆਖਦਾ ਹੈ ਤੇ ਇਹ ਮਸਲਾ ਵਿਵਾਦ ਵਾਲਾ ਦੱਸਦਾ ਹੈ। ਬੀਜ ਨਾਸ ਨਹੀਂ ਕਹਿੰਦਾ, ਨਸਲੀ ਸਫਾਈ ਆਖਦਾ ਹੈ। ਇਸ ਲੇਖ ਤੋਂ ਪਤਾ ਲਗਦਾ ਹੈ ਕਿ ਆਰਮੀਨੀ ਨਸਲਕੁਸ਼ੀ ਤੋਂ ਇਨਕਾਰੀ ਤਾਕਤਵਰ ਲਾਬੀ ਕੰਮ ਕਰ ਰਹੀ ਹੈ। ਬਾਅਦ ਵਿਚ ਸਟੀਫਨ ਨੇ ਇਕ ਹੋਰ ਲੇਖ ਲਿਖਿਆ ਜਿਸ ਦਾ ਟਾਈਟਲ ਸੀ, Ḕਜੋ ਯਾਦ ਹੈ, ਆਰਮੀਨੀ ਉਸ ਨੂੰ ਭੁੱਲ ਜਾਣ।Ḕ ਸਟੀਫਨ ਨੂੰ ਚਾਹੀਦੈ, ਯਹੂਦੀਆਂ ਨੂੰ ਵੀ ਸਮਝਾਏ ਕਿ ਉਨ੍ਹਾਂ ਨਾਲ ਅੱਵਲ ਤਾਂ ਜ਼ਿਆਦਤੀ ਹੋਈ ਨਹੀਂ, ਜੇ ਮਾੜੀ ਮੋਟੀ ਹੋਈ, ਉਸ ਨੂੰ ਭੁੱਲ ਜਾਣ। Ḕਨਿਊ ਯਾਰਕ ਟਾਈਮਜ਼Ḕ ਨੇ 27 ਅਪਰੈਲ 2002 ਨੂੰ ਫਿਰ ਸਟੀਫਨ ਦਾ ਲੇਖ ਛਾਪਿਆ। ਪਤਾ ਲੱਗਾ ਕਿ ਵਾਸ਼ਿੰਗਟਨ ਵਿਚ ਆਰਮੀਨੀ ਨਸਲਕੁਸ਼ੀ ਤੇ ਅਜਾਇਬਘਰ ਬਣੇਗਾ। ਸਟੀਫਨ ਦੀ ਟਿੱਪਣੀ:
ਵਾਸ਼ਿੰਗਟਨ ਵਿਚ ਪਹਿਲਾਂ ਹੀ ਯੂਨਾਈਟਿਡ ਸਟੇਟਸ ਹੋਲੋਕਾਸਟ ਮਿਊਜ਼ੀਅਮ ਮੌਜੂਦ ਹੈ ਜਿਸ ਵਿਚ ਉਨ੍ਹਾਂ ਲੋਕਾਂ ਦਾ ਰਿਕਾਰਡ ਹੈ ਜਿਨ੍ਹਾਂ ਦੀ ਨਸਲਕੁਸ਼ੀ ਹੋਈ। ਉਸ ਵਿਚ ਰੱਖੀ ਸਮੱਗਰੀ ਨਿਰਵਿਵਾਦ ਹੈ ਪਰ 1915 ਦੀਆਂ ਘਟਨਾਵਾਂ ਦੇ ਤੱਥ ਤਾਂ ਅਜੇ ਵਿਵਾਦ ਵਾਲੇ ਹਨ।
8 ਜੂਨ 2003 ਨੂੰ ਇਸੇ ਅਖਬਾਰ ਨੇ ਇਤਿਹਾਸਕ ਫੋਟੋ ਛਾਪੀ; ਕੈਪਸ਼ਨ ਸੀ: Ḕਆਰਮੀਨੀ ਲੋਕ ਫੌਜ ਦੀ ਨਿਗਰਾਨੀ ਵਿਚ ਕੂਚ ਕਰਦੇ ਜੇਲ੍ਹ ਵੱਲ ਜਾਂਦੇ ਹੋਏ।’
ਬਦਨਸੀਬ ਆਰਮੀਨੀਆਂ ਨੂੰ ਜੇਲ੍ਹ ਦਾ ਸੁੱਖ ਭੋਗਣਾ ਨਸੀਬ ਨਹੀਂ ਹੋਇਆ। ਕਤਲ ਕਰਨ ਤੋਂ ਪਹਿਲੋਂ ਤਸੀਹੇ ਦੇਣ ਲਈ ਉਹ ਸਭ ਨੂੰ ਪੈਦਲ ਤੋਰਦੇ, ਰਸਤੇ ਵਿਚ ਰੇਪ ਕਰਦੇ ਜਾਂਦੇ ਤੇ ਆਖਰ ਸਮੂਹਕ ਸਫਾਇਆ। ਇਹ ਹਰਪੁਤ ਕਸਬੇ ਦੀ ਉਹੀ ਫੋਟੋ ਹੈ ਜੋ ਜਰਮਨ ਵਪਾਰੀ ਨੇ ਖਿੱਚੀ ਸੀ।
ਲਾਉਰੀ ਨੇ ਓਟੋਮਾਨ ਹਕੂਮਤ Ḕਤੇ ਡਾਕਟਰੇਟ ਕਰਨੀ ਸੀ, ਇਸਤੰਬੂਲ ਜਾ ਕੇ ਪੜ੍ਹਦਾ ਰਿਹਾ, ਉਥੇ ਦੀ ਯੂਨੀਵਰਸਿਟੀ ਵਿਚ ਲੈਕਚਰ ਦਿੱਤੇ। ਤੁਰਕੀ ਸਰਕਾਰ ਨੇ ਵਾਸ਼ਿੰਗਟਨ ਵਿਚ ਆਪਣੇ ਖਰਚੇ ਨਾਲ Ḕਇੰਸਟੀਚਿਊਟ ਫਾਰ ਟਰਕਿਸ਼ ਸਟੱਡੀਜ਼Ḕ ਖੋਲ੍ਹਿਆ। ਪੜ੍ਹਾਈ ਪੂਰੀ ਕਰਨ ਪਿਛੋਂ ਲਾਉਰੀ 1986 ਵਿਚ ਇਸ ਦਾ ਡਾਇਰੈਕਟਰ ਲੱਗ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਆਪਣੀਆਂ ਲਿਖਤਾਂ ਰਾਹੀਂ ਸਿੱਧ ਕਰਨ ਲੱਗਾ ਹੋਇਆ ਹੈ ਕਿ 1915 ਵਿਚ ਕੋਈ ਨਸਲਕੁਸ਼ੀ ਨਹੀਂ ਹੋਈ। ਉਹ ਪਾਰਲੀਮੈਂਟ ਦੇ ਮੈਂਬਰਾਂ ਨੂੰ ਮਿਲਦਾ ਰਿਹਾ ਹੈ ਕਿ ਆਰਮੀਨੀ ਲੋਕਾਂ ਦੇ ਹੱਕ ਵਿਚ ਪਾਸ ਕੀਤੇ ਮਤੇ ਵਾਪਸ ਲਵੋ।
ਰਾਬਰਟ ਨੇ ਕਿਤਾਬ ਲਿਖੀ Ḕਦਿ ਨਾਜ਼ੀ ਡਾਕਟਰਜ਼Ḕ ਜਿਸ ਵਿਚ ਆਰਮੀਨੀਆਂ ਦੇ ਅਨੇਕ ਹਵਾਲੇ ਹਨ। ਅਮਰੀਕਾ ਵਿਚ ਤੁਰਕ ਸਫੀਰ ਨੁਜ਼ਹਿਤ ਨੇ ਰਾਬਰਟ ਨੂੰ ਖਤ ਲਿਖਿਆ ਕਿ ਤੁਹਾਨੂੰ ਅਜਿਹੇ ਹਵਾਲੇ ਨਹੀਂ ਦੇਣੇ ਚਾਹੀਦੇ। ਕਲਰਕ ਤੋਂ ਗਲਤੀ ਨਾਲ ਲਿਫਾਫੇ ਵਿਚ ਉਹ ਖਤ ਵੀ ਪੈ ਗਿਆ ਜਿਹੜਾ ਲਾਉਰੀ ਨੇ ਇਸ ਸਫੀਰ ਨੂੰ ਲਿਖਿਆ ਸੀ। ਸਫੀਰ ਨੇ ਰਾਬਰਟ ਨੂੰ ਖਤ ਕਿਵੇਂ ਲਿਖਣਾ ਹੈ, ਉਸ ਵਿਚ ਕੀ-ਕੀ ਲਿਖਣਾ ਹੈ, ਇਹ ਲਾਉਰੀ ਦਾ ਤਿਆਰ ਕੀਤਾ ਡ੍ਰਾਫਟ ਸੀ ਜੋ ਸਫੀਰ ਨੇ ਆਪਣੇ ਲੈਟਰ ਪੈਡ Ḕਤੇ ਟਾਈਪ ਕਰਵਾ ਕੇ ਆਪਣੇ ਦਸਤਖਤਾਂ ਹੇਠ ਭੇਜਣਾ ਸੀ। ਲਾਉਰੀ ਦੀਆਂ ਸੇਵਾਵਾਂ ਜੱਗ ਜ਼ਾਹਿਰ ਹੋ ਗਈਆਂ।
ਹਾਰਵਰਡ, ਜਾਰਜ ਟਾਊਨ, ਇੰਡੀਆਨਾ, ਪੋਰਟਲੈਂਡ ਸਟੇਟ ਅਤੇ ਸ਼ਿਕਾਗੋ ਵਿਚ ਵੀ ਤੁਰਕੀ ਚੇਅਰਾਂ ਹਨ। ਇਨ੍ਹਾਂ ਦੇ ਡਾਇਰੈਕਟਰ ਲੱਗਣ ਲਈ ਵਿਦਿਅਕ ਯੋਗਤਾ ਇਹ ਹੋਣੀ ਚਾਹੀਦੀ ਹੈ ਕਿ ਉਮੀਦਵਾਰ ਤੁਰਕੀ ਵਿਚ ਜਾ ਕੇ ਪੜ੍ਹਿਆ ਹੋਵੇ, ਤੁਰਕਾਂ ਨਾਲ ਦੋਸਤਾਨਾ ਸਬੰਧ ਹੋਣ ਤੇ ਤੁਰਕ ਵਿਦਵਾਨ ਉਸ ਨੂੰ ਚੰਗਾ ਸਮਝਣ। ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਆਰਮੀਨੀਆਂ ਬਾਰੇ ਜ਼ਿਕਰ ਕਰਨਾ ਨੁਕਸਾਨਦਾਇਕ ਹੋਵੇਗਾ, ਦੋਸਤਾਨਾ ਸਬੰਧ ਨਹੀਂ ਰਹਿਣਗੇ। ਅਮਰੀਕਾ ਨੇ ਲਾਸ ਏਂਜਲਸ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਤੁਰਕੀ ਚੇਅਰ ਬੰਦ ਕਰ ਦਿੱਤੀ ਹੈ। ਡੇਢ ਸੌ ਵਿਦਵਾਨ ਜੋ ਨਸਲਕੁਸ਼ੀ ਵਿਸ਼ੇ ਦੇ ਮਾਹਿਰ ਹਨ, ਨੇ ਦਸਤਖਤ ਕਰ ਕੇ ਤੁਰਕੀ ਤੋਂ ਮੰਗ ਕੀਤੀ ਹੈ ਕਿ ਆਰਮੀਨੀ ਬੀਜ ਨਾਸ ਤੋਂ ਇਨਕਾਰੀ ਅੰਦੋਲਨ ਨਾ ਚਲਾਉ। ਮਕਤੂਲ ਦੂਹਰੀ ਮੌਤ ਮਰੇ। ਇਕ ਤਾਂ ਨਸਲਘਾਤ ਵੇਲੇ, ਦੂਜੀ ਵਾਰ ਉਦੋਂ ਮਰੇ ਜਦੋਂ ਕਿਹਾ ਗਿਆ ਨਸਲਘਾਤ ਹੋਇਆ ਹੀ ਨਹੀਂ। ਜਿਹੜੇ ਦੁਖਿਆਰੇ ਬਚ ਗਏ, ਉਨ੍ਹਾਂ ਨੂੰ ਇਹ ਸੰਦੇਸ਼ ਹੈ ਕਿ ਤੁਸੀਂ ਦੁਖੀ ਨਹੀਂ।
ਅਜੇ ਤਾਂ ਵੱਡੀਆਂ ਹਸਤੀਆਂ ਨੇ ਆਪਣੇ ਜਲਵੇ ਦਿਖਾਉਣੇ ਹਨ, ਸਾਲ 2000 ਵਿਚ ਅਮਰੀਕਾ ਦੀ ਪਾਰਲੀਮੈਂਟ ਵਿਚ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਉਪਰ ਹਮਦਰਦੀ ਪ੍ਰਗਟ ਕਰਦਿਆਂ ਬਿਲ ਪੇਸ਼ ਹੋਇਆ। ਕੁਦਰਤੀ ਹੈ, ਵੋਟਾਂ ਨਾਲ ਪਾਸ ਹੋਣਾ ਸੀ। ਤੁਰਕੀ ਨੇ ਵਾਸ਼ਿੰਗਟਨ ਨੂੰ ਤਾੜਨਾ ਕੀਤੀ ਕਿ ਜੇ ਬਿਲ ਪਾਸ ਹੋਇਆ, ਤਾਂ ਨਾ ਅਸੀਂ ਤੁਹਾਡੇ ਜਹਾਜ ਤੁਰਕੀ ਵਿਚ ਉਤਰਨ ਦਿਆਂਗੇ, ਨਾ ਤੁਰਕੀ ਉਪਰ ਦੀ ਲੰਘਣ ਦਿਆਂਗੇ। ਤੁਰਕ ਰੱਖਿਆ ਮੰਤਰੀ ਨੇ ਕਿਹਾ, ਅਸੀਂ ਹਥਿਆਰ ਖਰੀਦਣ ਦੀ ਸੰਧੀ ਰੱਦ ਕਰ ਦਿਆਂਗੇ। ਇਜ਼ਰਾਈਲ ਨੇ ਤੁਰਕੀ ਦੀ ਹਮਾਇਤ ਵਿਚ ਅਮਰੀਕਾ ਨੂੰ ਕਿਹਾ। ਬਿਲ ਕਲਿੰਟਨ ਨੇ ਸ਼ਰਮਨਾਕ ਕਾਰਵਾਈ ਕੀਤੀ, ਬਿਲ ਵਾਪਸ ਲੈ ਲਿਆ।
ਹਮਦਰਦ ਵੀ ਮਿਲੇ। ਫਰਾਂਸ ਦੇ ਇਤਿਹਾਸਕਾਰ ਬਰਨਰਡ ਲੇਵਿਸ ਨੇ ਲਿਖ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਆਰਮੀਨੀ ਲੋਕਾਂ ਦੀ ਨਸਲਕੁਸ਼ੀ ਬਾਰੇ ਕੇਵਲ ਆਰਮੀਨੀ ਲੋਕ ਕਹਿੰਦੇ ਹਨ। ਇਹ ਉਨ੍ਹਾਂ ਦਾ ਪੱਖ ਹੈ। ਫਰਾਂਸ ਵਿਚ ਰੌਲਾ ਪੈ ਗਿਆ ਕਿਉਂਕਿ ਫਰਾਂਸ ਵਿਚ ਆਰਮੀਨੀ ਨਸਲਕੁਸ਼ੀ ਤੋਂ ਇਨਕਾਰੀ ਹੋਣਾ ਅਪਰਾਧ ਹੈ। ਹਾਈਕੋਰਟ ਨੇ ਬਰਨਰਡ ਨੂੰ ਦੋਸ਼ੀ ਮੰਨ ਕੇ ਸਜ਼ਾ ਦਿੱਤੀ। ਫਰਾਂਸ ਦੀ ਸੈਨੇਟ ਨੇ ਇਸ ਨਸਲਕੁਸ਼ੀ ਬਾਰੇ ਬਿਲ ਪਾਸ ਕਰਨਾ ਸੀ। ਫਰਾਂਸੀਸੀ ਵਿਦੇਸ਼ ਸਕੱਤਰ ਨੇ ਬਿਆਨ ਦਿੱਤਾ, ਕੀ ਹੋਇਆ ਸੀ, ਕੀ ਨਹੀਂ ਹੋਇਆ, ਇਸ ਦਾ ਫੈਸਲਾ ਇਤਿਹਾਸਕਾਰ ਕਰਨ, ਸੈਨੇਟ ਦਾ ਇਸ ਨਾਲ ਕੀ ਸਬੰਧ? ਲਗਦੈ, ਤੁਰਕੀ ਸਰਕਾਰ ਨੇ ਵਿਦੇਸ਼ ਸਕੱਤਰ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਹੋਵੇ? ਪਰ ਇਸ ਸਕੱਤਰ ਦੇ ਬਿਆਨ ਨੇ ਅਸਰ ਨਹੀਂ ਕੀਤਾ। ਨਵੰਬਰ ਵਿਚ ਸੈਨੇਟ ਨੇ ਬਿਲ ਪਾਸ ਕੀਤਾ, ਦੋ ਮਹੀਨਿਆਂ ਬਾਅਦ ਨੈਸ਼ਨਲ ਅਸੈਂਬਲੀ ਨੇ ਪਾਸ ਕਰ ਦਿੱਤਾ।
ਅਸਮਾਨ ਡਿਗਣਾ ਹੀ ਸੀ। ਫਰਾਂਸ ਦੀ ਕੰਪਨੀ Ḕਅਲਮੇ ਤਿਲḔ ਨਾਲ ਤੁਰਕੀ ਨੇ ਉਪਗ੍ਰਹਿ ਜਾਸੂਸੀ ਵਾਸਤੇ 200 ਮਿਲੀਅਨ ਡਾਲਰ ਦਾ ਸੌਦਾ ਤੈਅ ਕੀਤਾ ਸੀ, ਸੋ ਰੱਦ ਕਰ ਦਿੱਤਾ। ਫਰੈਂਚ ਕੰਪਨੀ ḔਗਿਆਤḔ ਨਾਲ ਟੈਂਕਾਂ ਦੀ ਖਰੀਦ ਲਈ ਸੱਤ ਬਿਲੀਅਨ ਡਾਲਰ ਦਾ ਸੌਦਾ ਕੈਂਸਲ ਕੀਤਾ। ਤੁਰਕੀ ਪਾਰਲੀਮੈਂਟ ਵਿਚ ਮਤਾ ਪਾਸ ਕੀਤਾ ਕਿ ਫਰਾਂਸੀਸੀਆਂ ਨੇ ਅਲਜੀਰੀਅਨਾਂ ਦੀ ਨਸਲਕੁਸ਼ੀ ਕੀਤੀ ਸੀ ਜਿਸ ਨੂੰ ਸਖਤ ਸ਼ਬਦਾਂ ਵਿਚ ਨਿੰਦਦੇ ਹਾਂ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ, ਤੁਸੀਂ ਵੀ ਆਰਮੀਨੀਆਂ ਬਾਰੇ ਹਾਅ ਦਾ ਨਾਅਰਾ ਮਾਰੋ। ਉਸ ਨੇ ਉਤਰ ਦਿੱਤਾ, 80 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਿਸ ਵਾਸਤੇ ਫਾਇਦੇਮੰਦ ਹੋਵੇਗਾ? ਇਹ ਸਰਕਾਰਾਂ ਦੇ ਕੰਮ ਨੇ? ਤੁਰਕਾਂ ਅਤੇ ਆਰਮੀਨੀਆਂ ਲਈ ਇਹੋ ਸਹੀ ਰਸਤਾ ਹੈ ਕਿ ਹੁਣ ਆਪਣੇ ਸਬੰਧ ਨਾ ਵਿਗਾੜਨ। ਯਹੂਦੀਆਂ ਨੇ ਕਿਹਾ, ਨਸਲਕੁਸ਼ੀ ਕੇਵਲ ਸਾਡੀ ਕੀਤੀ ਸੀ ਹਿਟਲਰ ਨੇ, ਉਸ ਦੇ ਮੁਕਾਬਲੇ ਆਰਮੀਨੀ ਲੋਕਾਂ ਦਾ ਕੇਸ ਕੁਝ ਵੀ ਨਹੀਂ।
ਮ੍ਰਿਤਕਾਂ ਦੇ ਵਾਰਸਾਂ ਨੂੰ ਪਤਾ ਲੱਗਾ ਕਿ ਸਾਡੇ ਵਡੇਰਿਆਂ ਨੇ ਬੀਮੇ ਕਰਵਾਏ ਹੋਏ ਸਨ। ਕੰਪਨੀਆਂ ਉਨ੍ਹਾਂ ਨੂੰ ਰਕਮਾਂ ਦੇਣ। ਕੰਪਨੀਆਂ ਨੇ ਕਿਹਾ, ਮੌਤ ਦਾ ਸਬੂਤ ਦਿਉ। ਮੌਤ ਦਾ ਸਰਟੀਫਿਕੇਟ ਤੁਰਕ ਸਰਕਾਰ ਦੇਵੇ? ਚੋਣ ਰੈਲੀ ਦੌਰਾਨ ਜਾਰਜ ਬੁਸ਼ ਆਰਮੀਨੀ ਸੰਗਤ ਨੂੰ ਮਿਲਿਆ, ਉਨ੍ਹਾਂ ਨੇ ਕਿਹਾ, ਜੇ ਜਿੱਤ ਗਏ, ਸਾਡੇ ਹੱਕ ਦੀ ਬੀਮਾ ਰਕਮ ਦਿਉਗੇ? ਬੁਸ਼ ਨੇ ਵਾਅਦਾ ਕਰ ਕੇ ਵੋਟਾਂ ਲਈਆਂ, ਜਿੱਤ ਗਿਆ, ਭੁੱਲ ਗਿਆ ਕੋਈ ਵਾਅਦਾ ਕੀਤਾ ਸੀ। ਅਮਰੀਕਾ ਦੇ ਪ੍ਰੈਜ਼ੀਡੈਂਟ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਤੁਰਕੀ ਨੇ ਸਾਫ ਕਹਿ ਦਿੱਤਾ ਸੀ, ਸਾਡੇ ਨਾਲ ਚੱਲਣਾ ਹੈ ਕਿ ਸਾਡੇ ਦੁਸ਼ਮਣਾਂ ਨਾਲ, ਇਹ ਤੁਹਾਡੀ ਮਰਜ਼ੀ। ਜਾਰਜ ਬੁਸ਼ ਅਤੇ ਟੋਨੀ ਬਲੇਅਰ ਤੁਰਕੀ ਦੇ ਦੋਸਤ ਰਹੇ।
3 ਫਰਵਰੀ 2001 ਵਿਚ ਅਜੀਬ ਘਟਨਾ ਵਾਪਰੀ। ਤੁਰਕੀ ਟੈਲੀਵਿਜ਼ਨ ਉਪਰ ਤੁਰਕ ਲੇਖਕ ਤੇ ਇਤਿਹਾਸਕਾਰ ਤਨੇਰ ਅੱਕਾਮ ਆਪਣੇ ਵਤਨੀਆਂ ਨੂੰ 1915 ਦੇ ਜੀਆਘਾਤ ਦੇ ਤੱਥ ਅਤੇ ਵੇਰਵੇ ਦੱਸ ਰਿਹਾ ਸੀ; ਦੱਸਦਿਆਂ ਉਸ ਨੇ ਕਿਹਾ, Ḕਜੋ ਹੋਇਆ, ਸਾਨੂੰ ਉਸ ਦਾ ਪਛਤਾਵਾ ਕਰਨਾ ਚਾਹੀਦਾ ਹੈ। ਜੇ ਤੁਸੀਂ ਇਸ ਨੂੰ ਨਸਲਕੁਸ਼ੀ ਨਹੀਂ ਆਖਣਾ, ਨਾ ਆਖੋ; ਕਤਲੇਆਮ ਆਖ ਲਉ ਪਰ ਇਹ ਮਨੁੱਖਤਾ ਵਿਰੁਧ ਜੁਰਮ ਸੀ। ਆਰਮੀਨੀ ਲੋਕਾਂ ਨੂੰ ਕਹੋ, ਖਿਮਾ ਕਰ ਦੇਣ ਤੇ ਵਾਅਦਾ ਕਰੋ ਕਿ ਸਿਆਸੀ ਵਿਰੋਧ ਅਤੇ ਅਸਹਿਮਤੀ ਪ੍ਰਗਟਾਉਣ ਨੂੰ ਅਪਰਾਧ ਨਾ ਮੰਨਿਆ ਜਾਏ।Ḕ
ਤੁਰਕਾਂ ਲਈ ਗੱਦਾਰੀ ਵਾਲੇ ਇਹ ਲਫਜ਼ ਹਜ਼ਮ ਕਰਨੇ ਕਿਹੜਾ ਸੌਖੇ ਸਨ? ਇਹ ਛੇ ਘੰਟਿਆਂ ਦੀ ਕੌੜੀ ਬਹਿਸ ਸੀ। ਟੈਲੀਵਿਜ਼ਨ ਨਾਲ ਸਰੋਤੇ ਫੋਨ Ḕਤੇ ਜੁੜੇ ਹੋਏ ਸਨ। ਇਕ ਸਰੋਤੇ ਨੇ ਉਚੀ ਆਵਾਜ਼ ਵਿਚ ਕਿਹਾ, ਇਸ ਆਦਮੀ ਨੂੰ ਇਥੇ ਬੋਲਣ ਕਿਸ ਨੇ ਸੱਦਿਐ? ਇਸ ਦੀ ਜ਼ਬਾਨ ਬੰਦ ਕਰੋ। ਆਵਾਜ਼ ਸਿਮਰਾ ਓਜ਼ਲ ਦੀ ਸੀ, ਮਰਹੂਮ ਤੁਰਕ ਰਾਸ਼ਟਰਪਤੀ ਤੁਰਗੁਤ ਓਜ਼ਲ ਦੀ ਬੀਵੀ; ਪਰ ਅੱਕਾਮ ਰੁਕਿਆ ਨਹੀਂ, ਕਿਹਾ, Ḕਜਦੋਂ ਤੱਕ ਅਸੀਂ ਇਸ ਅਪਰਾਧ ਲਈ ਜ਼ਿੰਮੇਵਾਰ ਬੰਦਿਆਂ ਤੋਂ ਦੂਰੀ ਨਹੀਂ ਰੱਖਦੇ ਜਿਨ੍ਹਾਂ ਨੇ ਨਸਲਕੁਸ਼ੀ ਕੀਤੀ, ਉਦੋਂ ਤਕ ਅਸੀਂ ਆਪਣੀ ਰੂਹ ਤੋਂ ਇਹ ਭਾਰ ਨਹੀਂ ਉਤਾਰ ਸਕਦੇ।Ḕ ਸਾਰੇ ਪ੍ਰੋਗਰਾਮ ਵਿਚ ਉਸ ਨੇ ਨਸਲਕੁਸ਼ੀ ਵਾਸਤੇ ਤੁਰਕੀ ਲਫਜ਼ ḔਸੋਇਕਿਰਿਮḔ ਵਰਤਿਆ। Ḕਅਸੀਂ ਅਪਰਾਧੀ ਨਹੀਂ, ਆਰਮੀਨੀ ਕਸੂਰਵਾਰ ਨੇḔ, ਇਸ ਕਥਨ ਨਾਲ ਤੁਰਕੀ ਦਾ ਅਕਸ ਵਿਗੜਦਾ ਹੈ। ਮੁਸਤਫਾ ਕਮਲ ਅੱਤਾਤੁਰਕ ਜੋ ਆਧੁਨਿਕ ਤੁਰਕੀ ਦਾ ਪਿਤਾਮਾ ਹੈ, ਨੇ 23 ਅਪਰੈਲ 1920 ਨੂੰ ਆਰਮੀਨੀ ਜੀਆਘਾਤ ਦੀ ਨਿਖੇਧੀ ਕਰਦਿਆਂ ਇਸ ਨੂੰ ਸ਼ਰਮਨਾਕ ਕਾਰਵਾਈ ਕਿਹਾ ਸੀ।
ḔਏਦਿਨਲਿਕḔ ਦੇ ਸੰਪਾਦਕ ਹਿਕਮਤ ਨੇ ਤੁਰਤ ਅੱਕਾਮ ਨੂੰ ਗੱਦਾਰ ਕਹਿ ਦਿੱਤਾ ਪਰ ਬਾਕੀ ਪੱਤਰਕਾਰ ਹੌਸਲੇ ਵਾਲੇ ਸਨ। ḔਹੁਰੀਅਤḔ ਦੇ ਸੰਪਾਦਕ ਨੇ ਲਿਖਿਆ, ਨਸਲਕੁਸ਼ੀ ਲਈ ਸਾਡੇ ਆਪਣੇ ਪੋਲ ਪੋਟ, ਆਪਣੇ ਸਤਾਲਿਨ ਸਨ, ਜਦੋਂ ਤਕ ਅਸੀਂ ਇਨ੍ਹਾਂ ਨੂੰ ਦੋਸ਼ਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦੇ, ਉਦੋਂ ਤੱਕ ਜੁਰਮ ਤੋਂ ਮੁਕਤ ਨਹੀਂ ਹੋ ਸਕਦੇ। ਤੁਸੀਂ ਕਹੋ, ਅਸੀਂ ਨਹੀਂ ਕੀਤੀ, ਨਾ ਕਰਾਂਗੇ ਪਰ ਜਿਨ੍ਹਾਂ ਨੇ ਨਸਲਕੁਸ਼ੀ ਕੀਤੀ, ਉਹ ਤਾਂ ਅਪਰਾਧੀ ਸਨ।
ਅੱਕਾਮ ਦੀ ਟੀæਵੀæ ਬਹਿਸ ਤੋਂ ਤਿੰਨ ਸਾਲ ਬਾਅਦ 500 ਤੋਂ ਵਧੀਕ ਯੂਨੀਵਰਸਿਟੀ ਅਧਿਆਪਕਾਂ, ਲੇਖਕਾਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਕੱਠੇ ਹੋ ਕੇ ਸਕੂਲ ਦੇ ਇਤਿਹਾਸ ਦੇ ਸਿਲੇਬਸ ਵਿਰੁਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਕਿਉਂਕਿ ਇਤਿਹਾਸ ਵਿਚ ਦਰਜ ਕੀਤਾ ਹੋਇਆ ਸੀ ਕਿ ਆਰਮੀਨੀ ਲੋਕ ਬਕਵਾਸ ਕਰ ਰਹੇ ਹਨ, ਉਨ੍ਹਾਂ ਵਲੋਂ ਲਾਏ ਦੋਸ਼ ਝੂਠੇ ਹਨ। ਤੁਰਕ ਵਿਦਵਾਨਾਂ ਨੇ ਪਹਿਲੀ ਵਾਰ ਅਜਿਹਾ ਨਹੀਂ ਕੀਤਾ। ਇਸਤੰਬੂਲ ਦੀ ਸਟੇਟ ਸਕਿਓਰਿਟੀ ਕੋਰਟ ਨੰਬਰ 3 ਨੇ ਤਿੰਨ ਬੰਦਿਆਂ ਉਪਰ ਮੁਕੱਦਮਾ ਚਲਾਇਆ ਕਿਉਂਕਿ ਉਨ੍ਹਾਂ ਨੇ ਮਾਰਚ 1994 ਵਿਚ ਫਰੈਂਚ ਵਿਚੋਂ ਤੁਰਕੀ ਵਿਚ ਅਨੁਵਾਦ ਕਰ ਕੇ ਇਕ ਕਿਤਾਬ ਦੀਆਂ 15,000 ਕਾਪੀਆਂ ਛਪਵਾ ਲਈਆਂ ਸਨ। ਇਹ ਕਿਤਾਬ ਆਰਮੀਨੀ ਨਸਲਕੁਸ਼ੀ ਦਾ ਜ਼ਿਕਰ ਵਿਸਥਾਰ ਨਾਲ ਕਰਦੀ ਹੈ। ਇਨ੍ਹਾਂ ਨੇ ਬਗਾਵਤ ਕੀਤੀ ਹੈ, ਨਸਲੀ ਤੇ ਇਲਾਕਾਈ ਵੱਖਵਾਦ ਪੈਦਾ ਕੀਤਾ ਹੈ, ਤੁਰਕੀ ਨੂੰ ਤੋੜਨ ਦੇ ਯਤਨ ਕਰ ਕੇ ਗੱਦਾਰੀ ਕੀਤੀ ਹੈ। ਇਕ ਆਰਮੀਨੀ ਅਧਿਕਾਰ ਗਰੁਪ ਨੇ ਇਨ੍ਹਾਂ ਤਿੰਨ ਜਣਿਆਂ ਦੇ ਹੱਕ ਵਿਚ ਵਿਆਪਕ ਲਹਿਰ ਚਲਾਈ।
ਆਪਣੇ ਬੱਚਿਆਂ ਨੂੰ ਆਰਮੀਨੀ ਕਿਤਾਬਾਂ ਵਿਚ ਮਾਪੇ ਖੁਦ ਅਲੋਪੇ ਦੇ ਗਵਰਨਰ ਜਲਾਲ ਪਾਸ਼ਾ ਬਾਰੇ ਪੜ੍ਹਾਉਂਦੇ ਹਨ ਜਿਸ ਤੁਰਕ ਨੇ ਕਤਲੇਆਮ ਦਾ ਹੁਕਮ ਮੰਨਣ ਤੋਂ ਇਹ ਕਹਿ ਕੇ ਇਨਕਾਰ ਕੀਤਾ ਸੀ, ਮੈਂ ਗਵਰਨਰ ਹਾਂ, ਜੱਲਾਦ ਨਹੀਂ, ਹਰ ਬੰਦੇ ਨੂੰ ਕੁਦਰਤ ਨੇ ਜਿਉਣ ਦਾ ਹੱਕ ਦਿੱਤਾ ਹੈ। ਉਸ ਸਦਕਾ ਹਜ਼ਾਰਾਂ ਜਾਨਾਂ ਬਚੀਆਂ।
ਮ੍ਰਿਤਜਾ ਦੱਸਦੀ ਹੈ, ਕੁਰਦ ਇਕ ਕੁੜੀ ਨੂੰ ਰੇਪ ਕਰਨ ਵਾਸਤੇ ਲਿਜਾਣ ਲੱਗੇ। ਕੁੜੀ ਨੇ ਤੁਰਕ ਸਿਪਾਹੀ ਅੱਗੇ ਬਚਾਉਣ ਦਾ ਵਾਸਤਾ ਪਾਇਆ। ਉਸ ਨੇ ਭਜਾ ਦਿਤੇ। ਉਚੇ ਟਿਬੇ Ḕਤੇ ਚੜ੍ਹ ਕੇ ਕੁਰਦਾਂ ਦੀ ਬੋਲੀ ਵਿਚ ਲਲਕਾਰਾ ਮਾਰ ਕੇ ਖਬਰਦਾਰ ਰਹਿਣ ਲਈ ਕਿਹਾ। ਅਸੀਂ ਭੁੱਖੀਆਂ ਪਿਆਸੀਆਂ ਸਾਂ। ਸਾਡੇ ਲਈ ਪਾਣੀ ਲੈ ਆਇਆ। ਉਸੇ ਰਾਤ ਮੇਰੀ ਦਰਾਣੀ ਦੇ ਬੱਚਾ ਹੋ ਗਿਆ। ਤੁਰਕ ਨੇ ਦੋ ਜਨਾਨੀਆਂ ਨੂੰ ਉਸ ਦੀ ਸੇਵਾ ਲਈ ਕਿਹਾ। ਆਪ ਪੈਦਲ ਤੁਰ ਪਿਆ, ਮਾਂ ਤੇ ਬੱਚਾ ਆਪਣੇ ਘੋੜੇ Ḕਤੇ ਬਿਠਾ ਦਿੱਤੇ।
ਇਹੋ ਜਿਹੇ ਨੇਕ ਤੁਰਕਾਂ ਦਾ ਸਨਮਾਨ ਕੇਵਲ ਆਰਮੀਨੀ ਕਿਉਂ ਕਰਨ? ਤੁਰਕ ਕਿਉਂ ਨਹੀਂ? ਤੁਰਕ ਇਸ ਲਈ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਗੇ ਕਿ ਦੁਸ਼ਮਣਾਂ ਦੇ ਮਦਦਗਾਰ ਸਨ? ਜਾਂ ਫਿਰ ਡਰਦੇ ਹੋਣਗੇ ਕਿ ਇਨ੍ਹਾਂ ਦੀ ਇਜ਼ਤ ਕਰਨ ਨਾਲ ਨਸਲਕੁਸ਼ੀ ਸਾਬਤ ਹੋਵੇਗੀ!
ਬੈਰੂਤ ਵਿਚ ਆਰਮੀਨੀ ਨੇਤਰਹੀਣਾਂ ਲਈ ਆਸ਼ਰਮ ਹੈ ਜਿਥੇ ਦੋ ਬਿਰਧ ਉਸ ਕਾਲੇ ਦੌਰ ਵਿਚੋਂ ਬਚੇ ਰਹਿ ਰਹੇ ਸਨ। ਇਕ ਔਰਤ, ਇਕ ਮਰਦ। ਬਜ਼ੁਰਗ ਦੇ ਹੱਥ ਵਿਚ ਬ੍ਰੇਲ ਲਿਪੀ ਦੀ ਬਾਈਬਲ ਸੀ, ਉਂਗਲਾਂ ਫੇਰ ਕੇ ਪੜ੍ਹ ਰਿਹਾ ਸੀ। ਉਸ ਨੇ ਦੱਸਿਆ, ਅਸੀਂ ਦੋਰਤਾਇਲ ਰਿਹਾ ਕਰਦੇ, ਪਿਤਾ ਦਾ ਨਾਮ ਸਰਕਿਜ਼ ਤੇ ਮਾਂ ਮਰੀਅਮ। ਸਾਰੇ ਭੈਣ ਭਰਾਵਾਂ ਦੀ ਗਿਣਤੀ ਦਸ। ਪਿੰਡ ਦੇ ਸਾਰੇ ਲੋਕ ਇਕੱਠੇ ਤੋਰ ਲਏ। ਸਾਡੇ ਘੋੜੇ, ਖੱਚਰਾਂ, ਗਧੇ ਵੀ ਲੈ ਤੁਰੇ। ਸਾਨੂੰ ਕਿਹਾ, ਅਲੇਪੋ ਚੱਲੇ ਹਾਂ। ਮੈਂ ਅੱਠ ਸਾਲ ਦਾ ਸਾਂ, ਮੇਰੀ ਭੈਣ 18 ਸਾਲ ਦੀ ਤੇ ਮਾਂ- ਬਸ ਤਿੰਨ ਜਣੇ ਬਚੇ, ਬਾਕੀ ਰਸਤੇ ਵਿਚ ਮਾਰ ਦਿੱਤੇ।
ਹਬੂਰ ਦਰਿਆ ਆ ਗਿਆ। ਸਭ ਨੂੰ ਕਿਹਾ, ਕੱਪੜੇ ਉਤਾਰੋ। ਮੇਰੀ ਭੈਣ ਨੂੰ ਕੋਈ ਕੁਰਦ ਖੋਹ ਕੇ ਲੈ ਗਿਆ। ਮਾਂ ਤਰਲੇ ਕਰਨ ਲੱਗੀ, ਨਾ ਲਿਜਾਉ। ਤੁਰਕ ਮਾਂ ਨੂੰ ਕੁੱਟਣ ਲੱਗੇ। ਕੁਟ ਖਾਂਦੀ-ਖਾਂਦੀ ਮਰ ਗਈ। ਵਾਰ-ਵਾਰ ਮੇਰਾ ਨਾਮ ਲੈਂਦੀ ਰਹੀ। ਉਦੋਂ ਮੈਂ ਅੰਨ੍ਹਾ ਨਹੀਂ ਸਾਂ। ਇਕ ਅਰਬ ਮੈਨੂੰ ਆਪਣੇ ਘਰ ਲੈ ਗਿਆ। ਤਿੰਨ ਸਾਲ ਉਥੇ ਰਿਹਾ। ਕੁਝ ਬੰਦਿਆਂ ਤੋਂ ਪਤਾ ਲੱਗਾ ਕਿ ਯਤੀਮਾਂ ਬਾਰੇ ਪੁੱਛ ਰਹੇ ਨੇ, ਯਤੀਮਖਾਨੇ ਲਿਜਾਣਗੇ। ਯਤੀਮਖਾਨੇ ਚਲਾ ਗਿਆ। ਅੱਖਾਂ ਦੁਖਣੀਆਂ ਆ ਗਈਆਂ। ਮੁੜ ਕੇ ਕਦੀ ਨਹੀਂ ਦਿਸਿਆ। ਜੋ ਕੁਝ ਮੇਰੀਆਂ ਅੱਖਾਂ ਸਾਹਮਣੇ ਹੋਇਆ, ਉਹ ਯਾਦ ਆਉਂਦਾ, ਮੈਨੂੰ ਬੜਾ ਗੁੱਸਾ ਚੜ੍ਹਦਾ। ਫਿਰ ਮੈਂ ਸੰਭਲਿਆ ਕਿ ਮਰਦਾਂ ਦਾ ਇਹ ਕੰਮ ਨਹੀਂ। ਜਦੋਂ ਰੱਬ ਨੇ ਸਭ ਕੁਝ ਦੇਖਿਆ, ਫਿਰ ਉਹ ਕਰੇ ਜੋ ਕਰਨਾ ਹੈ, ਮੈਂ ਤੈਸ਼ ਵਿਚ ਕਿਉਂ ਆਵਾਂ? ਹੁਣ ਮੈਂ ਸ਼ਾਂਤ ਹਾਂ। ਰੱਬ ਕੋਲ ਜਾਣ ਦਾ ਵੇਲਾ ਆ ਗਿਆ ਹੈ। ਪਿਛਲੇ ਸਾਲ ਤੁਰਕੀ ਵਿਚ ਭੂਚਾਲ ਆਇਆ ਸੀ, ਬਹੁਤ ਤੁਰਕ ਮਰੇ। ਮੈਂ ਉਨ੍ਹਾਂ ਦੇ ਗੁਨਾਹ ਬਖਸ਼ਣ ਲਈ ਰੱਬ ਅੱਗੇ ਅਰਦਾਸ ਕੀਤੀ।
ਔਰਤ ਤੁਰਕੀ ਜਾਣਦੀ ਹੈ, ਆਰਮੀਨੀ ਨਹੀਂ ਸਿੱਖੀ। ਉਸ ਨੂੰ ਕੇਵਲ ਗੀਤ ਯਾਦ ਹਨ ਜਿਹੜੇ ਉਦੋਂ ਮਾੜੇ ਦਿਨਾਂ ਵਿਚ ਮਾਂ ਤੋਂ ਸਿੱਖੇ। ਇਕ ਗੀਤ ਦੇ ਬੋਲ,
ਰਾਹੇ ਰਾਹੇ ਟਹਿਕਦੇ ਗੁਲਾਬ।
ਦਹਿਲ ਪਾਉਂਦਾ ਮੌਤ ਦਾ ਅਜ਼ਾਬ।
ਪਰਜਾ ਦੇ ਖੂਨੀ ਹੰਝੂ ਦੇਖ
ਉਠ ਵੇ ਸੁਲਤਾਨ ਨੀਂਦੋਂ ਜਾਗ।
(ਸਮਾਪਤ)