‘ਧਰਮ ਸੰਕਟ ਮੇਂ’ ਦੇ ਮਾਮਲੇ ‘ਤੇ ਸੈਂਸਰ ਬੋਰਡ ਦੀ ਪਹੁੰਚ ਤੋਂ ਫਿਲਮ ਦੇ ਮੁੱਖ ਕਲਾਕਾਰ ਨਸੀਰੂਦੀਨ ਸ਼ਾਹ ਅਤੇ ਪਰੇਸ਼ ਰਾਵਲ ਦੁਖੀ ਹਨ। ਪਰੇਸ਼ ਮੁਤਾਬਕ ਇਹ ਫਿਲਮ ਪਾਸ ਕਰਨ ਤੋਂ ਪਹਿਲਾਂ ਮੌਲਵੀ ਅਤੇ ਪੰਡਿਤ ਨੂੰ ਦਿਖਾਉਣ ਦੀ ਕੋਈ ਤੁਕ ਨਹੀਂ ਬਣਦੀ।
ਨਾਲੇ ਕੋਈ ਧਰਮ ਇੰਨਾ ਕਮਜ਼ੋਰ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਸ ਨੂੰ ਇਸ ਦੀ ਆਲੋਚਨਾ ਕਰਨ ਵਾਲੇ ਬੰਦੇ ਤੋਂ ਹੀ ਖਤਰਾ ਖੜ੍ਹਾ ਹੋ ਜਾਵੇ! ਨਸੀਰੂਦੀਨ ਸ਼ਾਹ ਤਾਂ ਸਗੋਂ ਇਕ ਕਦਮ ਹੋਰ ਅੱਗੇ ਚਲਦਿਆਂ ਕਹਿੰਦਾ ਹੈ ਕਿ ਪੰਡਿਤ ਅਤੇ ਮੌਲਵੀ ਨੂੰ ਫਿਲਮ ਦਿਖਾਉਣ ਦੀ ਗੱਲ ਕਹਿ ਕੇ ਸੈਂਸਰ ਬੋਰਡ ਨੇ ਆਪਣਾ ਦੀਵਾਲਾ ਕੱਢ ਲਿਆ ਹੈ। ਸੈਂਸਰ ਬੋਰਡ ਦੇ ਮੈਂਬਰਾਂ ਨੂੰ ਚਾਹੀਦਾ ਸੀ ਕਿ ਉਹ ਆਪਣੇ ਪੱਧਰ ‘ਤੇ ਹੀ ਇਸ ਫਿਲਮ ਬਾਰੇ ਫੈਸਲਾ ਕਰਦੇ।
ਗੌਰਤਲਬ ਹੈ ਕਿ ਇਹ ਕਾਮੇਡੀ ਫਿਲਮ, ਫਿਲਮਸਾਜ਼ ਫਵਾਦ ਖ਼ਾਨ ਨੇ ਬਣਾਈ ਹੈ ਅਤੇ ਇਸ ਵਿਚ ਪਰੇਸ਼ ਰਾਵਲ ਤੇ ਨਸੀਰੂਦੀਨ ਸ਼ਾਹ ਤੋਂ ਇਲਾਵਾ ਅਨੂ ਕਪੂਰ ਅਤੇ ਔਰੀਤਰਾ ਘੋਸ਼ ਦੀਆਂ ਮੁੱਖ ਭੂਮਿਕਾਵਾਂ ਹਨ। ਕਹਾਣੀ ਇਕ ਹਿੰਦੂ (ਪਰੇਸ਼ ਰਾਵਲ) ਦੁਆਲੇ ਘੁੰਮਦੀ ਹੈ ਪਰ ਪਿਛੋਂ ਉਹਨੂੰ ਪਤਾ ਲਗਦਾ ਹੈ ਕਿ ਸਬੰਧਤ ਹਿੰਦੂ ਪਰਿਵਾਰ ਨੇ ਤਾਂ ਉਸ ਨੂੰ ਗੋਦ ਲਿਆ ਸੀ; ਉਸ ਦਾ ਜਨਮ ਕਿਸੇ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਹ ਆਪਣੇ ਮਾਪਿਆਂ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਫਿਲਮ ਵਿਚ ਨਸੀਰੂਦੀਨ ਨੇ ਨੀਲਾਨੰਦ ਬਾਬਾ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਕਿਸੇ ਧਰਮ ਦੇ ਖਿਲਾਫ਼ ਨਹੀਂ, ਬਲਕਿ ਧਰਮ ਦੇ ਨਾਂ ‘ਤੇ ਆਮ ਬੰਦੇ ਦੀ ਜੋ ਲੁੱਟ-ਖਸੁੱਟ ਕੀਤੀ ਜਾਂਦੀ, ਉਸ ਦੀ ਕਥਾ ਛੇੜੀ ਗਈ ਹੈ। ਪਰੇਸ਼ ਰਾਵਲ ਜੋ ਗੁਜਰਾਤ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਵੀ ਹਨ, ਨੇ ਕਿਹਾ ਹੈ ਕਿ ਇਸ ਫਿਲਮ ਵਿਚ ਕਿਸੇ ਧਰਮ ਨੂੰ ਟਾਰਗੈੱਟ ਨਹੀਂ ਕੀਤਾ ਗਿਆ ਹੈ। ਹਾਸੇ-ਠੱਠੇ ਵਿਚ ਧਰਮ ਦੇ ਨਾਂ ‘ਤੇ ਚਲਦੀਆਂ ਦੁਕਾਨਾਂ ਬਾਰੇ ਰਹੱਸ ਖੋਲ੍ਹੇ ਗਏ ਹਨ।