ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਗਲੀ-ਗੁਆਂਢ ਦੇ ਸਾਰੇ ਲੋਕ ਇਕੱਠੇ ਹੋਏ ਖੜ੍ਹੇ ਇਹ ‘ਤਮਾਸ਼ਾ’ ਦੇਖ ਰਹੇ ਸਨ। ਦੂਜੇ-ਤੀਜੇ ਦਿਨ ਇੰਜ ਹੀ ਇਹ ਆਪੋ ਵਿਚ ਫਸ ਪੈਂਦੇ ਹੋਣਗੇ, ਸ਼ਾਇਦ ਇਸੇ ਕਾਰਨ ਇਨ੍ਹਾਂ ਦੋਹਾਂ ਨੂੰ ਛੁਡਾਉਣ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ। ਮਦਾਰੀ ਦਾ ਖੇਲ੍ਹ ਦੇਖਣ ਵਾਂਗ ਸਾਰੀ ਭੀੜ ਦਰਸ਼ਕ ਬਣੀ ਖੜ੍ਹੀ ਸੀ। ਅੱਗੇ ਹੋ ਕੀ ਰਿਹਾ ਸੀ ਭਲਾ?
ਪਿੰਡ ਤੋਂ ਬਾਹਰਵਾਰ ਨਿਕਲਦੀ ਖੁੱਲ੍ਹੀ ਗਲੀ ਦੇ ਵਿਚਕਾਰ ਜਿਹੇ ਹੱਟੇ-ਕੱਟੇ ਗਭਰੇਟ ਨੇ ਧੌਲੀ ਦਾੜ੍ਹੀ ਵਾਲਾ ਬਜ਼ੁਰਗ ਥੱਲੇ ਢਾਹਿਆ ਹੋਇਆ ਸੀ। ਮੁੰਡਾ ਬੇਕਿਰਕ, ਬਜ਼ੁਰਗ ਦੇ ਘਸੁੰਨ ਸੁੱਟ ਰਿਹਾ ਸੀ। ਢਹਿਆ ਪਿਆ ਬੁੱਢੜਾ ਵੀ ਦਾਅ ਲਗਦੇ ਹਿੱਕ ‘ਤੇ ਚੜ੍ਹੇ ਬੈਠੇ ਮੁੰਡੇ ਦੇ ਹੂਰਾ-ਮੁੱਕੀ ਜੜ ਦਿੰਦਾ।
ਇਹ ਇਕੱਠ ਜਿਹਾ ਦੇਖ ਕੇ ਲਾਗਿਉਂ ਗੁਜ਼ਰਦਾ ਰਮਤਾ ਸਾਧੂ ਵੀ ਇਨ੍ਹਾਂ ਤਮਾਸ਼ਬੀਨਾਂ ਵਿਚ ਆ ਰਲਿਆ। ਬਾਕੀਆਂ ਲਈ ਭਾਵੇਂ ਇਹ ਸ਼ੁਗਲ ਮੇਲਾ ਈ ਹੋ ਰਿਹਾ ਸੀ, ਪਰ ਸ਼ਾਂਤ ਸੁਭਾਅ ਸਾਧੂ ਨੂੰ ਦੋ ਜਣੇ ਲੜਦੇ-ਭਿੜਦੇ ਚੰਗੇ ਨਾ ਲੱਗੇ। ਹੋ ਰਹੀ ਲੜਾਈ ਦਾ ਕੋਈ ਮੂੰਹ-ਸਿਰ ਲੱਭਣ ਦੀ ਮਨਸ਼ਾ ਨਾਲ ਸਾਧੂ ਨੇ ਸਿਆਣੀ ਉਮਰ ਦੇ ਇਕ-ਦੋ ਬੰਦਿਆਂ ਕੋਲੋਂ ਜਾਣਕਾਰੀ ਮੰਗੀ। ਸਾਧੂ ਇਹ ਸੁਣ ਕੇ ਦੰਗ ਰਹਿ ਗਿਆ ਕਿ ਸਾਹਮਣੇ ਗੁੱਥ-ਮ-ਗੁੱਥਾ ਹੋ ਰਹੇ ਦੋਵੇਂ ਜਣੇ ਪਿਉ-ਪੁੱਤ ਹੀ ਸਨ।
“ਇਨ੍ਹਾਂ ਦਾ ਤਾਂ ਰੋਜ਼ ਦਾ ਇਹੀ ਕੰਮ ਐ ਬਾਬਾ ਜੀ।” ਭੀੜ ਵਿਚੋਂ ਆ ਰਹੀਆਂ ਇਨ੍ਹਾਂ ਆਵਾਜ਼ਾਂ ਨੂੰ ਅਣ-ਸੁਣਿਆ ਕਰਦਿਆਂ ਮਹਾਤਮਾ ਅੱਗੇ ਵਧਿਆ। ਮੁੰਡੇ ਨੂੰ ਧੌਲ-ਧੱਫ਼ਾ ਕਰਦਿਆਂ ਸਾਧੂ ਨੇ ਲਾਹਨਤ ਪਾਈ, “ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡਿਆ? ਲੋਕੀਂ ਮਾਪਿਆਂ ਦੇ ਚਰਨ ਪੂਜਦੇ ਆ, ਪਰ ਤੂੰ ਪਿਓ ਨੂੰ ਥੱਲੇ ਢਾਹੀ ਬੈਠਾਂ?” ਮੁੰਡਾ ਛਿੱਥਾ ਜਿਹਾ ਹੋ ਕੇ ਪਰ੍ਹੇ ਹਟ ਗਿਆ। ਥੱਲੇ ਚੁਫ਼ਾਲ ਡਿੱਗੇ ਪਏ ਬਾਪੂ ਨੂੰ ਸੰਤ ਨੇ ਮੋਢਿਓਂ ਫੜ ਕੇ ਖੜ੍ਹਾ ਕੀਤਾ। ਉਹਦੇ ਕੱਪੜੇ-ਲੀੜੇ ਝਾੜਦਿਆਂ ਸਾਧੂ ਹਿਰਖ ਵਿਚ ਕਹਿੰਦਾ, “ਓ ਭਲਿਆ ਮਾਣਸਾæææ! ਤੂੰ ਕਾਹਦਾ ਬਾਪ ਐਂæææਤੇਰੀ ਔਲਾਦ ਕੁੱਤੇ ਜਿੰਨੀ ਵੀ ਕਦਰ ਨਹੀਂ ਕਰਦੀ ਤੇਰੀæææਕੀ ਲੈਣਾ ਏ ਤੂੰ ਇਸ ਗ੍ਰਹਿਸਤੀ ਖਲਜਗਣ ‘ਚੋਂ?æææਆ ਚੱਲ ਮੇਰੇ ਨਾਲ ਆਸ਼ਰਮ ਚੱਲਦੇ ਹਾਂ।æææਰਹਿੰਦੀ ਆਯੂ ਭਜਨ ਬੰਦਗੀ ਕਰ ਲੈ।”
ਮਿੱਟੀ-ਘੱਟੇ ਨਾਲ ਲਿਬੜੀ ਪੱਗ ਝਾੜ ਕੇ ਸਿਰ ‘ਤੇ ਲਪੇਟਦਿਆਂ ਬੁਢੜਾ ਸਾਧ ਵੱਲ ਕੁਨੱਖੀਂ ਝਾਕਦਾ ਬੋਲਿਆ, “ਜਾਹ ਉਏ ਜਾਹ ਸਾਧਾæææ!” ਲਾਗੇ ਈ ਸਾਨ੍ਹ ਵਾਂਗ ਆਕੜੇ ਖੜ੍ਹੇ ਆਪਣੇ ਪੁੱਤ ਵੱਲ ਇਸ਼ਾਰਾ ਕਰਦਿਆਂ ਕਹਿੰਦਾ, “ਉਹ ਮੇਰਾ ਪੁੱਤ ਐ, ਮੇਰੇ ਨਾਲ ਬੋਲ-ਕਬੋਲ ਕਰ ਲਿਆ ਉਸ ਨੇ!æææਤੂੰ ਮੈਨੂੰ ਹੱਥ ਲਾ ਕੇ ਦਿਖਾ ਤਾਂ ਜ਼ਰਾ!æææਕਚੂੰਮਰ ਨਾ ਕੱਢ ਦਿਆਂ ‘ਕੇਰਾਂ!æææਦੇਣ ਡਿਹੈ ਮੈਨੂੰ ਉਪਦੇਸ਼, ਮੰਗ ਖਾਣਾ ਸਾਧ।”
ਸਕੇ ਪੁੱਤ ਕੋਲੋਂ ਪੱਗ ਤੱਕ ਲੁਹਾ ਲੈਣ ਵਾਲੇ, ਮੋਹ ਵਿਚ ਅੰਨ੍ਹੇ ਹੋਏ ਬਾਪ ਦੀ ਇਹ ਕਹਾਣੀ ਸ਼ਾਇਦ ਕੁਝ ਕਾਲਪਨਿਕ ਲੱਗੇ। ਇਸ ਲਈ ਵਿਸ਼ੇ ਨਾਲ ਸਬੰਧਤ ਦੋ ਵਾਕਿਆਤ ਹੋਰ ਪੜ੍ਹ ਲਓ ਜੋ ਕਿ ਮੈਂ ਅੱਖੀਂ ਦੇਖੇ ਤੇ ਕੰਨੀਂ ਸੁਣੇ ਹੋਏ ਹਨ।
ਸਾਡੇ ਇਲਾਕੇ ਦੇ ਇਕ ਪਿੰਡ ਦੀ ਮਾਤਾ ਨੂੰ ਕੋਈ ਭਰਾ ਨਾ ਹੋਣ ਕਰ ਕੇ ਪੇਕਿਆਂ ਦੀ ਜ਼ਮੀਨ ਜਾਇਦਾਦ ਮਿਲ ਗਈ। ਸਿਰ ਦਾ ਸਾਂਈਂ ਵੀ ਤੁਰ ਗਿਆ, ਤਾਂ ਵਿਆਹਿਆ-ਵਰ੍ਹਿਆ ਇਕਲੌਤਾ ਪੁੱਤ ਪੁੱਠੇ ਰਾਹ ਪੈ ਗਿਆ। ‘ਮਾਲੇ ਮੁਫ਼ਤ, ਦਿਲੇ ਬੇ-ਰਹਿਮ’ ਦਾ ਕਥਨ ਸੱਚ ਕਰ ਵਿਖਾਉਂਦਿਆਂ ਉਸ ਮੁੰਡੇ ਨੇ ਜ਼ਮੀਨ ਬੋਤਲਾਂ ਰਾਹੀਂ ਹੜੱਪਣੀ ਸ਼ੁਰੂ ਕਰ ਦਿੱਤੀ। ਵਿਗੜੇ-ਤਿਗੜੇ ਬਾਪ ਦੇ ਦੋਵੇਂ ਜਵਾਨ ਹੁੰਦੇ ਜਾਂਦੇ ਪੁੱਤ ਬਾਪ ਦੀਆਂ ਫੈਲਸੂਫ਼ੀਆਂ ਦੇਖ-ਦੇਖ ਲਹੂ ਦੇ ਹੰਝੂ ਕਰਦੇ। ਅਕਲ ਵਾਲੇ ਦੋਵੇਂ ਪੁੱਤ ਅਤੇ ਮਾਂ ਜ਼ਮੀਨ ਦਾ ਉਜਾੜਾ ਕਰ ਰਹੇ ਸ਼ਰਾਬੀ-ਕਬਾਬੀ ਨੂੰ ਸਮਝਾਉਂਦੇ ਰਹਿੰਦੇ, ਪਰ ਉਹਨੇ ਆਪਣੇ ਚਾਲੇ ਨਾ ਛੱਡੇ।
ਇਕ ਦਿਨ ਮਨਹੂਸ ਸ਼ਾਮ ਪਈ। ਸ਼ਰਾਬੀ ਦੀ ਪਤਨੀ ਕਿਤੇ ਵਾਂਢੇ ਗਈ ਹੋਈ ਸੀ। ਰੋਜ਼ਾਨਾ ਵਾਂਗ ਉਹ ਟੱਲੀ ਹੋਇਆ ਅਬਾ-ਤਬਾ ਬੋਲਦਾ ਘਰੇ ਵੜਿਆ। ਵੱਡੇ ਮੁੰਡੇ ਨੂੰ ਚੜ੍ਹ ਗਿਆ ਚੰਡਾਲ। ਪਸ਼ੂਆਂ ਵਾਲੇ ਅੰਦਰੋਂ ਕੁਹਾੜੀ ਕੱਢ ਲਿਆਇਆ ਤੇ ਵਿਹੜੇ ਵਿਚ ਊਟ-ਪਟਾਂਗ ਬੋਲਦੇ ਬਾਪ ਦਾ ‘ਕੀਰਤਨ ਸੋਹਲਾ’ ਪੜ੍ਹ ਦਿੱਤਾ। ਰੋਂਦੀ-ਪਿੱਟਦੀ ਦਾਦੀ ਨੇ ਹਾਲ ਪਾਹਰਿਆ ਮਚਾਉਂਦਿਆਂ ਪੋਤੇ ਕੋਲੋਂ ਆਪਣੇ ਪੁੱਤ ਨੂੰ ਬਚਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ। ਆਪਣੇ ਜਿਗਰ ਦੇ ਟੋਟੇ ਪੁੱਤ ਦੇ ਕਾਤਲ ਪੋਤੇ ਦਾ ਨਾਂ ਲੈ-ਲੈ ਦੁਹੱਥੜਾ ਮਾਰਦੀ, ਸਿਰ ਦੇ ਵਾਲ ਖੋਂਹਦੀ ਉਹ ਮਾਤਾ ਮੈਂ ਖੁਦ ਦੇਖੀ ਹੋਈ ਹੈ। ਸਾਰੇ ਪਿੰਡ ਦੇ ਸਾਹਮਣੇ ਉਹ ਪਿੱਟ-ਪਿੱਟ ਧਾਹਾਂ ਮਾਰ ਰਹੀ ਸੀ ਕਿ ਜੋ ਮਰਜ਼ੀ ਹੋ ਜਾਏ, ਉਹ ਦੁਸ਼ਟ ਪੋਤੇ ਨੂੰ ਫਾਂਸੀ ਚੜ੍ਹਾ ਕੇ ਸਾਹ ਲਵੇਗੀ।
ਇਸ ਕਤਲ ਦੀ ਸੀ ਵੀ ਉਹ ਇਕੋ-ਇਕ ਚਸ਼ਮ-ਦੀਦ ਗਵਾਹ। ਉਸ ਦੀ ਗਵਾਹੀ, ਸਮਝੋ ਫਾਂਸੀ ਵਾਲਾ ਰੱਸਾ ਹੀ ਸੀ। ਇਸ ਕਰ ਕੇ ਹੁਣ ਕਾਤਲ ਪੋਤੇ ਦੇ ਚਿਹਰੇ ਦਾ ਰੰਗ ਵੀ ਬੱਗਾ ਪੂਣੀ ਹੋਣ ਲੱਗਾ। ਪਿੰਡ ਦੇ ਸਿਆਣੇ ਮੋਹਤਬਰ ਬੰਦੇ ਇਕੱਠੇ ਹੋ ਕੇ ਸਾਰੀ ਰਾਤ ਮਾਈ ਨੂੰ ‘ਜੋ ਹੋਇਆ, ਸੋ ਹੋਇਆ’ ਕਹਿੰਦੇ ਹੋਏ ਦਿਲਾਸੇ ਦੇਈ ਗਏ। ਨਾਲ ਹੀ ‘ਘਰ ਸੰਭਾਲਣ’ ਦੀਆਂ ਭਵਿੱਖਮੁਖੀ ਨਸੀਹਤਾਂ ਵੀ ਦੇਈ ਗਏ।
ਦਿਨ ਚੜ੍ਹਦੇ ਨੂੰ ਪੁਲਿਸ ਦੇ ਆਉਂਦਿਆਂ-ਕਰਦਿਆਂ ਮਾਈ ਦੇ ਗਲ ਵਿਚੋਂ ਪੁੱਤਰ ਮੋਹ ਦੀ ਫਾਹੀ ਦੀ ਥਾਂ, ਪੋਤਾ ਮੋਹ ਦੀ ਫਾਹੀ ਪੈ ਗਈ। ਅੰਦਰੇ ਈ ਅੱਗ, ਅੰਦਰੇ ਪਾਣੀ! ਜਿਵੇਂ ਪਿੰਡ ਦੇ ਸਿਆਣਿਆਂ ਨੇ ਉਸ ਨੂੰ ਪੱਟੀ ਪੜ੍ਹਾਈ ਸੀ, ਮਾਈ ਨੇ ਠਾਣੇਦਾਰ ਮੋਹਰੇ ਇਹ ਬਿਆਨ ਦਿੱਤੇ-“ਬਗਲ ਦੀ ਕੰਧ ਟੱਪ ਕੇ ਕੋਈ ਵਿਹੜੇ ਵਿਚ ਆਇਆ, ਮੇਰੇ ਪੁੱਤ ਨੂੰ ਕਤਲ ਕਰ ਕੇ ਦੌੜ ਗਿਆ। ਮੇਰੀ ਨਿਗ੍ਹਾ ਕਮਜ਼ੋਰ ਹੋਣ ਕਰ ਕੇ ਮੈਥੋਂ ਨ੍ਹੀਂ ਪਛਾਣਿਆ ਗਿਆ ਉਹ ਬੰਦਾæææ।”
ਪਿਉ-ਪੁੱਤ ਵਿਚਕਾਰ ਹੋਏ ਅਜਿਹੇ ਹੀ ਗ੍ਰਹਿ ਯੁੱਧ ਦੀ ਖ਼ਬਰਸਾਰ ਲੈਣ ਗਏ ਨੂੰ ਮੈਨੂੰ ਮੋਹ ਦੀਆਂ ਅਤਿ ਮਹੀਨ ਤੰਦਾਂ ਬਾਰੇ ਅਨੋਖਾ ਅਹਿਸਾਸ ਹੋਇਆ। ਅਮਰੀਕਾ ਤੋਂ ਪਿੰਡ ਪੁੱਜੇ ਨੂੰ ਮੈਨੂੰ ਉਡਦੀ-ਉਡਦੀ ਜਾਣਕਾਰੀ ਮਿਲੀ ਕਿ ਇਕ ਸੱਜਣ ਦੇ ਪੁੱਤ ਨੇ ਘਰ ਵਿਚ ਕਾਫ਼ੀ ਫਤੂਰ ਮਚਾਇਆ ਹੋਇਆ ਹੈ। ਉਸ ਦੇ ਘਰੇ ਜਾ ਕੇ ਮਿਲੀ ਤਫ਼ਸੀਲੀ ਜਾਣਕਾਰੀ ਮੁਤਾਬਕ ਜਾਇਦਾਦ ਦੇ ਵੰਡ-ਵੰਡੱਈਏ ਤੋਂ ਕਲਹ-ਕਲੇਸ਼ ਇਨਾ ਵਧ ਗਿਆ ਕਿ ਡੌਲਿਆਂ ਉਤੇ ਟੈਟੂ ਖੁਣਵਾ ਕੇ, ਦੈਂਤ ਜਿਹਾ ਬਣੀ ਫਿਰਦੇ ਬੇ-ਸ਼ਊਰੇ ਪੁੱਤ ਨੇ ਬਾਪ ਨੂੰ ਕੁੱਟ-ਫਾਂਟ ਦਿੱਤਾ। ਨਾਲ ਹੀ ਦਿਲ ਖੋਲ੍ਹ ਕੇ ਬਕਵਾਸ ਵੀ ਬਥੇਰੀ ਕਰ ਦਿੱਤੀ। ਦੁਖੀ ਹੋ ਕੇ ਬਾਪ ਨੇ ਜਾਨ ਦੇ ਖਤਰੇ ਦੀ ਦੁਹਾਈ ਦੇ ਕੇ ਪੁਲਿਸ ਬੁਲਾ ਲਈæææ।
ਪੁੱਤ ਨਾਲੋਂ ਅਲੱਗ ਹੋ ਕੇ ਖੁੱਡਾ-ਨੁਮਾ ਮਕਾਨ ਵਿਚ ਬੈਠੇ ਕਰਮਾਂ ਮਾਰੇ ਬਾਪ ਨੇ ਪੁਲਿਸ ਲਿਆਉਣ ਤੱਕ ਦੀ ਵਿਥਿਆ ਤਾਂ ਬੜੇ ਦੁਖੀ ਹਿਰਦੇ ਨਾਲ ਮੈਨੂੰ ਸੁਣਾਈ, ਪਰ ਇਸ ਦੁਖਦਾਈ ਗਾਥਾ ਦਾ ਬਾਕੀ ਹਿੱਸਾ ਉਹ ਇੰਜ ਸੁਣਾਉਣ ਲੱਗਾ, ਜਿਵੇਂ ਸਾਹਮਣੇ ਹੋ ਰਹੇ ਕਬੱਡੀ ਮੈਚ ਦੀ ਕੁਮੈਂਟਰੀ ਸੁਣਾ ਰਿਹਾ ਹੋਵੇ: “æææਗੱਡੀ ਵਿਚੋਂ ਨਿੱਕਲ ਕੇ ਜਦ ਦੋਵੇਂ ਪੁਲਸੀਏ ਲੱਗੇ ਉਹਨੂੰ ਹਾਤ-ਹੂਤ ਕਰਨ, ਮੁੰਡਾ ਵੀ ਮੋਹਰਿਉਂ ਉਸੇ ਟੋਨ ਵਿਚ ਬੋਲਿਆ। ਰੋਅਬ ਛਾਂਟਦੇ ਪੁਲਸੀਏ ਨੇ ਹਾਲੇ ਹੱਥ ਵਿਚ ਫੜੀ ਬੈਂਤ ਉਪਰ ਨੂੰ ਉਭਾਰੀ ਹੀ ਸੀ, ਮੁੰਡਾ ਪੈ ਗਿਆ ਉਹਨੂੰ ਭੁੱਖੇ ਬਘਿਆੜ ਵਾਂਗ਼æææ।”
ਬਿਰਤਾਂਤ ਸੁਣਾ ਰਹੇ ਬਾਪ ਦੇ ਚਿਹਰੇ ‘ਤੇ ਹੁਣ ਪਹਿਲੋਂ ਵਾਲੇ ਕਰੁਣਾਮਈ ਹਾਵ-ਭਾਵ ਨਹੀਂ ਸਨ, ਸਗੋਂ ਉਸ ਦਾ ਖਿੜਿਆ ਚਿਹਰਾ ਜੇਤੂਆਂ ਵਾਂਗ ਲਾਲੀ ਦੀ ਭਾਅ ਮਾਰ ਰਿਹਾ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਮੰਦ-ਮੰਦ ਮੁਸਕਾਉਂਦਿਆਂ ਇਹ ਦੱਸਿਆ ਕਿ ਉਹਦੇ ਮੁੰਡੇ ਨੇ ਇਕ ਪੁਲਸੀਏ ਦੀ ਵਰਦੀ ਪਾੜ ਸੁੱਟੀ। ਗੱਲ ਸੁਣਾਉਂਦਿਆਂ ਉਸ ਨੂੰ ਚੇਤਾ ਈ ਭੁੱਲ ਗਿਆ ਸੀ ਕਿ ਪੁਲਿਸ ਤਾਂ ਉਹਨੇ ਹੀ ਬੁਲਾਈ ਹੋਈ ਸੀ ਕਿ ਵਿਗੜੇ ਹੋਏ ਮੁੰਡੇ ਦੇ ਚਾਰ ਛਿੱਤਰ ਵੱਜ ਜਾਣ, ਪਰ ਉਹ ਹੁਣ ਛਾਤੀ ਫੁਲਾ-ਫੁਲਾ ਕੇ ਕਿਸੇ ਅਜਿੱਤ ਸੂਰਮੇ ਦੀ ਮਾਣ-ਮੱਤੀ ਸੂਰਮਗਤੀ ਦਾ ਕਿੱਸਾ ਸੁਣਾਉਣ ਵਾਂਗ ਆਪਣੇ ਪੁੱਤ ਦੀ ਕੀਰਤੀ ਗਾ ਰਿਹਾ ਸੀ।
“ਲੈ ਜੀ, ਇਕ ਜਣਾ ਤਾਂ ਵਰਦੀ ਪੜਵਾ ਕੇ ਗੱਡੀ ਵਿਚ ਜਾ ਵੜਿਆ। ਦੂਜੇ ਮਗਰ ਸਾਡਾ ਮੁੰਡਾ ਫੌਹੜਾ ਲੈ ਕੇ ਪੈ ਗਿਆ। ਹਾæææਹਾæææਹਾæææਅæææਪਿੱਛੇ-ਪਿੱਛੇ ਮੁੰਡਾ, ਮੋਹਰੇ ਪੁਲਸੀਆ ਦੌੜਿਆ ਜਾਵੇ।”
ਪਹਿਲਾਂ ਤਾਂ ਮੈਨੂੰ ਹਾਸੇ-ਹਾਸੇ ਵਿਚ ਟਿੱਚਰ ਸੁੱਝੀ ਕਿ ਇਸ ਨੂੰ ਘਰੇਲੂ ਕਲੇਸ਼ ਦੇ ਨਿਬੇੜੇ ਬਾਰੇ ਪੁੱਛਾਂ ਕਿ ਜਾਇਦਾਦ ਦਾ ਵੰਡ-ਵੰਡੱਈਆ ਸਹਿਮਤੀ ਨਾਲ ਹੋ ਗਿਆ ਜਾਂ ਨਹੀਂ, ਫਿਰ ਸੋਚਿਆ ਕਿ ਇਹ ਹੁਣ ਆਪਣੇ ਪੁੱਤ ਹੱਥੋਂ ਹੋਈ ਬੇਇਜ਼ਤੀ ਭੁੱਲ-ਭੁਲਾ ਕੇ ਮੋਹ ਦੀ ਫਾਹੀ ਦਾ ਲੁਤਫ਼ ਲੈ ਰਿਹਾ ਹੈ। ਇਹਦੇ ਰੰਗ ਵਿਚ ਭੰਗ ਕਾਹਨੂੰ ਪਾਉਣਾ ਹੁਣ!
ਅਤਿ ਤੀਖਣ ਮੋਹ ਕੀ ਫਾਸ॥