ਗੁਲਜ਼ਾਰ ਸਿੰਘ ਸੰਧੂ
1956 ਤੋਂ 1967 ਤੱਕ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਰਹੇ ਪੰਡਤ ਮੋਹਨ ਲਾਲ ਪੰਜਾਬ ਦੀ ਵੰਡ ਦਰ ਵੰਡ ਦੇ ਚਸ਼ਮਦੀਦ ਗਵਾਹ ਸਨ। ਪੰਜਾਬੀ ਸੂਬਾ ਬਣਾਉਣ ਲਈ ਵਿੱਢੇ ਗਏ ਅਕਾਲੀ ਅੰਦੋਲਨ ਨਾਲ ਨਿਪਟਣ ਵਾਲੇ ਵੀ ਸ਼ ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਉਹੀਓ ਸਨ।
‘ਪੰਜਾਬ ਦੀ ਵੰਡ’ ਨਾਂ ਦੀ ਉਨ੍ਹਾਂ ਦੀ ਪੁਸਤਕ ਆਜਾਦੀ ਤੋਂ ਪਿੱਛੋਂ ਦੇ ਸਿਆਸੀ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਪੁਸਤਕ ਪੰਡਤ ਜਵਾਹਰ ਲਾਲ ਨਹਿਰੂ ਤੇ ਸ਼ ਪ੍ਰਤਾਪ ਸਿੰਘ ਕੈਰੋਂ ਦੀ ਕਾਰਜ ਸ਼ੈਲੀ ਉਤੇ ਤਫਸੀਲ ਨਾਲ ਚਾਨਣਾ ਪਾਉਂਦੀ ਹੈ। ਪੰਡਤ ਮੋਹਲ ਲਾਲ (1905-1999) ਨੇ 1966 ਵਿਚ ਪੰਜਾਬ ਦੂਜੀ ਵਾਰ ਟੁਕੜੇ-ਟੁਕੜੇ ਹੁੰਦੇ ਵੇਖਿਆ। ਉਹ ਇਸ ਟੁੱਟ-ਭੱਜ ਦਾ ਡਟ ਕੇ ਵਿਰੋਧ ਕਰਨ ਵਾਲਾ ਸੀ ਤੇ ਉਹ ਓਨਾ ਹੀ ਡੱਟ ਕੇ ਪੰਜਾਬ ਨੂੰ ਖੇਰੂੰ-ਖੇਰੂੰ ਕਰਨ ਵਾਲੇ ਵਿਅਕਤੀ ਨਾਲ ਨਿਪਟਿਆ ਤੇ ਵਿਚਰਿਆ ਹੈ। ਪੇਸ਼ਾਵਰ ਤੋਂ ਮਥੁਰਾ ਤੱਕ ਫੈਲੇ ਪੰਜਾਬ ਦੇ ਟੁਟਣ ਦਾ ਦੁੱਖ ਇਸ ਪੁਸਤਕ ਦੇ ਪੰਨੇ ਪੰਨੇ ਉਤੇ ਅੰਕਿਤ ਹੈ। ਮਈ 1964 ਵਿਚ ਪੰਡਤ ਨਹਿਰੂ ਦੇ ਅਕਾਲ ਚਲਾਣੇ ਅਤੇ ਫਰਵਰੀ 1965 ਵਿਚ ਕੈਰੋਂ ਦੇ ਕਤਲ ਤੋਂ ਡੇਢ ਸਾਲ ਦੇ ਅੰਦਰ ਪੰਜਾਬ ਲੰਗੜਾ ਹੋ ਗਿਆ। ਮੋਹਨ ਲਾਲ ਦੇ ਸ਼ਬਦਾਂ ਵਿਚ ਪੰਜਾਬ ਨੂੰ ਮਿਲੀ ਇਸ ਸਜ਼ਾ ਦਾ ਮੂਲ ਕਾਰਨ 6 ਫਰਵਰੀ 1965 ਨੂੰ ਦਿੱਲੀ ਨੇੜੇ ਜਰੈਨਲੀ ਸੜਕ ਉਤੇ ਕੈਰੋਂ ਦੇ ਕਤਲ ਦੇ ਰੂਪ ਵਿਚ ਹੋਇਆ ਪਾਪ ਹੈ।
1965 ਤੋਂ ਤੁਰੰਤ ਪਿੱਛੋਂ ਪੰਜਾਬ ਦੀ ਵਾਗਡੋਰ ਸੰਭਾਲਣ ਵਾਲਿਆਂ ਲਈ ਉਨ੍ਹਾਂ ਵਲੋਂ ਵਰਤਿਆ ‘ਬੌਂਗਾ’ ਸ਼ਬਦ ਉਸ ਸਮੇਂ ਦੇ ਰਾਹਨੁਮਾਵਾਂ ਨੂੰ ਕਮਜ਼ੋਰ ਤੇ ਉਜੱਡ ਹੀ ਨਹੀਂ ਦਸਦਾ, ਕੈਰੋਂ ਦੀ ਦਲੇਰੀ ਉਤੇ ਫੁੱਲ ਵੀ ਚੜ੍ਹਾਉਂਦਾ ਹੈ। ਅਕਾਲੀਆਂ ਵਲੋਂ ਕਾਂਗੜਾ ਤੇ ਹੋਰ ਪਹਾੜੀ ਇਲਾਕਿਆਂ ਦੇ ਨੇਤਾਵਾਂ ਨੂੰ ਇਹ ਇਲਾਕੇ ਹਿਮਾਚਲ ਪ੍ਰਦੇਸ਼ ਨਾਲ ਰਲਾਉਣ ਲਈ ਉਤਸ਼ਾਹਤ ਕਰਨ ਉਤੇ ਲਾਹਨਤਾਂ ਵੀ।
ਪੰਡਤ ਨਹਿਰੂ ਤੇ ਕੈਰੋਂ ਨੇ ਜਿਸ ਸ਼ਕਤੀ ਨਾਲ ਪੰਜਾਬ ਨੂੰ ਟੁੱਟਣ ਤੋਂ ਬਚਾਈ ਰਖਿਆ ਉਹ ਉਸ ਸਮੇਂ ਦੇ ਗ੍ਰਹਿ ਮੰਤਰੀ ਤੋਂ ਵੱਧ ਕੌਣ ਜਾਣ ਸਕਦਾ ਸੀ? ਕੈਰੋਂ ਦੇ ਕਤਲ ਤੋਂ ਦੋ ਦਹਾਕੇ ਪਿੱਛੋਂ ਮੋਹਨ ਲਾਲ ਦੀ ਇਹ ਟਿੱਪਣੀ ਬਹੁਤ ਕੁਝ ਕਹਿ ਜਾਂਦੀ ਹੈ, “ਸ਼ ਪ੍ਰਤਾਪ ਸਿੰਘ ਕੈਰੋਂ ਦੀ ਸ਼ਖਸੀਅਤ ਬੜੀ ਪ੍ਰਭਾਵਸ਼ਾਲੀ ਸੀ। ਉਹ ਬਹੁਤ ਅਕਲਮੰਦ ਸਨ। ਉਹ ਤੁਰੰਤ ਫੈਸਲੇ ਲੈਂਦੇ ਤੇ ਸਖ਼ਤੀ ਨਾਲ ਉਨ੍ਹਾਂ ਨੂੰ ਲਾਗੂ ਕਰਦੇ। ਉਹ ਕਦੇ ਵੀ ਡਾਵਾਂਡੋਲ ਨਹੀਂ ਹੋਏ ਤੇ ਨਾ ਹੀ ਕਦੇ ਉਨ੍ਹਾਂ ਆਪਣੇ ਅੰਦਰ ਕੋਈ ਝਿਜਕ ਪੈਦਾ ਹੋਣ ਦਿੱਤੀ। ਬਾਹਰੋਂ ਸਖ਼ਤ ਸੁਭਾਅ ਦੇ ਨਜ਼ਰ ਆਉਣ ਦੇ ਬਾਵਜੂਦ ਅੰਦਰੋਂ ਉਹ ਬੜੇ ਨਰਮ ਚਿਤ ਸਨ। ਉਨ੍ਹਾਂ ਦਾ ਨਜ਼ਰੀਆ ਧਰਮ-ਨਿਰਪਖਤਾ ਵਾਲਾ ਸੀ ਤੇ ਆਪ ਉਹ ਪੂਰੀ ਤਰ੍ਹਾਂ ਰਾਸ਼ਟਰਵਾਦੀ ਸਨ। ਸਮਾਜ ਵਿਚ ਹਿੰਦੂ, ਸਿੱਖਾਂ, ਹਰੀਜਨਾਂ, ਜੱਟਾਂ ਤੇ ਗੈਰ ਜੱਟਾਂ ਦੀਆਂ ਬਰਾਦਰੀਆਂ ਨੂੰ ਉਨ੍ਹਾਂ ਵਿਚ ਇਕੋ ਜਿੰਨਾ ਭਰੋਸਾ ਸੀ। ਉਹ ਫਿਰਕਾਪ੍ਰਸਤੀ ਨਾਲ ਬੜੀ ਸਫਲਤਾ ਨਾਲ ਲੜੇ। ਉਹ ਲੋਕਾਂ ਦੇ ਲੀਡਰ ਸਨ। ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ ਤੇ ਉਨ੍ਹਾਂ ਤੋਂ ਡਰਦੇ ਵੀ ਸਨ, ਪਸੰਦ ਵੀ ਕਰਦੇ ਸਨ ਤੇ ਨਾ-ਪਸੰਦ ਵੀ। ਪਿੰਡਾਂ ਦੇ ਸੈਂਕੜੇ ਲੋਕ ਰੋਜ਼ਾਨਾ ਉਨ੍ਹਾਂ ਨੂੰ ਦਫ਼ਤਰ ਵਿਚ ਜਾਂ ਕੋਠੀ ਮਿਲਣ ਆਉਂਦੇ। ਉਨ੍ਹਾਂ ਦੇ ਸੌਣ ਕਮਰੇ ਤੱਕ ਵੀ ਪਹੁੰਚ ਜਾਂਦੇ। ਆਪਣੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕਰਦੇ ਤੇ ਉਦੋਂ ਮੁੜਦੇ ਜਦੋਂ ਉਨ੍ਹਾਂ ਦੀ ਪੂਰੀ ਤਸੱਲੀ ਹੋ ਜਾਂਦੀ।”
“1962 ਵਿਚ ਚੀਨ ਦੇ ਹਮਲੇ ਕਾਰਨ ਜਦੋਂ ਦੇਸ਼ ਨੂੰ ਐਮਰਜੈਂਸੀ ਲਾਉਣੀ ਪਈ, ਉਦੋਂ ਸ਼ ਕੈਰੋਂ ਨੂੰ ਆਪਣਾ ਅਸਲੀ ਸਾਹਸ ਦਿਖਾਉਣ ਦਾ ਮੌਕਾ ਮਿਲਿਆ। ਪੰਜਾਬ ਨੇ ਆਪਣੇ ਆਪ ਨੂੰ ਭਾਰਤ ਦੀ ਖੜਗ-ਭੁਜਾ ਸਾਬਤ ਕੀਤਾ ਤੇ ਦੇਸ਼ ਦੀਆਂ ਨਜ਼ਰਾਂ ਵਿਚ ਸ਼ ਕੈਰੋਂ ਪਰਖ ਦੀ ਘੜੀ ਵਿਚ ਇਕ ਸਿਤਾਰੇ ਵਾਂਗ ਚਮਕੇ। ਉਹ ਕਦੇ ਇਕ ਕਦੇ ਦੂਜੇ ਮੁਹਾਜ਼ ਉਤੇ ਗਏ ਤੇ ਜਵਾਨਾਂ ਨੂੰ ਹੱਲਾ ਸ਼ੇਰੀ ਦਿੱਤੀ। ਉਨ੍ਹਾਂ ਨੇ ਸੈਨਿਕਾਂ ਦੇ ਪਰਿਵਾਰਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦਾ ਐਲਾਨ ਕੀਤਾ ਤੇ ਉਨ੍ਹਾਂ ਦੇ ਮਨੋਬਲ ਨੂੰ ਉਚਾ ਕੀਤਾ।”
“ਪੰਜਾਬੀ ਸੈਨਿਕਾਂ ਦੇ ਵਸੇਬੇ ਲਈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 21 ਲੱਖ ਏਕੜ ਜ਼ਮੀਨ ਹਾਸਲ ਕਰਨ ਵਿਚ ਉਹ ਸਫਲ ਹੋ ਗਏ। ਸਾਰੇ ਵਧੀਆ ਮਨੁਖਾਂ ਵਾਂਗ ਕੁੱਝ ਕਮਜ਼ੋਰੀਆਂ ਪ੍ਰਤਾਪ ਸਿੰਘ ਕੈਰੋਂ ਵਿਚ ਵੀ ਸਨ। ਜਿੰਨੀ ਚੌਕਸੀ ਉਨ੍ਹਾਂ ਨੇ ਜਨਤਕ ਮਾਮਲਿਆਂ ਵੱਲ ਰੱਖੀ, ਜੇ ਏਨੀ ਚੌਕਸੀ ਆਪਣੇ ਪਰਿਵਾਰਕ ਮਾਮਲਿਆਂ ਵੱਲ ਵੀ ਰੱਖੀ ਹੁੰਦੀ ਤਾਂ ਪੰਜਾਬ ਦਾ ਇਤਿਹਾਸ ਕੁਝ ਹੋਰ ਹੁੰਦਾ। ਦੋਸਤ-ਮਿੱਤਰਾਂ ਤੇ ਸਕੇ-ਸਬੰਧੀਆਂ ਵਿਚ ਅੰਨ੍ਹੇ ਵਿਸ਼ਵਾਸ ਨੇ ਹੀ ਉਨ੍ਹਾਂ ਦਾ ਪਤਨ ਲਿਆਂਦਾ।”
‘ਪੰਜਾਬ ਦੀ ਵੰਡ’ (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ) ਦੇ 318 ਪੰਨਿਆਂ ਉਤੇ ਮਿਤੀਆਂ, ਦਲੀਲਾਂ ਤੇ ਅਖਬਾਰਾਂ ਦੇ ਸੰਪਾਦਕੀਆਂ ਸਮੇਤ ਅਜਿਹੀ ਸਮਗਰੀ ਮਿਲਦੀ ਹੈ ਜਿਨ੍ਹਾਂ ਬਾਰੇ ਲੋਕ ਮਨਾਂ ਵਿਚ ਅਜੇ ਵੀ ਬੜੀਆਂ ਗੁੰਝਲਾਂ ਹਨ। ਖਾਸ ਕਰ ਕੈਰੋਂ ਦੇ ਕਤਲ ਬਾਰੇ। ਲੇਖਕ ਨੇ ਏਸ ਬਾਰੇ ਵੀ ਵਿਸਥਾਰ ਨਾਲ ਲਿਖਿਆ ਹੈ। ਲੇਖਕ ਦੇ ਸ਼ਬਦਾਂ ਵਿਚ “ਸਾਬਕਾ ਰੱਖਿਆ ਮੰਤਰੀ ਵੀæਕੇæ ਕ੍ਰਿਸ਼ਨਾ ਮੈਨਨ ਨੇ ਇਸ ਵਾਰਦਾਤ ਨੂੰ ਦਿਲ ਹਿਲਾ ਦੇਣ ਵਾਲੀ ਦਸਦਿਆਂ ਕਿਹਾ, ‘ਕੈਰੋਂ ਨੂੰ ਜ਼ਿਆਦਾਤਰ ਉਨ੍ਹਾਂ ਬੰਦਿਆਂ ਨੇ ਬਦਨਾਮ ਕੀਤਾ ਜਿਹੜੇ ਉਨ੍ਹਾਂ ਬਾਰੇ ਤੇ ਪੰਜਾਬ ਬਾਰੇ ਨਹੀਂ ਸਨ ਜਾਣਦੇ ਤੇ ਸ਼ਾਇਦ ਜਿਨ੍ਹਾਂ ਨੇ ਦਾਸ ਕਮਿਸ਼ਨ ਰਿਪੋਰਟ ਕਦੇ ਪੜ੍ਹੀ ਵੀ ਨਹੀਂ ਸੀ। ਲੱਖਾਂ ਕਿਸਾਨਾਂ ਦੇ ਦਿਲਾਂ ਅੰਦਰ ਉਨ੍ਹਾਂ ਦੀ ਬਣ ਚੁੱਕੀ ਥਾਂ, ਧਰਮ-ਨਿਰਪੱਖਤਾ ਤੇ ਸੰਕਟ ਦੇ ਸਮੇਂ ਸਰਹੱਦਾਂ ਦੀ ਰਾਖੀ ਪ੍ਰਤੀ ਉਨ੍ਹਾਂ ਦੀ ਦੇਣ ਵਰਗੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਕੋਈ ਛੇਤੀ ਕੀਤੇ ਨਹੀਂ ਮਿਟਾ ਸਕਦਾ।’ ਅਚਾਰੀਆ ਵਿਨੋਬਾ ਭਾਵੇ ਨੇ ਬੜੇ ਦੁਖੀ ਮਨ ਨਾਲ ਇਹ ਖ਼ਬਰ ਸੁਣੀ ਤੇ ਸਿਆਸਤ ਵਿਚ ਹਿੰਸਾ ਦੇ ਇਸ ਤਰ੍ਹਾਂ ਦੇ ਪ੍ਰਵੇਸ਼ ਦੀ ਜ਼ੋਰਦਾਰ ਨਿੰਦਾ ਕੀਤੀ।
“ਸ਼ ਪ੍ਰਤਾਪ ਸਿੰਘ ਕੈਰੋਂ ਦੀ ਮ੍ਰਿਤਕ ਦੇਹ 7 ਫਰਵਰੀ ਨੂੰ ਐਂਬੂਲੈਂਸ ਵਿਚ ਰੱਖ ਕੇ ਉਨ੍ਹਾਂ ਦੇ ਪਿੰਡ ਲਈ ਰਵਾਨਾ ਹੋਈ। ਸੋਨੀਪਤ ਤੋਂ ਕੈਰੋਂ ਪਿੰਡ ਤੱਕ ਦੇ ਸਾਰੇ ਰਾਹ ਲੋਕਾਂ ਨੇ ਉਨ੍ਹਾਂ ਨੂੰ ਸ਼ਹੀਦਾਂ ਜਿੰਨਾ ਸਨਮਾਨ ਦਿੱਤਾ। ਕਰਨਾਲ, ਪਿੱਪਲੀ, ਸ਼ਾਹਬਾਦ, ਅੰਬਾਲਾ, ਰਾਜਪੁਰਾ, ਖੰਨਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ, ਕਰਤਾਰਪੁਰ ਤੇ ਬਿਆਸ ਆਦਿ ਥਾਵਾਂ ਉਤੇ ਲੋਕਾਂ ਦੀ ਭਾਰੀ ਭੀੜ ਨੇ ਸ਼ ਕੈਰੋਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੇ ਬਾਵਜੂਦ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਅੰਬਾਲੇ ਕੋਈ ਸ਼ਾਮ 6:30 ਵਜੇ ਅਤੇ ਅੰਮ੍ਰਿਤਸਰ ਤੜਕਸਾਰ 3 ਵਜੇ ਪਹੁੰਚੀ, ਹਜ਼ਾਰਾਂ ਲੋਕ ਆਪਣੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਥੇ ਇੰਤਜ਼ਾਰ ਕਰਦੇ ਰਹੇ। ਲੁਧਿਆਣਾ ਵਿਚ ਇਕੱਠੇ ਹੋਏ ਤੇ ਸੜਕ ਦੇ ਦੋਹੀਂ ਪਾਸੀਂ ਕਤਾਰਾਂ ਵਿਚ ਮੌਨ ਧਾਰ ਕੇ ਖੜੇ ਲੋਕਾਂ ਦੀ ਗਿਣਤੀ ਕੋਈ ਇਕ ਲੱਖ ਤੋਂ ਵੀ ਵੱਧ ਸੀ। ਰਾਤ 9 ਵਜੇ ਤੋਂ 11 ਵਜੇ ਤੱਕ ਉਨ੍ਹਾਂ ਨੂੰ ਲੰਘਦਿਆਂ ਦੋ ਘੰਟੇ ਲੱਗ ਗਏ। ਅੰਮ੍ਰਿਤਸਰ ਵਿਚੋਂ ਦੀ ਉਨ੍ਹਾਂ ਦੀ ਮ੍ਰਿਤਕ-ਦੇਹ ਜਲ੍ਹਿਆਂ ਵਾਲੇ ਬਾਗ਼ ਦੇ ਰਸਤੇ ਲੰਘਾਈ ਗਈ ਜਿਥੇ ਦੋ ਲੱਖ ਤੋਂ ਵਧੇਰੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੋਈ 50 ਹਜ਼ਾਰ ਲੋਕਾਂ ਦੀ ਹਾਜ਼ਰੀ ਵਿਚ ਸ਼ ਕੈਰੋਂ ਦੀ ਮ੍ਰਿਤਕ ਦੇਹ ਅਗਨ ਭੇਟ ਕੀਤੀ ਗਈ।”
ਪੁਸਤਕ ਵਿਚ ਮਾਸਟਰ ਤਾਰਾ ਸਿੰਘ ਤੇ ਪੰਡਤ ਨਹਿਰੂ ਦਾ ਚਿੱਠੀ ਪੱਤਰ ਵੀ ਪੜ੍ਹਨ ਵਾਲਾ ਹੈ। ਪ੍ਰਤਾਪ ਸਿੰਘ ਕੈਰੋਂ ਦੀ ਤਾਰਾ ਸਿੰਘ ਬਾਰੇ ਇਹ ਟਿਪਣੀ ਵੀ, “ਕਾਂਗਰਸ ਸਰਕਾਰ ਨੂੰ ਜ਼ਲੀਲ ਕਰਨ ਲਈ ਮਾਸਟਰ ਤਾਰਾ ਸਿੰਘ ਇਹ ਵਿਕੋਲਿਤਰਾ ਰਾਹ ਅਪਨਾ ਰਹੇ ਹਨ। ਉਸੇ ਧਰਮ ਤੇ ਉਸੇ ਮਿੱਟੀ ਦਾ ਹੁੰਦੇ ਹੋਏ ਮੈਂ ਸਮਝਦਾਂ, ਸਾਨੂੰ ਇਹ ਪੁਰਾਣੇ ਢੰਗ ਹੁਣ ਨਹੀਂ ਅਪਨਾਉਣੇ ਚਾਹੀਦੇ। ਸਾਡਾ ਸੰਵਿਧਾਨ ਸਾਨੂੰ ਹਰ ਧਰਮ ਦਾ ਸਤਿਕਾਰ ਕਰਨ ਦੀ ਹਦਾਇਤ ਕਰਦਾ ਹੈ ਤੇ ਇਸ ਨੂੰ ਅਸਲੀ ਰੂਪ ਦੇਣ ਲਈ ਸਾਨੂੰ ਪੂਰੀ ਖੁਲ੍ਹ ਦਿੰਦਾ ਹੈ।”
ਲੇਖਕ ਆਪਣਾ ਦੁੱਖ ਇੰਜ ਰੋਂਦਾ ਹੈ, “ਪੰਜਾਬ ਨੂੰ ਕਿਸੇ ਵੇਲੇ ਭਾਰਤ ਦਾ ਹੀਰੇ ਜੜਿਆ ਤਾਜ ਕਿਹਾ ਜਾਂਦਾ ਸੀ। ਜਿਨ੍ਹਾਂ ਨੇ ਉਹ ਦਿਨ ਦੇਖੇ ਹਨ ਉਨ੍ਹਾਂ ਲਈ ਪੰਜਾਬ ਦਾ ਘਟ ਕੇ 11 ਜ਼ਿਲਿਆਂ ਵਿਚ ਸਿਮਟ ਜਾਣਾ ਬਹੁਤ ਦੁਖਦਾਈ ਗੱਲ ਸੀ। 1947 ਦੀ ਵੰਡ ਨੇ ਇਸ ਨੂੰ ਅਪੰਗ ਕੀਤਾ ਤੇ 1966 ਨੇ ਇਸ ਨੂੰ ਹਮੇਸ਼ਾ ਲਈ ਅਜਿਹਾ ਬਣਾ ਦਿੱਤਾ ਜਿਹੜਾ ਮੁੜ ਕਦੀ ਵੀ ਚੰਗੇਰਾ ਤੇ ਵਡੇਰਾ ਨਹੀਂ ਬਣ ਸਕਦਾ।”
ਉਸ ਸਮੇਂ ਦੀਆਂ ਸਿਆਸੀ ਗਤੀਵਿਧੀਆਂ ਤੋਂ ਪਰਦਾ ਚੁੱਕਣ ਵਾਲੀ ਇਹ ਪੁਸਤਕ ਇਤਿਹਾਸ ਤੇ ਸਮਾਜ ਦੇ ਵਿਦਿਆਰਥੀਆਂ ਲਈ ਵਧੀਆ ਤੇ ਯਥਾਰਥਕ ਜਾਣਕਾਰੀ ਦੇਣ ਵਾਲੀ ਹੈ। ਅਸ਼ੋਕ ਸ਼ਰਮਾ ਨੂੰ ਪੁਸਤਕ ਦੇ ਪੰਜਾਬੀ ਅਨੁਵਾਦ ਦਾ ਮੁੜ ਛਪਣਾ ਮੁਬਾਰਕ!
ਅੰਤਿਕਾ:
ਵੁਹ ਵਕਤ ਭੀ ਦੇਖੇ ਹੈਂ ਤਵਾਰੀਖ ਕੀ ਘੜੀਓਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।