ਅਜੇ ਪਿਛਲੇ ਹਫਤੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ। ਸਰਕਾਰੀ ਪੱਧਰ ‘ਤੇ ਇਹ ਦਿਹਾੜਾ ਭਾਵੇਂ ਇਕ ਰਸਮ ਵਾਂਗ ਨਿਭਾਇਆ ਜਾਂਦਾ ਹੈ ਪਰ ਸੰਜੀਦਾ ਸਿਆਸਤ ਨਾਲ ਜੁੜਿਆ ਹਰ ਜਿਊੜਾ ਇਹ ਦਿਹਾੜਾ ਪ੍ਰਣ ਦਿਵਸ ਦੇ ਰੂਪ ਵਿਚ ਹੀ ਮਨਾਉਂਦਾ ਨਹੀਂ ਆਇਆ, ਸਗੋਂ ਇਸ ਸਿਆਸਤ ਵਿਚ ਆਪਣਾ ਤਿਲ-ਫੁੱਲ ਵੀ ਪਾਉਂਦਾ ਰਿਹਾ ਹੈ।
ਇਸ ਦਾ ਵੱਡਾ ਕਾਰਨ ਇਹੀ ਹੈ ਕਿ ਇਨ੍ਹਾਂ ਨੌਜਵਾਨਾਂ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਉਸ ਦੌਰ ਵਿਚ ਉਹ ਕੁਝ ਕਰ ਦਿਖਾਇਆ ਸੀ ਜੋ ਆਮ ਕਰ ਕੇ ਜੇ ਅਸੰਭਵ ਨਹੀਂ, ਤਾਂ ਔਖਾ ਜ਼ਰੂਰ ਹੁੰਦਾ ਹੈ। ਇਨ੍ਹਾਂ ਨੌਜਵਾਨਾਂ ਨੇ ਉਸ ਵਕਤ ਦੇ ਅੰਗਰੇਜ਼ ਸ਼ਾਸਕਾਂ ਨੂੰ ਤਾਂ ਝੰਜੋੜਿਆ ਹੀ ਸੀ, ਸੱਤਾ ਅਤੇ ਸੌਦੇ ਦੀ ਸਿਆਸਤ ਨਾਲ ਜੁੜੇ ਸਿਆਸਤਦਾਨਾਂ ਨੂੰ ਵੀ ਸੋਚਣ ਲਾ ਦਿੱਤਾ ਸੀ। ਉਦੋਂ ਬਦਲਵੀਂ ਸਿਆਸਤ ਦੀ ਜਿਹੜੀ ਆਵਾਜ਼ ਬੁਲੰਦ ਹੋਈ ਸੀ, ਉਸ ਨੇ ਸਿਆਸੀ ਪਿੜ ਵਿਚ ਵਿਚਰ ਰਹੇ ਜਿਊੜਿਆਂ ਲਈ ਨਵਾਂ ਰਾਹ ਦਿਖਾਇਆ ਜਿਸ ਦੀ ਪੈੜਚਾਲ ਅੱਜ ਵੀ ਗਾਹੇ-ਬਗਾਹੇ ਸੁਣਦੀ ਰਹਿੰਦੀ ਹੈ। ਸਿਆਸੀ ਖੇਤਰ ਵਿਚ ਇਨ੍ਹਾਂ ਨੌਜਵਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਬਦਲਵੀਂ ਸਿਆਸਤ ਦਾ ਹੈ। ਇਹ ਨੌਜਵਾਨ ਬਦਲਵੀਂ ਸਿਆਸਤ ਦਾ ਕਿਲ੍ਹਾ ਇਸ ਕਰ ਕੇ ਹੀ ਉਸਾਰ ਸਕੇ ਸਨ ਕਿਉਂਕਿ ਉਸ ਵਕਤ ਉਹ ਹਰ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਸਨ। ਇਨ੍ਹਾਂ ਨੌਜਵਾਨਾਂ ਦੇ ਮਕਸਦ ਦੇ ਹਵਾਲੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਭਾਰਤ ਦੇ ਸਿਆਸੀ ਪਿੜ ਵਿਚ ਪੈਰ ਪਾਇਆ ਸੀ। ਭਾਰਤ ਦੇ ਨਿੱਘਰ ਚੁੱਕੇ ਸਿਆਸੀ ਨਿਜ਼ਾਮ ਵਿਚ ਇਹ ਪਾਰਟੀ, ਵਰਤਾਰਾ ਬਣ ਕੇ ਉਭਰੀ ਅਤੇ ਦਿਨਾਂ ਵਿਚ ਹੀ ਸਮੁੱਚੇ ਦੇਸ ਦੀਆਂ ਨਜ਼ਰਾਂ ਇਸ ਪਾਰਟੀ ਵੱਲ ਹੋ ਗਈਆਂ ਅਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਬੇਮਿਸਾਲ ਜਿੱਤ ਤੋਂ ਬਾਅਦ ਦੇਸ ਵਿਚ ਬਦਲਵੀਂ ਸਿਆਸਤ ਦੀ ਤਕੜੀ ਸ਼ੁਰੂਆਤ ਹੋਈ। ਇਸ ਜਿੱਤ ਨੇ ਦਰਸਾ ਦਿੱਤਾ ਸੀ ਕਿ ਸਿਆਸਤ ਦੇ ਪਿੜ ਵਿਚ ਇੰਨਾ ਵੱਡਾ ਵੱਢ ਮਾਰਿਆ ਜਾ ਸਕਦਾ ਹੈ ਜਿਸ ਨਾਲ ਸਿਆਸਤ ਦਾ ਮੁਹਾਣ ਹੀ ਮੋੜ ਦਿੱਤਾ ਜਾਵੇ, ਪਰ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਇਸ ਪਾਰਟੀ ਬਾਰੇ ਲਗਾਤਾਰ ਆ ਰਹੀਆਂ ਹਨ, ਉਸ ਨਾਲ ਸੰਜੀਦਾ ਸਿਆਸਤ ਨਾਲ ਜੁੜੇ ਲੋਕਾਂ ਦੇ ਦਿਲਾਂ ਦਾ ਚੈਨ ਖੁੱਸਿਆ ਹੈ।
‘ਆਪ’ ਦੀ ਆਮਦ ਅੰਦੋਲਨ ਦੇ ਰੂਪ ਵਿਚ ਹੋਈ ਸੀ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਜਦੋਂ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਤਾਂ ਉਸ ਵਕਤ ਕੇਂਦਰ ਵਿਚ ਸੱਤਾ, ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਦੀ ਸੀ। ਇਹ ਗੱਲ ਮੰਨਣ ਵਾਲੀ ਹੈ ਕਿ ਉਦੋਂ ਇਸ ਅੰਦੋਲਨ ਨੂੰ ਵਿਰੋਧੀ ਧਿਰ ਦੀ ਹਮਾਇਤ ਵੀ ਮਿਲੀ ਅਤੇ ਦੇਸ ਪੱਧਰ ਉਤੇ ਵੱਡੀ ਹਲਚਲ ਦੇਖਣ ਨੂੰ ਮਿਲੀ। ਕਿਸੇ ਵੀ ਅੰਦੋਲਨ ਨੂੰ ਸਿਆਸਤ ਵਿਚ ਵਟਾਉਣਾ ਬਹੁਤ ਵੱਡਾ ਕਾਰਜ ਹੁੰਦਾ ਹੈ। ਉਦੋਂ ਇਹ ਕਾਰਜ ਅੰਨਾ ਹਜ਼ਾਰੇ ਦੇ ਹਿੱਸੇ ਤਾਂ ਨਹੀਂ ਆਇਆ, ਕਿਉਂਕਿ ਉਨ੍ਹਾਂ ਖੁੱਲ੍ਹੇਆਮ ਸਿਆਸਤ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਦੀ ਟੀਮ ਵਿਚ ਸ਼ਾਮਲ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਅੰਦੋਲਨ ਤੋਂ ਸਿਆਸਤ ਤੱਕ ਦਾ ਇਹ ਸਫਰ ਤੈਅ ਕੀਤਾ ਅਤੇ ਸਮਾਂ ਪਾ ਕੇ ਆਮ ਆਦਮੀ ਪਾਰਟੀ ਭਾਰਤੀ ਸਿਆਸਤ ਦੇ ਪਿੜ ਵਿਚ ਨਮੂਦਾਰ ਹੋਈ। ਇਸ ਪਾਰਟੀ ਨੇ ਜਦੋਂ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਸੀ, ਤਾਂ ਕਿਸੇ ਨੇ ਇਸ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ ਪਰ ਜਦੋਂ ਇਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਵਿਚੋਂ 28 ਸੀਟਾਂ ਜਿੱਤ ਲਈਆਂ ਤਾਂ ਸਭ ਦਾ ਧਿਆਨ ਇਸ ਪਾਰਟੀ ਅਤੇ ਇਸ ਦੀ ਸਿਆਸਤ ਵੱਲ ਗਿਆ। ਮਗਰੋਂ ਇਸ ਪਾਰਟੀ ਨੇ ਦਿੱਲੀ ਵਿਚ ਸਰਕਾਰ ਵੀ ਬਣਾਈ। ਆਮ ਸਿਆਸੀ ਰੱਸਾਕਸ਼ੀ ਵਿਚ ਇਹ ਸਰਕਾਰ ਬਹੁਤਾ ਸਮਾਂ ਚੱਲ ਨਹੀਂ ਸਕੀ ਅਤੇ ਪੂਰੇ 49 ਦਿਨਾਂ ਬਾਅਦ ਇਸ ਸਰਕਾਰ ਦਾ ਭੋਗ ਪੈ ਗਿਆ। ਇਸ ਤੋਂ ਬਾਅਦ ਸੱਤਾ ਦੀ ਸਿਆਸਤ ਨੇ ਜੋ ਤਮਾਸ਼ਾ ਕਈ ਮਹੀਨੇ ਕੀਤਾ, ਉਹ ਸਭ ਨੇ ਦੇਖਿਆ/ਸੁਣਿਆ। ਉਂਜ ਸਿਆਸੀ ਰੱਸਾਕਸ਼ੀ ਤੋਂ ਬਾਅਦ ਜਿਸ ਤਰ੍ਹਾਂ ਦੀ ਜਿੱਤ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਹਾਸਲ ਕੀਤੀ, ਉਸ ਨੇ ਉਸੇ ਬਦਲਵੀਂ ਸਿਆਸਤ ਦਾ ਰਾਹ ਮੋਕਲਾ ਕੀਤਾ ਜਿਸ ਉਤੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਕਦੀ ਪਹਿਰਾ ਦਿੱਤਾ ਸੀ। ਵੱਡੀ ਗੱਲ ਇਹ ਵੀ ਸੀ ਕਿ ਸੱਤਾ ਦੀ ਸਿਆਸਤ ਦੇ ਇਸ ਦੌਰ ਵਿਚ ਬਦਲਵੀਂ ਸਿਆਸਤ ਦੇ ਲੀਡਰਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਵਿਚੋਂ 67 ਸੀਟਾਂ ਜਿੱਤ ਕੇ ਨਵੇਂ ਇਤਿਹਾਸ ਦੀ ਨੀਂਹ ਰੱਖ ਦਿੱਤੀ ਸੀ।
ਸੱਤਾ ਦੀ ਸਿਆਸਤ ਅਤੇ ਬਦਲਵੀਂ ਸਿਆਸਤ ਦਾ ਇਹੀ ਇਕ ਨੁਕਤਾ ਹੈ ਜਿਸ ਨੂੰ ਆਧਾਰ ਬਣਾ ਕੇ ਆਮ ਪਾਰਟੀ ਪਾਰਟੀ ਵਿਚ ਅੱਜ ਕੱਲ੍ਹ ਮੱਚੀ ਆਪੋ-ਧਾਪ ਨੂੰ ਸਮਝਿਆ ਜਾ ਸਕਦਾ ਹੈ। ਸੱਤਾ ਦੀ ਸਿਆਸਤ ਦਾ ਸਿੱਧਾ ਸਬੰਧ ਸੌਦਿਆਂ ਨਾਲ ਜੁੜਿਆ ਹੋਇਆ ਹੈ ਅਤੇ ਬਦਲਵੀਂ ਸਿਆਸਤ ਨਿਰੋਲ ਕੁਰਬਾਨੀ ਨਾਲ ਵਾਬਸਤਾ ਹੈ। ਸੱਤਾ ਦੀ ਸਿਆਸਤ ਸਮਝੌਤੇ ਕਰਦੀ ਹੈ ਤੇ ਇਹ ਸਮਝੌਤੇ ਕਰਦਿਆਂ ਲੋੜ ਮੁਤਾਬਕ ਤਰਕ ਵੀ ਘੜ ਲੈਂਦੀ ਹੈ। ਬਦਲਵੀਂ ਸਿਆਸਤ ਦਾ ਤਰਕ ਸਦਾ ਸਾਣ ਉਤੇ ਚੜ੍ਹਿਆ ਰਹਿੰਦਾ ਹੈ ਅਤੇ ਇਸ ਸਾਣ ਉਤੇ ਹੀ ਇਸ ਦੀ ਅਜ਼ਮਾਇਸ਼ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੱਤਾ ਦੀ ਸਿਆਸਤ ਨਾਲ ਜੋੜਨਾ ਭਾਵੇਂ ਵਕਤ ਤੋਂ ਪਹਿਲਾਂ ਦੀ ਗੱਲ ਹੈ, ਪਰ ਇਕ ਗੱਲ ਸਪਸ਼ਟ ਹੈ ਕਿ ਉਨ੍ਹਾਂ ਉਤੇ ਲੀਡਰ ਬਣਨ ਦਾ ਜਿਹੜਾ ਜ਼ਿੰਮਾ ਆਇਆ ਸੀ, ਉਸ ਤੋਂ ਉਹ ਉਰ੍ਹਾਂ ਹੀ ਰਹਿ ਗਏ ਹਨ। ਪਾਰਟੀ ਨਾਲ ਸਬੰਧਤ ਆਗੂਆਂ ਬਾਰੇ ਦੋ ਵਾਰ ਵੱਡੇ ਫੈਸਲੇ ਕੀਤੇ ਗਏ ਅਤੇ ਦੋਵੇਂ ਵਾਰ ਉਨ੍ਹਾਂ ਗੈਰ-ਹਾਜ਼ਰੀ ਲਵਾਈ। ਬਦਲਵੀਂ ਸਿਆਸਤ ਨਾਲ ਜੁੜੇ ਲੀਡਰ ਦੀ ਅਜਿਹੀ ਗੈਰ-ਹਾਜ਼ਰੀ ਰੜਕਣ ਵਾਲੀ ਹੈ ਅਤੇ ਸਿਆਸਤ ਵਿਚ ਇਸ ਦੇ ਅਰਥ ਬਹੁਤ ਡੂੰਘੇ ਹੁੰਦੇ ਹਨ। ਬਦਲਵੀਂ ਸਿਆਸਤ ਦੀ ਖਾਸੀਅਤ ਹੀ ਇਹ ਹੁੰਦੀ ਹੈ ਕਿ ਜੰਗ ਦਾ ਹਰ ਮੋਰਚਾ ਮੱਲੀਦਾ ਹੈ। ਹਰ ਮੋਰਚਾ ਮੱਲੇ ਬਗੈਰ ਬਦਲਵੀਂ ਸਿਆਸਤ ਦਾ ਸੁਪਨਾ, ਬੱਸ ਸੁਪਨਾ ਹੀ ਰਹਿ ਜਾਣ ਲਈ ਸਰਾਪਿਆ ਜਾਂਦਾ ਹੈ।