ਨੂਰ ਜਹਾਂ ਦੀ ਵਿਰਾਸਤ ਸਿਕੰਦਰ ਰਿਜ਼ਵੀ

ਮਿਸਾਲੀ ਗਾਇਕਾ ਨੂਰ ਜਹਾਂ ਦਾ ਪੋਤਾ ਸਿਕੰਦਰ ਰਿਜ਼ਵੀ ਵੀ ਫਿਲਮੀ ਦੁਨੀਆਂ ਦਾ ਸ਼ਾਹ-ਸਵਾਰ ਬਣ ਗਿਆ ਹੈ। ਉਹ ਕਾਮੇਡੀ ਫਿਲਮ ‘ਦੇਖ ਮਗਰ ਪਿਆਰ ਸੇ’ ਵਿਚ ਹੀਰੋ ਬਣ ਕੇ ਲੋਕਾਂ ਦੇ ਦਿਲਾਂ ‘ਤੇ ਦਸਤਕ ਦੇਣ ਆ ਰਿਹਾ ਹੈ। ਇਸ ਫਿਲਮ ਵਿਚ ਉਸ ਦੀ ਜੋੜੀ ਪਾਕਿਸਤਾਨੀ ਅਦਾਕਾਰਾ ਹੁਮੈਮਾ ਮਲਿਕ ਨਾਲ ਬਣੀ ਹੈ।

ਇਹ ਫਿਲਮ ਅਸਦ-ਉਲ ਹੱਕ ਵਲੋਂ ਬਣਾਈ ਜਾ ਰਹੀ ਹੈ। ਗੌਰਤਲਬ ਹੈ ਕਿ ਸਿਕੰਦਰ ਰਿਜ਼ਵੀ ਪਾਕਿਸਤਾਨ ਦਾ ਮਸ਼ਹੂਰ ਸ਼ੈਫ਼ ਹੈ। ਫਿਲਮ ਬਾਰੇ ਉਹ ਆਖਦਾ ਹੈ ਕਿ ਉਸ ਨੇ ਤਾਂ ਫਿਲਮੀ ਦੁਨੀਆਂ ਵਿਚ ਪੈਰ ਧਰਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਹਨੇ ਖੁਲਾਸਾ ਕੀਤਾ ਹੈ ਕਿ ਇਸ ਫਿਲਮ ਲਈ ਪਹਿਲਾਂ ਹਿੰਦੀ ਫਿਲਮ ‘ਖੂਬਸੂਰਤ’ ਦੇ ਹੀਰੋ ਫਵਾਦ ਖਾਨ ਨੂੰ ਪੇਸ਼ਕਸ਼ ਹੋਈ ਸੀ। ਉਸ ਦੇ ਇਨਕਾਰ ਤੋਂ ਬਾਅਦ ਇਸ ਫਿਲਮ ਲਈ ਉਹਨੂੰ ਸਾਇਨ ਕਰ ਲਿਆ ਗਿਆ। ਇਸ ਫਿਲਮ ਦੀ ਸ਼ੂਟਿੰਗ ਅੱਜ ਕੱਲ੍ਹ ਲਾਹੌਰ ਵਿਖ ਚੱਲ ਰਹੀ ਅਤੇ ਇਹ ਫਿਲਮ ਪਾਕਿਸਤਾਨ ਤੋਂ ਇਲਾਵਾ ਭਾਰਤ ਅਤੇ ਹੋਰ ਦੇਸ਼ਾਂ ਵਿਚ ਵੀ ਰਿਲੀਜ਼ ਕੀਤੀ ਜਾਵੇਗੀ। ਆਪਣੀ ਦਾਦੀ ਨੂਰ ਜਹਾਂ ਨੂੰ ਯਾਦ ਕਰਦਾ ਸਿਕੰਦਰ ਰਿਜ਼ਵੀ ਬਹੁਤ ਭਾਵੁਕ ਹੋ ਜਾਂਦਾ ਹੈ ਅਤੇ ਵਾਰ-ਵਾਰ ਉਸ ਵਲੋਂ ਗਾਏ ਗੀਤਾਂ ਦੇ ਹਵਾਲੇ ਦਿੰਦਾ ਹੈ। ਉਹ ਦਾਅਵਾ ਕਰਦਾ ਹੈ ਕਿ ਉਸ ਦੇ ਇੰਨਾ ਵਧੀਆ ਸ਼ੈੱਫ਼ ਬਣਨ ਵਿਚ ਉਸ ਦੀ ਦਾਦੀ ਨੂਰ ਜਹਾਂ ਦਾ ਹੀ ਹੱਥ ਹੈ। ਨੂਰ ਜਹਾਂ ਖਾਣਾ ਬਣਾਉਣ ਦੀ ਬਹੁਤ ਸ਼ੌਕੀਨ ਸੀ। ਸਿਕੰਦਰ ਨੂੰ ਨੂਰ ਜਹਾਂ ਦਾ ਗੀਤ ‘ਚਾਂਦਨੀ ਰਾਤੇਂ’ ਬਹੁਤ ਪਸੰਦ ਹੈ। ਇਹ ਗੀਤ ਨੂਰ ਜਹਾਂ ਨੇ ਫਿਲਮ ‘ਦੁਪੱਟਾ’ ਲਈ ਗਾਇਆ ਸੀ। ਸਿਕੰਦਰ ਨੂੰ ਫਿਲਮ ਜੁਗਨੂ ਬਹੁਤ ਪਸੰਦ ਹੈ ਜਿਸ ਵਿਚ ਨੂਰ ਜਹਾਂ ਤੇ ਦਲੀਪ ਕੁਮਾਰ ਦੇ ਮੁੱਖ ਰੋਲ ਸਨ ਅਤੇ ਇਹ ਫਿਲਮ ਉਸ ਦੇ ਦਾਦੇ ਸ਼ੌਕਤ ਹੁਸੈਨ ਰਿਜ਼ਵੀ ਨੇ ਬਣਾਈ ਸੀ। ਉਹ ਕਹਿੰਦਾ ਹੈ, “ਮੈਂ ਇਹ ਫਿਲਮ ਵਾਰ-ਵਾਰ ਦੇਖਦਾ ਹਾਂ।
ਯਾਦ ਰਹੇ, ਇਸ ਯਾਦਗਾਰੀ ਫਿਲਮ ਲਈ ਸੰਗੀਤ ਫਿਰੋਜ਼ ਨਿਜ਼ਾਮੀ ਨੇ ਦਿੱਤਾ ਸੀ ਅਤੇ ਇਹ ਫਿਲਮ 1947 ਵਿਚ ਬਣੀ ਸੀ। ਦਲੀਪ ਕੁਮਾਰ ਦੀ ਇਹ ਪਹਿਲੀ ਵੱਡੀ ਹਿੱਟ ਫਿਲਮ ਸੀ ਅਤੇ ਇਸ ਫਿਲਮ ਤੋਂ ਬਾਅਦ ਦਲੀਪ ਕੁਮਾਰ ਦੀ ਫਿਲਮੀ ਦੁਨੀਆਂ ਵਿਚ ਗੁੱਡੀ ਖੂਬ ਚੜ੍ਹ ਗਈ ਸੀ। ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸ਼ੌਕਤ ਹੁਸੈਨ ਰਿਜ਼ਵੀ ਅਤੇ ਨੂਰ ਜਹਾਂ ਪਾਕਿਸਤਾਨ ਜਾ ਵਸੇ ਹਨ।