ਖਿੰਡਦੀ ਖਾਮੋਸ਼ੀ…

ਐਨæਐਚæ10: ਅਣਖ ਦੇ ਨਾਂ ‘ਤੇ ਕਤਲਾਂ ਦਾ ਕਿੱਸਾ
ਹਿੰਦੀ ਫਿਲਮ ‘ਐਨæਐਚæ 10’ ਵਿਚ ਬੁਨਿਆਦੀ ਤੌਰ ‘ਤੇ ਮਰਦਾਵੀਂ ਧੌਂਸ ਦੀਆਂ ਕੁਝ ਕੁ ਪਰਤਾਂ ਫਰੋਲੀਆਂ ਗਈਆਂ ਹਨ। ਫਿਲਮ ਦੀ ਕਹਾਣੀ ਅਣਖ ਖਾਤਰ ਕਤਲ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿਚ ਅਦਾਕਾਰਾ ਅਨੁਸ਼ਕਾ ਸ਼ਰਮਾ ਖੁਦ ਨਿਰਮਾਤਾ ਵੀ ਬਣੀ ਹੈ ਅਤੇ ਇਸ ਫਿਲਮ ਵਿਚ ਉਸ ਦੀ ਅਦਾਕਾਰੀ ਦੀ ਵੀ ਖੂਬ ਪ੍ਰਸ਼ੰਸਾ ਹੋਈ ਹੈ।

ਇਸ ਫਿਲਮ ਦਾ ਇਕ ਹੋਰ ਅਹਿਮ ਪੱਖ ਇਹ ਵੀ ਰਿਹਾ ਹੈ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਦੇ ਪ੍ਰਚਾਰ ਲਈ ਧੂੜਾਂ ਨਹੀਂ ਪੁੱਟੀਆਂ ਗਈਆਂ, ਬਲਕਿ ਇਹ ਫਿਲਮ ਚੰਗੀ ਹੋਣ ਕਰ ਕੇ ਚੱਲੀ ਹੈ। ਫਿਲਮ ਮਿਆਰੀ ਤਾਂ ਹੈ ਹੀ, ਇਸ ਦੀ ਕਹਾਣੀ ਵੀ ਸਮਾਜਕ ਸੁਨੇਹਾ ਦੇਣ ਅਤੇ ਝੰਜੋੜਨ ਵਾਲੀ ਹੈ। ਕੁੱਲ 13 ਕਰੋੜ ਰੁਪਏ ਦੀ ਬਜਟ ਵਾਲੀ ਇਸ ਫਿਲਮ ਨੇ ਬਾਕਸ ਆਫਿਸ ਉਤੇ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਵਿਚ ਮੁੱਖ ਭੂਮਿਕਾਵਾਂ ਅਨੁਸ਼ਕਾ ਸ਼ਰਮਾ ਤੇ ਨੀਲ ਭੁਪਾਲਮ, ਦੀਪਤੀ ਨਵਲ, ਦਰਸ਼ਨ ਕੁਮਾਰ ਅਤੇ ਦਾਨਿਆ ਪਰੋਹਿਤ ਦੋਭਾਲ ਦੀਆਂ ਹਨ। ਇਹ ਫਿਲਮ ਫਿਲਮਸਾਜ਼ ਨਵਦੀਪ ਸਿੰਘ ਨੇ ਬਣਾਈ ਹੈ ਜੋ ਇਸ ਤੋਂ ਪਹਿਲਾਂ ‘ਮਨੋਰਮਾ ਸਿਕਸ ਫੀਟ ਅੰਡਰ’ (2007) ਵਰਗੀ ਧੂਹ ਪਾਊ ਫਿਲਮ ਬਣਾ ਚੁੱਕਾ ਹੈ। ‘ਮਨੋਰਮਾ ਸਿਕਸ ਫੀਟ ਅੰਡਰ’ ਦੀ ਖੂਬ ਚਰਚਾ ਹੋਈ ਸੀ। ਅਣਖ ਖਾਤਰ ਕਤਲ ਮਰਦ ਪ੍ਰਧਾਨ ਸਮਾਜ ਦਾ ਵੱਡਾ ਮੁੱਦਾ ਰਿਹਾ ਹੈ ਅਤੇ ਇਸ ਦੀ ਮਾਰ ਵਧੇਰੇ ਕਰ ਕੇ ਔਰਤ ਨੂੰ ਹੀ ਸਹਿਣੀ ਪੈਂਦੀ ਹੈ। ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਵਿਚ ਇਹ ਵਰਤਾਰਾ ਆਮ ਦੇਖਣ ਨੂੰ ਮਿਲਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਭਾਰਤ, ਪਾਕਿਸਤਾਨ, ਬੰਗਲਾਦੇਸ਼, ਬ੍ਰਾਜ਼ੀਲ, ਇਟਲੀ, ਜੌਰਡਨ, ਤੁਰਕੀ ਤੇ ਯੂਗਾਂਡਾ ਆਦਿ ਵਿਚ ਅਣਖ ਖਾਤਰ ਕਤਲ ਆਮ ਹੁੰਦੇ ਹਨ। ਇਸ ਰਿਪੋਰਟ ਮੁਤਾਬਕ ਹਰ ਸਾਲ 5 ਹਜ਼ਾਰ ਔਰਤਾਂ ਅਣਖ ਦੀ ਭੇਟ ਚੜ੍ਹ ਜਾਂਦੀਆਂ ਹਨ। ਨਾਰੀਵਾਦੀ ਸੰਗਠਨਾਂ ਦੀ ਰਿਪੋਰਟ ਮੁਤਾਬਕ ਇਹ ਗਿਣਤੀ 20 ਹਜ਼ਾਰ ਤੋਂ ਵੀ ਕਿਤੇ ਵੱਧ ਹੈ। ਭਾਰਤ ਦੇ ਉਤਰੀ ਸੂਬਿਆਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ ਵਿਚ ਇਹ ਵਰਤਾਰਾ ਆਮ ਹੈ। ਪੰਜਾਬ ਪੁਲਿਸ ਦੀ ਰਿਪੋਰਟ ਦੱਸਦੀ ਹੈ ਕਿ 2008 ਤੋਂ ਲੈ ਕੇ 2010 ਤੱਕ ਅਣਖ ਖਾਤਰ ਕਤਲ ਦੀਆਂ 34 ਵਾਰਦਾਤਾਂ ਰਿਪੋਰਟ ਹੋਈਆਂ ਹਨ। ਜਿਹੜੀਆਂ ਰਿਪੋਰਟਾਂ ਪੁਲਿਸ ਤੱਕ ਨਹੀਂ ਪਹੁੰਚਦੀਆਂ ਉਨ੍ਹਾਂ ਦੀ ਗਿਣਤੀ ਵੱਖਰੀ ਹੈ। ‘ਐਨæਐਚ 10’ ਨੇ ਇਹ ਸਾਰੀਆਂ ਕਹਾਣੀਆਂ ਇਕ ਕਹਾਣੀ ਵਿਚ ਪਰੋ ਕੇ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ ਜੋ ਬੰਦੇ ਨੂੰ ਜ਼ਮੀਰ ਨੂੰ ਹਲੂਣਾ ਦਿੰਦੀ ਹੈ।
-ਕੀਰਤ ਕਾਸ਼ਣੀ