ਵਿਧਾਨ ਸਭਾ ਵਿਚ ‘ਸ਼ਰਾਫ਼ਤ’ ਦਿਖਾਉਣ ‘ਚ ਹੀ ਉਲਝੇ ਰਹੇ ਕਾਂਗਰਸੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਦੀ ਲੀਡਰਸ਼ਿਪ ਅਕਾਲੀ-ਭਾਜਪਾ ਗਠਜੋੜ ਨੂੰ ਕਈ ਗੰਭੀਰ ਮੁੱਦਿਆਂ ਦੇ ਬਾਵਜੂਦ ਘੇਰਨ ਵਿਚ ਨਾਕਾਮ ਰਹੀ। ਸਦਨ ਵਿਚ ਸਰਕਾਰ ਵਿਰੁਧ ਮੈਂਬਰਾਂ ਦਾ ਇਕ ਵੱਡਾ ਗਰੁਪ ਸੀ ਤੇ ਆਜ਼ਾਦ ਵਿਧਾਇਕਾਂ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ ‘ਤੇ ਸਰਕਾਰ ਖਾਸ ਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਪਰ ਕਾਂਗਰਸੀ ਇਸ ਦਾ ਲਾਭ ਲੈਣ ਤੋਂ ਖੁੰਝ ਗਏ।

ਸੈਸ਼ਨ ਦੌਰਾਨ ਭਾਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਦੇ ਕਿਸਾਨ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਵਿਧਾਨ ਸਭਾ ਦੇ ਬਾਹਰ ਵੀ ਸਰਕਾਰ ਨੂੰ ਘੇਰਨ ਲਈ ਵੱਡੇ ਐਕਸ਼ਨ ਕੀਤੇ ਪਰ ਲੀਡਰਸ਼ਿਪ ਵਿਚਕਾਰ ਤਾਲਮੇਲ ਦੀ ਘਾਟ ਹੋਣ ਕਾਰਨ ਇਹ ਵੀ ਕੋਈ ਖਾਸ ਅਸਰਦਾਰ ਸਾਬਤ ਨਹੀਂ ਹੋਏ।
ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਵਲੋਂ ਡਰੱਗ ਮਾਫੀਆ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤੀ ਚਾਰਜਸ਼ੀਟ ਵਿਚ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੋਣ ਦੀ ਸੂਹ ਲੱਗਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਇਸ ਮੁੱਦੇ ਉਪਰ ਸਰਕਾਰ ਵਿਰੁਧ ਮਰਿਆਦਾ ਭੰਗ ਕਰਨ ਦਾ ਮਤਾ ਲਿਆ ਕੇ ਸਰਕਾਰ ਨੂੰ ਘੇਰਨ ਦੇ ਦਾਅਵੇ ਕੀਤੇ ਸਨ ਪਰ ਸੈਸ਼ਨ ਦੌਰਾਨ ਵਿਰੋਧੀ ਧਿਰ ਇਸ ਮੁੱਦੇ ਉਪਰ ਸਰਕਾਰ ਲਈ ਕੋਈ ਖਾਸ ਮੁਸੀਬਤ ਖੜ੍ਹੀ ਨਹੀਂ ਕਰ ਸਕੀ। ਸ੍ਰੀ ਜਾਖੜ ਨੇ ਵਿਧਾਨ ਸਭਾ ਵਿਚ ਮਰਿਆਦਾ ਮਤਾ ਲਿਆਂਦਾ ਸੀ ਕਿ ਪਿਛਲੇ ਸੈਸ਼ਨ ਦੌਰਾਨ ਸ੍ਰੀ ਮਜੀਠੀਆ ਨੇ ਇਹ ਕਹਿ ਕੇ ਸਦਨ ਨੂੰ ਗੁਮਰਾਹ ਕੀਤਾ ਸੀ ਕਿ ਉਨ੍ਹਾਂ ਨੂੰ ਈæਡੀæ ਨੇ ਇਕ ਮੁਲਜ਼ਮ ਵਜੋਂ ਨਹੀਂ ਮਹਿਜ਼ ਗਵਾਹ ਵਜੋਂ ਤਲਬ ਕੀਤਾ ਸੀ।
ਸਦਨ ਵਿਚ ਭਾਵੇਂ ਸ੍ਰੀ ਜਾਖੜ ਨੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਦੇ ਵਜ਼ੀਫਿਆਂ, ਨਿੱਜੀ ਥਰਮਲ ਪਲਾਂਟਾਂ ਨੂੰ ਵਾਧੂ ਰਾਸ਼ੀ ਦੇਣ, ਵਾਟਰ ਸਪਲਾਈ ਤੇ ਸੀਵਰੇਜ ਪ੍ਰਾਜੈਕਟਾਂ ਦੇ ਧੜਾਧੜ ਨੀਂਹ ਪੱਥਰ ਰੱਖਣ ਤੇ ਦਲਿਤ ਵਰਗ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਏ ਪਰ ਉਹ ਸਰਕਾਰ ਲਈ ਕੋਈ ਵੱਡੀ ਮੁਸੀਬਤ ਖੜੀ ਨਹੀਂ ਕਰ ਸਕੇ। ਕਾਂਗਰਸੀ ਵਿਧਾਇਕ ਮਹਿਜ਼ ਵਾਕਆਊਟ ਦੇ ਰੂਪ ਵਿਚ ਬਾਹਰ ਗੇੜੀ ਲਾ ਕੇ ਵਾਪਸ ਆਉਣ ਤੱਕ ਹੀ ਸੀਮਤ ਰਹੇ। ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਮੁੱਖ ਤੌਰ ‘ਤੇ ਆਪੋ-ਆਪਣੇ ਹਲਕੇ ਦੇ ਮੁੱਦਿਆਂ ਨੂੰ ਹੀ ਉਠਾਉਣ ਲਈ ਜ਼ਿਆਦਾਤਰ ਚਿੰਤਤ ਰਹੇ। ਖਾਸ ਕਰਕੇ ਸ੍ਰੀ ਜਾਖੜ ਜਦੋਂ ਪ੍ਰਸ਼ਨਕਾਲ ਦੌਰਾਨ ਕਿਸੇ ਮੁੱਦੇ ਨੂੰ ਲੈ ਕੇ ਲੰਮੀ ਬਹਿਸ ਕਰਦੇ ਸਨ ਤਾਂ ਅਕਸਰ ਕਾਂਗਰਸੀ ਵਿਧਾਇਕ ਇਸ ਡਰੋਂ ਚਿੰਤਤ ਜਾਪਦੇ ਸਨ ਕਿ ਉਨ੍ਹਾਂ ਦੇ ਪ੍ਰਸ਼ਨ ਆਉਣ ਤੱਕ ਪ੍ਰਸ਼ਨਕਾਲ ਖਤਮ ਹੋ ਸਕਦਾ ਹੈ।
ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਵੀ ਰਾਜ ਪੱਧਰੀ ਗੰਭੀਰ ਮੁੱਦਿਆਂ ਉਪਰ ਸਰਕਾਰ ਵਿਰੁਧ ਕੋਈ ਹਮਲਾਵਰ ਰੁਖ ਅਖਤਿਆਰ ਨਹੀਂ ਕਰ ਸਕੇ। ਸੀਨੀਅਰ ਕਾਂਗਰਸੀ ਵਿਧਾਇਕ ਲਾਲ ਸਿੰਘ ਨੇ ਬਜਟ ਉਪਰ ਸਰਕਾਰ ਨੂੰ ਮਿੱਠੀਆਂ ਚੋਭਾਂ ਜ਼ਰੂਰ ਮਾਰੀਆਂ। ਕਾਂਗਰਸ ਨੇ ਸਰਕਾਰ ਨੂੰ ਸੈਸ਼ਨ ਦੌਰਾਨ ਬਾਹਰੋਂ ਵੀ ਘੇਰਨ ਦੀ ਰਣਨੀਤੀ ਬਣਾਈ ਸੀ। ਇਸ ਤਹਿਤ ਕਾਂਗਰਸ ਕਿਸਾਨ ਤੇ ਮਜ਼ਦੂਰ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਰੋਜ਼ਾਨਾ ਵਿਧਾਨ ਸਭਾ ਦੇ ਮੂਹਰੇ ਪ੍ਰਦਰਸ਼ਨ ਕਰਨ ਦੇ ਸਖ਼ਤ ਐਕਸ਼ਨ ਕੀਤੇ ਤੇ ਉਨ੍ਹਾਂ ਵਿਰੁਧ ਇਰਾਦਾ ਕਤਲ (307) ਦਾ ਕੇਸ ਵੀ ਦਰਜ ਹੋਇਆ ਹੈ। ਦੂਜੇ ਪਾਸੇ ਸ੍ਰੀ ਬਾਜਵਾ ਦੀ ਅਗਵਾਈ ਹੇਠ ਹਜ਼ਾਰਾਂ ਕਾਂਗਰਸੀਆਂ ਨੇ ਚੰਡੀਗੜ੍ਹ ਆ ਕੇ ਮੋਦੀ ਸਰਕਾਰ ਦੇ ਭੂਮੀ ਗ੍ਰਹਿਣ ਬਿੱਲ ਵਿਰੁਧ ਜ਼ੋਰਦਾਰ ਆਵਾਜ਼ ਉਠਾਈ।
ਇਸ ਦੌਰਾਨ ਪੁਲਿਸ ਨੇ ਜਿਥੇ 500 ਤੋਂ ਵੱਧ ਕਾਂਗਰਸੀ ਗ੍ਰਿਫਤਾਰ ਕੀਤੇ ਸਨ, ਉਥੇ ਕੌਮੀ ਸਕੱਤਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਜ਼ਖ਼ਮੀ ਹੋਏ ਸਨ। ਉਨ੍ਹਾਂ ਦੇ ਚੂਲੇ ‘ਤੇ ਗੰਭੀਰ ਚੋਟ ਆਈ ਹੈ। ਸ੍ਰੀ ਜਾਖੜ ਭਾਵੇਂ ਆਪਣੇ ਵਿਧਾਇਕਾਂ ਸਮੇਤ ਰੈਲੀ ਵਿਚ ਪੁੱਜੇ ਪਰ ਉਹ ਪੁਲਿਸ ਨਾਲ ਝੜਪ ਹੋਣ ਤੋਂ ਪਹਿਲਾਂ ਹੀ ਉਥੋਂ ਚਲੇ ਗਏ। ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਵਿਚ ਪੁਲਿਸ ਵਲੋਂ ਸ੍ਰੀ ਜ਼ੀਰਾ ਵਿਰੁਧ ਇਰਾਦਾ ਕਤਲ ਦਾ ਕੇਸ ਦਰਜ ਕਰਨ ਅਤੇ ਸ੍ਰੀ ਬਾਜਵਾ ਤੇ ਹੋਰ ਲੀਡਰਸ਼ਿਪ ਉਪਰ ਜਲ ਤੋਪਾਂ ਚਲਾ ਕੇ ਜ਼ਖਮੀ ਕਰਨ ਦੇ ਮੁੱਦਿਆਂ ਨੂੰ ਠੋਸ ਢੰਗ ਨਾਲ ਨਹੀਂ ਉਠਾਇਆ। ਜਿਸ ਤੋਂ ਸੰਕੇਤ ਮਿਲੇ ਹਨ ਕਿ ਪਾਰਟੀ ਦੇ ਆਗੂ ਆਪੋ-ਆਪਣੇ ਖੇਮੇ ਦੀ ਰਾਜਨੀਤੀ ਮੁਤਾਬਕ ਹੀ ਸਰਗਰਮ ਰਹੇ।
_________________
ਸਰਕਾਰ ਨੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ: ਜਾਖੜ
ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਦਾਅਵਾ ਹੈ ਕਿ ਕਾਂਗਰਸ ਨੇ ਸਰਕਾਰ ਨੂੰ ਨਸ਼ਿਆਂ ਤੇ ਹੋਰਨਾਂ ਮੁੱਦਿਆਂ ‘ਤੇ ਘੇਰਨ ਦਾ ਯਤਨ ਕੀਤਾ ਪਰ ਸਰਕਾਰ ਵਲੋਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਰ ਵੀ ਰਾਜਪਾਲ ਦੇ ਭਾਸ਼ਨ ‘ਤੇ ਹੋਈ ਬਹਿਸ ਵਿਚ ਕਾਂਗਰਸ ਨੇ ਨਸ਼ਿਆਂ ਦੇ ਮਾਮਲੇ ‘ਤੇ ਮਾਲ ਮੰਤਰੀ ਦਾ ਮਾਮਲਾ ਚੁੱਕਿਆ ਪਰ ਅਸੀਂ ਸਿੱਧੇ ਟਕਰਾਅ ਦੀ ਥਾਂ ਉਸਾਰੂ ਬਹਿਸ ਚਾਹੁੰਦੇ ਸਾਂ ਜੋ ਸਰਕਾਰ ਨੂੰ ਪਸੰਦ ਨਹੀਂ ਤੇ ਸਰਕਾਰ ਟਕਰਾਅ ਚਾਹੁੰਦੀ ਹੈ।