ਬਲਜੀਤ ਬਾਸੀ
ਪੰਜਾਬੀਆਂ ਲਈ ਗੁੜ ਇਸੇ ਤਰ੍ਹਾਂ ਹੈ ਜਿਵੇਂ ਅਰਬੀਆਂ ਲਈ ਖਜੂਰ ਤੇ ਯੂਰਪੀਆਂ ਲਈ ਕੇਕ। ਰਵਾਇਤੀ ਤੌਰ ‘ਤੇ ਕੋਈ ਵੀ ਸ਼ੁਭ ਕਾਰਜ ਅਰੰਭ ਕਰਨ ਤੋਂ ਪਹਿਲਾਂ ਗੁੜ ਵੰਡਿਆ ਜਾਂਦਾ ਹੈ। ਵਿਆਹ ‘ਤੇ ਸੱਦਾ ਦੇਣ ਲਈ ਗੁੜ ਭੇਜਿਆ ਜਾਂਦਾ ਹੈ, ਗੁੜ ਭੇਜਣਾ ਸੱਦੇ ਦਾ ਸਮਾਨਅਰਥਕ ਮੁਹਾਵਰਾ ਵੀ ਬਣ ਚੁੱਕਾ ਹੈ।
ਪ੍ਰਸ਼ਾਦ ਵਜੋਂ ਗੁੜ ਧਾਰਮਕ ਸਥਾਨਾਂ ‘ਤੇ ਚੜ੍ਹਾਇਆ ਜਾਂਦਾ ਹੈ। ਗੁੜ ਨਾਲ ਰੋਟੀ ਖਾਣ ਦਾ ਆਪਣਾ ਹੀ ਸੁਆਦ ਹੈ। ਉਂਜ ਵੀ ਕਈ ਪੰਜਾਬੀ ਰੋਟੀ ਪਿਛੋਂ ਥੋੜ੍ਹਾ-ਬਹੁਤਾ ਗੁੜ ਜ਼ਰੂਰ ਖਾਂਦੇ ਹਨ। ਛੋਟੇ ਹੁੰਦੇ ਮੈਂ ਚਿਮਟੇ ਵਿਚ ਜੋ ਗੁੜ ਦੀ ਡਲੀ ਫਸਾ ਕੇ ਤੇ ਬਲਦੇ ਚੁਲ੍ਹੇ ‘ਚ ਪਿਘਲਾ ਕੇ ਖਾਇਆ ਕਰਦਾ ਸਾਂ, ਉਸ ਦਾ ਜ਼ਾਇਕਾ ਅਜੇ ਵੀ ਜੀਭ ‘ਤੇ ਤਰਦਾ ਹੈ। ਉਦੋਂ ਇਹ ਇਕ ਨਿਆਮਤ ਹੀ ਹੁੰਦੀ ਸੀ। ਗੁੜ ਦੀ ਵਰਤੋਂ ਮਿੱਠੇ ਲਈ ਹੀ ਨਹੀਂ ਕੌੜੇ ਲਈ ਵੀ ਚੋਖੀ ਹੁੰਦੀ ਹੈ। ਪਾਠਕ ਸਮਝ ਹੀ ਗਏ ਹੋਣਗੇ। ਗੁੜ ਦੀ ਮਹੱਤਤਾ ਦਾ ਇਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਬੱਚਾ ਪੈਦਾ ਹੁੰਦੇ ਸਾਰ ਹੀ ਉਸ ਨੂੰ ਗੁੜ ਚਟਾਇਆ ਜਾਂਦਾ ਹੈ, ਜਿਸ ਨੂੰ ਗੁੜ੍ਹਤੀ ਕਿਹਾ ਜਾਂਦਾ ਹੈ। ਗੁੜ ਤੋਂ ਬਣੇ ਗੁੜਤੀ ਸ਼ਬਦ ਦਾ ਅਰਥ ਹੀ ਜਮਾਂਦਰੂ ਸੁਭਾਅ ਬਣ ਗਿਆ ਹੈ।
ਹਰ ਇਲਾਕੇ, ਬਲਕਿ ਹਰ ਕੁਲ੍ਹਾੜੀ ਦੇ ਗੁੜ ਦਾ ਸਵਾਦ ਆਪੋ-ਆਪਣਾ ਹੈ। ਇਸ ਨਿਵੇਕਲੇ ਸਵਾਦ ਵਿਚ ਗੰਨੇ ਦੀ ਕਿਸਮ, ਸਥਾਨਕ ਭੋਇੰ, ਪੌਣ-ਪਾਣੀ, ਬਣਾਉਣ ਦੀ ਵਿਧੀ, ਅਸ਼ੁਧੀਆਂ ਤੇ ਕਿਰਕ ਦਾ ਰੋਲ ਹੁੰਦਾ ਹੈ। ਲੂਣੀ ਮਿੱਟੀ ਵਿਚ ਪੈਦਾ ਹੋਈ ਕਮਾਦ ਦਾ ਗੁੜ ਨਮਕੀਨ ਹੋਵੇਗਾ। ਬਣਦੇ ਹੋਏ ਤੱਤੇ-ਤੱਤੇ ਗੁੜ ਦੀ ਮਹਿਕ ਤੇ ਸੁਆਦ ‘ਤੇ ਤਾਂ ਹਰ ਕੋਈ ਲਟਬੌਰਾ ਹੋ ਜਾਂਦਾ ਹੈ। ਇਸ ਨੂੰ ਪੱਤਿਆਂ ‘ਤੇ ਰੱਖ ਕੇ ਖਾਣ ਦਾ ਅਲੱਗ ਹੀ ਅਨੁਭਵ ਹੈ। ਜੱਟ ਸ਼ਾਇਦ ਤਦੇ ਹੀ ਭੇਲੀ ਦਿੰਦਾ ਹੈ, ਗੰਨਾ ਨਹੀਂ ਭੰਨਣ ਦਿੰਦਾ, ਗੁੜ ਉਸ ਦੀ ਮੁਸ਼ੱਕਤ ਦਾ ਬਿਹਤਰੀਨ ਫਲ ਹੈ। ਹਰ ਗੁੜ ਦਾ ਰੰਗ ਵੀ ਆਪੋ ਆਪਣਾ ਹੈ, ਹਲਕੇ ਪੀਲੇ ਤੋਂ ਲੈ ਕੇ ਗੂੜ੍ਹੇ ਭੂਰੇ ਤੱਕ, ਇਥੋਂ ਤੱਕ ਕਿ ਕਾਲੇ ਰੰਗ ਦਾ ਗੁੜ ਵੀ ਆਮ ਹੀ ਮਿਲ ਜਾਂਦਾ ਹੈ। ਫਿਰ ਇਹ ਭੇਲੀ ਅਤੇ ਪੇਸੀਆਂ, ਰੋੜੀਆਂ ਜਾਂ ਟਿੱਕੀਆਂ ਦੇ ਆਕਾਰ ਵਿਚ ਵੀ ਢਾਲਿਆ ਜਾਂਦਾ ਹੈ। ਅੱਜ ਅਨੇਕਾਂ ਰਸਾਇਣਾਂ ਵਿਚੀਂ ਲੰਘਾ ਕੇ ਬੇਹੱਦ ਸ਼ੁਧ ਕੀਤੀ ਅਤੇ ਵਿਟਾਮਿਨਾਂ ਧਾਤਾਂ ਤੋਂ ਵੰਚਿਤ ਕੀਤੀ ਚੀਨੀ ਨੂੰ ਸਭ ਤੋਂ ਮਿੱਠੀ ਜ਼ਹਿਰ ਕਿਹਾ ਜਾਂਦਾ ਹੈ। ਇਸ ਲਈ ਸਿਹਤ ਦੇ ਫਿਕਰਮੰਦ ਲੋਕ ਮਿਠਾਸ ਦੇ ਹੋਰ ਬਦਲ ਭਾਲਦੇ ਹਨ ਤਾਂ ਉਨ੍ਹਾਂ ਲਈ ਗੁੜ ਤੋਂ ਵਧੀਆਂ ਮਿੱਠਾ ਹੋਰ ਕਿਹੜਾ ਹੋ ਸਕਦਾ ਹੈ।
ਗੁੜ ਸ਼ਬਦ ਵਾਲੇ ਕਈ ਮੁਹਾਵਰੇ, ਅਖਾਣ ਸੁਣਨ ਨੂੰ ਮਿਲਦੇ ਹਨ। ਘਰ ਦੀ ਗੱਲ ਨੂੰ ਭੇਤ ਬਣਾ ਕੇ ਰੱਖਣ ਦੀ ਸਲਾਹ ਵਜੋਂ ਵਾਰਿਸ ਸ਼ਾਹ ਦੀ ਇਸ ਤੁਕ ਨੂੰ ਆਮ ਹੀ ਅਖਾਣ ਵਜੋਂ ਵਰਤਿਆ ਜਾਂਦਾ ਹੈ, “ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ।” ਪਰ ਬੁੱਕਲ ਵਿਚ ਗੁੜ ਭੋਰਨ ਵਾਲਾ ਮੁਹਾਵਰਾ ਵਾਰਿਸ ਸ਼ਾਹ ਦੇ ਅਖਾਣ ਨੂੰ ਕੱਟਦਾ ਲਗਦਾ ਹੈ। ਫਿਰ ਚੋਰੀ ਦਾ ਗੁੜ ਮਿੱਠਾ ਹੁੰਦਾ ਹੈ, ਭਲਾ ਬਿਨਾ ਚੋਰੀ ਵਾਲਾ ਮਿੱਠਾ ਨਹੀਂ ਹੁੰਦਾ? ਨਾਲੇ ਚੋਰੀ ਦੇ ਲਾਭ ਨੂੰ ਕਿੰਨੇ ਸਰਲ ਢੰਗ ਨਾਲ ਸਮਝਾ ਦਿੱਤਾ ਗਿਆ ਹੈ। ਕਈ ਲੋਕ ਕੰਮ ਏਨਾ ਕੁਚੱਜਾ ਕਰਦੇ ਹਨ ਜਾਣੋਂ ਗੁੜ ਦਾ ਗੋਹਾ ਹੀ ਕਰ ਦਿੰਦੇ ਹਨ। ‘ਸੱਚ ਮਿਰਚਾਂ ਝੂਠ ਗੁੜ’ ਦੀ ਸੱਚਾਈ ਤਾਂ ਅੱਜ ਜ਼ਿੰਦਗੀ ਦਾ ਨਿੱਤ ਦਾ ਵਰਤਾਰਾ ਹੀ ਬਣ ਗਈ ਹੈ। ਗੁੜ ਦਾ ਏਨਾ ਲਾਲਚ ਹੁੰਦਾ ਹੈ ਕਿ ਕਈਆਂ ਨੂੰ ਗੁੜ ਖੁਆਇਆਂ ਹੀ ਮਾਰਿਆ ਜਾ ਸਕਦਾ ਹੈ, ਵਿਹੁ ਦੇਣ ਦੀ ਲੋੜ ਨਹੀਂ ਰਹਿੰਦੀ। ਭਾਵੇਂ ਕਬੀਰ ਜੀ “ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ” ਆਖ ਗਏ ਹਨ ਪਰ ਗੁੜ ਦਾ ਸਵਾਦ ਗੂੰਗਾ ਤਾਂ ਕੀ, ਕੋਈ ਸਮਰੱਥ ਬੁਲਾਰਾ ਵੀ ਨਹੀਂ ਸਮਝਾ ਸਕਦਾ। ਗੁੜ ਖਾਣ ਤੇ ਗੁਲਗੁਲੇ ਤੋਂ ਪ੍ਰਹੇਜ਼ ਕਰਨ ਵਾਲੇ ਵੀ ਬਹੁਤ ਸਾਰੇ ਪਖੰਡੀ ਮਿਲ ਜਾਂਦੇ ਹਨ ਤੇ ਗੁੜ ਦਿਖਾ ਕੇ ਢੇਲਾ ਮਾਰਨ ਵਾਲੇ ਚਲਾਕ ਲੋਕ ਵੀ। ਗੁਰੂ ਗ੍ਰੰਥ ਸਾਹਿਬ ਵਿਚ ਗੁੜ ਸ਼ਬਦ ਦੀ ਚੋਖੀ ਵਰਤੋਂ ਮਿਲਦੀ ਹੈ, ਕਈ ਤੁਕਾਂ ਤਾਂ ਮੁਹਾਵਰੇ/ਅਖਾਣਾਂ ਦਾ ਰੂਪ ਹੀ ਧਾਰ ਚੁੱਕੀਆਂ ਹਨ, “ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ।” ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮੱਖੀ ਖਾਇਆ।” -ਗੁਰੂ ਨਾਨਕ ਸਾਹਿਬ।
ਗੁੜ ਤੋਂ ਕਈ ਹੋਰ ਸ਼ਬਦ ਵੀ ਬਣੇ ਹਨ। ਬਹੁਤੇ ਮਿੱਠੇ ਵਾਲੀ ਚੀਜ਼ ਜਿਵੇਂ ਚਾਹ ਆਦਿ ਨੂੰ ਗੜਾਖੂ ਜਾਂ ਗੁਡਾਣਾ ਕਹਿ ਦਿੰਦੇ ਹਨ। ਗੁਡਾਣਾ ਸ਼ਬਦ ਗੁੜ+ਧਾਨ=ਗੁੜਧਾਨਾ ਤੋਂ ਬਣਿਆ ਪ੍ਰਤੀਤ ਹੁੰਦਾ ਹੈ ਅਰਥਾਤ ਗੁੜ ਤੇ ਅੰਨ ਮਿਲਾ ਕੇ ਬਣਾਈ ਮਿੱਠੀ ਚੀਜ਼। ਗੰਨੇ ਦੀਆਂ ਪੋਰੀਆਂ ਨੂੰ ਲੱਗਣ ਵਾਲੇ ਕੀੜੇ ਨੂੰ ਗੜੂਆਂ ਆਖਦੇ ਹਨ। ਵਿਆਹ ਜਾਂ ਕਿਸੇ ਬਜ਼ੁਰਗ ਦੀ ਮ੍ਰਿਤੂਕਿਰਿਆ ਦੀ ਸਮਾਪਤੀ ‘ਤੇ ਗਦੌੜਾ ਫੇਰਿਆ ਜਾਂਦਾ ਹੈ। ਰਵਾਇਤੀ ਤੌਰ ‘ਤੇ ਇਹ ਗੁੜ ਵਾਲੀਆਂ ਮਿੱਠੀਆਂ ਰੋਟੀਆਂ ਹੁੰਦੀਆਂ ਸਨ। ਗੁੜ ਤੋਂ ਇਕ ਮਹੱਤਵਪੂਰਨ ਸ਼ਬਦ ਬਣਿਆ ਹੈ ਗੌੜ ਜੋ ਕਿ ਇਤਿਹਾਸਕ ਤੌਰ ‘ਤੇ ਪੂਰਬੀ ਬੰਗਾਲ ਅਤੇ ਉੜੀਸਾ ਦੇ ਵਿਚਕਾਰਲੇ ਪਰਦੇਸ਼ ਦਾ ਨਾਂ ਹੈ। ਸਮੇਂ ਸਮੇਂ ਇਸ ਦੀਆਂ ਸਰਹੱਦਾਂ ਬਦਲਦੀਆਂ ਰਹੀਆਂ ਹਨ। ਮੋਨੀਅਰ ਵਿਲੀਅਮਜ਼ ਦੇ ਸੰਸਕ੍ਰਿਤ ਕੋਸ਼ ਅਨੁਸਾਰ ਗੌਡ ਦਾ ਅਰਥ ਸੁਗਅਰ ਚੁਨਟਰੇ ਹੈ। ਇਸ ਤੋਂ ਮਲੂਮ ਹੁੰਦਾ ਹੈ ਕਿ ਇਹ ਇਲਾਕਾ ਕਿਸੇ ਸਮੇਂ ਗੁੜ ਦੀ ਪੈਦਾਵਾਰ ਕਰਕੇ ਜਾਣਿਆ ਜਾਂਦਾ ਸੀ। ਗੌੜ ਦੇਸ਼ ਦੇ ਲੋਕ ਗੌੜ ਕਹਾਉਂਦੇ ਸਨ। ਬੰਗਾਲ-ਬੰਗਲਾਦੇਸ਼ ਦੀ ਸਰਹੱਦ ‘ਤੇ ਇਕ ਥੇਹ ਹੋ ਚੁੱਕਾ ਗੌੜ ਸ਼ਹਿਰ ਵੀ ਹੈ। ਸੰਸਕ੍ਰਿਤ ਕੋਸ਼ਾਂ ਵਿਚ ਗੌਡ ਦੇ ਅਰਥ ਗੁੜ ਤੋਂ ਬਣੀ ਚੀਜ਼, ਮਿਠਾਈਆਂ, ਗੁੜ ਤੋਂ ਬਣੀ ਸ਼ਰਾਬ ਆਦਿ ਮਿਲਦੇ ਹਨ। ਗੌੜ ਬ੍ਰਾਹਮਣਾਂ ਦੀ ਇਕ ਜਾਤੀ ਵੀ ਹੁੰਦੀ ਹੈ। ਇਸ ਜਾਤੀ ਦੇ ਬ੍ਰਾਹਮਣ ਆਪਣੇ ਨਾਂ ਪਿਛੇ ਗੌੜ ਜਾਂ ਇਸ ਦੇ ਹੋਰ ਰੁਪਾਂਤਰ ਲਾਉਂਦੇ ਹਨ। ਇਹ ਬ੍ਰਾਹਮਣ ਮੁਢਲੇ ਤੌਰ ‘ਤੇ ਯੱਗ ਆਦਿ ਸਮੇਂ ਸ਼ਰਾਬ ਦੀ ਰਸਮ ਅਦਾ ਕਰਦੇ ਸਨ। ਗੌੜ ਬ੍ਰਾਹਮਣ ਇਤਿਹਾਸਕ ਮਜਬੂਰੀਆਂ ਕਾਰਨ ਲਗਭਗ ਸਾਰੇ ਭਾਰਤ ਵਿਚ ਫੈਲ ਗਏ। ਸਾਬਕਾ ਪ੍ਰਧਾਨ ਮੰਤਰੀ ਦੇਵ ਗੌੜਾ ਦਾ ਨਾਂ ਬਥੇਰੇ ਜਾਣਦੇ ਹੋਣਗੇ। ਗੁੜ ਦੀ ਸ਼ਰਾਬ ਦਾ ਨਾਂ ਗੌੜੀ ਵੀ ਹੈ। ਗੌੜ, ਗਉੜ ਜਾਂ ਗਉੜੀ ਇਕ ਰਾਗਣੀ ਦਾ ਨਾ ਵੀ। ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗਣੀ ਦਾ ਤੀਸਰਾ ਨੰਬਰ ਹੈ ਅਤੇ ਇਸ ਦੇ ਕਈ ਭੇਦ ਹਨ। ‘ਮਹਾਨ ਕੋਸ਼’ ਅਨੁਸਾਰ ਕਵਿਤਾ ਦਾ ਇੱਕ ਪ੍ਰਕਾਰ ਦਾ ਨਾਂ ਵੀ ਗਉੜੀ ਹੈ। ਇਸ ਵਿਚ ਓਜ ਗੁਣ ਹੁੰਦਾ ਹੈ ਅਤੇ ਟਵਰਗ ਦਾ ਪ੍ਰਯੋਗ ਕਰੀਦਾ ਹੈ। ਗੌੜ ਦੇਸ਼ ਦੇ ਕਾਵਿ ਇਸ ਨਾਉਂ ਦਾ ਕਾਰਨ ਹਨ।
ਅੰਗਰੇਜ਼ੀ ਵਿਚ ਤੇ ਹੋਰ ਕਈ ਭਾਸ਼ਾਵਾਂ ਵਿਚ ਗੁੜ ਲਈ ਜੈਗਰੀ ਸ਼ਬਦ ਤੋਂ ਹੀ ਕੰਮ ਲਿਆ ਜਾਂਦਾ ਹੈ। ਜਿਵੇਂ ਸ਼ੱਕਰ ਵਾਲੇ ਲੇਖ ਵਿਚ ਦੱਸਿਆ ਗਿਆ ਹੈ, ਜੈਗਰੀ ਸ਼ਬਦ ਦਾ ਸਿਰਾ ਸ਼ੱਕਰ ਲਈ ਮਲਿਆਲਮ ਸ਼ਬਦ ਚੱਕਰ ਹੈ, ਇਹ ਪੁਰਤਗੀਜ਼ ਵਿਚ ਜਾ ਕੇ ਜਾਗਰ ਜਿਹਾ ਬਣਿਆ ਤੇ ਅੱਗੇ ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਜੈਗਰੀ ਵਜੋਂ ਅਪਨਾਇਆ ਗਿਆ। ਗੌਰਤਲਬ ਹੈ ਕਿ ਮਲਿਆਲਮ ਭਾਸ਼ੀ ਲੋਕਾਂ ਲਈ ਚੱਕਰ ਸ਼ਬਦ ਤਾੜ ਤੋਂ ਬਣਾਈ ਜਾਦੀ ਸ਼ੱਕਰ ਲਈ ਵਰਤਿਆ ਜਾਂਦਾ ਰਿਹਾ ਹੋਵੇਗਾ। ਦੇਖਣ ਨੂੰ ਸੁਹਣੀ, ਗੋਰੀ-ਚਿੱਟੀ ਲਗਦੀ ਚੀਨੀ ਆਮ ਹੋ ਜਾਣ ਕਾਰਨ ਗੁੜ ਨੂੰ ਨਖਿਧ ਸਮਝਿਆ ਜਾਣ ਲੱਗਾ। ਪਰ ਗੁੜ ਦੀ ਚਾਹ ਦਾ ਜੋ ਮਜ਼ਾ ਹੈ, ਉਹ ਚੀਨੀ ਦੀ ਚਾਹ ਦਾ ਕਿੱਥੇ! ਇਕ ਵਾਰੀ ਪੰਜਾਬ ਵਿਚ ਚੀਨੀ ਦੀ ਸਪਲਾਈ ਘੱਟ ਹੋ ਗਈ ਤਾਂ ਮਧ ਵਰਗੀ ਲੋਕ ਅੱਧਾ ਗੁੜ ਤੇ ਅੱਧੀ ਖੰਡ ਪਾ ਕੇ ਚਾਹ ਬਣਾਉਣ ਲੱਗ ਪਏ ਪਰ ਆਏ ਗਏ ਨੂੰ ਚੀਨੀ ਦੀ ਚਾਹ ਹੀ ਵਰਤਾਈ ਜਾਂਦੀ ਸੀ। ਭਾਰਤ ਵਿਚ ਗੁੜ ਸਦੀਆਂ ਤੋਂ ਬਣਾਇਆ ਜਾ ਰਿਹਾ ਹੈ। ਭਾਰਤ ਦੇ ਦਤਟਵਰਤੀ ਪ੍ਰਦੇਸ਼ਾਂ ਵਿਚ ਗੁੜ ਤਾੜ ਦੇ ਕੱਟੇ ਹੋਏ ਫੁੱਲਾਂ ‘ਚੋਂ ਸਿੰਮਦੇ ਰਸੇ ਤੋਂ ਵੀ ਬਣਾਇਆ ਜਾਂਦਾ ਹੈ। ਇਸੇ ਰਸੇ ਤੋਂ ਤਾੜੀ ਨਾਂ ਦੀ ਸ਼ਰਾਬ ਵੀ ਬਣਦੀ ਹੈ। ਬਾਕੀ ਦੇ ਭਾਰਤ ਵਿਚ ਗੁੜ, ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਇਆ ਜਾਂਦਾ ਹੈ।
ਗੁੜ ਸ਼ਬਦ ਸੰਸਕ੍ਰਿਤ ਦੇ ḔਗੁਡḔ ਸ਼ਬਦ ਤੋਂ ਵਿਉਤਪਤ ਹੋਇਆ ਦੱਸਿਆ ਜਾਂਦਾ ਹੈ ਜਿਸ ਦਾ ਮੁਖ ਅਰਥ ਹੈ- ਗੇਂਦ ਜਾਂ ਗੋਲਾ। ਸੰਸਕ੍ਰਿਤ ਵਿਚ ਇਸ ਦੇ ਹੋਰ ਅਰਥ ਹਨ- ਗੋਲੀ ਜਾਂ ਵੱਟੀ, ਮੂੰਹਭਰ, ਗੁੜ, ਹਾਥੀ ਦਾ ਕਵਚ, ਕਪਾਹ ਦਾ ਪੇੜ ਆਦਿ। ਜ਼ਾਹਿਰ ਹੈ ਕਿ ਹਰ ਚੀਜ਼ ਵਿਚ ਗੁਲਾਈ ਦਾ ਭਾਵ ਹੈ। ਅਸਲ ਵਿਚ ਤਾਂ ḔਗੁਲḔ ਸ਼ਬਦ ਦਾ ਇਕ ਅਰਥ ਵੀ ਗੁੜ ਹੀ ਹੈ। ਮਰਾਠੀ ਵਿਚ ਗੁੜ ਨੂੰ ਗੂਲ, ਗੁਜਰਾਤੀ ਵਿਚ ਗੋਲ, ਪਾਲੀ ਵਿਚ ਗੁਲ ਅਤੇ ਬੰਗਾਲੀ ਵਿਚ ਗੁੜ ਕਿਹਾ ਜਾਂਦਾ ਹੈ। ਦਿਲਚਸਪ ਗੱਲ ਹੈ ਕਿ ਇੰਡੋਨੇਸ਼ੀਆ ਤੇ ਮਲਾਏ ਭਾਸ਼ਾਵਾਂ ਵਿਚ ਖੰਡ ਨੂੰ ਗੁਲਾ ਕਿਹਾ ਜਾਂਦਾ ਹੈ। ਪਰ ਗੁਡ ਦਾ ਅਰਥ ਰਸ, ਰਾਬ, ਸ਼ੀਰਾ ਵੀ ਹੈ ਤੇ ਰਹੁ ਤੋਂ ਤਿਆਰ ਹੁੰਦੀ ਪੇਸੀ ਜਾਂ ਭੇਲੀ ਵੀ ਹੈ। ਇਸ ਦੇ ਪਿਛੇ ਗਡ ਧਾਤੂ ਹੈ ਜਿਸ ਦਾ ਅਰਥ ਹੈ ਰਸ ਕਢਣਾ, ਕਸ਼ੀਦਣਾ। ਇਸ ਤਰ੍ਹਾਂ ਗੁੜ ਸ਼ਬਦ ਦੇ ਪਿਛੇ ਮੂਲ ਭਾਵ ਰਸ ਟਪਕਣ ਦਾ ਹੈ ਕਿਉਂਕਿ ਗੁੜ ਕਿਸੇ ਵੀ ਪ੍ਰਕਾਰ ਦੇ ਰਸ ਨੂੰ ਕਾੜ੍ਹ ਕੇ ਹੀ ਬਣਾਇਆ ਜਾਂਦਾ ਹੈ। ਗਡ ਧਾਤੂ ਬਾਰੇ ਫਿਰ ਕਦੇ ਹੋਰ ਚਰਚਾ ਕੀਤੀ ਜਾਵੇਗੀ।