ਅੰਮ੍ਰਿਤਾ ਪ੍ਰੀਤਮ-7
ਗੁਰਬਚਨ ਸਿੰਘ ਭੁੱਲਰ
ਮੇਰੇ ਉਥੇ ਬੈਠਿਆਂ ਭਾਪਾ ਜੀ ਦਾ ਨੌਕਰ ਤਿੰਨ-ਚਾਰ ਪੁਸਤਕਾਂ ਲੈ ਕੇ ਆ ਗਿਆ। ਭਾਪਾ ਜੀ ਦੀ ਇਹ ਸਿਫ਼ਤ ਸੀ, ਉਹ ਨਵੀਂ ਛਪੀ ਹਰ ਪੁਸਤਕ ਦੀਆਂ ਕੁਝ ਕਾਪੀਆਂ ਦੋਸਤਾਂ-ਮਿੱਤਰਾਂ ਨੂੰ ਸੁਗਾਤ ਭੇਜਦੇ। ਮੇਰੀ ਆਪਣੀ ਲਾਇਬਰੇਰੀ ਵਿਚ ਉਨ੍ਹਾਂ ਦੀਆਂ ਇਉਂ ਭੇਜੀਆਂ ਹੋਈਆਂ ਕਿੰਨੀਆਂ ਹੀ ਪੁਸਤਕਾਂ ਸ਼ਾਮਲ ਹਨ।
ਅੰਮ੍ਰਿਤਾ ਬੋਲੀ, “ਵਾਪਸ ਲੈ ਜਾ, ਕਾਕਾ। ਭਾਪਾ ਜੀ ਨੂੰ ਮੇਰਾ ਧੰਨਵਾਦ ਕਹੀਂ। ਮੈਥੋਂ ਹੁਣ ਕੁਝ ਪੜ੍ਹਿਆ ਨਹੀਂ ਜਾਂਦਾ। ਇਥੇ ਬੇਅਰਥ ਪਈਆਂ ਰਹਿਣਗੀਆਂ। ਉਨ੍ਹਾਂ ਦੇ ਕਿਸੇ ਹੋਰ ਕੰਮ ਆ ਜਾਣਗੀਆਂ। ਲੈ ਜਾ ਵਾਪਸ।”
ਮੇਰੇ ਕੰਨਾਂ ਵਿਚ ਅਵਧ ਦੇ ਆਖ਼ਰੀ ਬਾਦਸ਼ਾਹ, ਨਵਾਬ ਵਾਜਿਦ ਅਲੀ ਸ਼ਾਹ ਦੀ 1857 ਵਿਚ ਉਹਨੂੰ ਅੰਗਰੇਜ਼ ਵੱਲੋਂ ਉਹਦੇ ਪਿਆਰੇ ਲਖਨਊ ਤੋਂ ਸਦਾ ਵਾਸਤੇ ਕਲਕੱਤੇ ਜਲਾਵਤਨ ਕੀਤੇ ਜਾਣ ਸਮੇਂ ਲਿਖੀ ਤੇ ਗਾਈ ਅਤੇ 80 ਸਾਲ ਮਗਰੋਂ ਮੇਰੇ ਜਨਮ-ਸਾਲ 1937 ਵਿਚ ਫ਼ਿਲਮ ‘ਸਟਰੀਟ ਸਿੰਗਰ’ ਲਈ ਗਾ ਕੇ ਆਪਣੇ ਕੁੰਦਨ ਲਾਲ ਸਹਿਗਲ ਦੀ ਸੁਰਜੀਤ ਤੇ ਅਮਰ ਕੀਤੀ ਰਾਗ ਭੈਰਵੀ ਦੀ ਠੁਮਰੀ ਗੂੰਜਣ ਲੱਗੀ: ਬਾਬੁਲ ਮੋਰਾ ਨੇਹਰ ਛੂਟੋ ਹੀ ਜਾਏæææਚਾਰ ਕਹਾਰ ਮਿਲ ਮੋਰੀ ਡੋਲੀਆ ਸਜਾਵੇਂ, ਮੋਰਾ ਅਪਨਾ ਬੇਗਾਨਾ ਛੂਟੋ ਜਾਏ। ਬਾਬੁਲ ਮੋਰਾ ਨੇਹਰ ਛੂਟੋ ਹੀ ਜਾਏæææਅੰਗਨਾ ਤੋ ਪਰਬਤ ਭਇਆ, ਦੇਹਰੀ ਭਈ ਬਿਦੇਸ਼æææਲੇ ਘਰ ਬਾਬੁਲ ਆਪਨੋ, ਮੈਂ ਚਲੀ ਪੀਆ ਕੇ ਦੇਸ਼æææਬਾਬੁਲ ਮੋਰਾ ਨੇਹਰ ਛੂਟੋ ਹੀ ਜਾਏ! ਤੇ ਮੇਰੇ ਕਾਲਜੇ ਵਿਚ ਕਸਕ ਉਠੀ, ਸਾਹਿਤ ਹੀ ਸਾਡੀ ਜਿਸ ਲੇਖਿਕਾ ਦਾ ਸਮੁੱਚਾ ਜੀਵਨ ਸੀ, ਸਾਹਿਤ ਦੀ ਡੋਰ ਉਸ ਲਾਚਾਰ ਤੇ ਬੇਵੱਸ ਦੇ ਹੱਥੋਂ ਕਿਵੇਂ ਖਿਸਕਦੀ ਤੇ ਛੁਟਦੀ ਜਾ ਰਹੀ ਸੀ: ਬਾਬੁਲ ਮੋਰਾ ਸਾਹਿਤ ਛੂਟੋ ਹੀ ਜਾਏ!
ਕਈ ਸਾਲ ਹੋਰ ਲੰਘ ਗਏ। ਜਸਬੀਰ ਭੁੱਲਰ ਤੇ ਮੈਂ ਕਿਸੇ ਕੰਮ ਗਰੇਟਰ ਕੈਲਾਸ਼ ਗਏ। ਮੁੜਦਾ ਹੋਇਆ ਉਹ ਕਹਿੰਦਾ, “ਭਾ ਜੀ, ਹੌਜ਼ ਖਾਸ ਨਾ ਹੋ ਚੱਲੀਏ? ਅੰਮ੍ਰਿਤਾ ਜੀ ਦੀ ਸਿਹਤ ਦਾ ਪਤਾ ਕਰ ਆਈਏ।”
ਮੈਂ ਕਿਹਾ, “ਇਕ ਤਾਂ ਇਮਰੋਜ਼ ਨੂੰ ਆਉਣ ਬਾਰੇ ਦੱਸ ਦੇ, ਦੂਜੇ ਇਹ ਵੀ ਦੱਸ ਦੇ ਕਿ ਮੈਂ ਨਾਲ ਹਾਂ।”
ਇਮਰੋਜ਼ ਉਹਦਾ ਆਉਣਾ ਸੁਣ ਕੇ ਬੋਲਿਆ, ਜੀ ਆਏ ਨੂੰ! ਫੇਰ ਨਾਲ ਮੇਰਾ ਆਉਣਾ ਸੁਣ ਕੇ ਬੋਲਿਆ, ਜੀ ਆਇਆਂ ਨੂੰ!
ਉਹਨੇ ਚਾਹ ਬਣਾ ਲਈ ਅਤੇ ਅਸੀਂ ਰਸੋਈ ਅੱਗੇ ਬੈਠ ਕੇ ਚਾਹ ਪੀਂਦੇ ਰਹੇ ਤੇ ਗੱਲਾਂ ਕਰਦੇ ਰਹੇ। ਜਸਬੀਰ ਕਹਿੰਦਾ, ਚਲੋ ਦੀਦੀ ਨੂੰ ਮਿਲ ਲਈਏ।
ਮੈਂ ਇਮਰੋਜ਼ ਨੂੰ ਕਿਹਾ, ਜਾਓ, ਪਹਿਲਾਂ ਦੱਸ ਦਿਓ ਤੇ ਪੁੱਛ ਲਓ।
ਅੰਮ੍ਰਿਤਾ ਦੀ ਸਿਹਤ ਬੁਰੀ ਤਰ੍ਹਾਂ ਡਿੱਗੀ ਹੋਈ ਸੀ। ਸਰੀਰ ਸੁੱਕ ਕੇ ਅੱਧਾ ਰਹਿ ਗਿਆ ਸੀ। ਕਮਰੇ ਵਿਚ ਉਦਾਸੀ, ਦਰਦ ਤੇ ਨੀਰਸਤਾ ਦਾ ਬੋਲਬਾਲਾ ਸੀ। ਧਿਆਨ ਨਾਲ ਦੇਖਿਆਂ ਪਤਲੀ ਧੁੰਦ ਵਾਂਗ ਹਵਾ ਵਿਚ ਅਟਕੀ ਹੋਈ ਮੌਤ ਦੀ ਹਾਜ਼ਰੀ ਮਹਿਸੂਸ ਕੀਤੀ ਜਾ ਸਕਦੀ ਸੀ ਤੇ ਨਕਸ਼ ਪਛਾਣੇ ਜਾ ਸਕਦੇ ਸਨ। ਅਸੀਂ ਹਾਲ ਪੁੱਛਿਆ ਤਾਂ ਔਖ ਨਾਲ ਬੋਲੀ, “ਹਾਲ ਮੇਰਾ ਦਿਸਦਾ ਹੀ ਹੈ।æææਹੁਣ ਤਾਂ ਇਹ ਬੈਡ ਹੀ ਪੂਰਾ ਸੰਸਾਰ ਹੋ ਗਿਆ!æææਬੈਡ ਦੇ ਹੋ ਕੇ ਰਹਿਆਂæææਹਾਲ ਕਿਹੋ ਜਿਹਾ ਹੋ ਸਕਦਾ ਹੈ?” ਅੰਗਨਾ ਤੋ ਪਰਬਤ ਭਇਆ, ਦੇਹਰੀ ਭਈ ਬਿਦੇਸ਼æææਲੇ ਘਰ ਬਾਬੁਲ ਆਪਨੋ, ਮੈਂ ਚਲੀ ਪੀਆ ਕੇ ਦੇਸ਼æææਬਾਬੁਲ ਮੋਰਾ ਨੇਹਰ ਛੂਟੋ ਹੀ ਜਾਏ!
ਆਖ਼ਰ ਇਕ ਦਿਨ ਉਹ ਸਭ ਕਸ਼ਟ-ਕਲੇਸਾਂ ਤੋਂ ਮੁਕਤ ਹੋ ਗਈ। ਉਹਦੀ ਇੱਛਾ ਅਨੁਸਾਰ ਕਿਸੇ ਲੇਖਕ ਜਾਂ ਹੋਰ ਦੋਸਤ-ਵਾਕਿਫ਼ ਨੂੰ ਖ਼ਬਰ ਕੀਤੇ ਬਿਨਾਂ ਘਰ ਦੇ ਜੀਆਂ ਨੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰ ਇਸ ਨਾਲ ਉਹ ਮੌਤ ਦੀ ਪੂਰਨਤਾ ਨੂੰ ਪ੍ਰਾਪਤ ਨਾ ਕਰ ਸਕੀ। ਇਹ ਉਹਦੀ ਸਿਰਫ਼ ਪਹਿਲੀ ਮੌਤ ਸੀ!
ਪੂਰੇ ਸਮਾਜ ਨੂੰ ਅਤੇ ਉਹਦੇ ਨੇਮਾਂ ਤੇ ਬੰਧਨਾਂ ਨੂੰ ਦਰਕਿਨਾਰ ਕਰ ਕੇ ਜਿਸ ਕਿਸਮ ਦਾ ਮਨ-ਇੱਛਤ ਜੀਵਨ ਉਹਨੇ ਜੀਵਿਆ ਸੀ, ਉਸ ਵਿਚ ਉਹਦੀਆਂ ਕੋਈ ਜਿਉਂਦੇ-ਜੀਅ ਮੌਤਾਂ ਵੀ ਸ਼ਾਮਲ ਸਨ ਕਿ ਨਹੀਂ, ਇਹ ਭੇਤ ਤਾਂ ਉਹਦੇ ਨਾਲ ਹੀ ਚਲਿਆ ਗਿਆ, ਪਰ ਇਸ ਮੌਤ ਨੂੰ ਚਿਤਾ ਦੀ ਅਗਨ-ਕੁਠਾਲੀ ਵਿਚੋਂ ਲੰਘ ਕੇ ਵੀ ਗਤੀ ਪ੍ਰਾਪਤ ਨਾ ਹੋ ਸਕੀ। ਉਹਦੇ ਨਸੀਬ ਵਿਚ ਅਜੇ ਹੋਰ ਦੋ ਵਾਰ ਮਰਨਾ ਲਿਖਿਆ ਸੀ।
ਇਸ ਸੰਸਾਰ ਤੋਂ ਜਾਣ ਸਮੇਂ ਕੋਠੀ ਉਹ ਸ਼ੈਲੀ ਦੇ ਨਾਂ ਲਿਖ ਗਈ ਸੀ। ਨਾਲ ਹੀ ਉਹ ਆਪਣੀ ਇਹ ਇੱਛਾ ਵੀ ਗੂੜ੍ਹੇ ਅੱਖਰਾਂ ਵਿਚ ਦੱਸ ਗਈ ਸੀ ਕਿ ਉਹਦੇ ਨਿਵਾਸ ਵਾਲੀ ਪਹਿਲੀ ਮੰਜ਼ਿਲ ਇਮਰੋਜ਼ ਦੀ ਨਿਗਰਾਨੀ ਹੇਠ ਉਹਦਾ ਸਿਮਰਤੀ-ਸਥਾਨ ਬਣੀ ਰਹੇਗੀ। ਪਰ ਨਵਰਾਜ ਨੇ ਛੇਤੀ ਹੀ ਕੋਠੀ ਵਿਕਾਊ ਕਰ ਦਿੱਤੀ ਅਤੇ ਵੇਚੀ ਵੀ ਇਕ ਅਜਿਹੇ ਆਦਮੀ ਨੂੰ ਜਿਸ ਨੇ ਉਹਨੂੰ ਜਿਉਂ-ਦੀ-ਤਿਉਂ ਰੱਖ ਕੇ ਰਹਿਣਾ ਨਹੀਂ ਸੀ ਸਗੋਂ ਪੂਰੀ ਤਰ੍ਹਾਂ ਢਾਹ ਕੇ ਟੋਟੇ ਕਈ ਲੋਕਾਂ ਨੂੰ ਵੰਡਣੇ-ਵੇਚਣੇ ਸਨ। ਕੋਠੀ ਵੇਚਣ ਵਿਚ ਸ਼ੈਲੀ ਦੀ ਪੈਸੇ ਦੀ ਲੋੜ ਦਾ ਕਿੰਨਾ ਹੱਥ ਸੀ ਅਤੇ ਉਹਦੀਆਂ ਕੰਧਾਂ ਉਤੇ ਡੂੰਘੀਆਂ ਉਕਰੀਆਂ ਹੋਈਆਂ ਕੌੜੀਆਂ ਯਾਦਾਂ ਦਾ ਕਿੰਨਾ, ਇਹ ਤੱਥ-ਸੱਚ ਤਾਂ ਸ਼ੈਲੀ ਆਪਣੇ ਨਾਲ ਹੀ ਲੈ ਗਿਆ, ਪਰ ਜੇ ਮਾਮਲਾ ਇਕੱਲੇ ਪੈਸੇ ਦਾ ਹੀ ਹੁੰਦਾ, ਪਿਤਾ ਦੀ ਹੌਜ਼ਖਾਸ ਤੋਂ ਵੀ ਮਹਿੰਗੇ ਇਲਾਕੇ ਨਿਊ ਫ਼ਰੈਂਡਜ਼ ਕਾਲੋਨੀ ਵਾਲੀ ਕੋਠੀ ਦੇ ਪੈਸਿਆਂ ਦੇ ਗੱਠੜ ਹੀ ਬਹੁਤ ਸਨ। ਜਦੋਂ ਅੰਮ੍ਰਿਤਾ ਦੇ ਆਪਣੇ ਸਿਮਰਤੀ-ਸਥਾਨ ਵਜੋਂ ਚਾਹੇ-ਚਿਤਵੇ ਘਰ ਨੂੰ ਮਲੀਆਮੇਟ ਕੀਤਾ ਜਾਣ ਲੱਗਿਆ, ਵਦਾਨੀ ਮਾਰ ਸਿਰਫ਼ ਛੱਤਾਂ ਨੂੰ ਅਤੇ ਇਮਰੋਜ਼ ਦੀਆਂ ਉਹਦੇ ਸ਼ਿਅਰਾਂ ਨਾਲ ਸਜਾਈਆਂ ਕੰਧਾਂ ਨੂੰ ਹੀ ਨਾ ਪਈ, ਅੰਮ੍ਰਿਤਾ ਦੀ ਆਤਮਾ ਨੂੰ ਵੀ ਪਈ। ਇਹ ਉਹਦੀ ਦੂਜੀ ਮੌਤ ਸੀ!
ਫੇਰ ਇਕ ਦਿਨ ਅਚਾਨਕ ਅਖ਼ਬਾਰਾਂ ਨੇ ਖ਼ਬਰ ਛਾਪੀ, ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਫ਼ਿਲਮ ਫ਼ਾਈਨਾਂਸਰ, ਫ਼ਿਲਮ ਨਿਰਮਾਤਾ, ਫ਼ੋਟੋਗਰਾਫ਼ਰ ਬੇਟੇ ਨਵਰਾਜ ਕਵਾਤੜਾ ਦਾ ਮੁੰਬਈ ਵਾਲੇ ਉਹਦੇ ਫਲੈਟ ਵਿਚ ਕਤਲ ਹੋ ਗਿਆ। ਉਹਦਾ ਅੰਤ ਸਿਰਫ਼ ਅਚਾਨਕ ਤੇ ਬੇਮੌਕਾ ਹੀ ਨਹੀਂ ਸੀ, ਗ਼ੈਰ-ਕੁਦਰਤੀ ਹੋਣ ਦੇ ਨਾਲ ਨਾਲ ਬਹੁਤ ਬੇਕਿਰਕ, ਬੇਰਹਿਮ ਤੇ ਕਰੂਰ ਵੀ ਸੀ। ਉਹਦੀ ਮੌਤ ਦਾ ਭਿਆਨਕ ਵੇਰਵਾ ਪੜ੍ਹ ਕੇ ਅੰਦਰ ਕੰਬ ਗਿਆ! ਪਰ ਖ਼ਬਰ ਇਥੇ ਹੀ ਨਾ ਰੁਕੀ, ਉਹ ਤੁਰਦੀ ਰਹੀ ਤੇ ਆਉਂਦੇ ਦਿਨਾਂ ਵਿਚ ਇਕ ਇਕ ਕਰ ਕੇ ਉਹਦੀਆਂ ਹੋਰ ਹੋਰ ਤਹਿਆਂ ਖੁਲ੍ਹਦੀਆਂ ਗਈਆਂ। ਤਹਿਆਂ ਜਿਨ੍ਹਾਂ ਨਾਲ ਪਰੇਸ਼ਾਨੀ ਪਹਿਲਾਂ ਹੈਰਾਨੀ ਵਿਚ ਅਤੇ ਫੇਰ ਪਸ਼ੇਮਾਨੀ ਤੇ ਗਿਲਾਨੀ ਵਿਚ ਬਦਲ ਗਈ! ਹੈਰਾਨੀ ਉਸ ਜੀਵਨ-ਮਾਰਗ ਦੀ ਜੋ ਪ੍ਰੀਤਮ ਸਿੰਘ ਵਰਗੇ ਨੇਕ ਤੇ ਧੀਰਜਵਾਨ ਪਿਤਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਵੱਡੀ ਲੇਖਿਕਾ ਮਾਂ ਦਾ ਬੇਟਾ ਹੋਣ ਦੇ ਬਾਵਜੂਦ ਉਹਨੇ ਚੁਣਿਆ, ਪਸ਼ੇਮਾਨੀ ਤੇ ਗਿਲਾਨੀ ਉਸ ਮੰਜ਼ਿਲ ਦੀ ਜਿਸ ਉਤੇ ਉਹਨੂੰ ਇਹ ਮਾਰਗ ਲੈ ਗਿਆ!
ਉਹਦੀ ਉਮਰ ਭਰ ਦੀ ਪਰੇਸ਼ਾਨੀ ਅਤੇ ਪਸ਼ੇਮਾਨੀ ਉਹਨੂੰ ਹੇਠਾਂ ਵੱਲ ਧਕਦੀ ਧਕਦੀ ਅਸ਼ਲੀਲਤਾ ਦੀ ਹਨੇਰੀ ਗੁਫ਼ਾ ਵਿਚ ਲੈ ਗਈ, ਅਪਰਾਧ ਜਿਸ ਦਾ ਜੌੜਾ ਭਾਈ ਹੁੰਦਾ ਹੈ। ਇਸ ਹਨੇਰੀ ਗੁਫ਼ਾ ਦੀ ਸਜਾਵਟ ਗੁਪਤ ਕੈਮਰੇ ਸਨ, ਕਾਮ-ਖਿਡੌਣੇ ਸਨ, ਨਗਨ ਫ਼ਿਲਮਾਂ ਸਨ ਤੇ ਸੌਖੇ ਪੈਸੇ ਨੂੰ ਤਾਂਘਦੀਆਂ ਖ਼ੂਬਸੂਰਤ ਜਵਾਨ ਕੁੜੀਆਂ ਸਨ। ਅਪਰਾਧ ਦੀ ਬੰਬਈਆ ਦੁਨੀਆਂ ਵਿਚ ਸਭ ਤੋਂ ਡਰਾਉਣਾ ਸ਼ਬਦ ਹੈ ‘ਭਾਈ’। ਪੁਲਿਸ ਨੂੰ ਖ਼ੂਬਸੂਰਤ ਕਾਗ਼ਜ਼ ਵਿਚ ਲਪੇਟਿਆ ਜੋ ਅਣਖੋਲ੍ਹਿਆ ਪਿਆ ਸੁਗਾਤੀ ਡੱਬਾ ਮਿਲਿਆ, ਦੋਵੇਂ ਕਾਤਲ “ਸਲੀਮਭਾਈ ਦਾ ਭੇਜਿਆ” ਆਖ ਕੇ ਉਹਦੇ ਬਹਾਨੇ ਹੀ ਅੰਦਰ ਆਏ ਸਨ।
ਜੇ ਸੋਚੀਏ, ਪੁਰਾਤਨ ਯੂਨਾਨ ਦੇ ਦੁਖਾਂਤ ਨਾਟਕਾਂ ਵਾਂਗ ਇਸ ਨਾਟਕ ਦਾ ਇਹੋ ਅੰਤ ਨਿਸਚਿਤ ਸੀ। ਇਸ ਅੰਤ ਉਤੇ ਸ਼ਾਇਦ ਵਿਧਮਾਤਾ ਨੇ ਉਸੇ ਦਿਨ ਦਸਖ਼ਤ ਕਰ ਦਿੱਤੇ ਸਨ ਜਿਸ ਦਿਨ ਸ਼ੈਲੀ ਨੇ ਮਾਂ ਨੂੰ ਸਾਹਿਰ ਅੰਕਲ ਵਾਲਾ ਸਵਾਲ ਪੁੱਛਿਆ ਸੀ। ਇਸ ਨਾਟਕ ਦੀ ਕਥਾ ਜਿਉਂ-ਜਿਉਂ ਅੱਗੇ ਵਧੀ, ਨਵਰਾਜ ਨੂੰ ਇਸ ਅੰਤ ਵੱਲ ਧਕਦੀ ਗਈ ਅਤੇ ਉਹ ਹੋਣੀ ਦੇ ਹੱਥਾਂ ਵਿਚ ਮੋਹਰਾ ਬਣਿਆ, ਨੀਂਦ ਵਿਚ ਤੁਰਦੇ ਬੰਦੇ ਵਾਂਗ, ਅੰਜਾਮ ਤੋਂ ਬੇਖ਼ਬਰ ਅੱਗੇ ਵਧਦਾ ਗਿਆ। ਦੇਖਣ ਨੂੰ ਲੋਹੇ-ਸੀਮਿੰਟ ਦੇ ਪੁਖ਼ਤਾ ਜਾਪਦੇ ਪਰ ਅਸਲ ਵਿਚ ਅੰਦਰੋਂ ਪਾਟੀਆਂ ਕੰਧਾਂ ਵਾਲੇ ਹੌਜ਼ਖਾਸ ਵਿਚਲੇ ਘਰ ਦੇ ਚਰਾਗ਼ ਦਾ ਹਨੇਰੀ ਦੇ ਬੁੱਲਿਆਂ ਨਾਲ ਲੰਮਾ ਸਮਾਂ ਕੰਬ-ਡੋਲ ਕੇ ਆਖ਼ਰ ਨੂੰ ਬੁਝ ਜਾਣਾ ਕੋਈ ਅਣਹੋਣੀ ਜਾਂ ਅਲੋਕਾਰ ਗੱਲ ਨਹੀਂ ਸੀ।
ਪਰ ਬਿਚਾਰੇ ਨਵਰਾਜ ਨੂੰ ਕੌਣ ਜਾਣਦਾ ਸੀ! ਖ਼ਬਰ ਵਿਚ ਉਹਦਾ ਨਾਂ ਤਾਂ ਘਟਨਾ ਦੇ ਮੁੱਖ-ਪਾਤਰ ਵਜੋਂ ਆ ਰਿਹਾ ਸੀ। ਪਛਾਣ ਤਾਂ ਉਹਦੀ ਜੇ ਕੋਈ ਹੈ ਸੀ, ਉਹ ਅੰਮ੍ਰਿਤਾ ਦਾ ਬੇਟਾ ਹੋਣਾ ਸੀ। ਕਈ ਵੱਡੇ ਅਖ਼ਬਾਰਾਂ ਨੇ ਸੁਰਖੀ ‘ਅੰਮ੍ਰਿਤਾ ਪ੍ਰੀਤਮ ਦੇ ਬੇਟੇ ਦਾ ਕਤਲ’ ਦੀ ਲਾਈ । ਕੁਝ ਅਖ਼ਬਾਰ ਤਾਂ ਇਸ ਪਛਾਣ ਨੂੰ ਇਥੋਂ ਤੱਕ ਲੈ ਗਏ ਕਿ ਕਤਲ ਨਵਰਾਜ ਦਾ ਹੋਇਆ ਸੀ, ਖ਼ਬਰ ਨਾਲ ਫੋਟੋ ਉਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਦੀ ਛਾਪੀ। ਇਉਂ ਇਹ ਮੌਤ ਇਕੱਲੇ ਨਵਰਾਜ ਦੀ ਹੀ ਨਹੀਂ ਸੀ, ਅੰਮ੍ਰਿਤਾ ਦੀ ਵੀ ਸੀ। ਸਗੋਂ ਇਹ ਕਹਿਣਾ ਵਧੇਰੇ ਠੀਕ ਹੈ ਕਿ ਇਹ ਮੌਤ ਨਵਰਾਜ ਦੀ ਘੱਟ ਤੇ ਅੰਮ੍ਰਿਤਾ ਦੀ ਵੱਧ ਸੀ ਤੇ ਇਹ ਅੰਮ੍ਰਿਤਾ ਦੀ ਤੀਜੀ ਮੌਤ ਸੀ।
ਸ਼ਾਇਦ, ਆਪਣੀ ਇਸ ਸੁਭਾਗੀ-ਨਿਭਾਗੀ ਵੱਡੀ ਲੇਖਿਕਾ ਦੀ ਟੋਟਿਆਂ ਵਿਚ ਵੰਡੀ ਮੌਤ ਨੂੰ ਇਸ ਤੀਜੇ ਮਰਨੇ ਨਾਲ ਆਖ਼ਰ ਪੂਰਨਤਾ ਪ੍ਰਾਪਤ ਹੋ ਗਈ ਹੋਵੇਗੀ! ਘੱਟੋ-ਘੱਟ ਮੇਰੇ ਵਰਗੇ ਉਹਦੇ ਕਿਸੇ ਨਾ ਕਿਸੇ ਹੱਦ ਤੱਕ ਸਾਹਿਤਕ ਦੇਣਦਾਰਾਂ ਦੀ ਤਾਂ ਇਹੋ ਅਰਦਾਸ ਹੈ!
(ਸਮਾਪਤ)