ਵਿਸਾਖੀ ਦੀ ਰੂਹ ਭੰਗੜਾ

ਸੁਖਦੇਵ ਮਾਦਪੁਰੀ
ਸੰਪਰਕ: 91-94630-34472
ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ ਭਾਰਤੀਆਂ ਖ਼ਾਸ ਕਰ ਪੰਜਾਬੀਆਂ ਲਈ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਅਤੇ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਿਸਾਖੀ ਨਾਲ ਸਬੰਧਿਤ ਅਹਿਮ ਇਤਿਹਾਸਕ ਘਟਨਾਵਾਂ ਹਨ।

ਸਭਿਆਚਾਰਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਵਿਸਾਖੀ ਅਸਲ ਵਿਚ ਕਿਸਾਨਾਂ ਦਾ ਤਿਉਹਾਰ ਹੈ ਜਿਸ ਨੂੰ ਉੱਤਰੀ ਭਾਰਤ ਵਿਚ ਬੜੇ ਉਤਸ਼ਾਹ ਨਾਲ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢੇ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਦੀ ਹਾੜ੍ਹੀ ਦੀ ਫ਼ਸਲ ਕਣਕ ਜੋ ਇਸ ਖਿੱਤੇ ਦੀ ਮੁੱਖ ਫ਼ਸਲ ਹੈ, ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਨਾਲ ਕਿਸਾਨਾਂ ਦੀਆਂ ਆਰਥਿਕ, ਸਮਾਜਕ ਅਤੇ ਮਾਨਸਿਕ ਲੋੜਾਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦੋਂ ਜੋਬਨ Ḕਤੇ ਆਈ ਕਣਕ ਦੀ ਫ਼ਸਲ ਦੇ ਸੁਨਹਿਰੀ ਸਿੱਟੇ ਹਵਾ ਵਿਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਵਜਦ ਵਿਚ ਆ ਜਾਂਦਾ ਹੈ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਸਾਰੇ ਲੋਕ ਇਹ ਤਿਉਹਾਰ ਉਸੇ ਉਤਸ਼ਾਹ ਨਾਲ ਮਨਾਉਂਦੇ ਹਨ ਜਿਸ ਉਤਸ਼ਾਹ ਨਾਲ਼ ਕਿਸਾਨ ਮਨਾਉਂਦਾ ਹੈ। ਔਰਤਾਂ, ਮਰਦ, ਗੱਭਰੂ, ਮੁਟਿਆਰਾਂ ਤੇ ਬੱਚੇ ਬੈਲ ਗੱਡੀਆਂ, ਘੋੜੀਆਂ, ਊਠਾਂ ਅਤੇ ਟਰੈਕਟਰਾਂ Ḕਤੇ ਸਵਾਰ ਹੋ ਕੇ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਹਨ। ਮੇਲਾ ਵੇਖਣ ਜਾਂਦੇ ਪੰਜਾਬੀਆਂ ਦੀ ਤਾਬ ਝੱਲੀ ਨਹੀਂ ਜਾਂਦੀ। ਉਹ ਖ਼ੁਦ ਨੂੰ ਸ਼ਿੰਗਾਰ ਕੇ ਵੰਨ-ਸੁਵੰਨੇ ਪਹਿਰਾਵੇ ਪਹਿਨ ਮੇਲੇ ਦੀ ਰੌਣਕ ਵਧਾਉਂਦੇ ਹਨ। ਪੰਜਾਬ ਦੀ ਨੱਚਦੀ-ਗਾਉਂਦੀ ਸੰਸਕ੍ਰਿਤੀ ਲੋਕ ਮਨਾਂ ਨੂੰ ਤ੍ਰਿਪਤ ਕਰਦੀ ਹੈ। ਗੱਭਰੂ ਮਸਤੀ ਵਿਚ ਝੂਮਦੇ ਹੋਏ ਢੋਲ ਦੇ ਡੱਗੇ ਦੀ ਤਾਲ Ḕਤੇ ਭੰਗੜਾ ਪਾਉਂਦੇ ਹਨ। ਭੰਗੜਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਪੁਰਾਤਨ ਸਮੇਂ ਤੋਂ ਹੀ ਪੱਛਮੀ ਪੰਜਾਬ ਵਿਚ ਵਿਸਾਖੀ ਮੌਕੇ ਪਾਇਆ ਜਾਂਦਾ ਰਿਹਾ ਹੈ। ਤਕਰੀਬਨ ਹਰ ਪਿੰਡ ਵਿਚ ਭੰਗੜੇ ਪੈਂਦੇ ਸਨ। ਸਰਗੋਧਾ, ਸਿਆਲਕੋਟ ਅਤੇ ਗੁੱਜਰਾਂਵਾਲਾ ਦੇ ਇਲਾਕੇ ਵਿਚ ਵਿਸਾਖੀ ਨੂੰ ਵਿਸ਼ੇਸ਼ ਤੌਰ ‘ਤੇ ਭੰਗੜੇ ਪੈਂਦੇ ਸਨ। ਐਬਟਾਬਾਦ ਦੀ ਵਿਸਾਖੀ ਦੇ ਮੇਲੇ Ḕਤੇ ਤਾਂ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਲੋਕ ਨਾਚ ਭੰਗੜੇ ਵਿਚ ਵਿਸਾਖੀ ਦੀ ਰੂਹ ਵਿਦਮਾਨ ਹੈ। ਢੋਲੀ ਜੋ ਆਮ ਕਰ ਕੇ ਭਰਾਈ ਹੁੰਦੇ ਸਨ, ਢੋਲ Ḕਤੇ ਡੱਗਾ ਮਾਰਦਾ ਹੈ। ਡੱਗਾ ਵੱਜਦੇ ਹੀ ਗੱਭਰੂ ਘਰਾਂ Ḕਚੋਂ ਨਿਕਲ ਤੁਰਦੇ ਹਨ। ਢੋਲ ਦੀ ਆਵਾਜ਼ ਧੂਹ ਪਾਉਂਦੀ ਹੈ। ਖ਼ੁਸ਼ੀ ਵਿਚ ਖੀਵਾ ਹੋਇਆ ਕੋਈ ਗੱਭਰੂ ਕੰਨ Ḕਤੇ ਹੱਥ ਰੱਖ ਕੇ ਹੇਕ ਲਾਉਂਦਾ ਹੈ:
ਪਾਰ ਝਨਾਉਂ ਦਿਸਦਾ ਈ ਬੇਲਾ
ਦੱਬ ਕੇ ਡੱਗਾ ਮਾਰ ਓ ਸੇ
ਦੁਨੀਆਂ ਝੱਟ ਦਾ ਮੇਲਾ।
ਪਿੰਡ ਦੀ ਮੋਕਲੀ ਸੱਥ ਵਿਚ ਖੜੋਤਾ ਢੋਲੀ ਢੋਲ Ḕਤੇ ਡੱਗਾ ਮਾਰਦਾ ਹੈ ਤੇ ਗੱਭਰੂ ਉਸ ਦੁਆਲੇ ਘੇਰਾ ਘੱਤ ਲੈਂਦੇ ਹਨ। ਡੱਗੇ ਦੀ ਮਿੱਠੀ-ਮਿੱਠੀ ਤਾਲ ਹੌਲੀ-ਹੌਲੀ ਤੇਜ਼ ਹੁੰਦੀ ਜਾਂਦੀ ਹੈ ਤੇ ਨਾਚ ਸ਼ੁਰੂ ਹੋ ਜਾਂਦਾ ਹੈ। ਗੱਭਰੂ ਮਸਤੀ ਵਿਚ ਆ ਕੇ ਗੋਲ ਦਾਇਰੇ Ḕਚ ਹੌਲੀ-ਹੌਲੀ ਝੂਮਦਿਆਂ ਢੋਲ ਦੇ ਡੱਗੇ ਨਾਲ ਤਾਲ ਮਿਲਾਉਂਦੇ, ਆਪਣੇ ਪੈਰਾਂ ਅਤੇ ਹੱਥਾਂ ਨੂੰ ਹਿਲਾਉਂਦੇ, ਸਰੀਰਾਂ ਨੂੰ ਲਚਕਾਉਂਦੇ, ਮੋਢੇ ਮਾਰਦੇ ਅਤੇ Ḕਹਈ ਸ਼ਾ, ਹਈ ਸ਼ਾḔ ਬੋਲਦੇ ਹੋਏ ਨੱਚਦੇ ਹਨ। ਨਾਚ ਤੇਜ਼ੀ ਫੜਦਾ ਹੈ। ਕਦੀ ਗੱਭਰੂ ਦਾਇਰੇ ਤੋਂ ਬਾਹਰ ਨਿਕਲ ਕੇ ਜੋਟੀਆਂ ਬਣਾ ਕੇ ਪੈਰਾਂ ਭਾਰ ਬੈਠਦੇ ਹੋਏ ਅੱਗੇ-ਪਿੱਛੇ ਨੱਚਦੇ ਹਨ। ਕੋਈ ਕੀਮਾ-ਮਲਕੀ ਦਾ ਖੂਹ Ḕਤੇ ਪਾਣੀ ਪਿਆਉਣ ਦਾ ਸਾਂਗ ਕਰਦਾ ਹੈ, ਕੋਈ ਸੱਪ ਤੇ ਬਗਲੇ ਦੀ ਝਾਕੀ ਪੇਸ਼ ਕਰਦਾ ਹੈ। ਉਨ੍ਹਾਂ ਦੀਆਂ ਵੰਨ-ਸੁਵੰਨੀਆਂ ਹਰਕਤਾਂ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ। ਢੋਲੀ ਤਾਲ ਨੂੰ ਤੇਜ਼ ਕਰਦਾ ਹੈ ਤੇ ਨਾਲ ਹੀ ਨੱਚਣ ਵਾਲੇ ਵੀ ਆਪਣੀਆਂ ਹਰਕਤਾਂ ਤੇਜ਼ ਕਰੀ ਜਾਂਦੇ ਹਨ। ਸਾਰਿਆਂ ਦੇ ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ। ਢੋਲੀ ਤਾਲ ਬਦਲਦਾ ਹੈ ਤੇ ਸਾਰੇ ਪਾਸੇ ਚੁੱਪ ਛਾ ਜਾਂਦੀ ਹੈ। ਨਾਚ ਰੁਕ ਜਾਂਦਾ ਹੈ। ਫਿਰ ਘੇਰੇ ਵਿਚੋਂ ਇੱਕ ਗੱਭਰੂ ਅੱਗੇ ਵਧਦਾ ਹੈ ਤੇ ਆਪਣਾ ਇੱਕ ਹੱਥ ਆਪਣੇ ਕੰਨ ਅਤੇ ਦੂਜਾ ਢੋਲ Ḕਤੇ ਰੱਖ ਕੇ ਕਿਸੇ ਢੋਲੇ ਨੂੰ ਹੇਕ ਨਾਲ ਗਾਉਂਦਾ ਹੈ:
ਕੰਨਾਂ ਨੂੰ ਬੁੰਦੇ ਸਿਰ ਛੱਤੇ ਨੇ ਕਾਲ਼ੇ
ਦਹੀਂ ਦੇ ਧੋਤੇ ਮੇਰੇ ਮੱਖਣਾਂ ਦੇ ਪਾਲੇ
ਰਲ ਮਿੱਟੀ ਵਿਚ ਗਏ ਨੇ
ਸੱਜਣ ਕੌਲ਼ ਨਹੀਂ ਪਾਲੇ
ਤੇਰੇ ਬਾਝੋਂ ਢੋਲਿਆ
ਸਾਨੂੰ ਕੌਣ ਸੰਭਾਲੇ।
ਕੋਈ ਹੋਰ ਗੱਭਰੂ ਅੱਗੇ ਵਧ ਕੇ ਹੇਕ ਲਾਉਂਦਾ ਹੈ:
ਚੜ੍ਹਿਆ ਏ ਚੰਨ
ਨਾਲੇ ਚੜ੍ਹੀਆਂ ਨੇ ਤਾਰੀਆਂ
ਕੁਝ ਡੁੱਬ ਗਈਆਂ
ਤੇ ਕੁਝ ਡੁੱਬਣ ਹਾਰੀਆਂ
ਮੇਰਾ ਪੀਠਾ ਸੁਰਮਾ
ਲੁੱਟ ਲਿਆ ਕੁਆਰੀਆਂ
ਉਨ੍ਹਾਂ ਕੀ ਵਸਣਾ ਸਹੁਰੇ ਸੇ
ਜਿਨ੍ਹਾਂ ਪੇਕੇ ਲਾਈਆਂ ਯਾਰੀਆਂæææ
ਜਦੋਂ ਢੋਲਾ ਖ਼ਤਮ ਹੁੰਦਾ ਹੈ ਤਾਂ ਢੋਲੀ ਫਿਰ ਢੋਲ Ḕਤੇ ਡੱਗਾ ਮਾਰਦਾ ਹੈ ਤੇ ਨਾਚ ਵਾਲਾ ਤਾਲ ਵੱਜਦਾ ਹੈ ਤੇ ਨਾਚ ਮੁੜ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਵਾਂਗ ਨਾਚ ਦੀ ਗਤੀ ਹੌਲੀ ਹੁੰਦੀ ਹੈ ਤੇ ਤਾਲ ਦੀ ਰਫ਼ਤਾਰ ਨਾਲ ਤੇਜ਼ ਹੋ ਜਾਂਦੀ ਹੈ। ਨਾਚ ਦਾ ਘੇਰਾ ਘਟਦਾ-ਵਧਦਾ ਰਹਿੰਦਾ ਹੈ। ਜਿਹੜੇ ਥੱਕ ਜਾਂਦੇ ਹਨ, ਉਹ ਬੈਠ ਜਾਂਦੇ ਹਨ ਤੇ ਨਾਲੋ-ਨਾਲ ਹੋਰ ਗੱਭਰੂ ਘੇਰੇ ਵਿਚ ਸ਼ਰੀਕ ਹੋਈ ਜਾਂਦੇ ਹਨ। ਇਸ ਰਵਾਇਤੀ ਨਾਚ ਵਿਚ ਨੱਚਣ ਵਾਲਿਆਂ ਦੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ। ਇੱਕ ਗੱਲ ਲਾਜ਼ਮੀ ਹੈ ਕਿ ਕੋਈ ਨਚਾਰ ਤਾਲ ਨਾ ਤੋੜੇ ਤੇ ਢੋਲ ਦੀ ਤਾਲ Ḕਤੇ ਨੱਚਦਾ ਰਹੇ, ਸਰੀਰਕ ਹਰਕਤਾਂ ਜਿਵੇਂ ਮਰਜ਼ੀ ਕਰੀ ਜਾਵੇ। ਇਸ ਨਾਚ ਦੀ ਹੋਰਨਾਂ ਲੋਕ ਨਾਚਾਂ ਵਾਗ ਕੋਈ ਬੱਝਵੀਂ ਤਕਨੀਕ ਨਹੀਂ ਹੈ। ਇਸ ਲਈ ਵਿਸ਼ੇਸ਼ ਪਹਿਰਾਵੇ ਦੀ ਵੀ ਲੋੜ ਨਹੀਂ ਪਰ ਅੱਜ ਕੱਲ੍ਹ ਸਕੂਲਾਂ ਅਤੇ ਕਾਲਜਾਂ ਵਾਲੇ ਆਪਣੀਆਂ-ਆਪਣੀਆਂ ਭੰਗੜਾ ਟੀਮਾਂ ਲਈ ਵਿਸ਼ੇਸ਼ ਪ੍ਰਕਾਰ ਦੀਆਂ ਪੁਸ਼ਾਕਾਂ ਤਿਆਰ ਕਰਵਾਉਂਦੇ ਹਨ ਜਿਨ੍ਹਾਂ ਵਿਚ ਆਮ ਕਰ ਕੇ ਚਾਦਰੇ, ਕਮੀਜ਼ਾਂ ਅਤੇ ਜਾਕਟਾਂ ਹੁੰਦੀਆਂ ਹਨ। ਅੱਜ ਕੱਲ੍ਹ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਯੂਥ ਫ਼ੈਸਟੀਵਲਾਂ Ḕਚ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਹ ਅਜੋਕੇ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਬਣ ਗਿਆ ਹੈ। ਜੋਸ਼ ਭਰਪੂਰ ਅਤੇ ਵਲਵਲਿਆਂ ਭਰਪੂਰ ਇਸ ਨਾਚ ਦੀਆਂ ਧੁੰਮਾਂ ਪੂਰੀ ਦੁਨੀਆਂ ਵਿਚ ਪੈ ਰਹੀਆਂ ਹਨ।