ਨਵੀਂ ਦਿੱਲੀ: ਜਨ ਲੋਕ ਪਾਲ ਅੰਦੋਲਨ ਤੋਂ ਸਿਆਸਤ ਵਿਚ ਤਹਿਲਕਾ ਮਚਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਆਪਸੀ ਕਲੇਸ਼ ਕਾਰਨ ਖਿਲਰਦੀ ਜਾ ਰਹੀ ਹੈ। ਕੌਮੀ ਕਾਰਜਕਾਰਨੀ ਕਮੇਟੀ ਵਿਚੋਂ ਕੱਢੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੂੰ ਹੁਣ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਹੈ। ਉਧਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੇ ਹੁਣ ਅਗਲੀ ਰਣਨੀਤੀ ਘੜਨ ਲਈ 14 ਅਪਰੈਲ ਨੂੰ ਡਾæ ਬੀæਆਰæ ਅੰਬੇਦਕਰ ਦੇ ਜਨਮ ਦਿਵਸ ਮੌਕੇ ਸਮਰਥਕਾਂ ਦੀ ਮੀਟਿੰਗ ਬੁਲਾ ਲਈ ਹੈ ਜਿਸ ਵਿਚ ਨਵੀਂ ਪਾਰਟੀ ਬਣਾਉਣ ਉਪਰ ਵਿਚਾਰ ਕੀਤਾ ਜਾਵੇਗਾ।
ਸ੍ਰੀ ਯਾਦਵ ਨੇ ਦਾਅਵਾ ਕੀਤਾ ਹੈ ਕਿ ਉਸ ਖਿਲਾਫ ਕਾਰਵਾਈ ਕਰ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੇਤਾ ਨੇ ਮੀਟਿੰਗ ਦੌਰਾਨ ਬਾਊਂਸਰਾਂ ਰਾਹੀਂ ਮਾਰ-ਕੁਟਾਈ ਕਰਵਾਉਣ, ਗੁਪਤ ਮਤਦਾਨ ਨਾ ਕਰਵਾਉਣ ਤੇ ਦੂਜੀ ਧਿਰ ਨੂੰ ਬੋਲਣ ਦਾ ਕੋਈ ਵੀ ਮੌਕਾ ਨਾ ਦਿੱਤਾ। ਕਮੇਟੀ ਵਿਚੋਂ ਕੱਢੇ ਨੇਤਾਵਾਂ ਨੇ ਇਕ ਤਰ੍ਹਾਂ ਮੀਡੀਆ ਸਾਹਮਣੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਨ੍ਹਾਂ ਨੇਤਾਵਾਂ ਨਾਲ ਭਾਵੇਂ ਬਹੁ-ਗਿਣਤੀ ਨਹੀਂ ਸੀ ਪਰ ਕੌਮੀ ਕਾਰਜਕਾਰਨੀ ਤੇ ਨੈਸ਼ਨਲ ਕੌਂਸਲ ਦੇ ਕੁਝ ਮੈਂਬਰਾਂ ਤੋਂ ਇਲਾਵਾ ਪਟਿਆਲਾ ਤੋਂ ਸੰਸਦ ਡਾæ ਧਰਮਵੀਰ ਗਾਂਧੀ ਦਾ ਸਾਥ ਵੀ ਇਨ੍ਹਾਂ ਨੂੰ ਹਾਸਲ ਹੋਇਆ। ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਮੀਟਿੰਗ ਵਿਚ ਸਭ ਕੁਝ ਪਹਿਲਾਂ ਤੋਂ ਨਿਸ਼ਚਿਤ ਸੀ। ਸਵਰਾਜ ਦੇ ਮੁੱਦੇ ‘ਤੇ ਹੋਂਦ ਵਿਚ ਆਈ ਪਾਰਟੀ ਦੇ ਅਜਿਹੇ ਰੂਪ ਦੀ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਯਾਦਵ-ਭੂਸ਼ਨ ਧੜੇ ਨੇ ਇਹ ਇਲਜ਼ਾਮ ਵੀ ਲਾਇਆ ਕਿ ਉਨ੍ਹਾਂ ਨੂੰ ਇਲਜ਼ਾਮਾਂ ਦਾ ਸਪਸ਼ਟੀਕਰਨ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਪਾਰਟੀ ਦੇ ਅੰਦਰੂਨੀ ਲੋਕਪਾਲ ਐਡਮਿਰਲ ਰਾਮਦਾਸ, ਜੋ ਹਾਲੇ ਤੱਕ ਹੋਈਆਂ ਸਾਰੀਆਂ ਮੀਟਿੰਗਾਂ ਦਾ ਹਿੱਸਾ ਰਹੇ ਸਨ, ਨੂੰ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਯਾਦਵ, ਭੂਸ਼ਨ ਵਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਲੋੜ ਪੈਣ ‘ਤੇ ਪਾਰਟੀ ਸਬੂਤ ਵੀ ਪੇਸ਼ ਕਰੇਗੀ। ਦੱਸਣਯੋਗ ਹੈ ਕਿ ਦਿੱਲੀ ਦੇ ਕਾਪਸਹੇੜਾ ਇਲਾਕੇ ਵਿਚ ਹੋਈ ਮੀਟਿੰਗ ਵਿਚ ਇਨ੍ਹਾਂ ਆਗੂਆਂ ਨੂੰ ਕੌਮੀ ਕਾਰਜਕਾਰਨੀ ਵਿਚੋਂ ਕੱਢਣ ਦਾ ਮਤਾ ਲਿਆਂਦਾ ਗਿਆ ਜਿਸ ਦਾ 247 ਮੈਂਬਰਾਂ ਨੇ ਸਮਰਥਨ ਕੀਤਾ, ਅੱਠ ਨੇ ਵਿਰੋਧ ਤੇ 54 ਮੈਂਬਰਾਂ ਨੇ ਵੋਟਿੰਗ ਦੇ ਅਮਲ ਵਿਚ ਹਿੱਸਾ ਨਹੀਂ ਲਿਆ। ਇਨ੍ਹਾਂ ਨੇਤਾਵਾਂ ‘ਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ ਇਲਜ਼ਾਮ ਲਾਇਆ ਗਿਆ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਿਆਂ ਦੇ ਆਸਾਰ ਉਸ ਵੇਲੇ ਸਪਸ਼ਟ ਹੋ ਗਏ ਜਦ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਦੇ ਮੀਟਿੰਗ ਵਿਚ ਆਉਣ ‘ਤੇ ਮੁਰਦਾਬਾਦ ਤੇ ਪਾਰਟੀ ਦੇ ਗ਼ੱਦਾਰ ਵਰਗੇ ਨਾਅਰਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਪਰ ਹੰਗਾਮਿਆਂ ਦੀ ਪੇਸ਼ੀਨਗੋਈ ਹੁੰਦਿਆਂ ਉਥੇ ਪੁਲਿਸ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ।
ਦੂਜੇ ਪਾਸੇ ‘ਆਪ’ ਵਿਚ ਇਲਜ਼ਾਮਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪਾਰਟੀ ਦੇ ਸਾਬਕਾ ਵਿਧਾਇਕ ਰਾਜੇਸ਼ ਗਰਗ ਨੇ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਹੀ ਲੋਕਾਂ ਤੋਂ ਆਪਣੇ ਵਿਧਾਇਕਾਂ ਨੂੰ ਝੂਠੇ ਫੋਨ ਕਰਵਾ ਕੇ ਪੈਸੇ ਦਾ ਲਾਲਚ ਦਿੱਤਾ ਸੀ ਤੇ ਇਸ ਦਾ ਦੋਸ਼ ਭਾਜਪਾ ‘ਤੇ ਲਾ ਦਿੱਤਾ। ਰਾਜੇਸ਼ ਗਰਗ ਨੇ ਕਿਹਾ ਕਿ 49 ਦਿਨਾਂ ਦੀ ਸਰਕਾਰ ਚਲਾਉਣ ਤੋਂ ਬਾਅਦ ਮੁੜ ਸੱਤਾ ਵਿਚ ਆਉਣ ਦੀਆਂ ਕੋਸ਼ਿਸ਼ਾਂ ਦੌਰਾਨ ਉਨ੍ਹਾਂ ਨੂੰ ਵੀ ਅਰੁਣ ਜੇਤਲੀ ਦੇ ਨਾਂ ‘ਤੇ ਫੋਨ ਆਇਆ ਸੀ। ਦੱਸਣਯੋਗ ਹੈ ਕਿ ਰਾਜੇਸ਼ ਗਰਗ ਨੇ ਪਹਿਲਾਂ ਵੀ ਇਕ ਆਡੀਓ ਟੇਪ ਜਾਰੀ ਕਰ ਕੇ ਕੇਜਰੀਵਾਲ ਵੱਲੋਂ ਕਾਂਗਰਸ ਦੇ ਵਿਧਾਇਕ ਤੋੜਨ ਦੀ ਗੱਲ ਕਹੀ ਸੀ। ਭਾਜਪਾ ਨੇ ਇਸ ਤਾਜ਼ਾ ਖੁਲਾਸੇ ‘ਤੇ ਸਖ਼ਤ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ‘ਤੇ ਜਨਤਾ ਨੂੰ ਠੱਗਣ ਦਾ ਇਲਜ਼ਾਮ ਲਾਇਆ ਹੈ।