ਸਤਿਕਾਰਯੋਗ ਭਗਵੰਤ ਮਾਨ,
ਮੈਂਬਰ ਪਾਰਲੀਮੈਂਟ।
ਤੁਸੀਂ ਪਿਛਲੇ ਕਈ ਸਾਲਾਂ ਤੋਂ ਅਖਬਾਰੀ ਸੁਰਖੀਆਂ ਵਿਚ ਹੋ ਪਰ ਕੁਝ ਅਜਿਹੀਆਂ ਤਾਜ਼ਾ ਖਬਰਾਂ ਹਨ ਜਿਨ੍ਹਾਂ ਨੇ ਪੰਜਾਬੀ ਦੇ ਇਸ ਨਿਮਾਣੇ ਲੇਖਕ ਨੂੰ ਉਦਾਸ ਕੀਤਾ ਹੈ। ਤੁਸਾਂ ਆਪਣੇ ਪਰਿਵਾਰ ਤੇ ਪੂਰੇ ਪੰਜਾਬ ਨੂੰ ਦੋ ਵੱਖ ਵੱਖ ਪੱਲੜਿਆਂ ਵਿਚ ਰੱਖਿਆ ਤੇ ਇਨ੍ਹਾਂ ਵਿਚੋਂ ਪੰਜਾਬ ਨੂੰ ਚੁਣਿਆ ਹੈ।
ਤੁਹਾਡਾ ਦਾਅਵਾ ਹੈ ਕਿ ਪੰਜਾਬ ਦੀ ਸੇਵਾ ਕਰਨ ਵਾਸਤੇ ਤੁਸੀਂ ਪਰਿਵਾਰਕ ਸੁੱਖ ਦਾ ਤਿਆਗ ਕਰਨ ਦੀ ਕੁਰਬਾਨੀ ਕਰ ਰਹੇ ਹੋ ਤੇ ਇਸ ਵਾਸਤੇ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ ਹੈ। ਬਤੌਰ ਪੰਜਾਬ ਦੇ ਜੰਮਪਲ ਤੇ ਬਤੌਰ ਪੰਜਾਬ ਪ੍ਰੇਮੀ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਡਾ ਧੰਨਵਾਦ ਕਿਸ ਤਰ੍ਹਾਂ ਕਰਾਂ ਕਿਉਂਕਿ ਪਰਿਵਾਰਕ ਜੀਵਨ ਵੀ ਮੇਰੇ ਵਾਸਤੇ ਹਮੇਸ਼ਾ ਅਹਿਮ ਹੈ। ਇਸ ਵਾਸਤੇ ਕੁਝ ਗੱਲਾਂ ਸਿਰਫ ਮੂੰਹ ‘ਤੇ ਹੀ ਨਹੀਂ, ਪੰਜਾਬ ਦੇ ਸਾਹਮਣੇ ਕਰਨ ਦੀ ਜ਼ਰੂਰਤ ਹੈ।
ਸਰਗਰਮ ਰਾਜਨੀਤੀ ਵਿਚ ਆ ਕੇ ਵੱਡੀ ਜਿੱਤ ਨਾਲ ਪਾਰਲੀਮੈਂਟ ਵਿਚ ਪਹੁੰਚਣ ਤੋਂ ਪਹਿਲਾਂ ਤੁਸਾਂ ਗਾਇਕੀ ਦੀ ਕਲਾ ਵਿਚ ਵੱਡਾ ਨਾਮਣਾ ਖੱਟਿਆ ਹੈ। ਆਮ ਹੀ ਸਮਝਿਆ ਜਾਂਦਾ ਹੈ ਕਿ ਗਾਇਕੀ ਦੀ ਪ੍ਰਸਿੱਧੀ ਕਰਕੇ ਹੀ ਤੁਹਾਨੂੰ ਰਾਜਨੀਤੀ ਵਿਚ ਮਾਣ ਮਿਲਿਆ। ਰਾਜਨੀਤੀ ਵਿਚ ਤੁਸਾਂ ਇਕ ਨਵੀਂ ਝਲਕ ਦਿੱਤੀ ਹੈ। ਤੁਹਾਡੇ ਕੋਲੋਂ ਤੇ ਤੁਹਾਡੀ ਪਾਰਟੀ ਕੋਲੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਪੰਜਾਬ ਦੇ ਲੋਕਾਂ ਨੂੰ ਤੁਹਾਡੀ ਸਰਗਰਮ ਸੇਵਾ ਦੀ ਤਾਂਘ ਹੈ ਪਰ ਸਵਾਲ ਇਹ ਹੈ ਕਿ ਕੀ ਉਹ ਇਸ ਸੇਵਾ ਦੇ ਬਦਲੇ ਤੁਹਾਡੇ ਪਰਿਵਾਰਕ ਜੀਵਨ ਦੀ ਕੀਮਤ ਦੇਣ ਵਾਸਤੇ ਤਿਆਰ ਹੋਣਗੇ। ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਲੋਕ ਇਤਨੇ ਖੁਦਗਰਜ਼ ਹੋਣਗੇ।
ਅਸਾਂ ਚੋਣ ਅਭਿਆਨ ਦੇ ਵਕਤ ਦੀਆਂ ਕੁਝ ਤਸਵੀਰਾਂ ਵੇਖੀਆਂ ਹਨ ਕਿ ਕਿਸ ਤਰ੍ਹਾਂ ਤੁਹਾਡਾ ਪਰਿਵਾਰ ਤੁਹਾਡੀ ਜਿੱਤ ਵਾਸਤੇ ਸਰਗਰਮ ਰਿਹਾ ਤੇ ਜਿੱਤਣ ਤੋਂ ਬਾਅਦ ਕਿਤਨੀ ਸ਼ਿੱਦਤ ਨਾਲ ਤੁਹਾਡੀ ਖੁਸ਼ੀ ਵਿਚ ਸ਼ਾਮਿਲ ਹੋਇਆ। ਸਭ ਨੂੰ ਹੈਰਾਨੀ ਹੈ ਕਿ ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਨੌਬਤ ਤਲਾਕ ਤੱਕ ਪਹੁੰਚ ਗਈ ਹੈ। ਹਾਂ ਜੇ ਇਹ ਨਿਰੋਲ ਜਾਤੀ ਮਾਨਸਿਕ ਉਲਝਣ ਹੈ ਤਾਂ ਸਾਡਾ ਕਿਸੇ ਦਾ ਵੀ ਦਖਲ ਦੇਣ ਦਾ ਹੱਕ ਨਹੀਂ ਪਰ ਉਸ ਹਾਲਤ ਵਿਚ ਤੁਹਾਨੂੰ ਪੰਜਾਬ ਉਪਰ ਇਤਨਾ ਭਾਰ ਜਾਂ ਪਾਪ ਨਹੀਂ ਚੜ੍ਹਾਉਣਾ ਚਾਹੀਦਾ।
ਇਕ ਵਿਹਾਰੀ ਪੱਖ ਵੀ ਅਪਨਾਉਣਾ ਚਾਹੀਦਾ ਹੈ, ਸੰਗਰੂਰ ਸੀਟ ਤੋਂ ਹਮੇਸ਼ਾ ਨੁਮਾਇੰਦੇ ਬਦਲਦੇ ਆਏ ਹਨ। ਮੰਨਿਆ ਕਿ ਤੁਹਾਡੀ ਲੋਕਪ੍ਰਿਅਤਾ ਬਹੁਤ ਵੱਡੇ ਪੈਮਾਨੇ ਦੀ ਹੋਵੇਗੀ ਪਰ ਸਪਸ਼ਟ ਹੈ ਕਿ ਅਗਲੀ ਵਾਰ ਵੀ ਸੀਟ ਜਿੱਤ ਲੈਣ ਦੀ ਗਾਰੰਟੀ ਕੋਈ ਨਹੀਂ ਲੈ ਸਕਦਾ। ਸਵਾਲ ਹੈ ਕਿ ਉਸ ਹਾਲਤ ਵਿਚ ਕੀ ਤੁਸੀਂ ਇਸੇ ਪਰਿਵਾਰ ਨੂੰ ਦੋਬਾਰਾ ਜੋੜੋਗੇ ਜਾਂ ਕੋਈ ਨਵਾਂ ਬਣਾਉਗੇ? ਜਦੋਂ ਤੁਸਾਂ ਘਰ ਦੀਆਂ ਗੱਲਾਂ ਸਾਰੇ ਪੰਜਾਬ ਨਾਲ ਜੋੜ ਹੀ ਲਈਆਂ ਹਨ ਤਾਂ ਇਕ ਪੰਜਾਬੀ ਨੂੰ ਇਹ ਪੁੱਛਣ ਦਾ ਵੀ ਹੱਕ ਹੋਵੇਗਾ ਕਿ ਤਲਾਕ ਤੋਂ ਬਾਅਦ ਕੀ ਤੁਸੀਂ ਹੋਰ ਵਿਆਹ ਕਰਵਾਉਗੇ ਕਿ ਇਕੱਲੇ ਰਹੋਗੇ? ਜੇ ਹੋਰ ਵਿਆਹ ਕਰਵਾਉਂਦੇ ਹੋ ਤਾਂ ਕੀ ਗਾਰੰਟੀ ਹੈ ਕਿ ਤੁਹਾਡਾ ਨਵਾਂ ਪਰਿਵਾਰ ਪੰਜਾਬ ਸੇਵਾ ਦੇ ਰਸਤੇ ਵਿਚ ਰੁਕਾਵਟ ਨਹੀਂ ਬਣੇਗਾ ਤੇ ਜੇ ਨਹੀਂ ਕਰਵਾਉਂਦੇ ਤਾਂ ਆਮ ਆਦਮੀ ਨੂੰ ਕੀ ਮਸ਼ਵਰਾ ਦਿੰਦੇ ਹੋ ਕਿ ਸਮਾਜ ਦੀ ਸੇਵਾ ਬਿਨਾਂ ਪਰਿਵਾਰ ਤੋਂ ਰਹਿ ਕੇ ਹੀ ਕੀਤੀ ਜਾ ਸਕਦੀ ਹੈ।
ਇਸ ਬਾਰੇ ਮੈਂ ‘ਆਮ ਆਦਮੀ ਪਾਰਟੀ’ ਦੀ ਰਾਏ ਜਾਣਨਾ ਵੀ ਬਹੁਤ ਜ਼ਰੂਰੀ ਸਮਝਦਾ ਹਾਂ ਕਿ ਕੀ ਉਹ ਆਪਣੇ ਕਿਸੇ ਕਾਰਕੁੰਨ ਕੋਲੋਂ ਪੰਜਾਬ ਦੀ ਸੇਵਾ ਵਾਸਤੇ ਪਰਿਵਾਰਕ ਸੁਖ ਦੀ ਕੁਰਬਾਨੀ ਲੈਣਾ ਪਸੰਦ ਕਰਦੀ ਹੈ। ਇਕ ਹੋਰ ਗੱਲ ਹੈ ਜੋ ਸ਼ਾਇਦ ਭਗਵੰਤ ਮਾਨ ਨੂੰ ਪਸੰਦ ਨਾ ਆਵੇ। ਸੰਗਰੂਰ ਹਲਕੇ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਨੂੰ ਵੀ, ਭਾਵੇਂ ਉਸ ਤੋਂ ਘੱਟ ਕਾਬਲੀਅਤ ਵਾਲਾ ਹੀ ਸਹੀ, ਕੋਈ ਨਾ ਕੋਈ ਹੋਰ ਪ੍ਰਤੀਨਿਧ ਲੱਭ ਜਾਵੇਗਾ ਪਰ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਮੁਖੀ ਨਹੀਂ ਲੱਭ ਸਕਦਾ।
ਆਖਰ ਵਿਚ ਮੈਂ ਪੰਜਾਬ ਦੇ ਸ਼ਹਿਰੀਆਂ, ਆਮ ਲੋਕਾਂ ਤੇ ਆਮ ਆਦਮੀ ਪਾਰਟੀ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਜਿਸ ਵਿਅਕਤੀ ਵਿਚ ਪੰਜਾਬ ਵਾਸਤੇ ਅਜਿਹਾ ਜਜ਼ਬਾ ਹੈ, ਉਸ ਦੀ ਮਦਦ ਕਰਨੀ ਚਾਹੀਦੀ ਹੈ। ਉਸ ਨੇ ਆਪਣੇ ਜੋਸ਼ੀਲੇ ਬਿਆਨ ਰਾਹੀਂ ਸਾਨੂੰ ਇਕ ਹੱਕ ਦੇ ਦਿੱਤਾ ਹੈ ਜੋ ਵਰਤਣਾ ਚਾਹੀਦਾ ਹੈ। ਸਾਨੂੰ ਜ਼ੋਰਦਾਰ ਸ਼ਬਦਾਂ ਵਿਚ ਕਹਿਣਾ ਚਾਹੀਦਾ ਹੈ ਕਿ ਅਸੀਂ ਉਸ ਦੀ ਸੇਵਾ ਵਾਸਤੇ ਇਤਨੀ ਦਰਦਨਾਕ ਕੀਮਤ ਨਹੀਂ ਸਹਿਣ ਕਰ ਸਕਦੇ। ਸਾਨੂੰ ਉਸ ਦਾ ਪਰਿਵਾਰਕ ਜੀਵਨ ਬਹੁਤ ਪਿਆਰਾ ਹੈ, ਉਹ ਉਸ ਨੂੰ ਪਹਿਲ ਦੇਵੇ। ਸੂਬਿਆਂ ਦੇ ਬੁੱਤੇ ਮਾੜੇ ਮੋਟੇ ਸਰਦੇ ਰਹਿਣਗੇ ਪਰ ਪਰਿਵਾਰ ਨਹੀਂ ਲੱਭਦੇ। ਜੋੜਿਆਂ ਦੀਆਂ ਪਿਆਰ ਪੀਂਘਾਂ ‘ਮਨਫੀ’ ਨਹੀਂ ਹੋ ਸਕਦੀਆਂ ਤੇ ਨਾ ਹੀ ਪੈਦਾ ਕੀਤੇ ਬੱਚੇ ਦੋਬਾਰਾ ਢਿੱਡ ਵਿਚ ਪਾਏ ਜਾ ਸਕਦੇ ਹਨ।
ਅੱਜ ਪੰਜਾਬ ਦੀਆਂ ਅਨੇਕਾਂ ਆਰਥਕ ਸਮੱਸਿਆਵਾਂ ਹਨ ਪਰ ਸਮਾਜਕ ਸਮੱਸਿਆਵਾਂ ਵਿਚੋਂ ਮੁੱਖ ਨਸ਼ਾਖੋਰੀ ਤੇ ਦੂਜੀ ਪਰਿਵਾਰਾਂ ਦੇ ਟੁੱਟਣ ਦੀ ਚੱਲ ਰਹੀ ਹਵਾ ਹੈ। ਇਸ ਹਾਲਤ ਵਿਚ ਜੇ ਉਹ ਇਕ ਪਰਿਵਾਰ, ਆਪਣੇ ਖ਼ੁਦ ਦੇ ਪਰਿਵਾਰ ਨੂੰ, ਟੁੱਟਣ ਤੋਂ ਬਚਾ ਲੈਣਗੇ ਤਾਂ ਪੰਜਾਬ ਵਾਸਤੇ ਵੱਡੀ ਸੇਵਾ ਹੋਵੇਗੀ। ਤੁਸੀਂ ਇਕ ਚੰਗੀ ਉਦਾਹਰਣ ਬਣੋ ਤੇ ਜਿਸ ਸ਼ਾਨ ਨਾਲ ਕਚਹਿਰੀ ਵਿਚ ਉਮੀਦਵਾਰੀ ਦੇ ਕਾਗਜ਼ ਦਾਖਲ ਕਰਨ ਗਏ ਸੀ, ਉਸੇ ਸ਼ਾਨ ਨਾਲ ਤਲਾਕ ਦੀ ਅਰਜ਼ੀ ਵਾਪਸ ਲੈਣ ਵਾਸਤੇ ਜਾਓ। ਲੋਕੀਂ ਬਾਗੋ ਬਾਗ ਹੋਣਗੇ।
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜੁਗ ਜੁਗ ਜੀਣ ਦੀਆਂ ਅਰਦਾਸਾਂ ਨਾਲ,
-ਅਭੈ ਸਿੰਘ
ਫੋਨ: 91-98783-75903