ਅੰਮ੍ਰਿਤਸਰ: ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤੀ ਵਰ੍ਹੇ 2015-16 ਵਾਸਤੇ ਤਕਰੀਬਨ 993 ਕਰੋੜ 23 ਲੱਖ ਰੁਪਏ ਦੇ ਬਜਟ ਨੂੰ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਜੋ ਪਿਛਲੇ ਵਰ੍ਹੇ ਦੇ ਬਜਟ ਨਾਲੋਂ ਤਕਰੀਬਨ 10 ਫ਼ਸਦੀ ਵਧੇਰੇ ਹੈ। ਇਸ ਵਾਰ ਦੇ ਬਜਟ ਵਿਚ ਵਿਦਿਅਕ ਅਦਾਰਿਆਂ ਲਈ 28 ਕਰੋੜ ਰੁਪਏ ਤੇ ਸੈਕਸ਼ਨ 85 ਹੇਠ ਆਉਂਦੇ ਗੁਰਦੁਆਰਿਆਂ ਵਾਸਤੇ ਤਕਰੀਬਨ 43 ਕਰੋੜ ਰੁਪਏ ਦੀ ਰਕਮ ਦਾ ਵਾਧਾ ਕੀਤਾ ਗਿਆ ਹੈ।
ਧਰਮ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੇ Ḕਚਾਰ ਸਾਹਿਬਜ਼ਾਦੇ’ ਫਿਲਮ ਦੇ ਹੱਕ ਖ਼ਰੀਦ ਲਏ ਹਨ ਤੇ ਇਹ ਫਿਲਮ ਪਿੰਡਾਂ ਵਿਚ ਮੁਫ਼ਤ ਦਿਖਾਈ ਜਾਵੇਗੀ। ਇਸੇ ਤਰ੍ਹਾਂ ਹੋਰ ਐਨੀਮੇਟਿਡ ਫਿਲਮਾਂ ਵੀ ਬਣਵਾਉਣ ਦੀ ਤਜਵੀਜ਼ ਹੈ। ਪਟਿਆਲਾ ਸਥਿਤ ਖ਼ਾਲਸਾ ਕਾਲਜ ਨੂੰ ਖ਼ਰੀਦਣ ਵਾਸਤੇ 73 ਕਰੋੜ ਰੁਪਏ ਖ਼ਰਚੇ ਜਾਣ ਦਾ ਅਨੁਮਾਨ ਹੈ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ਵਿਚ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਪੇਸ਼ ਕੀਤਾ। ਮੀਟਿੰਗ ਦੀ ਪ੍ਰਧਾਨਗੀ ਜਥੇਦਾਰ ਅਵਤਾਰ ਸਿੰਘ ਨੇ ਕੀਤੀ। ਮਗਰੋਂ ਉਨ੍ਹਾਂ ਦੱਸਿਆ ਕਿ ਬਜਟ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਬਜਟ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ ਵਾਸਤੇ 993 ਕਰੋੜ 23 ਲੱਖ 89 ਹਜ਼ਾਰ 600 ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬਜਟ ਨੂੰ ਸੱਤ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਜਨਰਲ ਬੋਰਡ ਫੰਡ ਲਈ 59 ਕਰੋੜ ਰੁਪਏ, ਟਰਸਟ ਫੰਡ ਲਈ ਤਕਰੀਬਨ 43 ਕਰੋੜ 13 ਲੱਖ ਰੁਪਏ, ਵਿਦਿਆ ਫੰਡ ਲਈ 31 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਵਾਸਤੇ ਸੱਤ ਕਰੋੜ ਰੁਪਏ, ਧਰਮ ਪ੍ਰਚਾਰ ਲਈ 67 ਕਰੋੜ ਰੁਪਏ, ਸੈਕਸ਼ਨ 85 ਦੇ ਗੁਰਦੁਆਰਿਆਂ ਲਈ 603 ਕਰੋੜ 84 ਲੱਖ ਰੁਪਏ, ਵਿਦਿਅਕ ਅਦਾਰਿਆਂ ਵਾਸਤੇ 182 ਕਰੋੜ ਰੁਪਏ ਰੱਖੇ ਗਏ ਹਨ। ਜੇਲ੍ਹਾਂ ਵਿਚ ਬੰਦ ਨਿਰਦੋਸ਼ ਸਿੱਖਾਂ ਦੀ ਸਹਾਇਤਾ ਲਈ ਇਕ ਕਰੋੜ ਰਕਮ ਰੱਖੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਵਾਲੀ ਬਾਹੀ ਦਾ ਨਵੀਨੀਕਰਨ ਕਰਨ ਲਈ 5 ਕਰੋੜ, ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਦੇ ਵਿਸਥਾਰ ਲਈ 17 ਕਰੋੜ, ਸਾਰਾਗੜ੍ਹੀ ਯਾਤਰੀ ਨਿਵਾਸ ਲਈ 2 ਕਰੋੜ 50 ਲੱਖ, ਪਿੰਗਲਵਾੜਾ ਭਗਤ ਪੂਰਨ ਸਿੰਘ ਲਈ 10 ਲੱਖ, ਭਾਈ ਬਚਿੱਤਰ ਸਿੰਘ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਦੇ ਨਿਰਮਾਣ ਲਈ ਤਿੰਨ ਕਰੋੜ 40 ਲੱਖ, ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਲਈ ਪੰਜ ਕਰੋੜ, ਗੁਰੂ ਨਾਨਕ ਘਾਟ ਉਜੈਨ ਲਈ ਇਕ ਕਰੋੜ ਰੁਪਏ ਰੱਖੇ ਗਏ ਹਨ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਧਾਰੀ ਬੱਚਿਆਂ ਲਈ ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਸਾਲਾਨਾ ਵਜ਼ੀਫ਼ੇ ਦਿੱਤੇ ਜਾਣਗੇ। ਸ਼੍ਰੋਮਣੀ ਕਮੇਟੀ ਵੱਲੋਂ ਉਸਾਰੇ ਜਾ ਰਹੇ 13 ਸਕੂਲਾਂ-ਕਾਲਜਾਂ ਦੀਆਂ ਇਮਾਰਤਾਂ ਦੀ ਉਸਾਰੀ ਲਈ 20 ਕਰੋੜ ਰੁਪਏ ਰੱਖੇ ਗਏ ਹਨ। ਹਰਿਆਣਾ ਸਥਿਤ ਮੀਰੀ ਪੀਰੀ ਮੈਡੀਕਲ ਕਾਲਜ ਵਾਸਤੇ ਪੰਜ ਕਰੋੜ ਰੁਪਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਲਈ ਅੱਠ ਕਰੋੜ ਰੁਪਏ ਰੱਖੇ ਗਏ ਹਨ। ਕੈਂਬਰਿਜ ਯੂਨੀਵਰਸਿਟੀ ਯੂਕੇ ਵਿਚ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਦੇ ਵਜ਼ੀਫ਼ੇ ਲਈ ਇਕ ਕਰੋੜ ਰੁਪਏ ਰੱਖੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦਾ ਵਜੂਦ ਬਹਾਲ ਨਾ ਹੋਣ ਕਾਰਨ 2012 ਤੋਂ ਲਗਾਤਾਰ ਅੰਤ੍ਰਿੰਗ ਕਮੇਟੀ ਵੱਲੋਂ ਸਿੱਖ ਸੰਸਥਾ ਦੇ ਸਾਲਾਨਾ ਬਜਟ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਉਂਜ ਸਿੱਖ ਗੁਰਦੁਆਰਾ ਐਕਟ 1925 ਮੁਤਾਬਕ ਸਿੱਖ ਸੰਸਥਾ ਦਾ ਸਾਲਾਨਾ ਬਜਟ ਹਰ ਵਰ੍ਹੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਸੇ ਕਾਰਨ 2012 ਤੋਂ ਜਨਰਲ ਹਾਊਸ ਦੀ ਕੋਈ ਮੀਟਿੰਗ ਨਹੀਂ ਹੋਈ ਹੈ।
___________________________________________________
ਚੀਫ਼ ਖ਼ਾਲਸਾ ਦੀਵਾਨ ਦਾ 118 ਕਰੋੜ ਦਾ ਬਜਟ ਪਾਸ
ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਹੋਏ ਸਾਲਾਨਾ ਜਨਰਲ ਇਜਲਾਸ ਵਿਚ ਸਰਬਸੰਮਤੀ ਨਾਲ 2015-16 ਦੇ 118 ਕਰੋੜ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਪਿਛਲੇ ਸਾਲ ਇਹ ਬਜਟ 105 ਕਰੋੜ ਰੁਪਏ ਦਾ ਸੀ ਜਿਸ ਵਿਚ 12æ36 ਫ਼ੀਸਦੀ ਦਾ ਵਾਧਾ ਕਰਦਿਆਂ 118 ਕਰੋੜ ਰੁਪਏ ਦਾ ਪਾਸ ਕੀਤਾ ਗਿਆ ਹੈ। ਸੁਸਾਇਟੀ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਬਜਟ ਵਿਚ ਚੀਫ਼ ਖ਼ਾਲਸਾ ਦੀਵਾਨ ਅਧੀਨ ਸਕੂਲਾਂ ਦੇ ਆਧੁਨਿਕੀਕਰਨ ਤੇ ਨਵੇਂ ਐਜੂਕੇਸ਼ਨਲ ਪ੍ਰੋਜੈਕਟਾਂ ਦੀ ਇਮਾਰਤ ਉਸਾਰੀ ਦੇ ਖਰਚ ਵਜੋਂ ਰੱਖੇ ਗਏ ਹਨ।
_______________________________________________
ਹਰਿਆਣਾ ਕਮੇਟੀ ਦੀ ਬਜਟ ਤਜਵੀਜ਼ ਨੂੰ ਚੁਣੌਤੀ
ਅੰਮ੍ਰਿਤਸਰ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਾਮੀ ਵਰ੍ਹੇ ਲਈ ਆਪਣਾ ਵੱਖਰਾ ਬਜਟ ਪੇਸ਼ ਕਰਨ ਨਾਲ ਇਹ ਮਾਮਲਾ ਮੁੜ ਭਖ ਗਿਆ ਹੈ। ਹਰਿਆਣਾ ਕਮੇਟੀ ਵੱਲੋਂ ਜਾਰੀ ਕੀਤੇ ਪਹਿਲੇ ਬਜਟ ਦੌਰਾਨ ਪਾਸ ਕੀਤੇ ਏਜੰਡਿਆਂ ਨੂੰ ਗੈਰ-ਵਿਧਾਨਿਕ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰਿਆਣਾ ਕਮੇਟੀ ਕੋਲ ਕੰਮ ਕਾਰ ਦੀ ਮਾਨਤਾ ਨਾ ਹੋਣ ਕਾਰਨ ਬਜਟ ਪਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਕਾਰਨ ਹਰਿਆਣਾ ਕਮੇਟੀ ਕੋਲ ਬਜਟ ਦੇ ਅਖਤਿਆਰ ਨਹੀਂ ਹਨ ਤੇ ਜੇਕਰ ਉਹ ਅਜਿਹੀ ਕੋਈ ਤਜਵੀਜ਼ ਨਸ਼ਰ ਕਰਦੇ ਹਨ, ਤਾਂ ਇਸ ਨੂੰ ਚੁਣੌਤੀ ਦਿੱਤੀ ਜਾਵੇਗੀ।