ਆਮਨਾ ਸਿਦੀਕੀ
‘ਸ਼ੀਰੀਂ ਦਾ ਕਾਨੂੰਨ’ ਨਾਂ ਦਾ ਲੜੀਵਾਰ 36 ਸਾਲਾ ਔਰਤ ਦੀ ਕਹਾਣੀ ਹੈ ਜਿਹੜੀ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਕਾਬਲ ਦੀ ਅਦਾਲਤ ਵਿਚ ਕਲਰਕ ਹੈ। ਇਸ ਲੜੀਵਾਰ ਦੇ ਜ਼ਰੀਏ ਅਫਗਾਨਿਸਤਾਨ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਔਰਤਾਂ ਉਤੇ ਹੁੰਦੇ ਜ਼ੁਲਮ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਆਮ ਅਫਗਾਨ ਔਰਤ ਅੱਜ ਕੱਲ੍ਹ ਘਰਾਂ ਅੰਦਰ ਹੀ ਤਾੜੀ ਹੋਈ ਹੈ ਪਰ ਇਸ ਲੜੀਵਾਰ ਦੀ ਨਾਇਕਾ ਸ਼ੀਰੀਂ ਬਾਹਰ ਵਿਚਰਦੀ ਹੈ ਅਤੇ ਮਰਦ ਪ੍ਰਧਾਨ ਸਮਾਜ ਨੂੰ ਸਿੱਧਿਆਂ ਹੋ ਕੇ ਵੰਗਾਰਦੀ ਹੈ। ਯਾਦ ਰਹੇ, ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਔਰਤਾਂ ਦੀ ਹਾਲਤ ਹੋਰ ਵੀ ਨਿਘਰ ਗਈ ਸੀ। ਹੁਣ ਤਾਲਿਬਾਨ ਦਾ ਰਾਜ ਖਤਮ ਹੋਇਆਂ ਤਕਰੀਬਨ 13 ਸਾਲ ਹੋ ਗਏ ਹਨ ਅਤੇ ਹੌਲੀ-ਹੌਲੀ ਔਰਤ ਦੀ ਹਾਲਤ ਵਿਚ ਵੀ ਕੁਝ ਕੁ ਫਰਕ ਪਿਆ ਹੈ। ਇਹ ਲੜੀਵਾਰ ਇਸ ਫਰਕ ਨੂੰ ਹੀ ਦਰਸਾਉਂਦਾ ਹੈ। ਇਸ ਲੜੀਵਾਰ ਵਿਚ ਨਾਇਕਾ ਸ਼ੀਰੀਂ ਵਾਲਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਲੀਨਾ ਆਲਮ ਦਾ ਕਹਿਣਾ ਹੈ ਕਿ ਅੱਜ ਤੱਕ ਅਫਗਾਨ ਔਰਤ ਨੂੰ ਦੁਸ਼ਵਾਰੀਆਂ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋਇਆ ਹੈ। ਚੇਤੇ ਰਹੇ, ਲੀਨਾ ਆਲਮ 1989 ਵਿਚ ਅਫਗਾਨਿਸਤਾਨ ਛੱਡ ਕੇ ਅਮਰੀਕਾ ਜਾ ਵਸੀ ਸੀ ਅਤੇ ਫਿਰ ਉਹ 2007 ਵਿਚ ਹੀ ਵਾਪਸ ਆਈ ਸੀ। ਉਸ ਨੇ ਆਪਣਾ ਫਿਲਮੀ ਕਰੀਅਰ 1998 ਵਿਚ ਸ਼ੁਰੂ ਕੀਤਾ ਸੀ। ਪਹਿਲਾਂ ਪਹਿਲ ਉਸ ਨੇ ਮਾਡਲਿੰਗ ਵੀ ਕੀਤੀ ਸੀ ਅਤੇ ਕੁਝ ਕੁ ਡਾਂਸ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ ਸੀ। ਉਹ ਕੁਝ ਸਮਾਂ ਭਾਰਤ ਵਿਚ ਵੀ ਰਹੀ ਸੀ, ਭਾਰਤ ਵਿਚ ਉਹ ਪੜ੍ਹਨ ਖਾਤਰ ਗਈ ਸੀ। ਫਿਰ ਜਦੋਂ ਉਹਨੇ ਫਿਲਮੀ ਦੁਨੀਆਂ ਵਿਚ ਦਾਖਲਾ ਲਿਆ, ਤਾਂ ਉਸ ਦੀ ਮੁਲਾਕਾਤ ਸਲਾਮ ਸਾਂਗੀ ਨਾਲ ਹੋਈ ਜਿਸ ਨੇ ਉਸ ਦੇ ਫਿਲਮੀ ਕਰੀਅਰ ਨੂੰ ਹੁਲਾਰਾ ਦਿੱਤਾ। ਸਲਾਮ ਨੇ ਉਸ ਦੀ ਅਦਾਕਾਰੀ ਨੂੰ ਨਿਖਾਰਨ ਵਿਚ ਬੜਾ ਵੱਡਾ ਰੋਲ ਅਦਾ ਕੀਤਾ ਹੈ। 2008 ਵਿਚ ਉਸ ਨੂੰ ਤੀਜੇ ਕੌਮਾਂਤਰੀ ਕਾਬੁਲ ਫਿਲਮ ਮੇਲੇ ਵਿਚ ਸਰਵੋਤਮ ਅਦਾਕਾਰਾ ਦਾ ਇਨਾਮ ਦਿੱਤਾ ਗਿਆ ਸੀ। ਬਾਅਦ ਵਿਚ ਉਸ ਨੂੰ ਕੁਝ ਹੋਰ ਇਨਾਮ ਸਨਮਾਨ ਵੀ ਮਿਲੇ। ਉਹ ਸਮਾਜ ਸੇਵਕਾ ਵਜੋਂ ਵੀ ਸਰਗਰਮ ਰਹਿੰਦੀ ਹੈ।
ਲੀਨਾ ਆਲਮ ਦੱਸਦੀ ਹੈ ਕਿ ‘ਸ਼ੀਰੀਂ ਦਾ ਕਾਨੂੰਨ’ ਵਿਚ ਅਫਗਾਨਿਸਤਾਨ ਦੀ ਨਿਆਂ ਪ੍ਰਣਾਲੀ ਬਾਰੇ ਵੀ ਖੂਬ ਖੁਲਾਸਾ ਕੀਤਾ ਗਿਆ ਹੈ। ਇਸ ਕਹਾਣੀ ਦੀ ਪਾਤਰ ਸ਼ੀਰੀਂ ਬੜੀ ਦਲੇਰ ਔਰਤ ਹੈ ਅਤੇ ਉਹ ਹਰ ਔਕੜ ਨਾਲ ਟਕਰਾਅ ਜਾਂਦੀ ਹੈ। ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਹੁਣੇ ਹੀ ਵਕਤ ਹੈ ਕਿ ਸ਼ੀਰੀਂ ਵਾਂਗ ਅਫ਼ਗਾਨਿਸਤਾਨ ਦੀ ਹਰ ਔਰਤ ਅੱਗੇ ਆਵੇ ਅਤੇ ਦੁਸ਼ਵਾਰੀਆਂ ਦਾ ਹੱਲ ਖੁਦ ਕੱਢੇ। ਇਸ ਦੇ ਲਈ ਸਭ ਤੋਂ ਪਹਿਲੀ ਗੱਲ ਔਰਤਾਂ ਨੂੰ ਸਿੱਖਿਅਤ ਕਰਨਾ ਹੈ ਜਿਸ ਉਤੇ ਤਾਲਿਬਾਨ ਅਤੇ ਹੋਰ ਕੱਟੜਪੰਥੀ ਪਾਬੰਦੀ ਲਗਾਉਂਦੇ ਰਹੇ ਹਨ। ਤਾਲਿਬਾਨ ਦੇ 1996 ਤੋਂ ਲੈ ਕੇ 2001 ਤੱਕ ਦੇ ਰਾਜ ਦੌਰਾਨ ਟੈਲੀਵਿਜ਼ਨ ਉਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਹੁਣ ਲਗਭਗ 58 ਫੀਸਦੀ ਅਫਗਾਨ ਘਰਾਂ ਵਿਚ ਟੀæਵੀæ ਪੁੱਜ ਚੁੱਕਾ ਹੈ। ਟੈਲੀਵਿਜ਼ਨ ਤੋਂ ਤੁਰਕੀ ਅਤੇ ਭਾਰਤੀ ਨਾਟਕ ਆਮ ਦਿਖਾਈ ਦਿੰਦੇ ਹਨ। ਇਹ ਪਹਿਲੀ ਵਾਰ ਹੈ ਕਿ ਅਫਗਾਨਿਸਤਾਨ ਦੀ ਕਹਾਣੀ ਇਸ ਲੜੀਵਾਰ ਰਾਹੀਂ ਸੁਣਾਈ ਜਾ ਰਹੀ ਹੈ। ਫਰਾਂਸੀਸੀ ਸਮਾਜਸੇਵੀ ਏਨ ਜੈਸਿਮ ਫਲਹਰ ਜੋ ਕਾਬਲ ਵਿਚ ਇਕ ਕੰਪਨੀ ਵੀ ਚਲਾ ਰਹੀ ਹੈ, ਦਾ ਕਹਿਣਾ ਹੈ ਕਿ ਟੈਲੀਵਿਜ਼ਨ ਸਮਾਜ ਦਾ ਨਜ਼ਰੀਆ ਬਦਲਣ ਲਈ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਟੈਲੀਵਿਜ਼ਨ ਨੇ ਜਬਰੀ ਵਿਆਹ ਅਤੇ ਔਰਤਾਂ ‘ਤੇ ਹੁੰਦੀ ਘਰੇਲੂ ਹਿੰਸਾ ਦਾ ਮੁੱਦਾ ਵੱਡੇ ਪੱਧਰ ‘ਤੇ ਉਭਾਰਿਆ ਹੈ। ‘ਸ਼ੀਰੀਂ ਦਾ ਕਾਨੂੰਨ’ ਦੀਆਂ 12 ਕਿਸ਼ਤਾਂ ਹੋਣਗੀਆਂ ਅਤੇ ਹਰ ਕਿਸ਼ਤ 45 ਮਿੰਟ ਦੀ ਹੋਵੇਗੀ।