ਡਾæ ਗੁਰਨਾਮ ਕੌਰ, ਕੈਨੇਡਾ
ਗੁਰਮਤਿ ਦਰਸ਼ਨ ਵਿਚ ਅਕਾਲ ਪੁਰਖ ਨਾਲ ਮੇਲ ਨੂੰ ਸੰਜੋਗ ਅਤੇ ਉਸ ਤੋਂ ਵਿਛੋੜੇ ਨੂੰ ਵਿਜੋਗ ਕਿਹਾ ਗਿਆ ਹੈ। ਇਸ ਪਉੜੀ ਵਿਚ ਮਨੁੱਖ ਦੇ ਸਰੀਰ ਦੀ ਤੁਲਨਾ ਇੱਕ ਵੱਡੇ ਕਿਲੇ ਨਾਲ ਕੀਤੀ ਗਈ ਹੈ, ਜੋ ਮਨੁੱਖ ਨੂੰ ਚੰਗੀ ਕਿਸਮਤ ਨਾਲ ਮਿਲਦਾ ਹੈ ਅਤੇ ਇਸ ਕਿਲੇ ਵਿਚ ਅਕਾਲ ਪੁਰਖ ਦਾ ਨਿਵਾਸ ਹੈ, ਇਸ ਲਈ ਉਹ ਅਕਾਲ ਪੁਰਖ ਕਿਧਰੇ ਭੋਗੀ ਹੋ ਕੇ ਵੱਖਰੇ ਵੱਖਰੇ ਰਸਾਂ ਦਾ ਭੋਗ ਕਰ ਰਿਹਾ ਹੈ
ਤੇ ਕਿਧਰੇ ਤਿਆਗੀ ਹੋ ਕੇ ਇਸ ਸੰਸਾਰਕ ਰਸਾਂ ਤੋਂ ਵਿਰਕਤ ਹੈ, ਜੋਗੀ ਹੈ, ਮਾਇਆ ਦੇ ਅਸਰ ਤੋਂ ਨਿਰਲੇਪ ਰਹਿੰਦਾ ਹੈ, ਉਸ ਨਾਲ ਜੁੜਿਆ ਨਹੀਂ ਹੋਇਆ। ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਹੋ ਰਿਹਾ ਹੈ ਕਿਉਂਕਿ ਸਭ ਕੁਝ ਕਰਨ ਵਾਲਾ ਉਹ ਆਪ ਹੀ ਹੈ, ਜੋ ਕੁਝ ਉਹ ਚਾਹੁੰਦਾ ਹੈ, ਉਹੀ ਵਾਪਰਦਾ ਹੈ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਜੇ ਗੁਰੂ ਦੇ ਸਨਮੁਖ ਹੋ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰੀਏ ਤਾਂ ਪਰਮਾਤਮਾ ਤੋਂ ਵਿਜੋਗ ਦੇ ਭਾਵ ਵਿਛੜੇ ਰਹਿਣ ਦੇ ਸਾਰੇ ਕਾਰਨ ਦੂਰ ਹੋ ਜਾਂਦੇ ਹਨ,
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ॥
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ॥
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ॥
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ॥
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ॥੧੩॥ (ਪੰਨਾ ੫੧੪)
ਸਿੱਖ ਧਰਮ ਦਰਸ਼ਨ ਵਿਚ ਬਾਣੀ ਨੂੰ ਪਰਮਸਤਿ ਦਾ ਪ੍ਰਗਟਾਅ ਮੰਨਿਆ ਗਿਆ ਹੈ ਜਿਸ ਦਾ ਪ੍ਰਕਾਸ਼ਨ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ ਹੋਇਆ। ਬਾਣੀ ਆਪ ਸਤਿ-ਸਰੂਪ ਹੈ, ਇਸੇ ਲਈ ਬਾਣੀ ਨੂੰ, ਸ਼ਬਦ ਨੂੰ ਮਨੁੱਖ ਦੇ ਇਸ ਸੰਸਾਰ ਸਾਗਰ ਤੋਂ ਪਾਰ ਲੰਘਣ ਦਾ ਸਾਧਨ ਪ੍ਰਵਾਨ ਕੀਤਾ ਗਿਆ ਹੈ। ਬਾਣੀ ਗੁਰੂ ਹੈ ਜੋ ਮਨੁੱਖ ਨੂੰ ਰਸਤਾ ਦਿਖਾਉਂਦੀ ਹੈ। ਇਸ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਸ਼ਬਦ ਦੀ, ਬਾਣੀ ਦੀ ਮਹਿਮਾ ਦੱਸਦੇ ਹਨ ਕਿ ਗੁਰੂ ਦੇ ਦੱਸੇ ਰਸਤੇ Ḕਤੇ ਚੱਲਣ ਵਾਲਾ ਕੋਈ ਗੁਰਮੁਖ ਹੀ ਸਮਝਦਾ ਹੈ ਕਿ Ḕਵਾਹ ਵਾਹḔ ਕਹਿਣਾ ਅਕਾਲ ਪੁਰਖ ਦੀ ਵਡਿਆਈ ਕਰਨਾ ਹੈ, ਉਸ ਦੀ ਸਿਫਤਿ-ਸਾਲਾਹ ਕਰਨੀ ਹੈ (ਜਦੋਂ ਮਨੁੱਖ ਅਚਾਨਕ ਕੋਈ ਵਧੀਆ ਸੁੰਦਰ ਚੀਜ਼ ਜਾਂ ਅਦਭੁੱਤ ਨਜ਼ਾਰਾ ਦੇਖਦਾ ਹੈ, ਜਿਸ ਨੂੰ ਦੇਖ ਕੇ ਮਨ ਵਿਚ ਵਿਸਮਾਦ ਜਾਂ ਅਸਚਰਜਤਾ ਦਾ ਅਹਿਸਾਸ ਪੈਦਾ ਹੁੰਦਾ ਹੈ ਤਾਂ ਉਸ ਦੇ ਮੂੰਹੋਂ Ḕਵਾਹ ਵਾਹḔ ਨਿਕਲਦਾ ਹੈ)। ਉਹ ਸਦੀਵੀ ਹਸਤੀ ਅਕਾਲ ਪੁਰਖ ਆਪ ਹੀ ਮਨੁੱਖ ਦੇ ਮੁੰਹੋਂ Ḕਵਾਹ ਵਾਹḔ ਅਰਥਾਤ ਪਰਮਾਤਮਾ ਦੀ ਉਸਤਤਿ ਕਰਵਾਉਂਦਾ ਹੈ। ਵਾਹਿਗੁਰੂ ਦੀ ਸਿਫਤਿ-ਸਾਲਾਹ ਦੀ ਬਾਣੀ ਪਰਮ ਹਸਤੀ ਦਾ ਸਰੂਪ ਹੈ, ਬਾਣੀ ਰਾਹੀਂ ਉਸ ਅਕਾਲ ਪੁਰਖ ਨਾਲ ਮੇਲ ਹੁੰਦਾ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਪਰਮਾਤਮਾ ਦੀ ਸਿਫਤਿ-ਸਾਲਾਹ ਕਰਦਿਆਂ, ਉਸ ਦੇ ਗੁਣ ਗਾਉਂਦਿਆ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਪਰ ਇਹ ਸਿਫਤਿ-ਸਾਲਾਹ ਵੀ ਉਸ ਦੀ ਮਿਹਰ ਸਦਕਾ ਹੀ ਹੁੰਦੀ ਹੈ,
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ॥
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ॥
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥੧॥ (ਪੰਨਾ ੫੧੪)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਦੱਸਦੇ ਹਨ ਕਿ ਉਹ ਜੀਭ/ਰਸਨਾ ਵੀ ਧੰਨ ਹੈ, ਵਡਿਆਈ ਜੋਗ ਹੈ ਜੋ ਗੁਰੂ ਦੇ ਸ਼ਬਦ ਰਾਹੀਂ Ḕਵਾਹੁ ਵਾਹੁḔ ਆਖਦੀ ਹੈ। ਅਕਾਲ ਪੁਰਖ ਨਾਲ ਮੇਲ ਗੁਰੂ ਦੇ ਪੂਰਨ ਸ਼ਬਦ ਰਾਹੀਂ ਹੀ ਹੁੰਦਾ ਹੈ। ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਹਨ ਉਨ੍ਹਾਂ ਦੇ ਮੁੱਖ ਤੋਂ ਅਕਾਲ ਪੁਰਖ ਸਿਫਤਿ-ਸਾਲਾਹ ਕਰਵਾਉਂਦਾ ਹੈ। ਜਿਹੜੇ ਲੋਕ ਆਪਣੇ ਮੁੱਖ ਤੋਂ ਅਕਾਲ ਪੁਰਖ ਦੀ Ḕਵਾਹੁ ਵਾਹੁḔ ਕਰਦੇ ਹਨ, ਉਹ ਬਹੁਤ ਸੋਹਣੇ ਲੱਗਦੇ ਹਨ ਅਤੇ ਲੋਕਾਈ ਉਨ੍ਹਾਂ ਦੇ ਪੈਰ ਛੁਹਣ ਲਈ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਨ੍ਹਾਂ ਕੋਲੋਂ ਹੀ ਅਕਾਲ ਪੁਰਖ ਦੀ ਸਿਫਤਿ-ਸਾਲਾਹ ਹੁੰਦੀ ਹੈ ਅਤੇ ਉਨ੍ਹਾਂ ਨੂੰ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਸ਼ੋਭਾ ਮਿਲਦੀ ਹੈ,
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥
ਪੂਰੈ ਸਬਦਿ ਪ੍ਰਭੁ ਮਿਲਿਆ ਆਈ॥
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ ਕਉ ਪਰਜਾ ਪੂਜਣ ਆਈ॥
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥੨॥ (ਪੰਨਾ ੫੧੪)
ਅਭਿਮਾਨ ਜਾਂ ਅਹੰਕਾਰ ਨੂੰ ਗੁਰਮਤਿ ਵਿਚ ਅਜਿਹੀ ਕੂੜ ਦੀ ਕੰਧ ਮੰਨਿਆ ਹੈ ਜੋ ਮਨੁੱਖ ਅਤੇ ਅਕਾਲ ਪੁਰਖ ਵਿਚ ਵਿੱਥ ਪਾਈ ਰੱਖਦੀ ਹੈ। ਅੱਗੇ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਇਸੇ ਪਰਥਾਇ ਗੱਲ ਕਰਦੇ ਹਨ ਕਿ ਅਭਿਮਾਨੀ ਮਨੁੱਖਾਂ ਦੇ ਸਰੀਰ ਰੂਪੀ ਕਿਲੇ ਨੂੰ ਕੁਸੱਤ ਅਤੇ ਕੂੜ ਦੇ ਅਰਥਾਤ ਝੂਠ ਅਤੇ ਮਾਇਆ ਦੇ ਸਖਤ ਦਰਵਾਜ਼ੇ ਲੱਗੇ ਹੋਏ ਹਨ। ਆਪਣੇ ਮਨ ਦੀ ਮਤਿ ਪਿੱਛੇ ਲੱਗ ਕੇ ਤੁਰਨ ਵਾਲੇ ਗਿਆਨ-ਵਿਹੂਣੇ ਮਨੁੱਖ ਅਗਿਆਨ ਦੇ ਹਨੇਰੇ ਕਾਰਨ ਭਰਮ ਵਿਚ ਪਏ ਹਨ ਜਿਸ ਕਰਕੇ ਉਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦੇ। ਭੇਖੀ ਮਨੁੱਖ (ਜਿਹੜੇ ਧਾਰਮਿਕ ਹੋਣ ਦਾ ਪਖੰਡ ਕਰਦੇ ਹਨ) ਭੇਖ ਕਰ ਕਰ ਕੇ ਥੱਕ ਗਏ ਹਨ ਪਰ ਉਹ ਵੀ ਇਨ੍ਹਾਂ ਨੂੰ ਦੇਖਣ ਦਾ ਕੋਈ ਵੀ ਉਪਾਅ ਨਹੀਂ ਲੱਭ ਸਕੇ। ਜਿਹੜੇ ਅਕਾਲ ਪੁਰਖ ਦਾ ਨਾਮ ਸਿਮਰਨ ਕਰਦੇ ਹਨ, ਉਨ੍ਹਾਂ ਦੇ ਇਹ ਸਖਤ ਦਰਵਾਜ਼ੇ ਗੁਰੂ ਦੇ ਸ਼ਬਦ ਰਾਹੀਂ ਖੁਲ੍ਹਦੇ ਹਨ। ਅਕਾਲ ਪੁਰਖ ਦਾ ਨਾਮ ਅੰਮ੍ਰਿਤ ਦਾ ਰੁੱਖ ਹੈ ਅਤੇ ਜਿਨ੍ਹਾਂ ਨੇ ਇਹ ਅੰਮ੍ਰਿਤ ਪੀਤਾ ਹੈ, ਉਨ੍ਹਾਂ ਦੀ ਪਿਆਸ ਸਦਾ ਲਈ ਸਰਚ ਗਈ ਹੈ,
ਬਜਰ ਕਪਾਟ ਕਾਇਆ ਗੜ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ॥
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ॥
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ॥
ਗੁਰਸਬਦੀ ਖੋਲਾਈਅਨ੍ਹਿ ਹਰਿ ਨਾਮੁ ਜਪਾਨੀ॥
ਹਰਿ ਜੀਉ ਅੰਮ੍ਰਿਤ ਬਿਰਖੁ ਜਿਨ ਪੀਆ ਤੇ ਤ੍ਰਿਪਤਾਨੀ॥੧੪॥ (ਪੰਨਾ ੫੧੪)
ਅਗਲੇ ਸਲੋਕ ਵਿਚ ਕਿਹਾ ਗਿਆ ਹੈ ਕਿ ਹੇ ਮੇਰੀ ਮਾਂ! ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦਿਆਂ ਮਨੁੱਖਾ ਜਨਮ ਰੂਪੀ ਰਾਤ ਸੁੱਖ ਵਿਚ ਬੀਤ ਗਈ ਅਰਥਾਤ ਪਰਮਾਤਮਾ ਦੀ ਵਡਿਆਈ ਕਰਦਿਆਂ ਇਹ ਜੀਵਨ ਸੌਖਾ ਬੀਤ ਗਿਆ ਹੈ। ਅਕਾਲ ਪੁਰਖ ਦੀ ਵਡਿਆਈ ਕਰਦਿਆਂ ਸਦੀਵੀ ਅਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਉਸ ਪਰਵਰਦਗਾਰ ਦੀ ਸਿਫਤਿ-ਸਾਲਾਹ ਕਰਦਿਆਂ ਉਸ ਨਾਲ ਸੁਰਤਿ ਜੁੜ ਜਾਂਦੀ ਹੈ। ਕੋਈ ਵਿਰਲਾ ਮਨੁੱਖ ਜਿਸ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਹ ਉਸ ਪਰਵਰਦਗਾਰ ਦੀ ਸਿਫਤਿ-ਸਾਲਾਹ ਕਰਦਾ ਹੈ, ਉਸ ਦੀ ਮਿਹਰ ਸਦਕਾ ਉਸ ਵਲੋਂ ਪ੍ਰੇਰਤ ਹੋ ਕੇ ਉਸ ਦੇ ਨਾਮ ਦੀ ਵਡਿਆਈ ਕਰਦਾ ਹੈ। ਇਸ ਤਰ੍ਹਾਂ ਉਸ ਦੀ ਸਿਫਤਿ-ਸਾਲਾਹ ਕਰਦਿਆਂ ਉਹ ਆਪ ਵੀ ਦੁਨੀਆਂ ‘ਤੇ ਸ਼ੋਭਾ ਖੱਟਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੀ ਸਿਫਤਿ-ਸਾਲਾਹ ਉਸ ਅਕਾਲ ਪੁਰਖ ਦੀ ਰਜ਼ਾ ਨਾਲ ਜੋੜੀ ਰੱਖਦੀ ਹੈ,
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ॥
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥
ਵਾਹੁ ਵਾਹੁ ਕਰਮੀ ਬੋਲੈ ਬੋਲਾਇ॥
ਵਾਹੁ ਵਾਹੁ ਕਰਤਿਆ ਸੋਭਾ ਪਾਇ॥
ਨਾਨਕ ਵਾਹੁ ਵਾਹੁ ਸਤਿ ਰਜਾਇ॥੧॥ (ਪੰਨਾ ੫੧੪)
ਸਿੱਖ ਧਰਮ ਦਰਸ਼ਨ ਵਿਚ ਇਲਹਾਮ ਬਾਣੀ ਦੇ ਰੂਪ ਵਿਚ ਮੰਨਿਆ ਗਿਆ ਹੈ ਅਰਥਾਤ ਬਾਣੀ ਪਰਮ ਸਤਿ ਦਾ ਪ੍ਰਕਾਸ਼ਨ ਹੈ ਜਿਸ ਦਾ ਮਾਧਿਅਮ ਗੁਰੂ ਜੋਤਿ ਅਤੇ ਗੁਰੂ ਜੁਗਤਿ ਹੈ। ਗੁਰੂ ਸੁਰਤਿ ਉਸ ਪਰਮਸਤਿ ਨਾਲ ਇੱਕਸੁਰ ਹੋਈ ਅਤੇ ਉਸ ਇਕਸੁਰਤਾ ਦੇ ਪਲਾਂ ਵਿਚ ਸਤਿ ਦਾ ਜੋ ਪ੍ਰਕਾਸ਼ਨ ਹੋਇਆ, ਉਸ ਨੂੰ ਉਨ੍ਹਾਂ ਨੇ ਬਾਣੀ ਰਾਹੀਂ ਪਰਗਟ ਕੀਤਾ। ਇਸੇ ਕਰਕੇ ਬਾਣੀ ਨੂੰ ਸਤਿ-ਸਰੂਪ ਅਰਥਾਤ ਅਕਾਲ ਪੁਰਖ ਦਾ ਪਰਗਟ ਸਰੂਪ ਮੰਨਿਆ ਹੈ। ਬਾਣੀ ਦੇ ਇਸੇ ਸਰੂਪ ਦਾ ਪਰਗਟਾਵਾ ਕਰਦਿਆਂ ਗੁਰੂ ਅਮਰਦਾਸ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦੀ ਬਾਣੀ ਉਸ ਦਾ ਹੀ ਪਰਗਟ ਸਰੂਪ ਹੈ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਵਿਚਰਦਾ ਹੈ, ਉਸ ਨੇ ਇਹ ਲੱਭ ਲਈ ਹੈ। ਗੁਰੂ ਦੇ ਸ਼ਬਦ ਰਾਹੀਂ ਉਹ Ḕਵਾਹੁ ਵਾਹੁḔ ਉਚਰਾਦਾ ਹੈ ਅਤੇ ਹਿਰਦੇ ਨਾਲ ਲਾ ਕੇ ਰੱਖਦਾ ਹੈ। ਗੁਰਮੁਖਿ ਨੇ ਉਸ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦਿਆਂ ਸਹਿਜ ਵਿਚ ਹੀ ਉਸ ਦੀ ਭਾਲ ਕਰਕੇ ਉਸ ਨੂੰ ਲੱਭ ਲਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਹੜੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦੇ ਹਨ,
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥
ਵਾਹੁ ਵਾਹੁ ਸਬਦੈ ਉਚਰੈ ਵਾਹੁ ਵਾਹੁ ਹਿਰਦੈ ਨਾਲਿ॥
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ॥
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ॥੨॥ (ਪੰਨਾ ੫੧੪)
ਅੱਗੇ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਮਨ ਨੂੰ ਸੰਬੋਧਨ ਕਰਦੇ ਹਨ ਕਿ ਮਨੁੱਖੀ ਮਨ ਬਹੁਤ ਲਾਲਚੀ ਹੈ ਅਤੇ ਦਿਨ-ਰਾਤ ਲੋਭ ਵਿਚ ਹੀ ਮਸ਼ਰੂਫ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਫਸਿਆ ਹੋਇਆ ਦਸਾਂ ਦਿਸ਼ਾਵਾ ਵਿਚ ਘੁੰਮਦਾ ਰਹਿੰਦਾ ਹੈ ਇਸ ਲਈ ਮਨਮੁਖ ਨੂੰ ਅੱਗੇ ਜਾ ਕੇ ਦੁੱਖ ਸਹਿਣਾ ਪੈਂਦਾ ਹੈ ਕਿਉਂਕਿ ਅੱਗੇ ਮਨੁੱਖ ਦਾ ਨਾਂ ਅਤੇ ਜਾਤਿ ਆਦਿ ਨਹੀਂ ਜਾਂਦੀ। ਮਨਮੁਖ ਨੇ ਆਪਣੀ ਜੀਭ ਤੋਂ ਅਕਾਲ ਪੁਰਖ ਦਾ ਨਾਮ ਜਪ ਕੇ ਉਸ ਦਾ ਰਸ ਨਹੀਂ ਮਾਣਿਆ ਬਲਕਿ ਮਾਇਆ ਦਾ ਫਿੱਕਾ ਸੁਆਦ ਹੀ ਚੱਖਿਆ ਹੈ। ਜਿਹੜੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਅਕਾਲ ਪੁਰਖ ਦੇ ਨਾਮ ਦਾ ਅੰਮ੍ਰਿਤ ਪੀਂਦੇ ਹਨ, ਉਨ੍ਹਾਂ ਦਾ ਮਨ ਸਦਾ ਤ੍ਰਿਪਤਿਆ ਰਹਿੰਦਾ ਹੈ,
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ॥
ਮਾਇਆ ਮਨਸਾ ਮੋਹਣੀ ਦਹਦਿਸ ਫਿਰਾਤਾ॥
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ॥
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ॥
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ॥੧੫॥ (ਪੰਨਾ ੫੧੪)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਦੱਸਦੇ ਹਨ ਕਿ ਉਸ ਅਕਾਲ ਪੁਰਖ ਦੇ ਗੁਣਾਂ ਦੀ ਸਿਫਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਅਤੇ ਬਹੁਤ ਵਿਸ਼ਾਲ ਹਿਰਦੇ ਦਾ ਮਾਲਕ ਹੈ। ਉਸ ਪਰਮ ਹਸਤੀ ਦੀ ਸਿਫਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਗੁਣਾਂ ਦੀ ਬਖਸ਼ਿਸ਼ ਕਰਨ ਵਾਲਾ ਅਤੇ ਅਡੋਲ ਬੁੱਧੀ ਦਾ ਮਾਲਕ ਹੈ। ਉਸ ਦੀ ਵਡਿਆਈ ਕਰਨੀ ਬਣਦੀ ਹੈ ਜੋ ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਉਸ ਦੀ ਉਸਤਤਿ ਕਰੀਏ ਜੋ ਸਭ ਨੂੰ ਰੋਜ਼ੀ-ਰੋਟੀ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੀ Ḕਵਾਹੁ ਵਾਹੁḔ ਕਰੀਏ ਜੋ ਇੱਕੋ ਇੱਕ ਹੈ ਅਤੇ ਜਿਸ ਨੂੰ ਸਤਿਗੁਰੂ ਦੀ ਮਿਹਰ ਸਦਕਾ ਦੇਖ ਸਕੀਦਾ ਹੈ,
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ॥
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ॥੧॥ (ਪੰਨਾ ੫੧੪-੧੫)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਸਾਹਿਬ ਗੁਰਮੁਖਿ ਅਤੇ ਮਨਮੁਖ ਦੀਆਂ ਬਿਰਤੀਆਂ ਦਾ ਫਰਕ ਸਮਝਾਉਂਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ ਅਤੇ ਆਪਣੇ ਮਨ ਦੀਆਂ ਬਿਰਤੀਆਂ ਅਨੁਸਾਰ ਚੱਲਣ ਵਾਲੇ ਮਨੁੱਖ ਮਾਇਆ ਰੂਪੀ ਜ਼ਹਿਰ ਖਾ ਕੇ ਮਰਦੇ ਹਨ। ਮਨ ਦੀਆਂ ਬਿਰਤੀਆਂ ਅਨੁਸਾਰ ਚੱਲਣ ਵਾਲੇ ਮਨੁੱਖਾਂ ਨੂੰ ਅਕਾਲ ਪੁਰਖ ਦੀ ਸਿਫਤਿ-ਸਾਲਾਹ ਚੰਗੀ ਨਹੀਂ ਲਗਦੀ, ਇਸ ਲਈ ਉਹ ਦੁੱਖਾਂ ਵਿਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਂਦੇ ਹਨ। ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲੇ ਮਨੁੱਖ ਅਕਾਲ ਪੁਰਖ ਦੇ ਨਾਮ ਦਾ ਅੰਮ੍ਰਿਤ ਪੀਂਦੇ ਹਨ ਅਤੇ ਆਪਣੀ ਸੁਰਤਿ ਜੋੜ ਕੇ ਉਸ ਦੀ ਸਿਫਤਿ-ਸਾਲਾਹ ਕਰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮਨੁੱਖ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਤਿੰਨਾਂ ਲੋਕਾਂ ਵਿਚ ਵਿਆਪਕ ਅਕਾਲ ਪੁਰਖ ਦੀ ਸੋਝੀ ਹੋ ਜਾਂਦੀ ਹੈ,
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ॥
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ॥
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ॥
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ॥੨॥ (ਪੰਨਾ ੫੧੫)
ਅੱਗੇ ਪਉੜੀ ਵਿਚ ਅਕਾਲ ਪੁਰਖ ਦੇ ਭਾਣੇ ਦੀ ਗੱਲ ਕੀਤੀ ਗਈ ਹੈ ਕਿ ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਮਨੁੱਖ ਦਾ ਮੇਲ ਗੁਰੂ ਨਾਲ ਹੁੰਦਾ ਹੈ ਅਤੇ ਗੁਰੂ ਨੂੰ ਮਿਲਣ ਨਾਲ ਮਨੁੱਖ ਨੂੰ ਸੇਵਾ ਕਰਨ ਅਤੇ ਭਗਤੀ ਕਰਨ ਦੀ ਜਾਚ ਆਉਂਦੀ ਹੈ, ਗੁਰੂ ਨਾਲ ਮਿਲਾਪ ਸੇਵਾ ਅਤੇ ਭਗਤੀ ਕਰਨ ਦਾ ਸਬੱਬ ਬਣ ਜਾਂਦਾ ਹੈ। ਅਕਾਲ ਪੁਰਖ ਦੀ ਰਜ਼ਾ ਵਿਚ ਅਕਾਲ ਪੁਰਖ ਦਾ ਨਿਵਾਸ ਮਨੁੱਖ ਦੇ ਮਨ ਵਿਚ ਹੁੰਦਾ ਹੈ ਅਤੇ ਮਨੁੱਖ ਸਹਿਜ ਅਵਸਥਾ ਵਿਚ ਉਸ ਦੇ ਨਾਮ ਦਾ ਰਸ ਪੀਂਦਾ ਹੈ। ਉਸ ਦੇ ਭਾਣੇ ਵਿਚ ਮਨੁੱਖ ਨੂੰ ਸੁਖ-ਅਨੰਦ ਪ੍ਰਾਪਤ ਹੁੰਦਾ ਹੈ ਅਤੇ ਅਕਾਲ ਪੁਰਖ ਦੇ ਨਾਮ ਸਿਮਰਨ ਦਾ ਲਾਭ ਪ੍ਰਾਪਤ ਹੁੰਦਾ ਹੈ। ਭਾਣੇ ਵਿਚ ਚੱਲਣ ਵਾਲਾ ਮਨੁੱਖ ਉਚੀ ਅਧਿਆਤਮਕ ਅਵਸਥਾ ‘ਤੇ ਬਿਰਾਜਮਾਨ ਹੋ ਜਾਂਦਾ ਹੈ ਅਤੇ ਸਦਾ ਆਪਣੇ ਨਿਜ-ਘਰ ਅਰਥਾਤ ਆਤਮ-ਅਨੁਭਵ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਉਹ ਸਦਾ ਅਕਾਲ ਪੁਰਖ ਦੀ ਰਜ਼ਾ ਵਿਚ ਵਿਚਰਦੇ ਹਨ,
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ॥
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ॥
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ॥
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ॥੧੬॥ (ਪੰਨਾ ੫੧੫)