1699 ਦੀ ਇਤਿਹਾਸਕ ਵਿਸਾਖੀ

ਮਨਜੀਤ ਸਿੰਘ ਕਲਕੱਤਾ
ਗੁਰੂ ਨਾਨਕ ਜੋਤਿ ਦੇ ਦਸਵੇਂ ਸਰੂਪ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਇਤਿਹਾਸਕ ਵਿਸਾਖੀ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਨੂੰ ਦੋਧਾਰੇ ਖੰਡੇ ਵਿਚ ਸਮਰੂਪ ਕਰਦਿਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਜਿਸ ‘ਸਚਿਆਰ’ (ਕਿਵ ਸਚਿਆਰਾ ਹੋਈਏ) ਅਤੇ ਗੁਰਮੁਖ (ਗੁਰਮੁਖ ਖੋਜਤ ਭਏ ਉਦਾਸੀ) ਦੀ ਘਾੜਤ ਨੌਂ ਗੁਰੂ ਸਾਹਿਬਾਨ ਨੇ ਸ਼ਬਦ ਦੀ ਸੱਚੀ ਟਕਸਾਲ ਦੀ ਘਾਲਣਾ ਨਾਲ 230 ਸਾਲਾਂ ਵਿਚ ਘੜੀ, ਉਸੇ ਆਦਰਸ਼ਕ ਮਨੁੱਖ ਨੇ ਜਦ ‘ਸਤਿਗੁਰ ਆਗੈ ਸੀਸ ਭੇਟ ਦੇਉ’ ਦੀ ਅਗੰਮੀ ਪ੍ਰੀਖਿਆ ਪਾਸ ਕਰ ਲਈ ਤਾਂ ਸੰਤ ਸਿਪਾਹੀ ਦੇ ਰੂਪ ਵਿਚ ਖ਼ਾਲਸੇ ਦੀ ਪਦਵੀ ਪ੍ਰਾਪਤ ਹੋਈ।
ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ 80 ਹਜ਼ਾਰ ਦੇ ਕਰੀਬ ਨਾਨਕ ਨਾਮ ਲੇਵਾ ਸੰਗਤਾਂ ਦੇ ਦੀਵਾਨ ਵਿਚ ਜਦੋਂ ਦਸਮੇਸ਼ ਪਿਤਾ ਨੇ ਲਿਸ਼ਕਦੀ ਸ੍ਰੀ ਸਾਹਿਬ ਕੱਢ ਕੇ ਲਲਕਾਰਿਆ ਕਿ ‘ਕੋਈ ਹੈ ਸਿੱਖ ਜੋ ਸਤਿਗੁਰ ਸਾਹਵੇਂ ਸੀਸ ਭੇਟ ਕਰੇ’ ਤਾਂ ਕਥਾ ਕੀਰਤਨ ਸੁਣਨ ਆਈਆਂ ਸੰਗਤਾਂ ਲਈ ਇਹ ਬਹੁਤ ਵੱਡਾ ਝਟਕਾ ਸੀ। ਚਾਰੇ ਪਾਸੇ ਸੁੰਨ ਅਤੇ ਘਬਰਾਹਟ ਪਸਰ ਗਈ ਸੀ। ਗੁਰਸੰਗਤਾਂ ਦਾ ਧਨ ਖਾਣ ਵਾਲੇ ਮਸੰਦ ਤਾਂ ਬਚ-ਬਚਾ ਕੇ ਨਿਕਲਣ ਲੱਗ ਪਏ ਪਰ ਉਦੋਂ ਸਭ ਹੈਰਾਨ ਹੋ ਗਏ ਜਦੋਂ ਇੱਕ ਸਿੱਖ ਉੱਠ ਕੇ ਸੀਸ ਭੇਟ ਕਰਨ ਲਈ ਸਾਹਮਣੇ ਆਇਆ। ਇਸ ਸਿੱਖ ਨੂੰ ਨਾਲ ਦੇ ਤੰਬੂ ਵਿਚ ਲਿਜਾਇਆ ਗਿਆ ਤੇ ਫਿਰ ਇੱਕ ਝਟਕੇ ਨਾਲ ਲਹੂ ਲਿਬੜੀ ਸ੍ਰੀ ਸਾਹਿਬ ਲੈ ਕੇ ਗੁਰੂ ਜੀ ਫਿਰ ਪ੍ਰਗਟ ਹੋਏ ਤੇ ਇੱਕ ਹੋਰ ਸੀਸ ਦੀ ਮੰਗ ਕੀਤੀ। ਇਸ ਤਰ੍ਹਾਂ ਇੱਕ-ਇੱਕ ਕਰ ਕੇ ਪੰਜ ਸਿੱਖ ਸੀਸ ਭੇਟ ਕਰਨ ਲਈ ਨਿਤਰੇ।
ਗੁਰੂ ਜੀ ਵੱਲੋਂ ਅਪਣਾਈ ਗਈ ਇਹ ਝਟਕਾ ਤਕਨੀਕ ਅੱਜ ਕੱਲ੍ਹ ਦੀ ‘ਸ਼ਾਕ ਥੇਰੇਪੀ’ ਦਾ ਹਿੱਸਾ ਸੀ ਜਿਸ ਰਾਹੀਂ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਕਿਉਂਕਿ ਗੁਰੂ ਜੀ ਜਾਣਦੇ ਸਨ ਕਿ ਮੌਤ ਦਾ ਡਰ ਹੀ ਮਨੁੱਖ ਨੂੰ ਨਿਰਬਲ ਬਣਾਉਂਦਾ ਹੈ ਜਿਸ ਦੇ ਫਲਸਰੂਪ ਮਨੁੱਖ ਪਰਾਧੀਨਤਾ ਸਵੀਕਾਰ ਕਰਦਾ ਹੈ। ਇਸੇ ਲਈ ਡਰ, ਭੈਅ ਅਤੇ ਬੁਜ਼ਦਿਲੀ ਦੇ ਇਲਾਜ ਲਈ ਇਹ ਅਲੌਕਿਕ ਇਮਤਿਹਾਨ ਹੋਇਆ ਜਿਸ ਨਾਲ ਸੁਆਰਥੀ ਜੀਵਨ ਦੀ ਲਾਲਸਾ ਅਤੇ ਮਰਨ ਕਾਲ ਦਾ ਡਰ ਖ਼ਤਮ ਹੋਇਆ।
ਇਸ ਦੇਸ਼ ਵਿਚ ਧਰਮ ਅਤੇ ਇਖ਼ਲਾਕ ਕੇਵਲ ਗਿਆਨ ਗੋਸ਼ਟੀ ਅਤੇ ਬਹਿਸ ਲਈ ਹੀ ਰਾਖਵੇਂ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਦਸ਼ਾ ਨੂੰ ਖ਼ਤਮ ਕਰਨ ਅਤੇ ਸੁੱਤੇ ਹੋਏ ਦੇਸ਼ ਵਾਸੀਆਂ ਨੂੰ ਜਗਾਉਣ ਲਈ ਲਲਕਾਰਿਆ ਸੀ। ਆਨੰਦਪੁਰ ਸਾਹਿਬ ਦੇ ਭਰੇ ਦੀਵਾਨ ਵਿਚ ਸੀਸ ਦੇਣ ਲਈ ਅੱਗੇ ਆਏ ਸਿੰਘਾਂ ਨੂੰ ਦਸਮੇਸ਼ ਪਿਤਾ ਨੇ ਨਵਾਂ ਜਨਮ, ਨਵੀਂ ਦਿੱਖ, ਨਵਾਂ ਚੋਲਾ (ਪੁਸ਼ਾਕ) ਤੇ ਨਵੀਂ ਰਹਿਤ ਦੇ ਕੇ ਸੰਤ ਸਿਪਾਹੀ ਦੇ ਰੂਪ ਵਿਚ ਸੰਗਤਾਂ ਦੇ ਸਨਮੁੱਖ ਕੀਤਾ। ਸ੍ਰੀ ਆਨੰਦਪੁਰ ਸਾਹਿਬ ਵਿਖੇ 1699 ਈਸਵੀ ਵਿਚ ਖ਼ਾਲਸੇ ਦੀ ਸਿਰਜਣਾ ਕਰ ਕੇ ਜੋ ਕ੍ਰਾਂਤੀ ਅਤੇ ਬਦਲਾਅ ਦਸਮ ਪਿਤਾ ਨੇ ਲਿਆਂਦਾ, ਉਸ ਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਕਥਿਤ ਨੀਵੀਆਂ ਜਾਤਾਂ ਦੇ ਗ਼ਰੀਬ, ਪਛੜੇ ਤੇ ਸਾਧਾਰਨ ਲੋਕਾਂ ਨੂੰ ਅਧਿਕਾਰ ਸੰਪੰਨ ਕੀਤਾ। ਕੋਈ ਜੰਗ-ਯੁੱਧ ਨਹੀਂ ਹੋਇਆ। ਨਾ ਹੀ ਕੋਈ ਬਗ਼ਾਵਤ ਤੇ ਨਾ ਹੀ ਕੋਈ ਰਾਜ ਪਲਟਾ ਹੋਇਆ। ਨਾ ਹੀ ਮਨੁੱਖੀ ਅਬਾਦੀਆਂ ਦਾ ਤਬਾਦਲਾ ਤੇ ਨਾ ਹੀ ਕੋਈ ਜਮਾਤੀ ਵੰਡ ਹੋਈ। ਰਾਜ ਨਹੀਂ ਬਦਲਿਆ, ਸਿਰਫ਼ ਪਰਜਾ ਬਦਲੀ। ਸਾਧਾਰਨ ਲੋਕਾਂ ਵਿਚ ਚੇਤਨਤਾ ਆਈ, ਮਜ਼ਹਬੀ, ਸਮਾਜੀ ਅਤੇ ਰਾਜਸੀ ਬੰਧਨਾਂ ਦਾ ਅਹਿਸਾਸ ਹੋਇਆ। ਖੰਡੇ ਬਾਟੇ ਦੇ ਅੰਮ੍ਰਿਤ ਤੇ ਗੁਰਮਤਿ ਰਹਿਤ ਨੇ ਆਤਮਿਕ ਬਲ ਤੇ ਸਵੈ-ਵਿਸ਼ਵਾਸ ਪੈਦਾ ਕੀਤਾ। ਸੀਸ ਭੇਟ ਦੀ ਮਿਸਾਲ ਨੇ ਸਵੈ-ਤਿਆਗ ਤੇ ਜਮਾਤੀ ਜ਼ਬਤ ਪੈਦਾ ਕੀਤਾ। ਜੀਵਨ ਦੀ ਨਿਰਾਸ਼ਤਾ ਤੇ ਨਿਰਾਰਥਕਤਾ ਦੇ ਮਾਹੌਲ ਵਿਚ ਤਬਦੀਲੀ ਆਈ। ਨਵੇਂ ਨਿਸ਼ਾਨੇ, ਉਦੇਸ਼ ਅਤੇ ਟੀਚੇ ਸਥਾਪਤ ਹੋਏ। ਨਾਮ ਬਾਣੀ ਦੀ ਰਹਿਤ ਨੇ ਆਤਮਿਕ ਬਲ ਬਖ਼ਸ਼ਿਆ। ਆਦਰਸ਼ ਦੀ ਏਕਤਾ ਕਾਇਮ ਹੋਈ ਜਿਸ ਦੇ ਆਧਾਰ ‘ਤੇ ਸੰਗਤੀ ਭਾਵ ਲੋਕ ਸ਼ਕਤੀ ਗਠਿਤ ਹੋਈ। ਆਦਰਸ਼ ਅਤੇ ਸੰਗਤੀ ਸ਼ਕਤੀ ਦੇ ਸੁਮੇਲ ਨੇ ਮਜ਼ਹਬੀ ਪਖੰਡ ਤੇ ਫੋਕਟ ਕਰਮ, ਮਨੂੰ ਦੀ ਸਮਾਜਕ ਊਚ-ਨੀਚ ਦੀ ਵੰਡ ਖ਼ਤਮ ਕਰ ਕੇ ਜਨਤਕ ਏਕਤਾ ਨਾਲ ਰਾਜਸੀ ਜ਼ੁਲਮ ਤੇ ਗ਼ੁਲਾਮੀ ਖ਼ਿਲਾਫ਼ ਜੱਦੋ-ਜਹਿਦ ਦਾ ਐਲਾਨ ਹੋਇਆ।
ਪੰਜ ਪਿਆਰਿਆਂ ਦੀ ਸੀਸ ਭੇਟ ਦੇ ਸਾਹਸ ਤੇ ਕੁਰਬਾਨੀ ਨੇ ਮੌਤ ਦਾ ਡਰ ਖ਼ਤਮ ਕਰ ਕੇ ਜੱਦੋ-ਜਹਿਦ ਦੀ ਅਗਵਾਈ ਕੀਤੀ ਪਰ ਇਹ ਨਹੀਂ ਕਿ ਇੰਨੇ ਵੱਡੇ ਸਮਾਜਕ ਬਦਲਾਅ ਦਾ ਵਿਰੋਧ ਨਹੀਂ ਹੋਇਆ। ਕਥਿਤ ਸਵਰਨ ਜਾਤੀਆਂ ਅਤੇ ਪਹਾੜੀ ਰਾਜਿਆਂ ਨੇ ਇਸ ਨੂੰ ਵਰਣ ਧਰਮ ਦੇ ਉਲਟ ਕਹਿ ਕੇ ਸਖ਼ਤ ਵਿਰੋਧ ਜਤਾਇਆ। ਬ੍ਰਾਹਮਣਾਂ ਨੇ ਧਮਕੀ ਦੇ ਦਿੱਤੀ ਕਿ ਉਹ ਸਿੱਖਾਂ ਦੇ ਘਰਾਂ ਦੇ ਕਿਸੇ ਜਨਮ, ਮਰਨ, ਸ਼ਾਦੀ, ਵਿਆਹ ਆਦਿ ਦੀ ਰਸਮ ਨਹੀਂ ਨਿਭਾਉਣਗੇ। ਦਾਨ ਕਬੂਲ ਨਹੀਂ ਕਰਨਗੇ ਪਰ ਗੁਰੂ ਜੀ ਨੇ ਵੀ ਐਲਾਨ ਕਰ ਦਿੱਤਾ ਸੀ:
ਇਨ ਤੇ ਗਹਿ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਸਿਖਾਉਂ।
æææ
ਦਾਨ ਦੀਉ ਇਨਹੋਂ ਕੋ ਭਲੇ ਅਰ ਅਉਰ ਕੋ ਦਾਨ ਨਾ ਲਾਗਤ ਕੀਨੋ।
ਰਾਜਪੂਤ ਵੀ ਆਪਣੇ-ਆਪ ਨੂੰ ਵੱਡਾ ਸਮਝਦੇ ਸਨ ਪਰ ਦਸਮੇਸ਼ ਪਿਤਾ ਨੇ ਉਨ੍ਹਾਂ ਨੂੰ ਸਪਸ਼ਟ ਕੀਤਾ:
ਸ੍ਰੀ ਅਸਪਾਨਿਜ ਤਦਪਿ ਕਹਾਊਂ।
ਚਿੜੀਅਨ ਤੇ ਜਬ ਬਾਜ ਤੁੜਾਊਂ।
ਖ਼ਾਲਸਾ ਸਾਜਨਾ ਕੋਈ ਅਚਨਚੇਤ ਹੋਣ ਵਾਲੀ ਘਟਨਾ ਨਹੀਂ ਸੀ ਬਲਕਿ ਇਹ ਇਨਕਲਾਬ ਲਿਆਉਣ ਲਈ 230 ਸਾਲ ਲੱਗ ਗਏ ਸਨ। ਪ੍ਰਸਿੱਧ ਇਤਿਹਾਸਕਾਰ ਡਾæ ਗੋਕਲ ਚੰਦ ਨਾਰੰਗ ਅਨੁਸਾਰ ਗੁਰੂ ਦਸਮੇਸ਼ ਦੇ ਸਰਬਲੋਹ ਦਾ ਖੰਡਾ ਜਿਸ ਸਟੀਲ ਤੋਂ ਬਣਿਆ, ਉਹ ਗੁਰੂ ਨਾਨਕ ਨੇ ਪ੍ਰਦਾਨ ਕੀਤੀ ਸੀ। ਇਸ ਇਤਿਹਾਸਕ ਪਿਛੋਕੜ ਅਤੇ ਵਿਰਾਸਤ ਦੀ ਰੋਸ਼ਨੀ ਵਿਚ ਦਸਮ ਪਾਤਸ਼ਾਹ ਨੇ 33 ਸਾਲ ਦੀ ਉਮਰ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ।
ਦਸਮੇਸ਼ ਪਿਤਾ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਰੂਪ ਸਵੀਕਾਰ ਕਰਦਿਆਂ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਅਤੇ ਇੰਝ ਗੁਰੂ ਨਾਨਕ ਸਾਹਿਬ ਦੇ ਸਿਧਾਂਤ ‘ਗੁਰੂ ਸਿੱਖ, ਸਿੱਖ ਗੁਰੂ ਹੈ’ ਨੂੰ ਪ੍ਰਵਾਨ ਚੜ੍ਹਾਇਆ। ਜਿਨ੍ਹਾਂ ਪੰਜ ਪਿਆਰਿਆਂ ਨੇ ਸਤਿਗੁਰੂ ਨੂੰ ਸੀਸ ਭੇਟ ਕੀਤੇ, ਉਨ੍ਹਾਂ ਵਿਚੋਂ ਸਿਰਫ਼ ਇੱਕ ਪਿਆਰਾ ਹੀ ਪੰਜਾਬ ਨਾਲ ਸਬੰਧਤ ਸੀ; ਬਾਕੀ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਸਨ ਜੋ ਪ੍ਰਗਟਾਉਂਦਾ ਹੈ ਕਿ ਦਸਮ ਪਾਤਸ਼ਾਹ ਦੇ ਸਮੇਂ ਤਕ ਸਿੱਖੀ ਦਾ ਪ੍ਰਚਾਰ ਸਾਰੇ ਦੇਸ਼ ਵਿਚ ਹੋ ਚੁੱਕਿਆ ਸੀ। ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜ ਪਿਆਰਿਆਂ ਨੂੰ ਪਾਤਸ਼ਾਹ ਦੁਆਰਾ ਜੋ ਨਾਂ ਬਖ਼ਸ਼ੇ ਗਏ, ਉਹ ਵੀ ਅਰਥ ਭਰਪੂਰ ਸਨ। ਸੀਸ ਭੇਟ ਕਰਨ ਵਾਲਾ ਪਹਿਲਾ ਸਿੱਖ ਲਾਹੌਰ ਤੋਂ ਸੀ। ਪਾਤਸ਼ਾਹ ਨੇ ਉਸ ਨੂੰ ਦਇਆ ਸਿੰਘ ਨਾਂ ਬਖ਼ਸ਼ਿਆ। ਗੁਰਬਾਣੀ ਅਨੁਸਾਰ ਦਇਆ ਧਰਮ ਦਾ ਮੂਲ ਹੈ। ਦੂਜਾ ਪਿਆਰਾ ਹਸਤਨਾਪੁਰ, ਅਰਥਾਤ ਦਿੱਲੀ ਤੋਂ ਸੀ। ਖ਼ਾਲਸੇ ਦੀ ਰਾਜਨੀਤੀ ਧਰਮ ਤੇ ਇਖ਼ਲਾਕ ‘ਤੇ ਟਿਕੀ ਹੋਈ ਹੈ। ਪਾਤਸ਼ਾਹ ਨੇ ਇਸ ਪਿਆਰੇ ਨੂੰ ਧਰਮ ਸਿੰਘ ਨਾਂ ਬਖ਼ਸ਼ਿਆ। ਤੀਜਾ ਪਿਆਰਾ ਜਗਨਨਾਥ ਪੁਰੀ (ਉੜੀਸਾ) ਨਾਲ ਸਬੰਧਤ ਸੀ। ਗੁਰੂ ਜੀ ਨੇ ਇੱਥੋਂ ਆਏ ਪਿਆਰੇ ਨੂੰ ਹਿੰਮਤ ਸਿੰਘ ਨਾਂ ਬਖ਼ਸ਼ਿਆ। ਸੀਸ ਭੇਟ ਕਰਨ ਵਾਲਾ ਜੋ ਚੌਥਾ ਸਿੱਖ ਨਿਤਰਿਆ, ਉਹ ਦਵਾਰਕਾ (ਗੁਜਰਾਤ) ਤੋਂ ਸੀ ਜਿਸ ਨੂੰ ਮੋਹਕਮ ਸਿੰਘ ਨਾਂ ਬਖ਼ਸ਼ਿਆ ਗਿਆ। ਮੋਹਕਮ ਹਠੀ ਅਤੇ ਬਲੀ ਸੂਰਬੀਰ ਨੂੰ ਕਹਿੰਦੇ ਹਨ ਜੋ ਕਦੇ ਮੈਦਾਨ ਨਹੀਂ ਛੱਡਦਾ। ਪੰਜਵਾਂ ਸੀਸ ਭੇਟ ਕਰਨ ਵਾਲਾ ਬਿਦਰ ਸ਼ਹਿਰ ਜੋ ਆਂਧਰਾ ਅਤੇ ਕਰਨਾਟਕਾ ਰਾਜ ਦੀ ਸਰਹੱਦ ‘ਤੇ ਸਥਿਤ ਹੈ, ਤੋਂ ਸੀ। ਇਸ ਪੰਜਵੇਂ ਪਿਆਰੇ ਨੂੰ ਸਾਹਿਬ ਸਿੰਘ ਨਾਂ ਬਖ਼ਸ਼ਿਆ ਗਿਆ। ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਜਗਨਨਾਥ ਪੁਰੀ ਤੋਂ ਹਿੰਮਤ, ਦੁਆਰਕਾ ਤੋਂ ਮੋਹਕਮ ਤੇ ਬਿਦਰ ਤੋਂ ਸਾਹਿਬ, ਉਸੇ ਤਰ੍ਹਾਂ ਦੀ ਕਰਾਮਾਤ ਹੈ ਜਿਵੇਂ ਅਸ਼ੋਕ ਮਹਾਨ ਨੇ ਪਾਟਲੀਪੁੱਤਰ ਤੇ ਗੰਗਾ ਵਿਚ ਸ਼ਸਤਰ ਵਹਾ ਦਿੱਤੇ ਸਨ, ਪਰ ਦਸਮੇਸ਼ ਪਿਤਾ ਨੇ ਇਸੇ ਪਾਟਲੀਪੁਤਰ (ਹੁਣ ਪਟਨਾ ਸਾਹਿਬ) ਵਿਖੇ ਮਨੁੱਖੀ ਸਨਮਾਨ ਬਹਾਲ ਕਰਨ ਖ਼ਾਤਰ ਸ਼ਸਤਰ ਚੁੱਕੇ।
ਜਦੋਂ ਅਸੀਂ ਖ਼ਾਲਸੇ ਦੀ ਸਾਜਨਾ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਇੱਕ ਸੂਤਰ ਵਿਚ ਪਰੋਣ ਵਾਲੀ ਪੰਜ ਕਕਾਰੀ ਰਹਿਤ ਅਤੇ ਚਾਰ ਕੁਰਹਿਤਾਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ? ਪਾਤਸ਼ਾਹ ਨੇ ਅੰਮ੍ਰਿਤ ਛਕਣ ਵਾਲੇ ਦਾ ਪਿਛਲਾ ਧਰਮ, ਕਰਮ, ਕੁਲ, ਜਾਤ ਸਭ ਨਾਸ਼ ਕਰ ਦਿੱਤੇ। ਪੰਜ ਕਕਾਰੀ ਰਹਿਤ ਵਿਚ ਕੇਸ ਰਹਿਤ ਵਿਚ ਵੀ ਹਨ ਤੇ ਕੁਰਹਿਤ ਵਿਚ ਵੀ। ਹਜਾਮਤ ਜਾਂ ਕੇਸ ਅਤੇ ਦਾੜ੍ਹੇ ਨੂੰ ਕੱਟਣ ਜਾਂ ਛਾਂਗਣ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਪਾਤਸ਼ਾਹ ਨੇ ਹੁੱਕਾ ਹਲਾਲ, ਹਜਾਮਤ, ਹਰਾਮ, ਟਿੱਕਾ, ਧੋਤੀ ਅਤੇ ਜੰਜੂ ਦਾ ਤਿਆਗ ਕਰਵਾਇਆ। ਕੇਸਾਂ ਦੀ ਰਹਿਤ ਬਖ਼ਸ਼ ਕੇ ਪਾਤਸ਼ਾਹ ਨੇ ਪੰਥ ਦੀ ਹਸਤੀ ਨਿਆਰੀ ਅਤੇ ਆਜ਼ਾਦ ਬਣਾ ਦਿੱਤੀ। ਕੇਸ ਖ਼ੂਬਸੂਰਤੀ ਅਤੇ ਜਿੱਤ ਦਾ ਚਿੰਨ੍ਹ ਹਨ। ਡਿਕਸ਼ਨਰੀ ਆਫ਼ ਸਿੰਬਲ ਵਿਚ ਵਾਹਿਗੁਰੂ ਨੂੰ ‘ਹੁਸਨਲ ਚਿਰਾਗ’ ਕਿਹਾ ਗਿਆ ਹੈ।
ਅੱਜ ਦੇ ਯੁੱਗ ਵਿਚ ਥਾਂ-ਥਾਂ ਸ਼ਖ਼ਸੀ ਪੂਜਾ ਦੇ ਅੱਡੇ ਖੁੱਲ੍ਹ ਗਏ ਹਨ। ਕੇਸਾਂ ਦਾ ਤਿਆਗ ਕਰਨਾ ਫੈਸ਼ਨ ਸਮਝਿਆ ਜਾ ਰਿਹਾ ਹੈ, ਪਰ ਅਜਿਹੇ ਲੋਕ ਹੀ ਦੁਨੀਆਂ ਨੂੰ ਬਦਲਣ ਦੀਆਂ ਡੀਂਗਾਂ ਮਾਰਨ ਵਿਚ ਸਭ ਤੋਂ ਮੋਹਰੀ ਹਨ। ਅਜਿਹੇ ਨੌਜਵਾਨਾਂ ਤੇ ਅਖੌਤੀ ਗੁਰੂਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਵਿਰਾਸਤ ਸਾਡੇ ਸਿੱਖ ਗੁਰੂ ਸਾਹਿਬਾਨ ਇਸ ਦੇਸ਼ ਤੇ ਸਮਾਜ ਨੂੰ ਦੇ ਗਏ ਹਨ, ਉਹ ਕਿਸੇ ਕੌਮਾਂਤਰੀ ਇਨਕਲਾਬ ਤੋਂ ਘੱਟ ਨਹੀਂ ਹੈ। ਉਹ ਸਾਨੂੰ ਵਿਗਿਆਨ ਦੀ ਕਸਵੱਟੀ ‘ਤੇ ਖ਼ਰਾ ਉਤਰਨ ਵਾਲਾ, ਕੁਦਰਤੀ ਅਤੇ ਆਧੁਨਿਕ ਧਰਮ ਮਾਰਗ ਬਖ਼ਸ਼ ਗਏ ਹਨ। ਇਸ ‘ਤੇ ਚੱਲਣ ਲਈ ਕਿਸੇ ਵੀ ਦੁਨਿਆਵੀ ਪੰਧ ‘ਤੇ ਤੁਰਨ ਵਾਂਗ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਨਿਯਮਾਂ ਦੀ ਅਣਦੇਖੀ ਕਰਨ ਵਾਲਾ ਆਪਣੇ ਅਤੇ ਸਮਾਜ ਲਈ ਹਮੇਸ਼ਾਂ ਘਾਤਕ ਹੁੰਦਾ ਹੈ। ਦੁਨੀਆਂ ਦੇ ਲੋਕਾਂ ਦੀ ਤਕਦੀਰ ਬਦਲਣ ਦੇ ਦਾਅਵੇ ਕਰਨ ਵਾਲਿਆਂ ਨੂੰ ਇਹ ਸਮਝਣ ਅਤੇ ਸਮਝਾਉਣ ਦੀ ਲੋੜ ਹੈ ਕਿ 1699 ਈਸਵੀ ਵਿਚ ਖ਼ਾਲਸੇ ਦੀ ਸਾਜਨਾ ਤੋਂ ਵੱਡਾ ਅਤੇ ਮਾਣਮੱਤਾ ਇਨਕਲਾਬ ਅਜੇ ਤਕ ਦੁਨੀਆਂ ਵਿਚ ਨਹੀਂ ਆ ਸਕਿਆ ਜੋ ਹਰ ਮਨੁੱਖ ਸਵੈਮਾਣ ਨਾਲ ਖ਼ੁਦ ਤੇ ਦੂਜਿਆਂ ਨੂੰ ਜਿਉਣ ਦੇਣ ਦੀ ਪ੍ਰੇਰਨਾ ਦਿੰਦਾ ਹੈ। ਖ਼ਾਲਸਾ ਇਨਕਲਾਬ ਦੇ ਮਾਣਮੱਤੇ ਇਤਿਹਾਸ ਨੂੰ ਮਹਿਜ਼ ਨਾਅਰਿਆਂ ਜਾਂ ਭਾਸ਼ਣਾਂ ਨਾਲ ਨਹੀਂ, ਬਲਕਿ ਹਕੀਕਤ ਵਿਚ ਜਿਉਂ ਕੇ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ।