ਰੱਬ ਨੇ ਸ਼ਾਇਦ ਕੁਝ ਲੋਕਾਂ ਦੇ ਨੈਣ ਨਕਸ਼ ਬਣਾਉਣ ਲੱਗਿਆਂ ਧੱਕੇਸ਼ਾਹੀ ਵੀ ਕੀਤੀ ਹੈ, ਇਸੇ ਕਰ ਕੇ ਕਈਆਂ ਨੇ ਸਾਰੀ ਉਮਰ ਸ਼ੀਸ਼ੇ ਵੱਲ ਮੂੰਹ ਹੀ ਨਹੀਂ ਕੀਤਾ। ਇਹ ਮਿਹਣਾ ਵੀ ਇਨ੍ਹਾਂ ਦਾ ਹੀ ਲੱਗਦੈ ਕਿ ‘ਕਾਲੇ ਕੀਤੇ ਜਹਾਨ ‘ਤੇ ਕਿਉਂ ਪੈਦਾ ਰੱਬਾ, ਸਾਨੂੰ ਨ੍ਹੀਂ ਸੋਹਣੇ ਪਸੰਦ ਕਰਦੇ’। ਚਲੋ, ਉਹਦੀਆਂ ਧੱਕੇਸ਼ਾਹੀਆਂ ਤਾਂ ਫਿਰ ਵੀ ਝੱਲੀਆਂ ਜਾਂਦੀਆਂ ਨੇ, ਬੰਦੇ ਤਾਂ ਜ਼ਖਮ ਭਰਨ ਹੀ ਨਹੀਂ ਦਿੰਦੇ।
ਗਮਲਿਆਂ ਵਿਚ ਤਾਂ ਬੂਟਿਆਂ ਨੂੰ ਫੁੱਲ ਖਿੜਦੇ ਹੀ ਸਨ, ਹੁਣ ਫਲ ਵੀ ਲੱਗਣ ਲੱਗ ਪਏ ਹਨ, ਕਿਉਂਕਿ ਦਰਖਤ ਸੋਚਣ ਲੱਗ ਪਏ ਨੇ ਕਿ ਬੜੇ ਬਣ ਕੇ ਕਤਲ ਹੋਣ ਨਾਲੋਂ ਬੌਣੇ ਰਹਿਣਾ ਹੀ ਚੰਗਾ ਹੈ। ਕੀੜੀ ਨੇ ਤੁਰੇ ਜਾਂਦੇ ਕਾਢੇ ਦੀ ਬੱਖੀ ਵਿਚ ਲੱਤ ਮਾਰੀ ਤਾਂ ਉਹ ਹੈਰਾਨ ਹੋਇਆ ਪੁੱਛਣ ਲੱਗਾ, “ਟਰੱਕ ਵਿਚ ਕਾਂ ਵੱਜਣ ਨਾਲ ਟਰੱਕ ਦਾ ਵਿਗੜਦਾ ਤਾਂ ਕੁਝ ਨਹੀਂ, ਪਰ ਇਹ ਨਵੀਂ ਵਾਰਦਾਤ ਤੂੰ ਕਮਲੀਏ ਅੱਜ ਕਾਹਤੋਂ ਕਰ’ਤੀ?” ਕੀੜੀ ਦੰਦ ਟੁੱਕ ਕੇ ਬੋਲੀ, “ਦੋ ਤੀਵੀਆਂ ਗੱਲਾਂ ਕਰਦੀਆਂ ਸਨ, ਪਈ ਬੰਦੇ ਚੰਡ ਕੇ ਰੱਖੀਦੇ ਆ।” ਕਾਢਾ ਹੱਸ ਪਿਆ, “ਉਰਾਂ ਨੂੰ ਕੰਨ ਕਰ ਕੇ ਸੁਣæææਇਹ ਝੂਠ, ਝਗੜੇ, ਬੇਈਮਾਨੀਆਂ, ਹੇਰਾ-ਫੇਰੀਆਂ, ਦੁਸ਼ਮਣੀਆਂ, ਕਤਲ਼ææਇਹੀ ਲੋਕ ਕਰਦੇ ਨੇ ਜਿਨ੍ਹਾਂ ਦੇ ਤੂੰ ਮਗਰ ਲੱਗ’ਗੀ। ਕਿਸੇ ਵੀ ਪਸ਼ੂ, ਜਾਨਵਰ, ਪੰਛੀ ਤੇ ਕੀੜੇ-ਮਕੌੜੇ ਉਤੇ ਝੂਠ, ਚਲਾਕੀ, ਬੇਈਮਾਨੀ ਤੇ ਹੇਰਾ-ਫੇਰੀ ਦਾ ਦੋਸ਼ ਨ੍ਹੀਂ ਲੱਗਾ। ਕਾਹਨੂੰ ਇਨ੍ਹਾਂ ਪਿਛੇ ਘਰ ਪੱਟਦੀ ਆਂ?” ਕੀੜੀ ਹੌਲੀ ਦੇਣੀ ਬੋਲੀ, “ਮੈਂ ਕਹਾਂ, ਪਈ ਸਾਡੇ ਕੋਲ ‘ਫੇਸਬੁੱਕ’ ਤੇ ‘ਵਟਸਐਪ’ ਕਾਹਤੋਂ ਹੈ ਨ੍ਹੀਂ?” ਗਰੀਬ ਘਰਾਂ ਵਿਚ ਆਉਣ ਵਾਲੇ ਮਹਿਮਾਨਾਂ ਦੀ ਆਓ-ਭਗਤ ਖੜ੍ਹੇ ਹੋ ਕੇ ਤੇ ਹੱਥ ਜੋੜ ਕੇ ਕੀਤੀ ਜਾਂਦੀ ਹੈ, ਜਾਂ ਦਰਵਾਜ਼ਿਆਂ ‘ਤੇ ਲਿਖਿਆ ਹੁੰਦਾ ਹੈ, ‘ਤੁਹਾਡਾ ਸਵਾਗਤ ਹੈ’। ਵੱਡਿਆਂ ਘਰਾਂ ਦੇ ਉਚੇ ਦਰਵਾਜ਼ੇ ਚਲੋ ਦੰਦੀਆਂ ਤਾਂ ਮਾੜੇ ਨੂੰ ਚੁੰਘਾ ਲੈਣæææਤਾਂ ਕੋਈ ਗੱਲ ਨ੍ਹੀਂ, ਤਰਸ ਇਨ੍ਹਾਂ ‘ਤੇ ਉਦੋਂ ਆਉਂਦਾ ਹੈ ਜਦੋਂ ਨੇਮ ਪਲੇਟ ਦੇ ਨਾਲ ਦੂਜੀ ਪਲੇਟ ‘ਤੇ ਲਿਖਿਆ ਹੁੰਦਾ ਹੈ, ‘ਕੁੱਤਿਆਂ ਤੋਂ ਸਾਵਧਾਨ’! ਚਲੋ, ਝੱਗੇ ਜਾਂ ਕਮੀਜ਼ ਦੇ ਬਟਨ ਤਾਂ ਅੱਗੇ-ਪਿੱਛੇ ਬਹੁਤਿਆਂ ਤੋਂ ਲੱਗ ਜਾਂਦੇ ਹਨ, ਪਰ ਮੇਰੇ ਵਾਂਗ ਦੱਸਣਾ ਸਾਰਿਆਂ ਨੇ ਨਹੀਂ ਹੁੰਦਾ।
ਐਸ਼ ਅਸ਼ੋਕ ਭੌਰਾ
ਜ਼ਰੂਰੀ ਨਹੀਂ ਕਿ ਸਾਰੀਆਂ ਵਾਰਦਾਤਾਂ ਦਾ ਮੀਡੀਆ ਨੂੰ ਪਤਾ ਲਗਦਾ ਹੋਵੇ, ਕਿਉਂਕਿ ਰੱਬ ਨੇ ਵੀ ਕਿਤੇ-ਕਿਤੇ ਨਾ-ਬਰਾਬਰੀ ਤੇ ਕਾਣੀ ਵੰਡ ਦੇ ਅਜਿਹੇ ਹੱਥ ਵਿਖਾਏ ਹਨ ਕਿ ਕੈਮਰੇ ਦੀ ਅੱਖ ਤੇ ਵਿਦਵਾਨ ਦੀ ਕਲਮ ਕੋਲੋਂ ਦੀ ਚੁੱਪ ਕਰ ਕੇ ਹੀ ਲੰਘ ਜਾਂਦੀ ਹੈ। ਸਬਰ ਵਾਲਾ ਮਨੁੱਖ ਬਾਦਸ਼ਾਹ ਹੀ ਹੁੰਦਾ ਹੈ, ਜਦੋਂ ਕਿ ਔਰਗਜ਼ੇਬ, ਗੱਦਾਫੀ ਤੇ ਸਦਾਮ ਹੁਸੈਨ ਬਾਦਸ਼ਾਹ ਬਣ ਕੇ ਰੁਲ ਜਾਂਦੇ ਹਨ। ਕਈਆਂ ਦੀ ਜ਼ਿੰਦਗੀ ਵਿਚ ਚਰਖੇ ਦੀ ਮਾਲ੍ਹ ਵੀ ਸਾਰੀ ਉਮਰ ਉਤਰੀ ਰਹੀ, ਪਰ ਕੱਤਿਆ ਫਿਰ ਵੀ ਉਨ੍ਹਾਂ ਨੇ ਸਾਰਿਆਂ ਤੋਂ ਵੱਧ ਹੀ ਹੁੰਦਾ ਹੈ। ਦੰਦ ਕਥਾ ਹੈ ਕਿ ਇਕ ਵਾਰ ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਸੀ ਕਿ ਉਨੀਂਦਰੇ ਕਾਰਨ ਉਹਨੂੰ ਉਬਾਸੀ ਆ ਗਈ। ਲੋਕ ਹੱਸ ਪਏ ਤੇ ਤਾੜੀਆਂ ਵਜਾ ਦਿੱਤੀਆਂ। ਨਾਲ ਹੀ ਕੋਲ ਬੈਠੇ ਬੀਰਬਲ ਨੇ ਹੱਥ ਉਪਰ ਕਰ ਕੇ ਛੁਣਛੁਣਾ ਦਿਖਾ ਦਿੱਤਾ। ਅਕਬਰ ਨੂੰ ਬੜਾ ਗੁੱਸਾ ਆਇਆ ਕਿ ਬੀਰਬਲ ਤਾਂ ਉਹਦਾ ਵਫ਼ਾਦਾਰ ਹੈ, ਇਹਨੇ ਇੱਦਾਂ ਕਿਉਂ ਕੀਤਾ? ਉਹਨੇ ਗੁੱਸਾ ਤਾਂ ਮਾਰ ਲਿਆ, ਪਰ ਪੁੱਛਣ ਤੋਂ ਰਹਿ ਨਾ ਹੋਇਆ, “ਬੀਰਬਲ, ਲੋਕ ਤਾਂ ਮੇਰੀ ਉਬਾਸੀ ‘ਤੇ ਹੱਸ ਪਏ, ਪਰ ਤੂੰ ਛੁਣਛੁਣਾ ਮੈਨੂੰ ਕਿਉਂ ਵਿਖਾਇਐ?” ਹਾਜ਼ਰ ਜਵਾਬ ਬੀਰਬਲ ਕਹਿਣ ਲੱਗਾ, “ਜਹਾਂ ਪਨਾਹ, ਛੁਣਛੁਣਾ ਮੈਂ ਤੁਹਾਨੂੰ ਨਹੀਂ, ਇਨ੍ਹਾਂ ਲੋਕਾਂ ਨੂੰ ਵਿਖਾਇਐ, ਜੋ ਦੰਦੀਆਂ ਕੱਢ ਕੇ ਤਾੜੀਆਂ ਵਜਾਉਣ ਲੱਗੇ ਹੋਏ ਆ, ਕੀ ਹੋਇਆ ਜੇ ਉਬਾਸੀ ਆ ਗਈ! ਅਕਬਰ ਤਾਂ ਫਿਰ ਵੀ ਬਾਦਸ਼ਾਹ ਹੈ, ਤੁਹਾਡੇ ਕੋਲ ਛੁਣਛੁਣਾ?”
ਤੇ ਦੋਵੇਂ ਇਕ ਦੂਜੇ ਦੇ ਗਲ ਨੂੰ ਚਿੰਬੜ ਗਏ।
ਇਸ ਤੋਂ ਵੱਡੀ ਗੱਲ ਇਹ ਹੈ ਕਿ ਅਕਬਰ ਤਾਂ ਚਲੋ ਹਕੂਮਤ ਦਾ ਬਾਦਸ਼ਾਹ ਰਿਹਾ ਹੈ, ਪਰ ਲੋਕਾਂ ਦੇ ਦਿਲਾਂ ‘ਤੇ ਬਾਦਸ਼ਾਹੀ ਬੀਰਬਲ ਦੇ ਹਿੱਸੇ ਆਈ ਹੈ। ਕਲਾ ਕੋਈ ਵੀ ਹੋਵੇ, ਦਿਲ ਦੀ ਕੁੰਡੀ ਤੋੜ ਕੇ ਕਲਾ ਨਾਲ ਕਲਾ ਵਿਖਾ ਕੇ ਲੋਕਾਂ ਦੇ ਅੰਦਰ ਵੜਨ ਵਾਲੇ ਲੋਕਾਂ ਦੀਆਂ ਬਾਦਸ਼ਾਹੀਆਂ ਜਿਨ੍ਹਾਂ ਲੋਕਾਂ ਦੇ ਭਾਗੀਂ-ਨਸੀਬੀਂ ਹੋਈਆਂ ਹਨ, ਉਹ ਅੱਗੇ ਚੱਲ ਕੇ ਵਾਰਿਸ ਤੇ ਬੁੱਲ੍ਹੇ ਬਣੇ ਹਨ। ਹਿਟਲਰ, ਰਾਵਣ, ਕੰਸ ਤੇ ਔਰੰਗਜ਼ੇਬ ਨੂੰ ਕਿਸੇ ਵੀ ਯੁੱਗ ਵਿਚ ਪਿਆਰ ਕਰਨ ਦਾ ਸੰਕਲਪ ਹਾਲੇ ਪੈਦਾ ਨਹੀਂ ਹੋਇਆ।
ਵੱਡੇ ਲੋਕ, ਵੱਡੇ ਕਲਾਕਾਰ ਤਲਾਕ ਭਾਵੇਂ ਦੋ ਵਾਰ ਹੋਇਆ ਹੋਵੇ, ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੀਆਂ ਪਤਨੀਆਂ ਨੂੰ ਹੀ ਦਿੰਦੇ ਹਨ, ਜਾਂ ਆਪਣੇ ਪਿਛੇ ਉਨ੍ਹਾਂ ਦਾ ਹੱਥ ਹੋਣਾ ਸਵੀਕਾਰਦੇ ਹਨ, ਪਰ ਜ਼ਿੰਦਗੀ ਨੂੰ ਜ਼ਿੰਦਗੀ ਸਮਝ ਕੇ ਜਿਨ੍ਹਾਂ ਨੇ ਬੇ-ਤਰਤੀਬ ਹਾਲਾਤ ਨਾਲ ਸਾਰੀ ਉਮਰ ਹੱਥੋਪਾਈ ਕੀਤੀ ਹੋਵੇ, ਉਨ੍ਹਾਂ ਪਿਛੇ ਭਲਾ ਕੀਹਦਾ ਹੱਥ ਸੀ? ਇਹ ਸ਼ਾਇਦ ਕਈਆਂ ਨੂੰ ਮੇਰੇ ਵਾਂਗ ਸਮਝ ਨਾ ਵੀ ਆਵੇ, ਊਂ ਸੁਆਦ ਜੇ ਬਹੁਤਾ ਨਹੀਂ, ਤਾਂ ਥੋੜ੍ਹਾ-ਬਹੁਤਾ ਜ਼ਰੂਰ ਆ ਜਾਵੇਗਾæææ
ਮੈਂ ਉਦੋਂ ਮਸਾਂ 13-14 ਵਰ੍ਹਿਆਂ ਦਾ ਹੋਵਾਂਗਾ, ਜਦੋਂ ਮਾਸਟਰਾਂ ਤੋਂ ਚੋਰੀ ਕਿਤੇ ਮੇਰੇ ਹੱਥ ਅਖ਼ਬਾਰ ਲੱਗਣੀ, ਜਾਂ ਅਖਬਾਰ ਨਾਲ ਬਣੇ ਲਿਫ਼ਾਫ਼ੇ ਦੇਖਣੇ (ਜਿਨ੍ਹਾਂ ਵਿਚ ਘਰੇ ਚਾਹਪੱਤੀ, ਹਲਦੀ, ਦਾਲ ਆਦਿ ਆਉਂਦੀ ਸੀ), ਤਾਂ ਕਿਸੇ ਦਾ ਲੇਖ ਨਾਲ ਨਾਂ ਛਪਿਆ ਵੇਖਦਾ ਤਾਂ ਅੰਦਰ ਕੁਕੜੂੰ ਘੜੂੰ ਜਿਹੀ ਹੋਣੀ ਕਿ ਕਿਤੇ ਆਪਣਾ ਵੀ ਇੱਦਾਂ ਨਾਂ ਛਪੇਗਾ? ਉਦੋਂ ਖੈਰ, ਖਬਰਾਂ ਦੀ ਤਾਂ ਸੂਝ ਨਹੀਂ ਸੀ। ਮਾਂ ਨੂੰ ਜਾਂ ਪਿੰਡ ਦੇ ਸਿਆਣੇ ਬਜ਼ੁਰਗਾਂ ਨੂੰ ਗੱਲਾਂ ਕਰਦਿਆਂ ਸੁਣਨਾ, “ਬਈ ਅਕਾਲ ਤਖ਼ਤ ਦਾ ਜਥੇਦਾਰ ਬਣ ਕੇ ਗਿਆਨੀ ਸਾਧੂ ਸਿੰਘ ਭੌਰਾ ਨੇ ਤੇ ਢਾਡੀ ਅਵਤਾਰ ਸਿੰਘ ਨੇ ਬੜਾ ਨਾਂ ਉਚਾ ਕੀਤਾ ਪਿੰਡ ਦਾ।” ਇਨ੍ਹਾਂ ਭਾਵਨਾਵਾਂ ਨੇ ਮੇਰੇ ਅੰਦਰ ਇਸੇ ਕਤਾਰ ਵਿਚ ਲੱਗਣ ਦੀ ਲਾਲਸਾ ਪੈਦਾ ਕਰ ਦਿੱਤੀ ਤੇ ਮੈਂ ਛੋਟੀ ਬੱਤੀ ਨਾਲ ਵੱਡਾ ਦੀਵਾ ਜਗਾਉਣ ਲੱਗ ਪਿਆ।
ਸੰਨ ਸਤੱਤਰ ਵਿਚ ਮੈਂ ਅੱਠਵੀਂ ਵਿਚ ਪੜ੍ਹਦਾ ਸੀ, ਇਕ ਦਿਨ ਹੌਸਲਾ ਕਰ ਕੇ ਲੇਖ ਲਿਖ ਲਿਆ, ‘ਭਾਰਤੀ ਨਾਰੀ ਦੇ ਹਾਲਾਤ’। ਲਿਖਿਆ ਵੀ ਕੱਚੀ ਪੈਂਸਲ ਨਾਲ ਉਵੇਂ ਲਾਈਨਾਂ ਲਾ ਕੇ ਜਿਵੇਂ ਅਖਬਾਰ ਵਿਚ ਕਾਲਮ ਹੁੰਦੇ ਹਨ। ਸੋਚਿਆ ਹੋਵੇਗਾ ਕਿ ਸ਼ਾਇਦ ਇਉਂ ਲਿਖਣ ਨਾਲ ਛਪ ਜਾਵੇਗਾ। ਇਹ ਤਾਂ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਾ ਕਿ ਅਖਬਾਰ ਵਿਚ ਆਮ ਤੌਰ ‘ਤੇ ਅੱਠ ਕਾਲਮ ਤੇ ਬਵੰਜਾ ਸੈਂਟੀਮੀਟਰ ਲੰਬਾਈ ਹੁੰਦੀ ਐ। ਖੈਰ! ਇਸ ਲੇਖ ਨਾਲੋਂ ਵੀ ਵੱਧ ਮਹੱਤਵਪੂਰਨ ਉਹ ਬੇਨਤੀ ਪੱਤਰ ਸੀ ਜਿਹੜਾ ਮੈਂ ਸਕੂਲ ਤੋਂ ਬਿਮਾਰੀ ਦੀ ਛੁੱਟੀ ਲੈਣ ਵਾਲੀ ਅਰਜ਼ੀ ਵਾਂਗ ‘ਅਜੀਤ’ ਦੇ ਤਤਕਾਲੀ ਮੁੱਖ ਸੰਪਾਦਕ ਡਾਕਟਰ ਸਾਧੂ ਸਿੰਘ ਹਮਦਰਦ ਨੂੰ ਲਿਖਿਆ। ਪੂਰੀ ਇਬਾਰਤ ਤਾਂ ਮੈਨੂੰ ਯਾਦ ਨਹੀਂ, ਪਰ ਇਨਾ ਕੁ ਯਾਦ ਹੈ ਕਿ ਮੈਂ ਤਰਲੇ ਰੱਜ ਕੇ ਕੀਤੇ ਸਨ ਕਿ ਲੇਖ ਜ਼ਰੂਰ ਛਾਪਣਾ, ਅਸੀਂ ਗਰੀਬ ਹਾਂ, ਛੋਟੇ ਹੁੰਦਿਆਂ ਦਾ ਪਿਉ ਮਰ ਗਿਆ ਹੈ। ਇਹ ਤਰਲੇ ਇਸ ਕਰ ਕੇ ਵੀ ਕੀਤੇ ਸਨ ਕਿ ਸ਼ਾਇਦ ਪੈਸੇ ਬਹੁਤ ਮਿਲਣਗੇ ਤੇ ਮੈਂ ਅਮੀਰ ਹੋ ਜਾਵਾਂਗਾ। ਘਰ ਵਿਚ ਮੇਰੀ ਇਸ ਮੈਰਾਥਨ ਦਾ ਕਿਸੇ ਨੂੰ ਕੋਈ ਇਲਮ ਨਹੀਂ ਸੀ। ਆਟਾ ਗੁੰਨ੍ਹਦੀ ਮਾਂ ਦੀ ਪਰਾਤ ਵਿਚੋਂ ਆਟਾ ਚੁੱਕਿਆ ਤਾਂ ਉਹਨੇ ਲਿਬੜੇ ਹੱਥਾਂ ਕਰ ਕੇ ਚੁਪੇੜ ਮਾਰੀ ਵੱਟ ਕੇ, ਕਿ ਮੁੜ ਕੇ ਇੱਦਾਂ ਨਾ ਕਰੀਂ, ਪਰ ਉਸ ਆਟੇ ਨਾਲ ਮੈਂ ਚਿੱਟੇ ਕਾਗਜ਼ ਦਾ ਲਿਫ਼ਾਫ਼ਾ ਬਣਾਇਆ ਤੇ ਘਰ ਵਿਚ ਪੁਰਾਣੀ ਚਿੱਠੀ ਤੋਂ ਵੀਹ ਪੈਸੇ ਵਾਲੀ ਟਿਕਟ ਲਾਹ ਕੇ ਲਗਾਈ ਤੇ ਪਹਿਲਾ ਲੇਖ ਡਾਕ ਰਾਹੀਂ ਭੇਜ ਦਿੱਤਾ।
ਦੋ ਕੁ ਮਹੀਨੇ ਬੀਤ ਗਏ। ਮਾਹਿਲ ਗਹਿਲਾਂ ਦੇ ਸਕੂਲ ਵਿਚ ਪੜ੍ਹਦਾ ਸੀ। ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਦੀ ਮੌਤ ਹੋ ਜਾਣ ਕਾਰਨ ਛੁੱਟੀ ਹੋ ਗਈ। ਅਸੀਂ ਕੁਝ ਮੁੰਡੇ ਲੀਰਾਂ ਦੀ ਬਣਾਈ ਖਿੱਦੋ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਖੇਡਣ ਲੱਗ ਪਏ। ਸਾਨੂੰ ਖੇਡਦਿਆਂ ਨੂੰ ‘ਵਾਜ਼ ਮਾਰ ਕੇ ਪਿੰਡ ਦੇ ਲਾਲਿਆਂ ਦਾ ਮੰਗਲ ਸੈਨ ਪੁੱਛਣ ਲੱਗਾ, “ਓਏ ਥੋਨੂੰ ਪਤਾ ਅਸ਼ੋਕ ਭੌਰਾ ਕੀਹਦਾ ਮੁੰਡਾ ਆ?” ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਮੈਂ ਹੌਸਲਾ ਕਰ ਕੇ ਕਿਹਾ, “ਚਾਚਾ ਮੇਰਾ ਨਾਂ ਅਸ਼ੋਕ ਐ, ਕੀ ਗੱਲ ਹੋ ਗਈ?” ਉਹ ਬੋਲਿਆ, “ਛੱਡ ਪਰ੍ਹੇ, ਤੇਰੀ ਗੱਲ ਨ੍ਹੀਂ। ਤੈਨੂੰ ਤਾਂ ਹਾਲੇ ਨਲੀ ਨ੍ਹੀਂ ਪੂੰਝਣੀ ਆਉਂਦੀ। ਪਰਸੋਂ ਦੀ ‘ਅਜੀਤ’ ਅਖ਼ਬਾਰ ਵਿਚ ਮੈਂ ਇਹ ਨਾਂ ਪੜ੍ਹਿਆ, ਹੋਰ ਕੋਈ ਹੋਣਾæææਭਾਨ ਸਿੰਘ ਭੌਰਾ ਵੀ ਹੈਗਾ ਇਕ।”
ਉਹ ਤਾਂ ਸਾਈਕਲ ਚੁੱਕ ਕੇ ਚਲਾ ਗਿਆ, ਪਰ ਮੈਨੂੰ ਲੱਗਾæææਹੋ ਗਈ ਸੋਨੇ ਦੀ ਲੰਕਾ ਆਪਣੇ ਨਾਂ। ਮੈਂ ਬਸਤਾ ਚੁੱਕ ਕੇ ਘਰ ਸੁੱਟਿਆ। ਮੈਨੂੰ ਪਤਾ ਸੀ ਕਿ ਲਾਲਿਆਂ ਦੀ ਦੁਕਾਨ ‘ਤੇ ਹੀ ‘ਅਜੀਤ’ ਆਉਂਦੀ ਹੈ। ਮੰਗਣ ਦਾ ਹੌਸਲਾ ਨਾ ਪਵੇ। ਸਰਪੰਚ ਦੇ ਕੋਈ ਭੱਈਆ ਲੱਗਾ ਹੁੰਦਾ ਸੀ। ਚੰਗਾ ਬੋਲਦਾ ਹੋਣ ਕਰ ਕੇ ਉਹਦੇ ਨਾਲ ਮੇਰਾ ਤਿਹੁ ਸੀ। ਉਹਨੂੰ ਮੈਂ ਕਿਹਾ, “ਬਿਸ਼ਨ ਦਾਸ ਦੀ ਹੱਟੀਓਂ ਅਖਬਾਰ ਲਿਆ।” ਉਹ ਪਤੰਦਰ ਮੂਹਰਿਓਂ ਕਹਿੰਦਾ, “ਘੋੜਾ ਗਾੜੀ ਬੀੜੀਆਂ ਦਾ ਬੰਡਲ ਲੈ ਕੇ ਦੇ।” ਮੈਂ ਲਾਰਾ ਲਾ ਦਿੱਤਾ ਕਿ ਕੱਲ੍ਹ ਨੂੰ ਲੈ ਦਊਂ। ਉਹ ਚਲੇ ਗਿਆ ਦੁਕਾਨ ‘ਤੇ, ਅੱਗਿਓਂ ਲਾਲਾ ਆਖਣ ਲੱਗਾ, “ਪੱਚੀ ਪੈਸੇ ਦੀ ਅਖ਼ਬਾਰ ਆਉਂਦੀ ਆ, ਪੁਰਾਣੀ ਦਸੀ (ਦਸ ਪੈਸੇ) ਦੀ ਮਿਲੂ।” ਭੱਈਏ ਨੂੰ ਮੈਂ ਉਥੇ ਬਿਠਾ ਕੇ ਭੱਜਾ ਘਰ ਆਇਆ ਤੇ ਮਾਂ ਤੋਂ ਚੁਆਨੀ ਮੰਗੀ। ਸੁਭਾਅ ਦੀ ਰੱਜ ਕੇ ਕੌੜੀ ਮਾਂ ਦਾ ਜਵਾਬ ਸੁਣੋ, “ਨਾ ਤੇਰਾ ਪਿਉ ਵਲੈਤ ਨੂੰ ਜੂ ਗਿਆ ਆæææਲੈ ਆ ਉਹਤੋਂ ਜਾ ਕੇ ਕਬਰਾਂ ਵਿਚੋਂ। ਕੱਲ੍ਹ ਫੀਸ ਦਿੱਤੀ ਦਸੀ, ਅੱਜ ਚੁਆਨੀ ਮੰਗਦਾ।” ਪਿਉ ਦੀ ਖਾਲੀ ਥਾਂ ਦਾ ਅਹਿਸਾਸ ਉਦਣ ਪਹਿਲੀ ਵਾਰ ਹੋਇਆ। ਸੋਚਿਆ, ਅਖ਼ਬਾਰਾਂ ਵਿਚ ਲਿਖਣਾ ਅਮੀਰਾਂ ਦੀ ਕਹਾਣੀ ਹੈ। ਮੇਰੀ ਅੱਖ ਵਿਚੋਂ ਅੱਥਰੂ ਡਿੱਗਿਆ ਤਾਂ ਮਾਂ ਪਿਘਲ ਗਈ। “ਰੋਂਦਾ ਕਿਉਂ ਮੇਰਾ ਪੁੱਤ? ਕੀ ਕਰਨੀ ਚੁਆਨੀ ਤੂੰ?” ਖਿਆਲ ਆਇਆ, ਜੇ ਇਹਨੂੰ ਲੇਖ ਦੀ ਕਹਾਣੀ ਦੱਸੀ ਤਾਂ ਵੱਜਣਗੀਆਂ। ਮੈਂ ਕੂਹਣੀ ਮੋੜ ਕੱਟਿਆ, “ਬੀਬੀ ਖੱਤਰੀਆਂ ਦੇ ਕਸ਼ਮੀਰੀ ਨੇ ਮੁਰਗੀਆਂ ਰੱਖੀਆਂ ਦੇਸੀ, ਇਕ ਆਂਡਾ ਲਿਆ ਕੇ ਉਬਾਲ ਕੇ ਖਾਣਾ।” ਚੁੰਨੀ ਦੇ ਲੜ ਨਾਲੋਂ ਗੰਢ ਖੋਲ੍ਹ ਕੇ ਉਸ ਚੁਆਨੀ ਦੇ ਕੇ ਹਦਾਇਤ ਕੀਤੀ, “ਮੈਂ ਪੱਠੇ-ਦੱਥੇ ਨੂੰ ਜਾਣਾ, ਛੇਤੀ ਲੈ ਕੇ ਆ, ਉਬਾਲ ਦਿਆਂ।” ਹਾਲਾਤ ਸ਼ਾਇਦ ਹੀ ਇੱਦਾਂ ਦੇ ਕਿਸੇ ਦੇ ਬਣੇ ਹੋਣ! ਪੈਸੇ ਲੈ ਕੇ ਮੈਂ ਤਾਂ ਉਡਣ ਖਟੋਲਾ ਬਣ ਗਿਆ। ਭੱਈਏ ਨੂੰ ਚੁਆਨੀ ਦਿੱਤੀ, ਆਪ ਦੁਕਾਨ ਦੇ ਬਾਹਰ ਖੜ੍ਹ ਗਿਆ। ਉਹ ਕੰਜਰ ਬੇਈਮਾਨ ਨਿਕਲਿਆ। ਦਸੀ ਦੀ ਅਖਬਾਰ, ਦਸੀ ਦਾ ਬੀੜੀਆਂ ਦਾ ਬੰਡਲ ਤੇ ਪੰਜੀ ਦਾ ਉਹਨੇ ਮੈਨੂੰ ਭੁਜੀਆ ਲਿਆ ਦਿੱਤਾ। ਬੋਹੜ ਹੇਠਾਂ ਬਹਿ ਕੇ ਮੈਂ ਦਸ ਵਾਰ ਲੇਖ ਪੜ੍ਹਿਆ, ਨਾਲੇ ਭੁਜੀਆ ਖਾਈ ਗਿਆ। ਲੇਖ ਨਾਲ ਫੋਟੋ ਰੁੱਸੇ ਮੀਆਂ-ਬੀਵੀ ਦੀ ਲੱਗੀ ਹੋਈ ਸੀ।
ਘਰ ਗਿਆ ਤਾਂ ਮਾਂ ਪੁੱਛਣ ਲੱਗੀ, “ਆਂਡਾ?” ਅਨਪੜ੍ਹ ਮਾਂ ਨੂੰ ਅਖ਼ਬਾਰ ਕੀ ਵਿਖਾਵਾਂ, ਬਹਾਨਾ ਲਾਇਆ, “ਬੀਬੀ ਆਂਡਾ ਹੱਥ ਵਿਚੋਂ ਡਿੱਗ ਕੇ ਟੁੱਟ ਗਿਆ।” ਚੁਪੇੜ ਮਾਰਨ ਤੋਂ ਤਾਂ ਉਹ ਰੁਕ ਗਈ, ਪਰ ਕਹਿਣ ਲੱਗੀ, “ਮੂਰਖਾ, ਗਰੀਬਾਂ ਦੀਆਂ ਜੇਬ੍ਹਾਂ ਪਾਟੀਆਂ ਹੁੰਦੀਆਂ ਨੇ।” ਫਿਰ ਇਕ ਦਮ ਪਤਾ ਨਹੀਂ ਕਾਹਤੋਂ ਲਾਲ-ਪੀਲੀ ਹੋ ਗਈ। ਮੇਰੇ ਮੂੰਹ ਦੇ ਦੋਹੀਂ ਪਾਸੀਂ ਦੋ-ਦੋ ਜੜ ਕੇ ਆਂਹਦੀ, “ਆਂਡੇ ਦਾ ਚੱਕਿਆ ਆæææਅਮੀਰਾਂ ਦੇ ਸ਼ੌਕ ਪਾਲਦਾ।” ਸੋ, ਮੇਰਾ ਪਹਿਲਾ ਲੇਖ ਛਪਣ ਦਾ ਇਉਂ ਸੁਆਗਤ ਹੋਇਆ ਸੀ। ਚਾਰ ਭਰਾਵਾਂ ਤੇ ਦੋ ਭੈਣਾਂ ਵਿਚੋਂ ਛੋਟਾ ਹੋਣ ਕਰ ਕੇ ਮਰਨ ਲੱਗੀ ਮੇਰੀ ਮਾਂ ਫਿਰ ਆਖਦੀ ਰਹੀ ਸੀ, “ਪੇਟ ਘਰੋੜੀ ਦਾ ਪੁੱਤ ਇੱਦਾਂ ਦਾ ਹੋਣਾ ਚਾਹੀਦਾ।”
ਗੱਲ ਫਿਰ ਬਣ ਹੀ ਗਈæææਪਹਿਲਾਂ ਦੋਂਹ ਨੂੰ, ਫਿਰ ਚਹੁੰ ਨੂੰ ਪਤਾ ਲੱਗ ਗਿਆ; ਪਿੰਡ ਵਿਚ ਵੀ ਤੇ ਬਾਹਰ ਵੀ। ਪੰਦਰਾਂ ਕੁ ਦਿਨਾਂ ਬਾਅਦ ਪਿੰਡ ਦੀ ਹਲਟੀ ਜਿਥੇ ਸਾਰਾ ਪਿੰਡ ਕੱਪੜੇ ਧੋਂਦਾ ਸੀ, ਧੁੱਪੇ ਅਸੀਂ ਬਾਂਟੇ ਖੇਡ ਰਹੇ ਸਾਂ, ਸਾਡੇ ਗੁਆਂਢੀਆਂ ਦਾ ਇਕ ਜਵਾਈ ਵੀ ਉਥੇ ਖੜ੍ਹਾ ਸੀ ਭੁੰਗਰਨੀ ਪਿੰਡ ਤੋਂ। ਉਹਨੇ ਆਪਣੇ ਸਹੁਰੇ ਗੁਰਬਖਸ਼ ਸਿੰਘ ਨੂੰ ਪੁੱਛਿਆ, “ਇਥੇ ਅਸ਼ੋਕ ਭੌਰਾ ਕਿਹੜੈ, ਜਿਹੜਾ ਲਿਖਦਾ ਆ?” ਉਹ ਉਂਗਲੀ ਕਰ ਕੇ ਦੱਸਣ ਲੱਗਾ, “ਹਾਅ ਆ, ਜਿਹੜਾ ਸਾਲਾ ਬਾਂਟੇ ਖੇਡਦਾ।” ਤੇ ਮੈਨੂੰ ਹੁਣ ਤੱਕ ਨਹੀਂ ਪਤਾ ਲੱਗਾ ਕਿ ਉਦਣ ਇੱਜ਼ਤ ਹੋਈ ਸੀ, ਜਾਂ ਕੁਝ ਹੋਰ! ਉਹ ਜਵਾਈ ਭਾਈ ਮੈਨੂੰ ਬੋਲਿਆ, “ਓਏ ਖੜ੍ਹਾ ਹੋ ਤਾਂ?” ਮੇਰੇ ਫਾਂਟਾ ਵਾਲਾ ਪਜਾਮਾ ਤੇ ਪੈਰੀਂ ਚੱਪਲਾਂ ਦੇਖ ਕੇ ਉਹਨੇ ਆਹ ਸ਼ਾਬਾਸ਼ ਦਿੱਤੀ, “ਤੂੰ ਗੱਲਾਂ ਕਰਦਾਂ ਭਾਰਤੀ ਨਾਰੀ ਦੀਆਂ, ਹਾਅ ਨਾਲਾ ਟੰਗ ਪਹਿਲਾਂ ਜਿਹੜਾ ਲਮਕਦਾ।” ਇਹ ਆਂਡੇ ਨਾਲੋਂ ਵੀ ਭੈੜੀ ਸੀ।
ਅਸਲ ਵਿਚ ਘਰ ਤਾਂ ਕੀ, ਪਿੰਡ ਵਿਚ ਤਾਂ ਕੀ, ਆਲੇ-ਦੁਆਲੇ ਇਲਾਕੇ ਵਿਚ ਵੀ ਲਿਖਣ ਵਾਲਾ ਹੈ ਨਹੀਂ ਸੀ ਕੋਈ। ਬੜਾ ਭਰਾ ਸੀ ਤਾਂ ਫੌਜੀ, ਪਰ ਉਹ ਚਾਹੁੰਦਾ ਸੀ, ਮੈਂ ਸਿਵਲ ਇੰਜਨੀਅਰਿੰਗ ਕਰ ਕੇ ਓਵਰਸੀਅਰ ਲੱਗਾਂ ਤੇ ਸੜਕਾਂ, ਪੁਲਾਂ ਦੇ ਠੇਕੇਦਾਰਾਂ ਨੂੰ ਲੁੱਟ-ਲੁੱਟ ਕੇ ਰਿਸ਼ਵਤ ਦੀ ਕਮਾਈ ਘਰ ਲਿਆਵਾਂ, ਪਰ ਕਹਾਣੀ ਇਹ ਸੀ ਕਿ ਪਾਂਡਵ ਹਾਰ ਰਹੇ ਸਨ। ਦਿਲਬਾਗ ਸਿੰਘ ਮੰਤਰੀ ਸਾਡੇ ਪਿੰਡ ਦਾ ਸੀ, ਕਿਤੇ ਡਾਕਖਾਨੇ ਜਾਣਾ ਤਾਂ ਘਰ ਕੋਲੋ-ਕੋਲੀ ਹੋਣ ਕਰ ਕੇ ਉਹਦੀਆਂ ਚਿੱਠੀਆਂ ਮੈਂ ਫੜ ਲਿਆਉਣੀਆਂ। ਪਿੰਡ ਤਾਂ ਉਹ ਰਹਿੰਦਾ ਨਹੀਂ ਸੀ, ਉਹਦੀ ਭਰਜਾਈ ਰਹਿੰਦੀ ਸੀ। ਮੰਤਰੀ ਸਾਹਿਬ ਦੀ ਡਾਕ ਵਿਚੋਂ ਹੀ ਮੈਂ ‘ਸੋਵੀਅਤ ਦੇਸ’ ਰਸਾਲਾ ਚੋਰੀ ਕੀਤਾ, ਭਾਸ਼ਾ ਵਿਭਾਗ ਦੇ ਪਰਚੇ ‘ਜਨ ਸਾਹਿਤ’ ਤੇ ‘ਪੰਜਾਬੀ ਦੁਨੀਆਂ’ ਵੀ। ‘ਜਨ ਸਾਹਿਤ’ ਵਿਚ ਮੈਂ ਆਪਣੇ ਇਲਾਕੇ ਦੀ ਲੇਖਕਾ ਕੁਲਬੀਰ ਬਡੇਸਰੋਂ ਜੋ ਦੂਰਦਰਸ਼ਨ ਜਲੰਧਰ ਦੀ ਨੌਕਰੀ ਤੋਂ ਬਾਅਦ ਇਕਬਾਲ ਚਾਨੇ ਨਾਲ ਵਿਆਹ ਕਰਵਾ ਕੇ ਫਿਲਮਾਂ ਵਿਚ ਚਲੇ ਗਈ, ਦੀ ਕਹਾਣੀ ਪੜ੍ਹੀ, ਤੇ ਨਾਲ ਹੀ ਫੋਟੋ ਨਾਲ ਉਹਦਾ ਸੰਖੇਪ ਜੀਵਨ ਵੇਰਵਾ ਤੇ ਯੋਗਤਾ। ਉਦੋਂ ਨਾ ਮੇਰੇ ਕੋਲ ਯੋਗਤਾ, ਨਾ ਕੋਈ ਵੇਰਵਾ; ਫਿਰ ਵੀ ਮਿੰਨੀ ਕਹਾਣੀ ‘ਇਸ਼ਕ ਮਰ ਨਹੀਂ ਸਕਦਾ’ ਲਿਖ ਕੇ ਭੇਜ ਦਿੱਤੀ।
ਟੱਬਰ ਨਾਲ ਮੈਂ ਕਣਕ ਦੀ ਵਾਢੀ ਕਰ ਰਿਹਾ ਸਾਂ, ਮਾਂ ਦੁਪਹਿਰ ਦੀ ਰੋਟੀ ਲੈ ਕੇ ਗਈ ਤਾਂ ਗਰਮੀ ਵਿਚ ਬੌਂਦਲੀ ਹੋਰ ਵੀ ਖਫ਼ਾ ਸੀ, ਆਂਹਦੀ, “ਉਰੇ ਆ ਤੇਰਾ ਸਿਰ ਭੰਨਾਂ, ਡਾਕੀਆ ਆਹ ਤੇਰੀ ਖਾਖੀ ਲਿਫਾਫ਼ੇ ਵਿਚ ਚਿੱਠੀ ਦੇ ਕੇ ਗਿਆ। ਕਹਿੰਦਾ ਪਟਿਆਲੇ ਤੋਂ ਆਈ ਆ ਸਰਕਾਰੀ। ਥੇਹ ਪੈਣਿਆਂæææਸਰਕਾਰ ਤੈਨੂੰ ਕਾਹਤੋਂ ਚਿੱਠੀਆਂ ਲਿਖਣ ਲੱਗ ਪਈ, ਤੈਂ ਕੋਈ ਪਾ ਲਿਆ ਨਵਾਂ ਪੰਗਾ। ਤੇਰਾ ਪੇ ਹੈਨ੍ਹੀਂ, ਤੈਨੂੰ ਛਡਾਉਣਾ ਵੀ ਕਿਸੇ ਨੇ ਨਹੀਂ। ਇਹ ਚਿੱਠੀ ਹੈ ਕਾਹਦੀ?” ਉਹ ਇੱਕੋ ਸਾਹੇ ਬਹੁਤ ਕੁਝ ਬੋਲੀ। ਚਿੱਠੀ ਭਾਸ਼ਾ ਵਿਭਾਗ ਦੀ ਸੀ। ਖੋਲ੍ਹੀ ਤਾਂ ਲਿਖਿਆ ਸੀ, ‘ਤੁਹਾਡੀ ਰਚਨਾ ‘ਜਨ ਸਾਹਿਤ’ ਦੇ ਆਉਂਦੇ ਅੰਕਾਂ ਵਿਚ ਛਾਪ ਦਿੱਤੀ ਜਾਵੇਗੀ ਤੇ ਮਾਣ ਵਜੋਂ ਤੁਹਾਨੂੰ ਪੰਦਰਾਂ ਰੁਪਏ ਕਿਰਤ ਫਲ ਵੀ ਭੇਜ ਦਿੱਤਾ ਜਾਵੇਗਾ’। ਪੜ੍ਹ ਕੇ ਸੁਣਾਈ ਤਾਂ ਚਿਹਰਾ ਬਦਲ ਗਿਆ, “ਪਚਵੰਜਾ ਦੀ ਕਣਕ ਦੀ ਬੋਰੀ ਆਉਂਦੀ ਐæææਤੇ ਤੈਨੂੰ ਪੰਦਰਾਂæææ।” ਫਿਰ ਹੱਸ ਪਈ, “ਕੋਈ ਖਤਰੇ ਆਲੀ ਗੱਲ ਤਾਂ ਨ੍ਹੀਂ?”
ਸਾਡੇ ਇਲਾਕੇ ਵਿਚ ਬੈਂਸਾਂ ਪਿੰਡ ਦੀ ਛਿੰਝ ਬੜੀ ਮਸ਼ਹੂਰ ਹੁੰਦੀ ਸੀ। ਉਥੋਂ ਦਾ ਸਰਪੰਚ ਜੋਗਿੰਦਰ ਸਿੰਘ ਤੇ ਕਾਮਰੇਡ ਲਾਲ ਸਿੰਘ ਮੇਰੇ ਕੋਲ ਆਏ ਕਿ ਛਿੰਝ ਦੀ ਰਿਪੋਰਟ ਮੈਂ ਲਿਖਣੀ ਆਂ। ਘਟਨਾ ਇਹ ਵੀ ਬੜੀ ਅਜੀਬ ਸੀ। ਉਹ ਸਾਈਕਲ ਪਿੱਪਲ ਥੱਲੇ ਖੜ੍ਹਾ ਕਰ ਕੇ ਪੈਦਲ ਘਰ ਆਏ ਤੇ ਮੈਨੂੰ ਪੁੱਛਣ ਲੱਗੇ, “ਜੁਆਨਾ, ਤੇਰਾ ਭਰਾ ਘਰੇ ਆ?” ਮੈਂ ਕਿਹਾ, “ਅਮਰੀਕ ਕਿ ਕਮਲ?” ਕਿਉਂਕਿ ਤੀਜਾ ਤਾਂ ਫੌਜ ਵਿਚ ਸੀ। ਆਖਣ ਲੱਗੇ, “ਨਹੀਂ ਅਸ਼ੋਕ ਭੌਰਾ?” ਉਹ ਮੈਨੂੰ ਜੁਆਕੜਾ ਜਿਹਾ ਦੇਖ ਕੇ ਹੈਰਾਨ ਰਹਿ ਗਏ, ਅਖੇ, “ਤੂੰ?” ਚਲੋ ਨੌਵੀਂ ਵਿਚ ਪੜ੍ਹਦਾ ਕੋਈ ਰਿਪੋਰਟਰ ਬਣੇ, ਹੈ ਤਾਂ ਅਜੀਬ ਪਰ ਉਹ ਛਿੰਝ ਬਾਰੇ ਲਿਖਣ ਦਾ ਸੱਦਾ ਦੇ ਕੇ ਚਲੇ ਗਏ। ਦੁਸਹਿਰੇ ਵਾਲੇ ਨਰਾਤਿਆਂ ਵਿਚਲੇ ਐਤਵਾਰ ਨੂੰ ਹਾਲੇ ਵੀ ਇਹ ਭਰਵੀਂ ਛਿੰਝ ਪੈਂਦੀ ਹੈ। ਜਿਵੇਂ ਓਲੰਪਿਕ ਖੇਡਾਂ ਕਵਰ ਕਰਨੀਆਂ ਹੋਣ, ਸਕੂਲ ਦੀ ਖਾਖੀ ਪੈਂਟ ਮਾਂ ਨੇ ਧੋਤੀ, ਪ੍ਰੈਸ ਤਾਂ ਹੈ ਨਹੀਂ ਸੀ, ਤਹਿ ਲਾ ਕੇ ਸਿਰਹਾਣੇ ਹੇਠ ਰੱਖੀ ਤੇ ਸਿਰਾਹਣਾ ਸਾਰੀ ਰਾਤ ਸਿਰ ਦੀ ਥਾਂ ਲੱਕ ਹੇਠਾਂ; ਤੇ ਨਾਲ ਫੁੱਲਾਂ ਵਾਲੀ ਕਮੀਜ਼ ਪਾ ਕੇ ਗਿਆ। ਛਿੰਝ ਦੀ ਰਿਪੋਰਟ ‘ਪੰਜਾਬੀ ਟ੍ਰਿਬਿਊਨ’ ਵਿਚ ਛਪ ਗਈ। ਵੀਹ ਰੁਪਏ ਅਖਬਾਰ ਨੇ ਭੇਜ ਦਿੱਤੇ ਤੇ ਪੰਜਾਹ ਰੁਪਏ ਸਰਪੰਚ ਤੋਂ ਮਿਲੇ। ਸੱਤਰਾਂ ਵਿਚੋਂ ਸੱਠ ਮਾਂ ਨੂੰ ਤੇ ਦਸ ਜੇਬ੍ਹ ਵਿਚ, ਤੇ ਉਸੇ ਲਾਲੇ ਦੀ ਦੁਕਾਨ ‘ਤੇ ਪੂਰਾ ਰੁਪਈਆ ਖਰਚਿਆ। ਬੈਂਸਾਂ ਦਾ ਇਹ ਸਰਪੰਚ ਫਿਰ ਬਹੁਤ ਦੇਰ ਮੇਰਾ ਯਾਰ ਰਿਹਾ। ਫਿਰ ਕਹਿੰਦੇ, ਖਾੜਕੂਆਂ ਨੇ ਮਾਰ ਦਿੱਤਾ। ਦੋ ਕੁ ਸਾਲ ਪਹਿਲਾਂ ਲਾਲ ਸਿੰਘ ਨੇ ਦੱਸਿਆ ਸੀ, ਇਸ ਬੇਕਸੂਰ ਨੂੰ ਮਾਰਨ ਵਾਲੇ ਵੀ ਭੱਜ ਕੇ ਹੁਣ ਅਮਰੀਕਾ ਹੀ ਰਹਿੰਦੇ ਹਨ।
ਸਕੂਲ ਵਿਚ ਪੜ੍ਹਦਿਆਂ ਭਾਵੇਂ ਮੇਰੀ ਕਦਰ ਤਾਂ ਸੀ, ਫਿਰ ਵੀ ਜਦੋਂ ਪੜ੍ਹਨ ਵਿਚ ਉਕਣਾ, ਤਾਂ ਮੇਰੇ ਸਖ਼ਤ ਅਧਿਆਪਕ ਮੰਗਤ ਰਾਮ ਨੇ ਕਹਿਣਾ, “ਚੱਕਿਆ ਅਖਬਾਰ ਦਾ, ਆਹ ਪੜ੍ਹ। ਇਹ ਕੰਮ ਆਉਣਾ।”
ਇੰਜਨੀਅਰਿੰਗ ਮੈਂ ਸਿਵਲ ਨਹੀਂ, ਮਕੈਨੀਕਲ ਕੀਤੀ ਹੈ। ਪੜ੍ਹਾਈ ਵਿਚ ਵੀ ਪੈੜਾਂ ਪਾਈਆਂ ਤੇ ਫਿਰ ਸਫ਼ਰ ਲਿਖਣ ਦਾ ਵੀ ਵਾਹੋ-ਦਾਹੀ ਤੈਅ ਕੀਤਾ।
ਪ੍ਰੋæ ਬਲਦੇਵ ਧਾਲੀਵਾਲ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਵਿਚ ਹੈ। ਕੁਝ ਸਮਾਂ ਉਹ ‘ਅਜੀਤ’ ਦਾ ਮੈਗਜ਼ੀਨ ਐਡੀਟਰ ਰਿਹਾ ਹੈ। ਉਹਦੇ ਕੋਲ ਮਰਹੂਮ ਕਹਾਣੀਕਾਰ ਜਸਵੰਤ ਵਿਰਦੀ ਨੇ ਕਈ ਵਾਰ ਪਿੱਟਣ ਵਰਗਾ ਗਿਲਾ ਕਰਨਾ ਕਿ ਕਹਾਣੀ ਛਾਪਣ ਵਿਚ ਚਾਰ ਮਹੀਨੇ ਲਾ ਦਿੰਦੇ ਹੋ ਤੇ ਅਸ਼ੋਕ ਭੌਰਾ ਇਕ ਦਿਨ ਵਿਚ ਦੋ-ਦੋ ਵਾਰ।
ਸੱਚ ਹੈ ਕਿ ਸ਼ਬਦਾਂ ਨਾਲ ਪੈਸੇ ਦੀ ਕਮਾਈ ਨਾ ਸਹੀ, ਜਿਹੜੀਆਂ ਹੋਰ ਕਮਾਈਆਂ ਮੈਂ ਕੀਤੀਆਂ ਹਨ, ਉਹ ਸ਼ਾਇਦ ਹੀ ਕਿਸੇ ਨੇ ਕੀਤੀਆਂ ਹੋਣ। ਮਾਣ ਨਾਲ ਕਹਾਂਗਾ ਕਿ ਮੇਰੇ ਪਿੰਡ ਦੇ ਲੋਕ ਮਾਣ ਨਾਲ ਹੁਣ ਆਖਦੇ ਹਨ, ਅਸ਼ੋਕ ਸਾਡੇ ਪਿੰਡ ਦਾ ਹੈ, ਜਾਂ ਅਸੀਂ ਉਹਦੇ ਪਿੰਡੋਂ ਹਾਂ।
______________________
ਗੱਲ ਬਣੀ ਕਿ ਨਹੀਂ
ਚੁਗਲੀ ਦਾ ਕਾਵਿ-ਚਿੱਤਰ
ਲੋਕਾਂ ਦੇ ਇਹ ਸਿਰ ਪੜਵਾਵੇ, ਪੁੱਠੇ ਕਾਰੇ ਕਰਦੀ ਆ।
ਡੱਬੂ ਵਾਂਗੂੰ ਲਾਂਬੂ ਲਾ ਕੇ, ਕੰਧ ‘ਤੇ ਫਿਰ ਜਾ ਚੜ੍ਹਦੀ ਆ।
ਮਿੱਠੀ ਹੋ ਕੇ ਜ਼ਹਿਰਾਂ ਵੰਡ ਜਾਏ, ਟੱਬਰ ਟੁਕੜੇ ਕਰ ਜਾਂਦੀ।
ਐਧਰੋਂ-ਓਧਰੋਂ ਲਾ ਲੂਤੀਆਂ, ਭਾਂਡੇ ਮੂਧੇ ਕਰ ਜਾਂਦੀ।
ਵੇਖਣ ਨੂੰ ਤਾਂ ਚੁਗਲੀ ਸੱਚੀ ਲੱਗਦੀ ਬੜੀ ਸੁਨੱਖੀ ਆ।
ਲਾਵਣ ਅਤੇ ਬੁਝਾਵਣ ਵਾਲੀ, ਖੂਬ ਚਲਾਉਂਦੀ ਚੱਕੀ ਆ।
ਕਿੱਥੇ ਕਿੱਥੇ ਪਾਏ ਪੁਆੜੇ, ਕੀ ਕੀ ਦੱਸਾਂ ਚੰਦ ਕੁਰੇ।
ਢਿੱਲ੍ਹੀਆਂ ਚੂਲਾਂ, ਢਿੱਲ੍ਹਾ ਮੰਜਾ, ਕੀ ਕੀ ਦੱਸਾਂ ਚੰਦ ਕੁਰੇ।
ਜੁੱਤੀਆਂ ਖਾਧੇ ਬਿਨ ਨਹੀਂ ਹਟਦੀ, ਵਿਗੜੀ ਹੋਈ ਨਟਣੀ ਆ।
ਫਸ ਗਏ ਤਾਂ ਕੁਝ ਮੂੰਹ ‘ਚ ਦੇ ਦਿਓ ਤਾਂ ਭੌਂਕਣ ਤੋਂ ਹਟਣੀ ਆ।
ਲੁਤਰੋ ਦੀ ਲੁਤਰੋ ਨਾ ਰਹਿੰਦੀ, ਰੋਜ਼ ਚੜ੍ਹਾਉਂਦੀ ਚੰਦ ਨਵਾਂ।
ਲਾਉਂਦੀ ਅਤਰ-ਫੁਲੇਲਾਂ ਰੱਜ ਕੇ, ਪਾਉਂਦੀ ਫਿਰ ਵੀ ਗੰਦ ਨਵਾਂ।
ਕਿੱਥੇ ḔਭੌਰੇḔ ਵਾਂਗ ਕਿਤਾਬਾਂ, ਲੋਕ ਪੜ੍ਹੇ ਇਹ ਜਾਂਦੇ ਨੇ।
ਬੇਸ਼ਰਮਾਂ ਦੀ ਨਿੱਤ ਪੂਛ ‘ਤੇ ਵਾਲ ਨਵੇਂ ਆ ਜਾਂਦੇ ਨੇ।
-ਐਸ਼ ਅਸ਼ੋਕ ਭੌਰਾ